

ਨਸੀਮ ਬਾਗ਼
ਜਿਉਂ ਮਾਵਾਂ ਤਿਉਂ ਠੰਢੀਆਂ ਛਾਵਾਂ
ਅਸਾਂ ਤੁਧੇ ਦੀਆਂ ਡਿਠੀਆਂ,
ਠੰਢੀ ਪ੍ਯਾਰੀ ਗੋਦ ਤੁਧੇ ਦੀ
ਛਾਵਾਂ ਮਿਠੀਆਂ ਮਿਠੀਆਂ।
ਮਾਂ ਨੂੰ ਅਪਣਾ ਬਾਲ ਪਿਆਰਾ
ਤੈਨੂੰ ਸਭ ਕੁਈ ਪ੍ਯਾਰਾ,
ਜੋ ਆਵੇ ਉਸ ਲਾਡ ਲਡਾਵੇਂ
ਠਾਰੇਂ ਜਿੰਦੀਆਂ ਲੁਠੀਆਂ। ੪੮.
ਵੱਧ ਪਿਆਰ ਵਿਚ-ਪ੍ਰੀਤਮ
ਸਿਕਦਾ ਸਿਕਦਾ ਵੱਛਾ ਛੁਟਿਆ
ਧਾ ਅੰਮੀ ਵਲ ਆਇਆ।
ਅੰਮੀਂ ਉਸ ਤੋਂ ਵੱਧ ਪਿਆਰੇ
ਤੁਠ ਤੁਠ ਲਾਡ ਲਡਾਇਆ।
ਸਿਕਦੀ ਨਦੀ ਜਾਲ ਜੱਫਰਾਂ
ਜਦ ਸ਼ਹੁ-ਸਾਗਰ ਪਹੁੰਚੀ
ਉਸ ਤੋਂ ਵੱਧ ਪ੍ਯਾਰ ਵਿਚ ਪ੍ਰੀਤਮ
ਮਿਲਣ ਅਗਾਹਾਂ ਧਾਇਆ। ੪੯.