

ਪਸਾਰੀ ਕਿ ਮਖੀਰ !
ਤੋੜ ਗੁਲਾਬ ਪਸਾਰੀ ਲ੍ਯਾਯਾ
ਮਲ ਮਲ ਖੰਡ ਰਲਾਈ,-
ਭੀ ਕਉੜੱਤਣ ਰਹੀ ਸ੍ਵਾਦ ਵਿਚ
ਬਣੀ ਨ ਉਹ ਮਠਿਆਈ,
ਮੱਖੀ ਬਣ ਕਣ-ਰਸ ਜੇ ਚੁਣਦਾ
ਤੋੜ ਨ ਆਬ ਗੁਆਂਦਾ,
ਮਾਲੀ ਨਾਲੋਂ ਨੇਹੁ ਨ ਟੁਟਦਾ
ਰਸ ਪੀਂਦਾ ਸੁਖਦਾਈ। ੪੪.
ਮਹਿੰਦੀ ਦੇ ਬੂਟੇ ਕੋਲ
ਮਹਿੰਦੀਏ ਨੀ ਰੰਗ ਰੱਤੀਏ ਨੀ!
ਕਾਹਨੂੰ ਰਖਿਆ ਈ ਰੰਗ ਲੁਕਾ, ਸਹੀਏ!
ਹੱਥ ਰੰਗ ਸਾਡੇ ਸ਼ਰਮਾਕਲੇ ਨੀ!
ਵੰਨੀ ਅੱਜ ਸੁਹਾਗ ਦੀ ਲਾ ਲਈਏ;
ਗਿੱਧੇ ਮਾਰਦੇ ਸਾਂ ਜਿਨ੍ਹਾਂ ਨਾਲ ਹੱਥਾਂ
ਰੰਗ-ਰੱਤੜੇ ਦੇ ਗਲੇ ਪਾ ਦਈਏ,-
ਗਲ ਪਾ, ਗਲਵੱਕੜੀ ਖੁਹਲੀਏ ਨਾ
ਰੰਗ ਲਾ ਰੰਗ-ਰੱਤੜੇ ਸਦਾ ਰਹੀਏ। ੪੫.