

ਇਸ ਦੀ ਧੁਨਿ ਸੰਗੀਤ ਚਮਕ ਸੁਹਾਵਣੀ,
ਬੈਠਿਆਂ ਇਸ ਵਿਚਕਾਰ ਝੂਟੇ ਦੇਵਦੀ,
ਕੁਦਰਤ ਮਾਨੋਂ ਆਪ ਨਚ ਰਹੀ ਨਾਚ ਹੈ।
ਇਹ ਰੰਗ ਰਾਗ ਅਪਾਰ ਦਸ ਕੇ ਨੀਰ ਜੀ,
ਫਿਰ ਅੱਗੇ ਨੂੰ ਜਾਇ ਹੇਠਾਂ ਤਿਲਕਦੇ। ੪੬.
ਕਸ਼ਮੀਰ ਤੋਂ ਵਿਦੈਗੀ
ਸੁਹਣਿਆਂ ਤੋਂ ਜਦ ਵਿਛੁੜਨ ਲਗੀਏ
ਦਿਲ ਦਿਲਗੀਰੀ ਖਾਵੇ,
ਤੈਥੋਂ ਟੁਰਦਯਾਂ ਕਸ਼ਮੀਰੇ!
ਸਾਨੂੰ ਨਾ ਦੁਖ ਆਵੇ, ਪਰ
'ਮਟਕ-ਹਿਲੋਰਾ' ਛੁਹ ਤੇਰੀ ਦਾ
ਜੋ ਰੂਹ ਸਾਡੀ ਲੀਤਾ
ਖੇੜੇ ਵਾਲੀ ਮਸਤੀ ਦੇ ਰਿਹਾ,
ਨਾਲ ਨਾਲ ਪਿਆ ਜਾਵੇ। ੪੭.