ਸੱਜਰਾ ਰੂਪ
ਅੱਜ ਲੋਹਾ-ਕੁਟ ਦੇ ਪਿਛਲੇ ਤਿੰਨੇ ਰੂਪ ਮੇਰੇ ਸਾਮ੍ਹਣੇ ਪਏ ਹਨ। ਪੰਜਾਹ ਸਾਲ ਪਿਛੋਂ ਹੁਣ ਮੈਂ ਚੌਥੀ ਵਾਰ ਇਸ ਨੂੰ ਘੋਖ ਕੇ ਪੇਸ਼ ਕਰ ਰਿਹਾ ਹਾਂ।
ਨਾਟਕ, ਇਸਦੇ ਮਾਹੌਲ ਤੇ ਪਾਤਰਾਂ ਦੀ ਗੱਲ-ਬਾਤ ਵਿਚ ਉਸੇ ਸਮੇਂ ਦਾ ਰੰਗ ਸੀ। ਕਾਕੂ ਤੇ ਉਸਦੇ ਦੋਸਤ ਵਿਹੜੇ ਵਿਚ ਰੋਟੀ ਖਾਂਦੇ ਤੇ ਸ਼ਰਾਬ ਪੀਂਦੇ ਹੋਏ ਹਿਟਲਰ ਦੀਆਂ ਫ਼ੌਜਾਂ ਦੀ ਤਾਰੀਫ ਕਰਦੇ ਹਨ ਤੇ ਅੰਗਰੇਜ਼ਾਂ ਨੂੰ ਭੰਡਦੇ ਹਨ।
ਇਹਨਾਂ ਪਾਤਰਾਂ ਦੀਆਂ ਗੱਲਾਂ ਉਸ ਸਮੇਂ ਦੇ ਹਾਲਾਤ ਉਪਰ ਟਿੱਪਣੀ ਹਨ। ਉਹ ਇਕ ਪਰਕਾਰ ਦਾ 'ਕੋਰਸ' ਹਨ (ਸਮੂਹ-ਗਾਣ) ਯਾਨੀ ਵਿਵੇਕ ਜੋ ਸਮਕਾਲੀਨ ਵਾਯੂਮੰਡਲ ਦੀ ਹੋਣੀ ਨੂੰ ਦਰਸ਼ਕਾਂ ਨਾਲ ਸਾਂਝਾ ਕਰਦਾ ਹੈ। ਮੈਂ ਇਹਨਾਂ ਦੋਸਤਾਂ ਦੀ ਗੱਲ-ਬਾਤ ਅਤੇ ਨਾਟਕ ਦੇ ਕਾਰਜ ਦਾ ਕਾਲ 1980 ਤੇ ਫਿਰ 1991 ਦੇ ਐਡੀਸ਼ਨਾਂ ਵਿਚ ਬਦਲ ਦਿਤਾ ਸੀ।
ਇਸ ਨਾਟਕ ਦੀਆਂ ਬਾਕੀ ਘਟਨਾਵਾਂ ਤੇ ਜਜ਼ਬਾਤੀ ਚਿੱਤਰਾਂ ਦਾ ਤਾਲ-ਮੇਲ ਟੁੱਟ ਗਿਆ। ਨਾਟਕ ਦੇ ਮਨੋਵਿਗਿਆਨਕ ਯਥਾਰਥਵਾਦ ਵਿਚ ਝਟਕੇ ਲਗਦੇ ਸਨ। ਕਈ ਪਾਤਰਾਂ ਦਾ ਚਿਤਰਣ ਅਧੂਰਾ ਸੀ। ਬਣਸੋ, ਕਾਕੂ ਦੀ ਰਖੇਲ, ਅਧੂਰੀ ਸੀ। ਈਰਖਾ ਤੇ ਅਤ੍ਰਿਪਤੀ ਦਾ ਸੰਤਾਪ ਜੋ ਸੰਤੀ ਦੇ ਸੀਨੇ ਵਿਚ ਮੰਦਾ ਹੈ, ਉਸਦੇ ਪਰਗਟਾਵੇ ਤੋਂ ਵੀ ਮੈਂ ਸੰਤੁਸ਼ਟ ਨਹੀਂ ਸਾਂ।
ਹੁਣ ਨਾਟਕ ਦੇ ਸੱਜਰੇ ਰੂਪ ਵਿਚ ਸੰਤੀ ਦੇ ਮਨ ਦੀਆਂ ਦੂਹਰੀਆਂ ਤੀਹਰੀਆਂ ਪਰਤਾਂ ਨਜ਼ਰ ਆਉਂਦੀਆਂ ਹਨ। ਮੈਂ ਵਾਰਤਕ ਬਿਰਤਾਂਤ ਵਿਚ ਮੰਚੀ ਸੰਭਾਵਨਾਵਾਂ ਭਰ ਕੇ ਮਾਨਸਿਕ ਤੜਪਾਂ ਨੂੰ ਦ੍ਰਿਸ਼ਮਈ ਰੂਪ ਦਿੱਤਾ ਹੈ। ਮਿਸਾਲ ਦੇ ਤੌਰ ਤੇ ਦੂਜੇ ਐਕਟ ਦੇ ਅੰਤ ਵਿਚ ਬੈਣੋ ਦੌੜ ਜਾਂਦੀ ਹੈ, ਕਾਕੂ ਗੰਡਾਸਾ ਲੈ ਕੇ ਉਸ ਦੇ ਮਗਰ ਜਾਂਦਾ ਹੈ, ਗਲੀ ਵਿਚ ਰੌਲਾ ਪੈ ਜਾਂਦਾ ਹੈ ਤੇ ਸੰਤੀ ਚੀਖ਼ ਕੇ ਆਖਦੀ ਹੈ,
"ਵਾਲਾਂ ਤੋਂ ਧੂਹ ਕੇ ਲਿਆਈ ਇਸ ਬਦਜ਼ਾਤ ਨੂੰ! ਕੋਠੇ ਅੰਦਰ ਸੁੱਟ ਕੇ ਡੱਕਰੇ ਕਰ ਦੇਹ ਇਸ ਪਾਪਣ ਦੇ!" ਇਕ ਗੁਆਂਢਣ ਗਰਜਦੀ ਹੈ, ਇਹੋ ਜਿਹੀ ਧੀ ਨੂੰ ਧਰਤੀ ਚ ਗੱਡ ਦਿਉ!"
ਮੈਂ ਇਸਨੂੰ ਅੱਗੇ ਤੋਰਿਆ ਤੇ ਰੇਤਲੇ ਟਿੱਬੇ ਉਤੇ ਕਾਕੂ ਤੇ ਬੈਣੋ ਦੇ ਝਗੜੇ ਤੇ ਬੈਣੋ ਆਪਣੇ ਬਾਪ ਨੂੰ 'ਲਲਕਾਰਦੀ ਹੈ ਤੇ ਦਾਤਰੀ ਫੜ ਕੇ 'ਖੜ੍ਹੀ ਹੋ ਜਾਂਦੀ ਹੈ—ਚੰਡੀ ਦਾ ਰੂਪ।
ਜਦੋਂ ਬੈਣੋਂ ਆਪਣੇ ਪ੍ਰੇਮੀ ਸਰਬਣ ਨਾਲ ਦੌੜ ਜਾਂਦੀ ਹੈ, ਕਾਕੂ ਦੋਹਾਂ ਹੱਥਾਂ ਵਿਚ ਬੈਣੋ ਦੀ ਹਰੀ ਚੁੰਨੀ ਚੁੱਕੀ ਵਾਪਿਸ ਆਉਂਦਾ ਹੈ। ਜਿਵੇਂ ਬੈਣੋ ਦੀ ਲਾਸ਼ ਹੋਵੇ। ਸੰਤੀ ਕਾਕੂ ਨੂੰ ਆਖਦੀ ਹੈ ਕਿ ਉਹ ਆਪਣੀ ਧੀ ਦੀ ਲਾਸ਼ ਨੂੰ ਵਿਹੜੇ ਵਿਚ ਟੋਆ ਪੁੱਟ ਕੇ ਦੱਬ ਦੇਵੇ। ਕਾਕੂ ਕਹੀ ਨਾਲ ਟੋਟਾ ਪੁੱਟਦਾ ਹੈ। ਸੰਤੀ ਬੈਣੋ ਦੀ ਚੁੰਨੀ ਨੂੰ ਇਸ ਟੋਏ ਵਿਚ ਦੱਬਦੀ ਹੈ ਤੇ ਮਿੱਟੀ ਨਾਲ ਪੂਰਦੀ ਹੈ। ਇਸ ਸਾਰੇ ਸੀਨ ਨੂੰ ਕਿਸੇ ਘੋਰ ਰੀਤ ਵਾਂਗ ਖੇਡਿਆ ਜਾਣਾ ਚਾਹੀਦਾ ਹੈ ਤਾਂ ਜੁ ਪਾਤਰਾਂ ਦੇ ਸੰਤਾਪ, ਮੌਤ ਤੇ ਇੱਜਤ-ਆਬਰੂ ਦਾ ਗੌਰਵ ਉਜਾਗਰ ਹੋ ਸਕੇ। ਇਹ ਟੋਆ ਵਿਹੜੇ ਵਿਚ ਨਹੀਂ ਪੁੱਟਿਆ ਜਾ ਰਿਹਾ, ਸੰਤੀ ਦੇ ਸੀਨੇ ਵਿਚ ਪੁੱਟਿਆ ਜਾ ਰਿਹਾ ਹੈ ਜਿਥੇ ਬੈਣੋ ਦਫ਼ਨ ਹੁੰਦੀ ਹੈ।