

ਸ਼ਾਲਾ ਮਾਰ
ਜੋਗੀ ਖੜੇ ਚਨਾਰ, ਸ਼ਾਂਤੀ ਵਸ ਰਹੀ,
ਨਹਿਰ ਵਹੋ ਵਿਚਕਾਰ ਬ੍ਰਿਤੀ ਪ੍ਰਵਾਹ ਜਿਉਂ।
ਹਰਿਆ ਭਰਿਆ ਵੰਨ ਮਖਮਲ ਘਾਹ ਦਾ,
ਛਾਇ ਸਹਿਜ ਦਾ ਰੰਗ ਸ਼ਾਂਤਿ ਏਕਾਂਤ ਹੈ।
ਫਿਰ ਆਈ ਅਬਸ਼ਾਰ ਪਾਣੀ ਢਹਿ ਪਿਆ
ਅਲਾਪ ਸੰਗੀਤ ਉਚਾਰ ਮਨ ਨੂੰ ਮੋਹ ਰਿਹਾ,
ਰੰਗ ਬਲੌਰੀ ਵੰਨ ਡਿਗਦੇ ਦਾ ਲਸੇ-,
ਫਿਰ ਕੁਝ ਕਦਮਾਂ ਲੰਘ ਹੇਠਾਂ ਜਾਂਵਦਾ, -
ਵਿਚ ਫੁਹਾਰਿਆਂ ਜਾਇ ਉੱਪਰ ਆਂਵਦਾ
ਕਲਾ-ਬਾਜ਼ੀਆਂ ਲਾਇ ਉਛਲੇ ਖੇਡਦਾ;
ਲਾਵੇ ਡਾਢਾ ਜੋਰ ਪਹਿਲ ਉਚਾਣ ਨੂੰ
ਪਹੁੰਚਾਂ ਮਾਰ ਉਛਾਲ ਪਰ 'ਖਿਚ' ਰੋਕਦੀ।
ਉੱਚਾ ਜਾਂਦਾ 'ਖਿੱਚ' ਫਿਰ ਲੈ ਡੇਗਦੀ,
ਉਛਲ ਗਿਰਨ ਦਾ ਨਾਚ ਹੈਵੇ ਹੋ ਰਿਹਾ।
ਵਿੱਚ ਵਿਚਾਲ ਅਜੀਬ ਬਾਰਾਂ-ਦਰੀ ਹੈ,
ਸ਼ਾਮ ਰੰਗ ਦਾ ਸੰਗ ਜਿਸ ਤੋਂ ਬਣੀ ਹੈ।
ਇਸ ਦੇ ਚਾਰ ਚੁਫੇਰ ਪਾਣੀ ਖੇਡਦਾ;
ਉਠਣ ਡਿਗਣ ਦਾ ਨਾਚ ਨਾਲੇ ਰਾਗ ਹੈ
ਮਾਨ ਸਾਵਣ ਮੀਂਹ ਹੈਵੇ ਪੈ ਰਿਹਾ।
ਓ ਅਸਮਾਨੋਂ ਡਿੱਗ ਹੇਠਾਂ, ਆਂਵਦਾ,
ਓ ਅਸਮਾਨੋਂ ਡਿੱਗ ਹੇਠਾਂ ਆਂਵਦਾ
ਇਹ ਹੇਠੋਂ ਰਾਹ ਪਾੜ ਉਛਲ, ਵੱਸਦਾ।