

ਕੰਡੇ
ਫੁਲ ਗੁਲਾਬ ਤੋਂ ਕਿਸੇ ਪੁਛਿਆ;
'ਅਵੇ ਕੋਮਲਤਾ ਦੇ ਸਾਈਂ!
ਇਸ ਸੁਹਣਪ, ਇਸ ਸੁਹਲ ਸੁਹਜ ਨੂੰ
ਹੈ ਕਿਉਂ ਕੰਡਿਆਂ ਬਜ ਲਾਈ?"
ਮਸਤ ਅਲਸਤੀ ਸੁਰ ਵਿਚ ਸੁਹਣੇ
ਹਸ ਕਿਹਾ: ਖ਼ਬਰ ਨਹੀਂ ਮੈਨੂੰ,
'-ਤੋੜ ਨਹੀਂ'- ਦੀ ਫੱਟੀ ਭਾਵੇਂ
ਮੇਰੇ ਮੌਲਾ ਨੇ ਲਿਖ ਲਈ। ੪੨.
ਯਾਦ
ਯਾਦ ਸਜਨ ਦੀ ਹਰਦਮ ਰਹਿੰਦੀ
ਲਹਿ ਗਈ ਡੂੰਘੇ ਥਾਈਂ।
ਵਾਂਗ ਸੰਗੀਤ ਲਹਿਰਦੀ ਅੰਦਰ
ਬਣ ਗਈ ਰਾਗ ਇਲਾਹੀ।
ਦਾਰੂ ਵਾਂਗ ਸਰੂਰ ਚਾੜ੍ਹਦੀ
ਤਰਬ ਵਾਂਗ ਥਰਰਾਵੇ;
ਖਿੱਚੇ ਤੇ ਰਸਭਿੰਨੀ ਕਸਕੇ
ਲੱਗੇ ਫਿਰ ਸੁਖਦਾਈ। ੪੩.