

ਪਿੰਜਰੇ ਪਿਆ ਪੰਛੀ
ਪਿੰਜਰੇ ਦੀ ਸਲਾਹੁਤ ਕਰਨ ਵਾਲੇ ਨੂੰ:-
ਜ਼ਾਲਮ ਖੜਾ ਹਵਾ ਖੁੱਲੀ ਵਿਚ
ਆਖੇ: 'ਪਿੰਜਰਾ ਸੁਹਣਾ'-
'ਵਿਚ ਆ ਜਾਵੇਂ ਫਿਰ ਮੈਂ ਪੁੱਛਾਂ।
ਕਿੰਨਾ ਹੈ ਮਨ ਮੁਹਣਾ ?
'ਪਰ* ਤੋਂ ਹੀਨ ਧਰਾ ਦੇ ਕੈਦੀ!
ਉ ਮੂਰਖ ਦਿਲ ਕਰੜੇ!
‘ਉੱਡਣਹਾਰੇ ਪੰਛੀ ਨੂੰ ਇਹ
ਸੁਹਣਾ ਹੈ ਜਿੰਦ-ਕੁਹਣਾ
ਜ਼ਾਲਮ ਨੂੰ ਰੰਗ ਸੁਹਣਾ ਲੱਗਾ
ਮਿੱਠੀ ਲੱਗੀ ਬਾਣੀ,-
'ਵਾਹਵਾ ਕਦਰ ਗੁਣਾਂ ਦੀ ਪਾਈ
ਛਹਿ ਕੇ ਜਾਲੀ ਤਾਣੀ।
ਪਕੜ ਪਿੰਜਰੇ ਪਾਇ ਵਿਛੋੜਿਆ
ਸਾਕ ਸਨੇਹੀਆਂ ਨਾਲੋਂ,
ਭੱਠ ਪਵੇ ਇਹ ਕਦਰ ਤੁਹਾਡੀ
ਖੇਹ ਇਸ ਯਾਰੀ ਲਾਣੀ। ੬੩.
––––––––––––
* ਖੰਭ