

ਇਲਮ, ਅਮਲ
ਸਿਰ ਕਚਕੌਲ ਬਨਾ ਹਥ ਲੀਤਾ
ਪੜ੍ਹਿਆਂ ਦ੍ਵਾਰੇ ਫਿਰਿਆ,
ਦਰ ਦਰ ਦੇ ਟੁਕ ਮੰਗ ਮੰਗ ਪਾਏ '
ਤੁੱਨ ਤੁੱਨ ਕੇ ਇਹ ਭਰਿਆ;
ਭਰਿਆ ਵੇਖ ਅਫਰਿਆ ਮੈ ਸਾਂ
ਜਾਣਾਂ ਪੰਡਿਤ ਹੋਇਆ,-
ਟਿਕੇ ਨ ਪੈਰ ਜ਼ਿਮੀਂ ਤੇ ਮੇਰਾ
ਉੱਚਾ ਹੋ ਹੋ ਟੁਰਿਆ।
ਇਕ ਦਿਨ ਇਹ ਕਚਕੌਲ ਲੈ ਗਿਆ
ਮੁਰਸ਼ਿਦ ਮੂਹਰੇ ਧਰਿਆ:
ਜੂਨ ਜੂਠ ਕਰ ਉਸ ਉਲਟਾਇਆ
ਖਾਲੀ ਸਾਰਾ ਕਰਿਆ।
ਮਲ ਮਲ ਕੇ ਫਿਰ ਧੋਤਾ ਇਸ ਨੂੰ
ਮੈਲ ਇਲਮ ਦੀ ਲਾਹੀ
ਵੇਖੋ, ਇਹ ਕਚਕੌਲ ਲਿਸ਼ਕਿਆ।
ਕੰਵਲ ਵਾਂਗ ਫਿਰ ਖਿੜਿਆ। ੫੬.
ਨਾਮ, ਧਿਆਨ, ਰਜ਼ਾ
ਨਾਮ ਸਜਣ ਦਾ ਜੀਭ ਚੜ੍ਹ ਗਿਆ
ਜਾਂ ਸੱਜਣ ਉਠ ਟੁਰਿਆ,
ਮੱਲ ਲਏ ਦੇ ਨੈਣ ਧ੍ਯਾਨ ਨੇ
ਸਬਕ ਰਜ਼ਾ ਦਾ ਫੁਰਿਆ,
ਬਿਰਹੋਂ ਦੇ ਹਥ ਸੌਂਪ ਅਸਾਨੂੰ
ਜੇ ਸੱਜਣ ਤੂੰ ਰਾਜੀ!
ਯਾਦ ਤੁਸਾਡੀ ਛੁਟੇ ਨ ਸਾਥੋਂ
ਪ੍ਯਾਰ ਰਹੇ ਲੂੰ ਪੁੜਿਆ। ੫੭.
ਬਰਦਾ ਕਿ ਮਾਲਕ ?
ਇਕ ਮੇਲੇ ਵਿਚ ਫਿਰੇ ਆਦਮੀ
ਗਲ ਵਿਚ ਫੱਟੀ ਪਾਈ,-
ਫੱਟੀ ਤੇ ਲਿਖਿਆ: 'ਮੈਂ ਬਰਦਾ
'ਵਿਕਾਂ ਲਓ ਕੋਈ ਭਾਈ।'
ਲੈਣ ਲਗੇ ਮੈਨੂੰ ਕਿਸਿ ਕਹਿਆ:
ਏ ਮਾਲਕ ਨਹੀਂ ਟੋਲੇ,
ਏਸ ਭੇਸ ਏ 'ਚਾਹੇ ਬਰਦਾ ਲੱਭੇ
ਹੁਕਮ ਹੁਕਮ ਚਲਾਈ।' ੫੮.