Back ArrowLogo
Info
Profile

ਦੋ ਸ਼ਬਦ

(ਜੂਨ 1991)

'ਲੋਹਾ ਕੁੱਟ' ਨੂੰ ਹੁਣ ਤੀਕ ਬਹੁਤਾ ਕਰਕੇ ਸਾਹਿਤਕ ਪੱਖੋਂ ਹੀ ਪਰਖਿਆ ਜਾਂਦਾ ਰਿਹਾ ਹੈ। ਇਸ ਦੇ ਵਿਸ਼ੇ ਬਾਰੇ ਚਰਚਾ ਹੋਈ, ਇਸ ਦੇ ਪਾਤਰਾਂ ਤੇ ਇਸ ਦੀ ਸੰਰਚਨਾ ਬਾਰੇ ਬਹਿਸਾਂ ਹੋਈਆਂ, ਇਸ ਦੇ ਵਾਰਤਾਲਾਪ ਤੇ ਬਿੰਬਾਂ ਦੀ ਸ਼ਲਾਘਾ ਹੋਈ। ਪਰ ਇਸ ਦੇ ਪ੍ਰਸਤੁਤੀਕਰਣ ਬਾਰੇ ਕੋਈ ਘੋਖਵੀਂ ਗੱਲ ਘੱਟ ਹੀ ਤੁਰੀ।

ਮੈਨੂੰ ਇਸ ਨਾਟਕ ਵਿਚ ਮੰਚ-ਪ੍ਰਦਰਸ਼ਨ ਦੀ ਦ੍ਰਿਸ਼ਟੀ ਤੋਂ ਕੁਝ ਘਾਟਾਂ ਨਜਰ ਆਈਆਂ। ਭਾਵੇਂ ਇਸਨੂੰ ਲਿਟਲ ਥੀਏਟਰ ਗਰੁੱਪ ਨਿਊ ਦਿੱਲੀ ਨੇ 1950 ਵਿੱਚ ਵੇਵਲ ਥੀਏਟਰ ਵਿੱਚ ਖੇਡਿਆ, ਹਰਪਾਲ ਟਿਵਾਣਾ ਤੇ ਨੀਨਾ ਟਿਵਾਣਾ ਨੇ ਇਸ ਨੂੰ ਕਈ ਵਾਰ ਸਟੇਜ ਕੀਤਾ ਪਰ ਮੈਨੂੰ ਇਸ ਦੀਆਂ ਘਾਟਾਂ ਰੜਕਦੀਆਂ ਰਹੀਆਂ।

ਇਸ ਦੀ ਨਾਇਕਾ ਸੰਤੀ ਆਪਣੇ ਮਨ ਵਿਚ ਦੱਬੇ ਜਜਬੇ ਨੂੰ ਭੁਲਾ ਕੇ ਕਾਕੂ ਲੁਹਾਰ ਨਾਲ ਰਹਿ ਰਹੀ ਹੈ। ਉਸ ਦੀ ਜੁਆਨ ਧੀ ਬੈਣੋ ਘਰ ਦੇ ਲੋਹੇ ਵਰਗੇ ਕਰੜੇ ਮਾਹੌਲ ਦੇ ਖਿਲਾਫ ਬਗਾਵਤ ਕਰਦੀ ਹੈ, ਪਿਓ ਨੂੰ ਵੰਗਾਰਦੀ ਹੈ ਅਤੇ ਸਰਬਣ ਨਾਲ ਦੌੜ ਜਾਂਦੀ ਹੈ। ਮਾਂ ਆਪਣੀ ਧੀ ਦੇ ਇਸ ਸਮਾਜਕ ਪਾਪ ਦੇ ਖਿਲਾਫ ਚੰਡੀ ਵਾਂਗ ਗਰਜਦੀ ਹੈ। ਪਰ ਇਸ ਪਿਛੋਂ ਉਹ ਖੁਦ ਹੌਲੀ ਹੌਲੀ ਆਪਣੀ ਜਿੰਦਗੀ ਬਾਰੇ ਸੋਚਣ ਲਗਦੀ ਹੈ। ਉਸ ਨੂੰ ਆਪਣੀ ਧੀ ਯਾਦ ਆਉਂਦੀ ਹੈ ਜੋ ਉਸ ਦੇ ਢਿੱਡ ਵਿਚ ਛਮਕਾ ਮਾਰਦੀ ਹੈ। ਉਸਨੂੰ ਲਗਦਾ ਹੈ ਕਿ ਬੈਣੋ ਠੀਕ ਸੀ, ਕਿਉਂ ਕਿ ਉਸ ਨੇ ਜਜਬੇ ਦਾ ਸੱਚ ਪੁਗਾਇਆ। ਬੈਣੋ ਉਸ ਦੀ ਆਪਣੀ ਜੁਆਨੀ ਦਾ ਹੀ ਰੂਪ ਸੀ, ਓਸ ਦੀ ਢਿੱਡ ਦੀ ਜਾਈ, ਉਸ ਦੀ ਮਹਿਰਮ, ਉਸ ਦੀ ਕੁੱਖ ਦੀ ਆਵਾਜ।

ਸੰਤੀ ਦੇ ਮਨ ਅੰਦਰ ਦੱਬੇ ਅੰਗਿਆਰ ਮਘਣ ਲਗਦੇ ਹਨ। ਉਸ ਨੂੰ ਸਮਾਜੀ ਦਿਖਾਵਾ ਤੇ ਪ੍ਰਵਾਰਕ ਰਸਮੀ ਬੰਧਨ ਝੂਠੇ ਜਾਪਦੇ ਹਨ। ਹੌਲੀ ਹੌਲੀ ਉਹ ਬੈਣੋ ਦਾ ਰੂਪ ਬਣ ਜਾਂਦੀ ਹੈ। ਉਹ ਕਾਕੂ ਦੇ ਕਰੜੇ ਸੁਭਾਅ ਅਤੇ ਜ਼ੁਲਮ ਦੇ ਖਿਲਾਫ਼ ਖੜ੍ਹੀ ਹੋ ਜਾਂਦੀ ਹੈ ਤੇ ਗੱਜਣ ਨਾਲ ਨਿਕਲ ਜਾਂਦੀ ਹੈ।

ਮੈਂ ਨਾਟਕ ਦੇ ਵਿਸ਼ੇ ਬਾਰੇ ਪਹਿਲਾਂ ਵੀ ਲਿਖ ਚੁੱਕਾ ਹਾਂ, ਮੈਨੂੰ ਜਜਬੇ ਦੇ ਜੁਲਮ ਨਾਲ ਦਿਲਚਸਪੀ ਹੈ। ਜੋ ਕੁਝ ਲੋਹਾ ਕੁੱਟ ਵਿਚ ਵਾਪਰਦਾ ਹੈ ਉਹ ਆਮ ਲੋਹਾਰੇ ਟੱਬਰ ਦਾ ਨਹੀਂ, ਸਗੋਂ ਸਮਾਜ ਦੇ ਉਲਾਰ ਰਿਸ਼ਤਿਆਂ ਤੇ ਭਾਵਾਤਮਕ ਦਮਨ ਦਾ ਪਰਤੀਕ ਹੈ। ਇਹ ਮਾਨਸਿਕ ਅੰਡੋਪਾਟੀ ਤੇ ਜਜਬੇ ਦੀ ਸੱਚਾਈ ਨੂੰ ਪਰਗਟ ਕਰਦਾ ਹੈ।

ਨਾਟਕ ਵਿਚ ਮੈਂ ਵਿਰਸੇ ਦੀ ਤੁਰੀ ਆਉਂਦੀ ਭਾਵਨਾ ਨੂੰ ਉਲਟਾ ਕੇ ਪੇਸ਼ ਕੀਤਾ ਹੈ। ਸੁਭਾਵਕ ਤੌਰ ਉਤੇ ਧੀ ਆਪਣੀ ਮਾਂ ਦਾ ਪ੍ਰਤੀਕਰਮ ਹੈ। ਨਵੀਂ ਪੀੜ੍ਹੀ ਵਿਚ ਬਗਾਵਤ ਹੈ, ਪੁਰਾਣੀ ਪੀੜ੍ਹੀ ਦੇ ਖਿਲਾਫ਼ । ਨਵੀਂ ਚੇਤਨਤਾ ਪੁਰਾਣੀ ਚੇਤਨਤਾ ਦੀ ਕੁੰਜ ਲਾਹ ਕੇ ਅਗੇ ਤੁਰਦੀ ਹੈ। ਪਰ ਮੈਂ ਨਾਟਕ ਵਿਚ ਮਾਨਸਿਕ ਬਗਾਵਤ ਦੀ ਚਿਣਗ ਮਾਂ ਤੋਂ ਧੀ ਵਲ ਨਹੀਂ ਸੁੱਟੀ, ਸਗੋਂ ਧੀ ਤੋਂ ਮਾਂ ਵਲ ਸੁੱਟੀ ਹੈ। ਪੀੜ੍ਹੀ-ਦਰ-ਪੀੜ੍ਹੀ ਤੁਰੇ ਆਉਂਦੇ ਸੰਸਕਾਰਾਂ ਦੀ ਗਤੀ ਨੂੰ ਪੁੱਠਾ ਮੋੜਿਆ ਹੈ।

4 / 54
Previous
Next