

'ਚਮਕਾਰ ਰੰਗ ਦੇਣਾ, ਰਮ ਝੂਮ ਵਿਚ ਝੁਮਾਣਾਂ,
'ਇਕ ਜਿੰਦ-ਛੋਹ ਲਾਣੀ, ਅਟਕਣ ਨਹੀਂ ਕਿਥਾਈਂ।
'ਲਰਜ਼ਾ ਵਤਨ ਜਿਨ੍ਹਾਂ ਦਾ ਲਰਜ਼ਾ ਵਜੂਦ ਉਨ੍ਹਾਂ ਦਾ
'ਰੇਖਾ ਅਨੰਤ ਅਟਿਕਵੀਂ 'ਲਰਜ਼ੇ ਦੇ ਮੱਥੇ ਪਾਈ! ੫੦.
ਕੰਬਦੇ ਪੱਥਰ
ਮਾਰਤੰਡ ਨੂੰ ਮਾਰ ਪਿਆਂ
'ਹੋਈ ਮੁੱਦਤ' ਕਹਿੰਦੀ ਲੋਈ,
ਪਰ ਕੰਬਣੀ ਪਥਰਾਂ ਵਿਚ ਹੁਣ ਤਕ
ਸਾਨੂੰ ਸੀ ਸਹੀ ਹੋਈ:
'ਹਾਇ ਹੁਨਰ ਤੇ ਹਾਏ ਵਿਦ੍ਯਾ
'ਹਾਇ ਦੇਸ਼ ਦੀ ਹਾਲਤ!
'ਹਾਇ ਹਿੰਦ ਫਲ ਫਾੜੀਆਂ ਵਾਲੇ ।'
ਹਰ ਸਿਲ ਕਹਿੰਦੀ ਰੋਈ। ੫੧.
–––––––––––
੧. ਇਕ ਸੂਰਜ ਮੰਦਰ ਜਿਥੇ ਕਦੇ ਖਗੋਲ ਵਿਦ੍ਯਾ ਦਾ ਬੀ ਟਿਕਾਣਾ ਹੁੰਦਾ ਸੀ, ਹੁਣ ਖੋਲੇ ਪਏ ਹਨ।
੨. ਸੇਬ ਨਾਸ਼ਪਾਤੀ ਵਾਂਗੂੰ ਇਕ ਜਾਨ ਨਹੀਂ ਪਰ ਸੰਤਰੇ ਵਾਂਙੂ ਵਿਚੋਂ ਫਾੜੀ ਫਾੜੀ, ਵਖੇ ਵਖ ਹੈ।