

ਬੋਲੀ ਓ ਥਰਥਰਾਂਦੀ ਲਰਜ਼ੇ ਵਜੂਦ ਵਾਲੀ:-
'ਬਿਜਲੀ ਦੀ ਕੂੰਦ ਦਸ ਤੂੰ ਟਿਕਦੀ ਕਿਵੇਂ ਟਿਕਾਈ?
'ਲਸ ਦੇਕੇ ਕਿਰਣ ਸੂਰਜ ਲਰਜ਼ੇ ਦੇ ਦੇਸ਼ ਜਾਵੇ.
'ਸੁਰ ਰਾਗ ਦੀ ਥਰਾਂਦੀ ਕਿਸਨੇ ਟਿਕਾ ਲਿਆ ਈ ?
'ਉਲਕਾ ਅਕਾਸ਼ ਲਿਸ਼ਕੇ ਚਮਕਾਰ ਮਾਰ ਖਿਸਕੇ
'ਜੁੱਸਾ ਧਨੁਖ ਅਕਾਸੀ ਕਿਸਨੇ ਟਿਕਾ ਲਿਆਈ ?
'ਚੰਦੋਂ ਰਿਸ਼ਮ ਜੁ ਤਿਲਕੇ ਤਾਰ੍ਯੋਂ ਜੁ ਡਲ੍ਹਕ ਪਲਮੇਂ
ਦੇ ਕੇ ਮਟੱਕਾ ਖਿਸਕੇ ਟਿਕਦੀ ਨਜ਼ਰ ਨ ਆਈ?
'ਚਾਤ੍ਰਿਕ ਦੀ ਪ੍ਯਾਰ ਚਿਤਵਨ ਕੋਇਲ ਦੀ ਕੂਕ ਕੁਹਣੀ
‘ਗ਼ਮਕਾਰ ਦੇ ਨਸਾਵੋ, ਕਾਬੂ ਕਦੋਂ ਹੈ ਆਈ?
'ਲਰਜ਼ਾ ਵਤਨ ਜਿਨ੍ਹਾਂ ਦਾ ਲਰਜਾ ਵਜੂਦ ਉਨ੍ਹਾਂ ਦਾ
'ਚੱਕਰ ਅਨੰਤ ਅਟਿਕਵੇਂ ਓਹਨਾਂ ਦੀ ਚਾਲ ਪਾਈ,
'ਵਿੱਥਾਂ ਅਮਿਣਵੀਆਂ ਵਿਚ ਸਿਰ ਚੀਰਦੇ ਥਰਾਂਦੇ
ਜਾਂਦੇ ਅਨੰਤ ਚਾਲੀਂ ਚਮਕਾਂ ਦੇ ਹਨ ਓ ਸਾਈਂ।
––––––––––––––
੧. ਕਾਂਬਾ ਹੀ ਜਿਸਦਾ ਸਰੀਰ ਹੋਵੇ।
੨. ਅਕਾਸ਼ਾਂ ਵਿਚ ਟੁਟਦੇ ਤੇ ਚਮਕਾਰ ਦੇਂਦੇ ਤਾਰੇ।
੩. ਅਕਾਸ਼ੀ ਪੀਂਘ!
੪. ਕਲੇਜਾ ਕੋਹ ਸੁਟਣ ਵਾਲੀ ਕੂਕ।
੫. ਸੰਗੀਤ ਥਰਥਰਾਹਟ।