ਨਾਟਕ ਦਾ ਪਿਛੋਕੜ
(1950 ਦੀ ਭੂਮਿਕਾ)
ਪਿੰਡ ਵਿਚੋਂ ਜਦੋਂ ਕੋਈ ਕੁੜੀ ਦੌੜਦੀ ਤਾਂ ਸਾਰੇ ਰੌਲਾ ਪੈ ਜਾਂਦਾ। ਤੀਵੀਆ ਕੋਠਿਆਂ ਉੱਤੇ ਚੜ੍ਹ ਕੇ ਹਾਕਾਂ ਮਾਰਦੀਆਂ। ਅਜੀਬ ਸਨਸਨੀ ਛਾ ਜਾਂਦੀ। ਅਕਸਰ ਕਿਸੇ ਕਤਲ ਜਾਂ ਕੁੜੀ ਦੇ ਦੌੜਨ ਉੱਤੇ ਇਹੋ ਜਿਹਾ ਵਾਯੂ ਮੰਡਲ ਉਸਰਦਾ।
ਮਰਾਸੀਆਂ ਦੀ ਕੁੜੀ ਬੈਣੋ ਬਹੁਤ ਸੁਹਣੀ ਸੀ । ਲੰਮੀ ਲੱਝੀ ਛਮਕ ਵਰਗੀ। ਉਹ ਦੁਪਹਿਰੇ ਟੋਭੇ ਉਤੇ ਕਪੜੇ ਧੋਣ ਜਾਂਦੀ ਤਾਂ ਝਿਊਰਾਂ ਦੀ ਜੰਨਤ ਵੀ ਉਸ ਦੇ ਨਾਲ ਹੁੰਦੀ। ਪਿੰਡ ਦੀਆਂ ਤੀਵੀਆਂ ਉਹਨਾਂ ਉੱਤੇ ਨਜ਼ਰ ਰੱਖਦੀਆਂ। ਫਿਰ ਬੈਣੋ ਕਿਸੇ ਨਾਲ ਦੌੜ ਗਈ।
ਕਾਕੂ ਲੁਹਾਰ ਦੀ ਬੀਵੀ ਉੱਨੀ ਸਾਲ ਗ੍ਰਹਿਸਥੀ ਨਿਭਾ ਕੇ ਘਰੋਂ ਨਿਕਲ ਗਈ ਸੀ। ਮੈਂ ਨਿੱਕਾ ਹੁੰਦਾ ਕਾਕੂ ਲਹਾਰ ਦੀ ਭੱਠੀ ਤੇ ਜਾਂਦਾ ਤੇ ਉਸ ਦੀ ਬੀਵੀ ਨੂੰ ਸਾਣ ਦਾ ਪਟਾ ਖਿਚਦੇ ਦੇਖਦਾ। ਕਾਕੂ ਕੁਹਾੜੀਆ ਗੰਡਾਸੇ ਤੇਜ ਕਰਦਾ ਤਾਂ ਮੈਂ ਇਹਨਾਂ ਦੇ ਉਡਦੇ ਹੋਏ ਚੰਗਿਆੜੇ ਫੜਦਾ।
ਮੈਨੂੰ ਉਸ ਦੀ ਬੀਵੀ ਦੇ ਦੌੜ ਜਾਣ ਦਾ ਵਾਕਿਆ ਬਹੁਤ ਦੇਰ ਤੀਕ ਯਾਦ ਰਿਹਾ। ਬੈਣੋ ਤੇ ਕਾਕੂ ਦੀ ਬੀਵੀ ਦੋਵੇਂ ਮੈਨੂੰ ਚੰਗੀਆਂ ਲਗਦੀਆਂ ਸਨ। ਉਹ ਮੈਨੂੰ ਹੀਰ ਤੇ ਸਾਹਿਬਾ ਵਰਗੀਆਂ ਹੀ ਲਗਦੀਆਂ ਸਨ ਜਿਨ੍ਹਾਂ ਦੇ ਕਿੱਸੇ ਕਵੀਸ਼ਰ ਗਾਉਂਦੇ ਹੁੰਦੇ ਸਨ।
1944 ਵਿਚ ਮੈਂ ਲੋਹਾ ਕੁੱਟ ਦਾ ਪਲਾਟ ਘੜਿਆ ਤੇ ਸੋਢੀ ਜੁਗਿੰਦਰ ਸਿੰਘ (ਸੁਰਿੰਦਰ ਕੌਰ ਦੇ ਪਤੀ) ਨੂੰ ਸੁਣਾਇਆ। ਉਹ ਸਾਈਕਾਲੋਜੀ ਦੀ ਐਮ.ਏ. ਕਰ ਰਿਹਾ ਸੀ। ਉਸ ਨੂੰ ਇਸ ਪਲਾਟ ਦਾ ਮਨੋਵਿਗਿਆਨਕ ਪੱਖ ਤੇ ਮਾਂ ਧੀ ਦੀ ਈਰਖਾ ਤੇ ਪਿਆਰ ਦੇ ਵਿਰੋਧਾ-ਭਾਸ਼ੀ ਰਿਸ਼ਤੇ ਚੰਗੇ ਲਗੇ । ਮੈਂ ਨਾਟਕ ਲਿਖਣਾ ਸ਼ੁਰੂ ਕੀਤਾ।
ਇਸ ਦਾ ਇਕ ਸੀਨ ਮੈਂ ਮੁਰਾਦਾਬਾਦ ਦੇ ਪਲੇਟਫਾਰਮ ਉੱਤੇ ਗੱਡੀ ਨੂੰ ਉਡੀਕਦੇ ਰਾਤ ਨੂੰ ਲਿਖਿਆ। ਮੇਰੇ ਕੋਲ ਦੀ ਇੰਜਣ ਧੂੰਆਂ ਛਡਦਾ ਤੇ ਮੱਚੇ ਹੋਏ ਕੋਲੇ ਕੇਰਦਾ ਨਿਕਲ ਜਾਂਦਾ। ਨਾਟਕ ਵਿਚ ਭੱਠੀ ਦੇ ਕੋਲੇ ਤੇ ਧੂੰਏਂ ਦਾ ਵਾਤਾਵਰਣ ਸ਼ਾਇਦ ਉਸ ਇੰਜਣ ਦੇ ਧੂੰਏ ਤੇ ਮਘਦੇ ਕੋਲਿਆਂ ਦਾ ਨਤੀਜਾ ਸੀ।
ਅਗਸਤ 1944 ਵਿਚ ਮੈਂ ਨਾਟਕ ਖਤਮ ਕੀਤਾ। ਪ੍ਰੀਤ ਨਗਰ ਵਿਚ ਸੋਢੀ ਜੁਗਿੰਦਰ ਸਿੰਘ ਤੇ ਦੋ ਭੈਣਾਂ ਆਗਿਆ ਕੌਰ ਤੇ ਸੰਪੂਰਣ ਕੌਰ ਨੂੰ ਸੁਣਾਇਆ। ਉਹ ਦੋਵੇਂ ਮੇਰੇ ਨਾਟਕਾਂ ਵਿਚ ਅਕਸਰ ਮਾਂ ਤੇ ਧੀ ਦਾ ਪਾਰਟ ਕਰਦੀਆਂ ਸਨ। ਫੈਸਲਾ ਕੀਤਾ ਕਿ ਇਹ ਨਾਟਕ ਸਟੇਜ ਕੀਤਾ ਜਾਵੇ।
ਮੈਂ ਨਾਟਕ ਦਾ ਖਰੜਾ ਸ: ਗੁਰਬਖਸ ਸਿੰਘ ਪ੍ਰੀਤਲੜੀ ਨੂੰ ਦਿਤਾ ਕਿ ਉਹ ਮਿਹਰਬਾਨੀ ਕਰਕੇ ਇਸਨੂੰ ਪੜ੍ਹ ਲੈਣ ਤੇ ਜੇ ਹੋ ਸਕੇ ਤਾਂ ਇਸਦਾ ਮੁਖ-ਬੰਦ ਲਿਖ ਦੇਣ।
ਖਰੜਾ ਉਹਨਾਂ ਕੋਲ ਕਈ ਹਫ਼ਤੇ ਪਿਆ ਰਿਹਾ। ਕਈ ਵਾਰ ਨਵਤੇਜ ਤੋਂ ਪਤਾ ਕੀਤਾ। ਅਖੀਰ ਉਨ੍ਹਾਂ ਨੇ ਖਰੜਾ ਵਾਪਿਸ ਕਰ ਦਿੱਤਾ ਇਹ ਆਖ ਕੇ ਕਿ ਇਹ ਨਾਟਕ ਸਦਾਚਾਰਕ ਤੇ ਸਾਹਿਤਕ ਪੱਖ ਤੋਂ ਠੀਕ ਨਹੀਂ।
ਉਸ ਪਿਛੋਂ ਮੈਂ ਕਦੇ ਕਿਸੇ ਨੂੰ ਮੁਖ-ਬੰਦ ਲਿਖਣ ਲਈ ਨਾ ਆਖਿਆ।
ਦੂਜੀ ਜੰਗ ਲਗੀ ਹੋਈ ਸੀ । ਕਾਗਜ ਕਿਤੇ ਮਿਲਦਾ ਨਹੀਂ ਸੀ। ਪਰ ਮੋਹਨ ਸਿੰਘ ਨੇ ਮੋਟੇ ਕੀਮਤੀ ਕਾਗਜ ਉੱਤੇ ਇਹ ਨਾਟਕ ਛਾਪਿਆ। ਬਗੈਰ ਕਿਸੇ ਭੂਮਿਕਾ ਦੇ ਨਾਟਕ ਤੀਜੇ ਸਫੇ ਤੋਂ ਸ਼ੁਰੂ ਹੋ ਗਿਆ। ਇਸ ਦਾ ਟਾਈਟਲ ਕਵਰ ਸੋਭਾ ਸਿੰਘ ਨੇ ਬਣਾਇਆ ਸੀ - ਲੋਹੇ ਵਰਗੇ ਨਿੱਗਰ ਕਾਲੇ ਅੱਖਰਾਂ ਵਿਚ।
ਮੰਚ ਉੱਤੇ ਖੇਡਣ ਲਈ ਪ੍ਰੀਤ ਨਗਰ ਵਿਚ ਇਸ ਦੀਆਂ ਰਿਹਰਸਲਾਂ ਹੋਈਆਂ ਪਰ ਪ੍ਰੀਤਨਗਰ ਦੇ ਸੁੱਚੇ ਮੰਚ ਉਤੇ ਇਹ ਨਾ ਖੇਡਿਆ ਜਾ ਸਕਿਆ।
ਲਾਹੌਰ ਰੇਡੀਓ ਸਟੇਸ਼ਨ ਤੋਂ ਜਦੋਂ ਇਹ ਬ੍ਰਾਡਕਾਸਟ ਹੋਇਆ ਤਾਂ ਇਕਬਾਲ ਮੁਹੰਮਦ ਨੇ ਕਾਕੂ ਲੁਹਾਰ ਦਾ ਪਾਰਟ ਕੀਤਾ, ਓਮ ਪ੍ਰਕਾਸ (ਫ਼ਿਲਮ ਐਕਟਰ) ਨੇ ਗੱਜਣ ਦਾ, ਮੋਹਿਨੀ ਦਾਸ ਨੇ ਬੈਣੋ ਦਾ ਤੇ ਆਗਿਆ ਅਰੋੜਾ ਨੇ ਸੰਤੀ ਦਾ। ਕਰਤਾਰ ਸਿੰਘ ਦੁੱਗਲ ਨੇ ਇਸ ਨੂੰ ਪ੍ਰੋਡਿਊਸ ਕੀਤਾ।
ਲਾਹੌਰ ਰੇਡੀਓ ਸਟੇਸ਼ਨ ਉਸ ਵੇਲੇ ਸਾਹਿਤਕ ਨਾਟਕਾਂ ਦਾ ਕੇਂਦਰ ਸੀ। ਇਮਤਿਆਜ ਅਲੀ ਤਾਜ, ਰਫ਼ੀ ਪੀਰ, ਰਾਜਿੰਦਰ ਸਿੰਘ ਬੇਦੀ ਤੇ ਬਹੁਤ ਸਾਰੇ ਉੱਘੇ ਲੇਖਕ ਤੇ ਕਵੀ ਰੇਡੀਓ ਸਟੇਸ਼ਨ ਨਾਲ ਜੁੜੇ ਹੋਏ ਸਨ। ਲੋਹਾ ਕੁੱਟ ਦੀ ਸਾਹਿਤਕ ਵਿਸ਼ੇਸਤਾ, ਜਬਾਨ ਤੇ ਇਸ ਦੇ ਵਿਸ਼ੇ ਦਾ ਚਰਚਾ ਹੋਇਆ। ਕਈ ਚਿੱਠੀਆਂ ਨਾਟਕ ਦੇ ਹਕ ਵਿਚ ਆਈਆਂ। ਪਰ ਕਸੂਰ ਸ਼ਹਿਰ ਦੇ ਲੁਹਾਰਾਂ ਦਾ ਇਕ ਡੈਲੀਗੇਸ਼ਨ ਇਸ ਦੇ ਖ਼ਿਲਾਫ਼ ਆਇਆ ਕਿ ਲੁਹਾਰਾਂ ਦੇ ਕਿੱਤੇ ਨੂੰ ਬਦਨਾਮ ਕੀਤਾ ਗਿਆ ਹੈ। ਕੀ ਲੁਹਾਰਾਂ ਦੀਆਂ ਤੀਵੀਆਂ ਏਦਾਂ ਦੀਆਂ ਹੁੰਦੀਆਂ ਨੇ?
ਮੈਂ ਆਪਣੀ ਸਫਾਈ ਪੇਸ਼ ਕੀਤੀ ਕਿ ਕਾਕੂ ਲੁਹਾਰ ਤਾਂ ਮੇਰੇ ਨਾਟਕ ਦਾ ਇਕ ਪਾਤਰ ਹੈ, ਲੁਹਾਰਾਂ ਦੀ ਸ਼੍ਰੇਣੀ ਉੱਤੇ ਕੋਈ ਫਤਵਾ ਨਹੀਂ ਲਾ ਰਿਹਾ। ਸਾਹਿਤ ਨੂੰ ਸ੍ਰੇਣੀ ਵੰਡ ਅਨੁਸਾਰ ਪਰਖਿਆ ਜਾਵੇ ਤਾਂ ਸ਼ਾਇਦ ਕੁਝ ਵੀ ਨਾ ਲਿਖਿਆ ਜਾਵੇ। ਜੇ ਮੇਰਾ ਪਾਤਰ ਕੋਈ ਟੀਚਰ ਹੁੰਦਾ ਜਿਸ ਦੀ ਬੀਵੀ ਉਸ ਨੂੰ ਛਡ ਕੇ ਚਲੀ ਗਈ ਹੁੰਦੀ ਤਾਂ ਪੰਜਾਬ ਦੇ ਟੀਚਰਾਂ ਦੀ ਯੂਨੀਅਨ ਮੈਨੂੰ ਨੋਟਿਸ ਦੇ ਦੇਂਦੀ। ਜੇ ਮੇਰਾ ਪਾਤਰ ਕੋਈ ਵਪਾਰੀ ਲਾਲਾ ਹੁੰਦਾ ਤਾਂ ਪੰਜਾਬ ਵਪਾਰ-ਮੰਡਲ ਮੈਨੂੰ ਕਚਹਿਰੀ ਵਿਚ ਲੈ ਜਾਂਦਾ। ਜੇ ਮੇਰਾ ਪਾਤਰ ਵਕੀਲ ਹੁੰਦਾ ਤਾਂ ਵਕੀਲ- ਮੰਡਲ ਮੇਰੇ ਉੱਤੇ ਦਾਅਵਾ ਠੋਕ ਦਿੰਦਾ।
ਗੱਲ ਮੁਕ ਗਈ। 'ਲੋਹਾ ਕੁੱਟ ਨੂੰ ਪਹਿਲਾਂ ਨਾਲੋਂ ਵਧੇਰੇ ਮਾਨਤਾ ਮਿਲੀ।
ਇਕ ਸ਼ਾਮ ਪ੍ਰੋ: ਤੇਜਾ ਸਿੰਘ ਐਮਪ੍ਰੱਸ ਰੋਡ ਉਤੇ ਮੇਰੀ ਨਿੱਕੀ ਜਿਹੀ ਕੋਠੀ ਮੈਨੂੰ ਮਿਲਣ ਆਏ। ਉਹਨਾਂ ਦੇ ਹੱਥ ਵਿਚ ਖੂੰਡੀ ਸੀ। ਇਸ ਤੋਂ ਪਹਿਲਾਂ ਮੈਂ ਉਹਨਾਂ ਨੂੰ ਨਹੀਂ ਸੀ ਮਿਲਿਆ।
ਉਹ ਆਖਣ ਲਗੇ, ਮੈਂ ਅੰਮ੍ਰਿਤਸਰ ਤੋਂ ਆਇਆ ਹਾਂ ਇਥੇ ਰੇਡੀਓ ਸਟੇਸ਼ਨ ਉੱਤੇ ਨਵੀਆਂ ਕਿਤਾਬਾਂ ਬਾਰੇ ਬੋਲਣ । ਤੇਰੇ 'ਲੋਹਾ ਕੁੱਟ’ ਬਾਰੇ ਬੋਲ ਰਿਹਾ ਹਾਂ। ਇਹ ਲੋਹਾ ਕੁੱਟ ਬਸ ਲੋਹੇ ਨੂੰ ਹੀ ਕੁੱਟਣ ਜਾਣਦਾ ਹੈ, ਤੀਵੀਂ ਦੇ ਮਨ ਨੂੰ ਨਹੀਂ। ਉਹ ਲਹਾਰ ਨਹੀਂ, ਲੋਹਾ ਕੁੱਟ ਹੈ। ਸਾਡੇ ਬਹੁਤੇ ਪ੍ਰੋਫੈਸਰ ਵੀ ਲੋਹਾ ਕੁੱਟ ਹੀ ਹਨ ?" ਇਹ ਆਖ ਕੇ ਉਹ ਚਲੇ ਗਏ।
ਕਈ ਔਰਤਾਂ ਨੇ ਸੁਆਲ ਉਠਾਇਆ ਕਿ ਪੰਜਾਬ ਦੀ ਔਰਤ ਇਸ ਤਰ੍ਹਾਂ ਦੀ ਨਹੀਂ ਹੋ ਸਕਦੀ ਜੋ ਉੱਨੀ ਸਾਲ ਵਿਆਹ ਪਿਛੋਂ ਪਤੀ ਤੇ ਪੁੱਤ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਚਲੀ ਜਾਵੇ।
ਪਰ ਅਖ਼ਬਾਰਾਂ ਵਿਚ ਬੇਸ਼ੁਮਾਰ ਇਹੋ ਜਿਹੀਆਂ ਘਟਨਾਵਾਂ ਛਪੀਆਂ ਜਿਨ੍ਹਾਂ ਵਿਚ ਤੀਵੀਆਂ ਜਜ਼ਬੇ ਦੀ ਅੱਗ ਖਾਤਰ ਘਰ ਨੂੰ ਛੱਡ ਕੇ ਆਪਣੇ ਪ੍ਰੇਮੀਆਂ ਨਾਲ ਚਲੀਆਂ ਗਈਆਂ। ਇਹੋ ਜਿਹੀਆਂ ਤੀਵੀਆਂ ਲਈ ਮੇਰੇ ਦਿਲ ਵਿਚ ਆਦਰ ਹੈ ਜੋ ਪਾਖੰਡ ਤੇ ਝੂਠੀ ਪਰੰਪਰਾ ਦੇ ਖਿਲਾਫ ਲੜ ਕੇ ਆਪਣੇ ਦਿਲ ਦਾ ਸਦਾ ਸੱਚ ਪਗਾਉਂਦੀਆਂ ਹਨ। ਸੰਤੀ ਤੇ ਬੈਣੋ ਇਸੇ ਬਰਾਦਰੀ ਦੀਆਂ ਨਾਇਕਾਵਾਂ ਹਨ।
ਦੋ ਸ਼ਬਦ
(ਜੂਨ 1991)
'ਲੋਹਾ ਕੁੱਟ' ਨੂੰ ਹੁਣ ਤੀਕ ਬਹੁਤਾ ਕਰਕੇ ਸਾਹਿਤਕ ਪੱਖੋਂ ਹੀ ਪਰਖਿਆ ਜਾਂਦਾ ਰਿਹਾ ਹੈ। ਇਸ ਦੇ ਵਿਸ਼ੇ ਬਾਰੇ ਚਰਚਾ ਹੋਈ, ਇਸ ਦੇ ਪਾਤਰਾਂ ਤੇ ਇਸ ਦੀ ਸੰਰਚਨਾ ਬਾਰੇ ਬਹਿਸਾਂ ਹੋਈਆਂ, ਇਸ ਦੇ ਵਾਰਤਾਲਾਪ ਤੇ ਬਿੰਬਾਂ ਦੀ ਸ਼ਲਾਘਾ ਹੋਈ। ਪਰ ਇਸ ਦੇ ਪ੍ਰਸਤੁਤੀਕਰਣ ਬਾਰੇ ਕੋਈ ਘੋਖਵੀਂ ਗੱਲ ਘੱਟ ਹੀ ਤੁਰੀ।
ਮੈਨੂੰ ਇਸ ਨਾਟਕ ਵਿਚ ਮੰਚ-ਪ੍ਰਦਰਸ਼ਨ ਦੀ ਦ੍ਰਿਸ਼ਟੀ ਤੋਂ ਕੁਝ ਘਾਟਾਂ ਨਜਰ ਆਈਆਂ। ਭਾਵੇਂ ਇਸਨੂੰ ਲਿਟਲ ਥੀਏਟਰ ਗਰੁੱਪ ਨਿਊ ਦਿੱਲੀ ਨੇ 1950 ਵਿੱਚ ਵੇਵਲ ਥੀਏਟਰ ਵਿੱਚ ਖੇਡਿਆ, ਹਰਪਾਲ ਟਿਵਾਣਾ ਤੇ ਨੀਨਾ ਟਿਵਾਣਾ ਨੇ ਇਸ ਨੂੰ ਕਈ ਵਾਰ ਸਟੇਜ ਕੀਤਾ ਪਰ ਮੈਨੂੰ ਇਸ ਦੀਆਂ ਘਾਟਾਂ ਰੜਕਦੀਆਂ ਰਹੀਆਂ।
ਇਸ ਦੀ ਨਾਇਕਾ ਸੰਤੀ ਆਪਣੇ ਮਨ ਵਿਚ ਦੱਬੇ ਜਜਬੇ ਨੂੰ ਭੁਲਾ ਕੇ ਕਾਕੂ ਲੁਹਾਰ ਨਾਲ ਰਹਿ ਰਹੀ ਹੈ। ਉਸ ਦੀ ਜੁਆਨ ਧੀ ਬੈਣੋ ਘਰ ਦੇ ਲੋਹੇ ਵਰਗੇ ਕਰੜੇ ਮਾਹੌਲ ਦੇ ਖਿਲਾਫ ਬਗਾਵਤ ਕਰਦੀ ਹੈ, ਪਿਓ ਨੂੰ ਵੰਗਾਰਦੀ ਹੈ ਅਤੇ ਸਰਬਣ ਨਾਲ ਦੌੜ ਜਾਂਦੀ ਹੈ। ਮਾਂ ਆਪਣੀ ਧੀ ਦੇ ਇਸ ਸਮਾਜਕ ਪਾਪ ਦੇ ਖਿਲਾਫ ਚੰਡੀ ਵਾਂਗ ਗਰਜਦੀ ਹੈ। ਪਰ ਇਸ ਪਿਛੋਂ ਉਹ ਖੁਦ ਹੌਲੀ ਹੌਲੀ ਆਪਣੀ ਜਿੰਦਗੀ ਬਾਰੇ ਸੋਚਣ ਲਗਦੀ ਹੈ। ਉਸ ਨੂੰ ਆਪਣੀ ਧੀ ਯਾਦ ਆਉਂਦੀ ਹੈ ਜੋ ਉਸ ਦੇ ਢਿੱਡ ਵਿਚ ਛਮਕਾ ਮਾਰਦੀ ਹੈ। ਉਸਨੂੰ ਲਗਦਾ ਹੈ ਕਿ ਬੈਣੋ ਠੀਕ ਸੀ, ਕਿਉਂ ਕਿ ਉਸ ਨੇ ਜਜਬੇ ਦਾ ਸੱਚ ਪੁਗਾਇਆ। ਬੈਣੋ ਉਸ ਦੀ ਆਪਣੀ ਜੁਆਨੀ ਦਾ ਹੀ ਰੂਪ ਸੀ, ਓਸ ਦੀ ਢਿੱਡ ਦੀ ਜਾਈ, ਉਸ ਦੀ ਮਹਿਰਮ, ਉਸ ਦੀ ਕੁੱਖ ਦੀ ਆਵਾਜ।
ਸੰਤੀ ਦੇ ਮਨ ਅੰਦਰ ਦੱਬੇ ਅੰਗਿਆਰ ਮਘਣ ਲਗਦੇ ਹਨ। ਉਸ ਨੂੰ ਸਮਾਜੀ ਦਿਖਾਵਾ ਤੇ ਪ੍ਰਵਾਰਕ ਰਸਮੀ ਬੰਧਨ ਝੂਠੇ ਜਾਪਦੇ ਹਨ। ਹੌਲੀ ਹੌਲੀ ਉਹ ਬੈਣੋ ਦਾ ਰੂਪ ਬਣ ਜਾਂਦੀ ਹੈ। ਉਹ ਕਾਕੂ ਦੇ ਕਰੜੇ ਸੁਭਾਅ ਅਤੇ ਜ਼ੁਲਮ ਦੇ ਖਿਲਾਫ਼ ਖੜ੍ਹੀ ਹੋ ਜਾਂਦੀ ਹੈ ਤੇ ਗੱਜਣ ਨਾਲ ਨਿਕਲ ਜਾਂਦੀ ਹੈ।
ਮੈਂ ਨਾਟਕ ਦੇ ਵਿਸ਼ੇ ਬਾਰੇ ਪਹਿਲਾਂ ਵੀ ਲਿਖ ਚੁੱਕਾ ਹਾਂ, ਮੈਨੂੰ ਜਜਬੇ ਦੇ ਜੁਲਮ ਨਾਲ ਦਿਲਚਸਪੀ ਹੈ। ਜੋ ਕੁਝ ਲੋਹਾ ਕੁੱਟ ਵਿਚ ਵਾਪਰਦਾ ਹੈ ਉਹ ਆਮ ਲੋਹਾਰੇ ਟੱਬਰ ਦਾ ਨਹੀਂ, ਸਗੋਂ ਸਮਾਜ ਦੇ ਉਲਾਰ ਰਿਸ਼ਤਿਆਂ ਤੇ ਭਾਵਾਤਮਕ ਦਮਨ ਦਾ ਪਰਤੀਕ ਹੈ। ਇਹ ਮਾਨਸਿਕ ਅੰਡੋਪਾਟੀ ਤੇ ਜਜਬੇ ਦੀ ਸੱਚਾਈ ਨੂੰ ਪਰਗਟ ਕਰਦਾ ਹੈ।
ਨਾਟਕ ਵਿਚ ਮੈਂ ਵਿਰਸੇ ਦੀ ਤੁਰੀ ਆਉਂਦੀ ਭਾਵਨਾ ਨੂੰ ਉਲਟਾ ਕੇ ਪੇਸ਼ ਕੀਤਾ ਹੈ। ਸੁਭਾਵਕ ਤੌਰ ਉਤੇ ਧੀ ਆਪਣੀ ਮਾਂ ਦਾ ਪ੍ਰਤੀਕਰਮ ਹੈ। ਨਵੀਂ ਪੀੜ੍ਹੀ ਵਿਚ ਬਗਾਵਤ ਹੈ, ਪੁਰਾਣੀ ਪੀੜ੍ਹੀ ਦੇ ਖਿਲਾਫ਼ । ਨਵੀਂ ਚੇਤਨਤਾ ਪੁਰਾਣੀ ਚੇਤਨਤਾ ਦੀ ਕੁੰਜ ਲਾਹ ਕੇ ਅਗੇ ਤੁਰਦੀ ਹੈ। ਪਰ ਮੈਂ ਨਾਟਕ ਵਿਚ ਮਾਨਸਿਕ ਬਗਾਵਤ ਦੀ ਚਿਣਗ ਮਾਂ ਤੋਂ ਧੀ ਵਲ ਨਹੀਂ ਸੁੱਟੀ, ਸਗੋਂ ਧੀ ਤੋਂ ਮਾਂ ਵਲ ਸੁੱਟੀ ਹੈ। ਪੀੜ੍ਹੀ-ਦਰ-ਪੀੜ੍ਹੀ ਤੁਰੇ ਆਉਂਦੇ ਸੰਸਕਾਰਾਂ ਦੀ ਗਤੀ ਨੂੰ ਪੁੱਠਾ ਮੋੜਿਆ ਹੈ।
ਲੋਹਾ ਕੁੱਟ ਜੀਵਨ ਦੀ ਕਰੜੀ ਨਿਰਦਈ, ਨਿਤਾਪ੍ਰਤੀ ਦੇ ਜੁਲਮ ਦਾ ਚਿੰਨ੍ਹ ਹੈ। ਲੋਹਾਰ ਦੀ ਭੱਠੀ ਪਾਤਰਾਂ ਦੇ ਮਾਨਸਿਕ ਕਰਮ ਅਨੁਸਾਰ ਧੁਖਦੀ ਬਲਦੀ ਤੇ ਮੱਚਦੀ ਹੈ। ਇਹ ਇਸੇ ਚਿੰਨਾਤਮਕ ਪ੍ਰਗਟਾਵੇ ਦੀ ਮੰਗ ਕਰਦੀ ਹੈ । ਹਥੌੜੇ ਦੀ ਸੱਟ ਇਸ ਦੇ ਨਾਇਕ ਦੇ ਕਰੜੇ ਸੁਭਾ ਵਿਚ ਹੈ। ਪਾਤਰਾਂ ਦੇ ਕਰਮ ਤੇ ਵਾਰਤਾਲਾਪ ਵਿਚ ਕਠੋਰਤਾ ਹੈ। ਭਾਵੁਕਤਾ ਨਹੀਂ। ਕਿਤੇ ਕਿਤੇ ਵਾਰਤਾਲਾਪ ਵਿਚ ਕਾਵਿਮਈ ਬੋਲੀ ਭਖਦੀ ਹੈ ਜੋ ਪਾਤਰਾਂ ਦੇ ਅੰਤਰੀਵ ਮਾਨਸਿਕ ਸੰਘਰਸ਼ ਉਜਾਗਰ ਕਰਨ ਲਈ ਵਰਤੀ ਗਈ ਹੈ।
ਸਾਰਾ ਨਾਟਕ ਇਕੋ ਥਾਂ ਵਾਪਰਦਾ ਹੈ। ਲੋਹਾਰ ਦੀ ਅਹਿਰਨ ਤੇ ਚੀਜ਼ਾਂ ਵਸਤਾਂ ਇਓ ਪਰਤੀਤ ਹੋਣ ਜਿਵੇਂ ਇਹਨਾਂ ਨੂੰ ਬੇਰਹਿਮੀ ਨਾਲ ਵਰਤਿਆ ਗਿਆ ਹੈ।
ਨਾਟਕ ਦੇ ਦ੍ਰਿਸ਼ਾ ਵਿਚ ਲੜੀ-ਬਧ ਗਤੀ ਪੈਦਾ ਕੀਤੀ ਹੈ। ਹਰ ਸੀਨ ਕਿਸੇ ਸਿਖਰ ਤੇ ਮੁਕਦਾ ਹੈ ਜਾਂ ਜਜ਼ਬੇ ਦੀ ਅਜਿਹੀ ਟੱਕਰ ਉਤੇ ਕਿ ਦ੍ਰਿਸ਼ਟੀਮੂਲਕ ਜਾਂ ਮੁਖ ਕਾਰਜ ਸਾਡੀ ਚੇਤਨਾ ਵਿਚ ਝੁਣਝੁਣੀ ਛੇੜ ਦੇਵੇ।
ਨਾਟਕ ਦੇ ਇਸ ਸੋਧੇ ਹੋਏ ਰੂਪ ਵਿਚ ਸਿਰਫ ਮੰਚ-ਤਕਨੀਕ ਤੇ ਕਲਾਤਮਕ ਚਮਕ ਹੀ ਨਹੀਂ ਆਈ ਸਗੋਂ ਸਾਹਿਤਕ ਗੁਣ ਵੀ ਨਿਖਰ ਕੇ ਆਏ ਹਨ।
ਨਾਟਕ ਵਿਚ ਵਾਤਾਵਰਣ ਦੀਆਂ ਆਵਾਜ਼ਾਂ ਦਾ ਪ੍ਰਯੋਗ ਇਸ ਤਰਾਂ ਹੈ ਕਿ ਉਹ ਜਜ਼ਬਿਆਂ ਨੂੰ ਹੋਰ ਮਘਾਉਣ ਦਾ ਕਾਰਜ ਨਿਭਾਉਣ। ਪਹਿਲੇ ਐਕਟ ਵਿਚ ਥਾਣੇਦਾਰ ਦੀ ਘੋੜੀ ਨੂੰ ਗਲੀ ਵਿਚ ਨਾਲ਼ ਠੋਕੇ ਜਾਦੇ ਹਨ ਤਾਂ ਕਈ ਆਦਮੀਆਂ ਨੇ ਘੋੜੀ ਨੂੰ ਰੱਸਿਆਂ ਨਾਲ ਫੜਿਆ ਹੋਇਆ ਹੈ । ਨਾਲ਼ ਠੋਕਣ ਦੀ ਆਵਾਜ਼ ਘੋੜੀ ਦੇ ਹਿਣਕਣ ਤੇ ਲੋਕਾਂ ਦੀਆਂ ਉੱਚੀਆਂ ਆਵਾਜਾਂ ਕੱਸ ਕੇ ਫੜੋ, ਜ਼ੋਰ ਦੀ ਫੜ ਕੇ ਰੱਖੋ, ਰੱਸਾ ਨਾ ਛੁੜਾ ਲਵੇ ਫੜ ਕੇ ਰੱਖੋ। ਬੈਣੋ ਦੀ ਮਾਨਸਿਕ ਦਸ਼ਾ ਤੇ ਖੌਫ ਦਾ ਭੌਤਿਕੀਕਰਣ ਕਰਦੀਆਂ ਹਨ। ਜਦੋਂ ਦੂਜੇ ਐਕਟ ਦੇ ਅੰਤ ਵਿਚ ਬੈਣੋ ਨਿਕਲ ਜਾਂਦੀ ਹੈ ਤਾਂ ਗਲੀ ਦੀਆਂ ਤੀਵੀਆਂ ਉਸ ਨੂੰ ਉੱਚੀ ਉੱਚੀ ਤ੍ਰਿਸਕਾਰਦੀਆ ਹਨ ਤੇ ਮਾਂ ਬੂਹੇ 'ਤੇ ਖੜ੍ਹ ਕੇ ਚੰਘਿਆੜਦੀ ਹੋਈ ਗਾਲਾਂ ਕੱਢਦੀ ਹੈ ਤਾਂ ਇਹ ਵੇਹੜੇ ਦੇ ਸਮੁੱਚੇ ਜ਼ੁਲਮ ਦਾ ਚਿੰਨ੍ਹ ਬਣ ਜਾਦੇ ਹਨ। ਅੰਤ ਵਿਚ ਗਲੀ ਵਿਚਲਾ ਸ਼ੋਰ, ਤੀਵੀਆਂ ਦੀਆਂ ਹਾਕਾਂ ਤੇ ਚੀਖਾਂ ਦਾ ਰੌਲਾ ਸੰਤੀ ਦੇ ਦੌੜ ਜਾਣ ਨੂੰ ਮੂਰਤੀਮਾਨ ਕਰਦਾ ਹੈ।
ਵੇਹੜੇ ਤੇ ਗਲੀ ਤੇ ਵਾੜੇ ਦੀਆਂ ਹਾਕਾਂ, ਵੈਣ ਤੇ ਝਗੜੇ ਪਿੰਡ ਦੇ ਪਿਛੋਕੜ ਨੂੰ ਗੰਡਾਸੇ ਦੀ ਧਾਰ ਵਾਂਗ ਤਿਖੇਰਾ ਕਰਦੇ ਹਨ। ਇਹ ਆਵਾਜਾਂ, ਰੌਲਾ ਤੇ ਹਾਕਾਂ ਪ੍ਰਕਿਰਤੀਵਾਦੀ ਨਹੀਂ ਹਨ ਸਗੋਂ ਇਹਨਾਂ ਨੂੰ ਨਾਟਕੀ ਢੰਗ ਨਾਲ ਸੂਤ ਕੇ ਵਿਉਂਤਬੱਧ ਕੀਤਾ ਗਿਆ ਹੈ। ਇਹ ਅਵਾਜਾਂ ਤੇ ਚੀਖਾਂ ਸਮੂਹਗਾਣ ਵਾਂਗ ਗਤੀਬੱਧ ਹਨ।