

'ਕਵਿ ਰੰਗ' ਸੁੰਦਰਤਾ
ਅਰਥਾਤ ਉਹ 'ਉਚ ਸੁੰਦਰਤਾ ਦੀ ਪ੍ਰਤੀਤੀ ਜਿਸਦੇ ਆਵੇਸ ਵਿਚ ਕਵੀ ਤੋਂ ਉੱਚ ਕਾਵ੍ਯ ਪ੍ਰਕਾਸਦਾ ਹੈ।
ਕਵਿਤਾ ਦੀ ਸੁੰਦਰਤਾਈ ਉੱਚੇ ਨਛੱਤ੍ਰੀ ਵਸਦੀ,
ਅਪਣੇ ਸੰਗੀਤ ਲਹਿਰੇ ਅਪਣੇ ਪ੍ਰਕਾਸ਼ ਲਸਦੀ
ਇਕ ਸ਼ਾਮ ਨੂੰ ਏ ਉਥੋਂ ਹੇਠਾਂ ਪਲਮਦੀ ਆਈ,
ਰਸ ਰੰਗ ਨਾਲ ਕੰਬਦੀ ਸੰਗੀਤ ਥਰਥਰਾਈ,-
ਜਿਉਂ ਤ੍ਰੇਲ ਤਾਰ ਪ੍ਰੋਤੀ ਜਿਉਂ ਆਬ ਮੋਤੀਆਂ ਦੀ
ਨਜ਼ਰਾਂ ਦੀ ਤਾਰ ਪ੍ਰੋਤੀ ਨਾਜ਼ਕ, ਸੁਬਕ ਸੁਹਾਈ,
ਕੋਮਲ ਗਲੇ ਦੀ ਸੁਰ ਜਿਉਂ ਝੁਨਕਾਰ ਸਾਜ਼ ਦੀ ਜਿਉਂ
ਝਰਨਾਟ ਰੂਪ ਵਾਲੀ ਤਾਰੇ ਡਲ੍ਹਕ ਜਿਉਂ ਛਾਈ।
ਜਿਉਂ ਮੀਂਡ ਥਰਕੇ ਖਿਚਿਆਂ ਖਿਚ ਖਾ ਮੈਂ ਰੂਹ ਜੋ ਕੰਬੀ,
ਹੁਸਨਾਂ ਦੇ ਰੰਗ ਲਹਿਰੇ ਰਸ ਝੂਮ ਇਕ ਝੁਮਾਈ,
ਪੰਛੀ ਉਡਾਰ* ਵਾਂਙੂ ਆਪੇ ਦੇ ਖੰਭ ਫੜਕੇ
ਇਕ ਸੂਰ ਸਿਰ ਨੂੰ ਆਯਾ ਇਕ ਤਾਰ ਸਿਰ ਝੁਮਾਈ।
ਪੁਛਯਾ ਅਸਾਂ: ਹੋ ਸੁਹਣੀ ਤੂੰ ਆਪ ਸੁੰਦਰਤਾ ਹੈਂ,
ਹੀਰੇ ਜੁਆਹਰ ਵਾਙੂ ਟਿਕਦੀਂ ਕਿਉਂ ਤੂੰ ਨਾਹੀਂ?
‘ਪਰਬਤ ਖੜੇ ਸੁਹਾਵੇ ਝੀਲਾਂ ਤੇ ਬਨ ਸਮੁੰਦਰ
'ਕਾਯਮ ਇਨ੍ਹਾਂ ਦੀ ਸੋਭਾ ਦਾਯਮ ਰਹੇ ਹੈ ਛਾਈ।'
–––––––––––––
* ਉੱਡਣ ਨੂੰ ਤਿਆਰ ਪੰਛੀ।
੧. ਸਦਾ।