ਲੂਣਾ ਸ਼ਿਵ ਕੁਮਾਰ ਬਟਾਲਵੀ
ਪਹਿਲਾ ਅੰਕ
ਧਨਵੰਤੀ ਤੇ ਉਹਦੇ ਪਹਾੜਾਂ ਦੇ ਨਾਂ
(ਚਾਨਣੀ ਰਾਤ ਦੇ ਅੰਤਿਮ ਪਹਿਰ,
ਨਟੀ ਤੇ ਸੂਤਰਧਾਰ ਚੰਬੇ ਸ਼ਹਿਰ ਦੇ
ਨੇੜੇ ਇਕ ਸੰਘਣੇ ਵਣ ਵਿਚ ਬੈਠੇ
ਪ੍ਰੇਮ ਕਰ ਰਹੇ ਹਨ)
ਨਟੀ
ਇਹ ਕਵਣ ਸੁ ਦੇਸ ਸੁਹਾਵੜਾ
ਤੇ ਕਵਣ ਸੁ ਇਹ ਦਰਿਆ
ਜੋ ਰਾਤ ਨਮੇਘੀ ਚੰਨ ਦੀ
ਵਿਚ ਦੂਰੋਂ ਡਲ੍ਹਕ ਰਿਹਾ
ਕਈ ਵਿੰਗ-ਵਲੇਵੇਂ ਮਾਰਦਾ
ਕੋਈ ਅੱਗ ਦਾ ਸੱਪ ਜਿਹਾ
ਜੋ ਕੱਢ ਦੁਸਾਂਘੀ ਜੀਭ ਨੂੰ
ਵਾਦੀ ਵਿਚ ਸੂਕ ਰਿਹਾ
ਸੂਤਰਧਾਰ
ਇਹ ਦੇਸ ਸੁ ਚੰਬਾ ਸੋਹਣੀਏਂ
ਇਹ ਰਾਵੀ ਸੁ ਦਰਿਆ
ਜੋ ਐਰਾਵਤੀ ਕਹਾਂਵਦੀ
ਵਿਚ ਦੇਵ-ਲੋਕ ਦੇ ਜਾ
ਇਹ ਧੀ ਹੈ ਪਾਂਗੀ ਰਿਸ਼ੀ ਦੀ
ਚੰਬਿਆਲੀ ਰਾਣੀ ਦੇ ਬਲੀ
ਇਹਨੂੰ ਮਹਿੰਗੇ ਮੁੱਲ ਲਿਆ
ਤੇ ਤਾਂ ਹੀ ਧੀ ਤੋਂ ਬਦਲ ਕੇ
ਇਹਦਾ ਪੁੱਤਰ ਨਾਮ ਪਿਆ
ਚੰਬਿਆਲੀ ਖਾਤਰ ਜਾਂਵਦਾ
ਇਹਨੂੰ ਚੰਬਾ ਦੇਸ ਕਿਹਾ
ਨਟੀ
ਹੈ ਇਤਰਾਂ ਭਿੱਜੀ ਵਗ ਰਹੀ
ਠੰਡੀ ਤੇ ਸੀਤ ਹਵਾ
ਏਥੇ ਰਾਤ ਰਾਣੀ ਦਾ ਜਾਪਦਾ
ਜਿਉਂ ਸਾਹ ਹੈ ਡੁੱਲ੍ਹ ਗਿਆ
ਸੂਤਰਧਾਰ
ਹਾਂ ਨੀ ਜਿੰਦੇ ਮੇਰੀਏ!
ਤੂੰ ਬਿਲਕੁਲ ਠੀਕ ਕਿਹਾ
ਹੈ ਕੁੱਗ, ਕਥੂਰੀ, ਅਗਰ ਦਾ
ਜਿਉਂ ਵਗੇ ਪਿਆ ਦਰਿਆ
ਇਕ ਮਾਨਸਰੋਵਰ ਇਤਰ ਦਾ
ਵਿਚ ਚੰਨ ਦਾ ਹੰਸ ਜਿਹਾ
ਹੈ ਚੁੱਪ-ਚੁਪੀਤਾ ਤੈਰਦਾ
ਤੇ ਤਾਰੇ ਚੁਗੇ ਪਿਆ
ਨਟੀ
ਪਰ ਮੈਨੂੰ ਈਕਣ ਜਾਪਦੈ
ਜਿਉਂ ਚਾਨਣ ਦੇ ਦਰਿਆ
ਇਹ ਮਹਿਕ ਜਿਵੇਂ ਇਕ ਕੁੜੀ ਚਿੜੀ
ਜਿਹਦਾ ਸੱਜਣ ਦੂਰ ਗਿਆ
ਅਗਨ-ਵਰੇਸੇ ਵਟਣਾ ਮਲ ਮਲ
ਪਾਈ ਪਾ ਪਾ ਅੱਗ ਬੁਝਾਵੇ
ਅੱਗ ਨਾ ਬੁਝਣ ਆ
ਸੂਤਰਧਾਰ
ਵਾਹ !
ਇਹ ਤੂੰ ਖੂਬ ਕਿਹਾ
ਸੱਚ ਮੁੱਚ ਤਨ ਦੀ ਅੱਗ ਨੂੰ
ਨਾ ਪਾਣੀ ਸਕੇ ਬੁਝਾ
ਹੈ ਸੰਭਵ ਤਨ ਦੀ ਅੱਗ ਥੀਂ
ਖੌਲ ਸਮੁੰਦਰ ਜਾ
ਨਟੀ
ਛੇੜ ਸੁਰੰਗੀ ਪੌਣ ਦੀ
ਰਹੀ ਰੁੱਤ ਬਿਰਹੜੇ ਗਾ
ਜਿਉਂ ਕਾਮੀ ਸੱਜਣ ਕਿਸੇ ਦਾ
ਜਦ ਜਾਏ ਵਿਛੋੜਾ ਪਾ
ਇਕ ਡੂੰਘੀ ਸਾਉਲੀ ਸ਼ਾਮ ਨੂੰ
ਕਿਤੇ ਵਿਚ ਉਜਾੜੀ ਜਾ
ਜਿਉਂ ਢਿੱਡੀ ਮੁੱਕੀਆਂ ਮਾਰਦੀ
ਕੋਈ ਬਿਰਹਣ ਪਏ ਕੁਰਲਾ
ਸੂਤਰਧਾਰ
ਇਹ ਕਿਹਾ ਸੁਹਾਵਾ ਦੇਸ ਹੈ
ਤੇ ਕੇਹੀ ਨਸ਼ੀਲੀ ਵਾਅ
ਇਉਂ ਤਰਵਰ ਜਾਪਣ ਝੂਮਦੇ
ਜਿਉ ਛੀਬਾ ਡੰਗ ਗਿਆ
ਹੈ ਥਾਂ ਥਾਂ ਕੇਸੂ ਮੌਲਿਆ
ਤੇ ਡੁੱਲ੍ਹਿਆ ਲਹੂ ਜਿਹਾ
ਜਿਉ ਕਾਲੇ ਰੜੇ ਪਹਾੜ ਦਾ
ਇਉਂ ਜਾਪੇ ਭੋਂ ਦੀਆਂ ਬੁੱਲ੍ਹੀਆਂ
ਵਿਚ ਭਰਿਆ ਨਸ਼ਾ ਜਿਹਾ
ਇਕ ਸੁਆਦ ਸੁਆਦ ਹੋ ਜਿਹਨਾਂ ਨੂੰ
ਹੈ ਅੰਬਰ ਚੁੰਮ ਰਿਹਾ
ਕੋਈ ਜੀਕਣ ਪ੍ਰੇਮੀ ਪ੍ਰੇਮ ਤੋਂ
ਇਕ ਉਮਰਾ ਬਾਝ ਰਿਹਾ
ਉਸ ਅਭੇ ਹੋਂਠ ਤਾਂ ਚੁੰਮਣਾਂ
ਪਰ ਭੁੱਖਾ ਫੇਰ ਰਿਹਾ
ਨਟੀ
ਸੁਣੋ ਸਵਾਮੀ ਕਿਹਾ ਸੁਹਾਵਾ
ਪੰਛੀ ਬੋਲ ਰਿਹਾ
ਜਿਉਂ ਕਿਸੇ ਪ੍ਰੇਮੀ ਆਪਣੇ
ਪ੍ਰੇਮੀ ਦਾ ਨਾਮ ਲਿਆ
ਜਿਉ ਬਾਂਸ ਦੀ ਪਾਟੀ ਪੋਰ ਚੋਂ
ਇਕ ਰੁਮਕਾ ਲੰਘ ਗਿਆ
ਜਿਉ ਸੇਜ ਸੱਜਣ ਦੀ ਮਾਣਦੀ
ਦਾ ਹਾਸਾ ਨਿਕਲ ਗਿਆ
ਪ੍ਰਥਮ ਪ੍ਰੇਮ ਦੇ ਪ੍ਰਥਮ ਮੇਲ ਦੇ
ਪ੍ਰਥਮ ਹੀ ਸ਼ਬਦ ਜਿਹਾ
ਦਰਦ ਪਰੁੱਚੇ ਕਿਸੇ ਗੀਤ ਦੇ
ਅੰਤਿਮ ਬੋਲ ਜਿਹਾ
ਸੂਤਰਧਾਰ
ਹੈ ਸੌਲੇ ਜਿਹੇ ਪਹਾੜ 'ਤੇ
ਚੰਨ ਈਕਣ ਸੋਭ ਰਿਹਾ
ਜਿਉਂ ਕੁਲਿਕ ਨਾਗ ਕੋਈ ਮੰਨੀ ਥੀ
ਨ੍ਹੇਰੇ ਵਿਚ ਖੇਡ ਰਿਹਾ
ਇਹ ਪਰਬਤ ਲੰਮ-ਸਲੰਮੜਾ
ਜਿਉਂ ਨਾਗਾਂ ਦੀ ਮਾਂ ਸੂਰਸਾ
ਦੀ ਹੋਵੇ ਸਾਲ-ਗਿਰ੍ਹਾ
ਕਈ ਬਾਸ਼ਕ, ਉਰਗ ਤੇ ਛੀਬੜੇ
ਕਈ ਅਹੀ, ਖੜੱਪੇ ਆ
ਕਈ ਕੱਲਰੀ, ਉੱਡਣੇ, ਪਦਮ ਤੇ
ਸੰਗਚੂੜੇ ਧੌਣ ਉਠਾ
ਪਏ ਚਾਨਣ ਦਾ ਦੁੱਧ ਪੀਵਦੇ
ਤੇ ਰਹੇ ਨੇ ਜਸ਼ਨ ਮਨਾ
ਔਹ ਵੇਖ ਨੀ ਜਿੰਦੇ ! ਘਾਟੀਆਂ
ਵਿਚ ਬੱਦਲ ਉੱਡ ਰਿਹਾ
ਜਿਉਂ ਸੱਪ ਕਿਸੇ ਨੂੰ ਡੰਗ ਕੇ
ਗੁੱਸੇ ਵਿਚ ਉਲਟ ਗਿਆ
ਸੁਪਨ-ਲੋਕ ਦੇ ਉੱਡਦੇ ਹੋਏ
ਦੂਧ ਮਹਿਲ ਜਹਿਆ
ਜਿਹਦੀ ਮਮਟੀ ਬੈਠਾ ਚੰਨ ਦਾ
ਕੋਈ ਪੰਛੀ ਬੋਲ ਰਿਹਾ
ਵਿਚ ਫੁੱਲ-ਪੱਤੀਆਂ ਦੀ ਸੇਜ 'ਤੇ
ਇਕ ਨੰਗਾ ਅਗਨ ਜਿਹਾ
ਇਕ ਬੁੱਤ ਗੁਲਾਬੀ ਨਾਰ
ਦਾ ਕੋਈ ਕਾਮੀ ਵੇਖ ਰਿਹਾ
ਤੇ ਭੋਗਣ ਪਹਿਲੇ ਓਸ ਦਾ
ਜਿਉ ਸੁਪਨਾ ਟੁੱਟ ਗਿਆ
ਨਟੀ
ਮੈਂ ਵੇਖ ਕੇ ਉੱਚੀਆਂ ਟੀਸੀਆਂ
ਹਾਂ ਰਹੀ ਤਸਵੀਰ ਬਣਾ
ਜਿਉਂ ਵਣ-ਦੇਵੀ ਅਰਨੈਣੀ
ਬੱਦਲਾਂ ਦੀ ਸੇਜ ਵਿਛਾ
ਵਣ-ਪੁੱਤਰ ਤਾਈਂ ਜੀਕਣਾਂ
ਰਹੀ ਹੋਵੇ ਦੁੱਧ ਚੁੰਘਾ
ਤੇ ਕੋਸੀ ਨੀਝ ਲੱਗਾ
ਜਿਉਂ ਦੁੱਧ ਪਿਆਉਂਦੀ ਬਾਲ
ਨੂੰ ਹਰ ਮਾਂ ਜਾਵੇ ਨਸ਼ਿਆ
ਸੂਤਰਧਾਰ
ਇਹ ਰੁੱਖ ਜੋ ਅਮਲਤਾਸ ਦੇ
ਪੀਲੀ ਮਾਰਨ ਭਾ
ਇਉਂ ਜਾਪਨ ਗਗਨ ਕੁਠਾਲੀਏ
ਜਿਉਂ ਸੋਨਾ ਪਿਘਲ ਰਿਹਾ
ਜਾਂ ਧਰਤ-ਕੁੜੀ ਦੇ ਕੰਨ ਦਾ
ਇਕ ਬੂੰਦਾ ਡਿੱਗ ਪਿਆ
ਵਾਹ ਨੀ ਧਰਤ ਸੁਹਾਵੀਏ
ਤੈਨੂੰ ਚੜਿਆ ਰੂਪ ਕਿਹਾ
ਨਟੀ
ਇਉਂ ਜਾਪੇ ਇਸ ਦੇ ਬਾਬਲੇ
ਇਹਦੇ ਦਿੱਤੇ ਕਾਜ ਰਚਾ
ਤੇ ਮੱਤੀ ਮੁਸ਼ਕ ਅੰਬੀਰ ਹਵਾ
ਇਹਦੇ ਦਿੱਤੇ ਗੌਣ ਬਿਠਾ
ਨਦੀਆਂ ਆਈਆਂ ਗੌਣ ਨੂੰ
ਪਰਬਤ ਰੇੜਾ ਲਾ
ਚਾਨਣੀਆਂ ਜਿਉ ਤਲੀ 'ਤੇ
ਹਨ ਰਹੀਆਂ ਮਹਿੰਦੀ ਲਾ
ਸਿਰ 'ਤੇ ਚੁੰਨੀ ਅੰਬਰੀ
ਚੰਨ ਕਲੀਰਾ ਪਾ
ਸੂਤਰਧਾਰ
ਪਰ ਹਾਏ ਨੀ ਧਰਤ ਸੁਹਾਵੀਏ
ਤੂੰ ਲਏ ਕੀਹ ਲੇਖ ਲਿਖਾ
ਲੈ ਕਿਰਨਾਂ ਦਾ ਫਾਹ
ਤੇਰੀ ਹਰ ਰੁੱਤ ਹੈ ਛਿਣ-ਭੰਗਰੀ
ਜੋ ਜੰਮੇ ਸੋ ਮਰ ਜਾ
ਏਥੇ ਛਿਣ ਤੋਂ ਛਿਣ ਨਾ ਫੜੀਦਾ
ਨਾ ਸਾਹ ਕੋਲੋਂ ਹੀ ਸਾਹ ਜੋ ਸਾਹ
ਹੈ ਬੁੱਤੋਂ ਟੁੱਟਦਾ
ਉਹਦੀ ਕੋਟ ਜਨਮ ਨਾ ਥਾਹ
ਜਿਉਂ ਗਗਨੀ ਉੱਡਦੇ ਪੰਛੀਆਂ
ਦੀ ਪੈੜ ਫੜੀ ਨਾ ਜਾ
ਤੇਰਾ ਹਰ ਫੁੱਲ ਹੀ ਮਰ ਜਾਂਵਦਾ
ਮਹਿਕਾਂ ਦੀ ਜੂਨ ਹੰਢਾ
ਤੇਰਾ ਹਰ ਦਿਹੁੰ ਸੂਤਕ-ਰੁੱਤ ਦੀ
ਪੀੜ 'ਚ ਲੈਂਦਾ ਸਾਹ ਤੇਰਾ ਹਰ ਸਾਹ
ਪਹਿਲਾਂ ਜੰਮਣੋਂ ਲੈਂਦਾ ਅਉਧ ਹੰਢਾ
ਨਟੀ
ਸੁਣੋ ਤਾਂ ਮੇਰੇ ਰਾਮ ਜੀਉ
ਲੇਖਾਂ ਨੂੰ ਦੋਸ਼ ਕਿਹਾ
ਹੈ ਚੰਗਾ ਜੇ ਨਾ ਫੜੀਦਾ
ਏਥੇ ਸਾਹ ਕੋਲੋਂ ਜੇ ਸਾਹ
ਕੀਹ ਬੁਰਾ ਜੇ ਮੰਜ਼ਿਲ ਪਹਿਲੜੇ
ਜੇ ਛਾਤੀ ਲੱਗੇ ਘਾ
ਵਿਚ ਅੱਧਵਾਟੇ ਹੀ ਖੜਨ ਦਾ
ਆਵੇ ਬੜਾ ਮਜ਼ਾ
ਕੁਝ ਪਿਛੇ ਮੁੜਨ ਦੀ ਲਾਲਸਾ
ਕੁਝ ਅੱਗੇ ਵਧਣ ਦਾ ਚਾ
ਪਰ ਜੋ ਵੀ ਪੂਰਨ ਥੀਵਿਆ
ਹੈ ਸੁਕਰ ਸਮਾਂ ਨਾ ਧਰਤ 'ਤੇ ਇਕੋ ਥਾਉ ਖੜ੍ਹਾ
ਸੂਤਰਧਾਰ
ਇਹ ਤਾਂ ਮੈਂ ਵੀ ਸਮਝਦਾ
ਪਰ ਹੁੰਦੈ ਦੁੱਖ ਬੜਾ
ਜਦ ਕੱਲੇ ਬਹਿ ਕੇ ਸੋਚੀਏ
ਇਹ ਫੁੱਲ ਜਾਣੇ ਕੁਮਲਾ
ਇਹ ਵਾਦੀ ਦੇ ਵਿਚ ਸੂਕਦਾ
ਸੁੱਕ ਜਾਣਾ ਦਰਿਆ
ਇਹਨੇ ਭਲਕੇ ਰੁਖ ਬਦਲਣਾ
ਜੋ ਵਗਦੀ ਸੀਤ ਹਵਾ
ਹਨ ਰੁੱਤਾਂ ਪੱਤਰ ਛੱਡਣੇ
ਲੈ ਜਾਣੇ ਪੌਣ ਉੱਡਾ
ਲੈ ਜਾਣੇ ਰੁੱਖ ਵਢਾਏ ਕੇ
ਤਰਖਾਣਾਂ ਮੋਛੇ ਪਾ
ਤਰਖਾਣਾਂ ਮੋਛੇ ਪਾਏ ਕੇ
ਲੈਣੇ ਪਲੰਘ ਬਣਾ
ਪਲੰਘੇ ਸੇਜਾਂ ਮਾਣਦੇ
ਮਰਨੇ ਸੇਜ ਵਿਛਾ
ਨਟੀ
ਮਰਨਾ ਜੀਣਾ ਕਰਮ ਹੈ
ਇਸ ਦਾ ਖੇਦ ਕਿਹਾ
ਹੈ ਪਰਿਵਰਤਨ ਹੀ ਆਤਮਾ
ਜਿਹਨੂੰ ਜਾਂਦਾ ਅਮਰ ਕਿਹਾ
ਇਸ ਦੇ ਬਾਝੋਂ ਸਹਿਜ ਸੀ
ਬੁੱਸ ਜਾਂਦੀ ਇਹ ਵਾਅ
ਬੁੱਸ ਜਾਂਦੇ ਚੰਨ ਸੂਰਜੇ
ਬੁੱਤ ਨੂੰ ਬੁੱਤ ਗਲ ਮਿਲਣ
ਦਾ ਰਹਿੰਦਾ ਰਤਾ ਨਾ ਚਾਅ
ਬਾਗ਼ੀ ਫੁੱਲ ਨਾ ਮੌਲਦੇ
ਢਕੀ ਸਾਵੇ ਘਾ
ਇਸ ਅਮਰ ਮਨੁੱਖ ਦੀ ਭਟਕਣਾ
ਵਿਚ ਡਾਢਾ ਤੇਜ਼ ਨਸ਼ਾ
ਇਸ ਭਟਕਣ ਦਾ ਨਾਂ ਜ਼ਿੰਦਗੀ
ਤੇ ਇਸ ਦਾ ਨਾਮ ਕਜ਼ਾ
ਇਹ ਭਟਕਣ ਦਾ ਹੀ ਰੂਪ ਹੈ
ਜੋ ਖੇਤ ਰਹੇ ਲਹਿਰਾ
ਇਸ ਭਟਕਣ ਦੀ ਹੀ ਕੁੱਖ 'ਚੋਂ
ਹੈ ਧਰਤੀ ਜਨਮ ਲਿਆ
ਸੂਤਰਧਾਰ
ਉਫ਼ ! ਕੇਹੀ ਇਹ ਭਟਕਣਾ
ਕੁਝ ਸੁਪਨੇ ਮੋਢਾ ਚਾ
ਜਨਮ-ਦਿਵਸ ਦੀ ਨਗਨ-ਘੜੀ
ਤੋਂ ਥਣ ਨੂੰ ਮੂੰਹ ਵਿਚ ਪਾ
ਹਿਰਨਾਂ ਸਿੰਗੀਂ ਬੈਠ ਕੇ
ਦੇਣੀ ਉਮਰ ਵੰਜਾ
ਨਟੀ
ਇਹ ਭਟਕਣ ਸਦਾ ਮਨੁੱਖ ਨੂੰ
ਅੱਗੇ ਰਹੀ ਚਲਾ
ਇਸ ਭਟਕਣ ਅੱਗੇ ਦੇਵਤੇ
ਵੀ ਜਾਂਦੇ ਸੀਸ ਨਿਵਾ
ਸੂਤਰਧਾਰ
ਹੈ ਸੰਖ ਨੇ ਵੱਜੇ ਮੰਦਰੀਂ
ਹੁਣ ਸੱਥੀ ਚਿੜੀਆਂ ਚੂਕੀਆਂ
ਤੇ ਜੰਗਲ ਬੋਲ ਪਿਆ
ਹੈ ਹੋਇਆ ਸਰਘੀ ਵੇਲੜਾ
ਤੇ ਚੰਨ ਵੀ ਬੁਝ ਗਿਆ
ਹੈ ਸੂਰਜ ਦਾ ਰਥ ਹਿੱਕਦਾ
ਸਿਰ ਭੀ ਆਏ ਪਿਆ
ਆਓ ਮੁੜੀਏ ਦੇਵ ਲੋਕ ਨੂੰ
ਗਈ ਸਾਰੀ ਰਾਤ ਵਿਹਾ
ਨਟੀ
ਕੀ ਹੋਇਆ ਸੱਜਣ ਮੈਂਡੜੇ
ਜੇ ਗਈ ਹੈ ਰਾਤ ਵਿਹਾ
ਕੀ ਹੋਇਆ ਮੇਰੇ ਸ਼ਾਮ ਜੀਉ
ਜੇ ਖੂਹੀਂ ਡੋਲ ਪਿਆ
ਜੀ ਚਾਹੁੰਦੈ ਇਸੇ ਧਰਤ ਤੇ
ਮੈਂ ਦੇਵਾਂ ਉਮਰ ਵੰਜਾ
ਸੂਤਰਧਾਰ
ਇਹ ਕੌਣ ਨੇ ਟੂਣੇ ਹਾਰੀਆਂ
ਜਿਹਨਾਂ ਕੀਲੀ ਕੁੱਲ ਫ਼ਜ਼ਾ
ਜਿਉਂ ਗੁੰਬਦ ਵਿਚ ਆਵਾਜ਼
ਦੀ ਟੁਰਦੀ ਰਹੇ ਸਦਾ
ਜਿਉਂ ਮਧੂ-ਮੁੱਖੀਆਂ ਦਾ
ਮਧੂ-ਵਣਾਂ ਵਿਚ ਟੋਲਾ ਉੱਡ ਰਿਹਾ
ਜਿਉ ਚੀਰ ਕੇ ਜੰਗਲ ਬਾਂਸ ਦੇ
ਲੰਘੇ ਤੇਜ਼ ਹਵਾ
ਜਿਉਂ ਥਲ 'ਚੋਂ ਲੰਘੇ ਕਾਫ਼ਲਾ
ਜਦ ਅੱਧੀ ਰਾਤ ਵਿਹਾ
ਹੈ ਸਾਰੀ ਵਾਦੀ ਗੂੰਜ ਪਈ
(ਗੀਤ ਦੀ ਆਵਾਜ਼ ਉਭਰਦੀ ਹੈ)
ਅੱਧੀ ਰਾਤ ਦੇਸ ਚੰਬੇ ਦੇ
ਚੰਬਾ ਖਿੜਿਆ ਹੋ
ਚੰਬਾ ਖਿੜਿਆ ਮਾਲਣੇ
ਉਹਦੀ ਮਹਿਲੀ ਗਈ ਖੁਸ਼ਬੋ
ਮਹਿਲੀ ਰਾਣੀ ਜਾਗਦੀ
ਉਹਦੇ ਨੈਣੀਂ ਨੀਂਦ ਨਾ ਕੋ
ਰਾਜੇ ਤਾਈਂ ਆਖਦੀ
ਮੈਂ ਚੰਬਾ ਲੈਣਾ ਸੋ
ਜੋ ਕਾਲੇ ਵਣ ਮੇਲਿਆ
ਜਿਹਦੀ ਹੋਕੇ ਜਹੀ ਖ਼ੁਸ਼ਬੋ
ਧਰਮੀ ਰਾਜਾ ਆਖਦਾ
ਬਾਹਾਂ ਵਿਚ ਪਰੋ
ਨਾ ਰੋ ਜਿੰਦੇ ਮੇਰੀਏ
ਲੱਗ ਲੈਣ ਦੇ ਲੋਅ
ਚੰਬੇ ਖ਼ਾਤਰ ਸੋਹਣੀਏ
ਜਾਸਾਂ ਕਾਲੇ ਕੋਹ
ਰਾਣੀ ਚੰਬੇ ਸਹਿਕਦੀ
ਮਰੀ ਵਿਚਾਰੀ ਹੋ
ਜੇਕਰ ਰਾਜਾ ਦੱਬਦਾ
ਮੈਲੀ ਜਾਂਦੀ ਹੋ
ਜੇਕਰ ਰਾਜਾ ਸਾੜਦਾ
ਕਾਲੀ ਜਾਂਦੀ ਹੋ
ਅੱਧੀ ਰਾਤੀਂ ਦੇਸ ਚੰਬੇ ਦੇ
ਚੰਬਾ ਖਿੜਿਆ ਹੋ
ਸੂਤਰਧਾਰ
ਵੇਖ ਨਟੇ!
ਸਵਰ ਹੈ ਗੂੰਜ ਰਿਹਾ
ਸਰਸਵਤੀ ਦੇ ਸਵਰ-ਮੰਡਲ ਨੂੰ
ਜਿਉ ਕੋਈ ਛੇੜ ਗਿਆ
ਕੱਤਕ ਮਾਹ ਵਿਚ ਕੂੰਜਾਂ ਦਾ
ਜਿਉ ਕੰਨੀ ਬੋਲ ਪਿਆ
ਚੇਤਰ ਦੇ ਵਿਚ ਜਿਉ ਕਰ ਬਾਗ਼ੀ
ਵਗੇ ਪੁਰੇ ਦੀ 'ਵਾ
ਸਾਉਣ ਮਹੀਨੇ ਜਿਉਂ ਕੋਇਲਾਂ ਦੀ
ਦੂਰੋਂ ਆਏ ਸਦਾ
ਨਿੱਕੀ ਕਣੀ ਦਾ ਕਹਿੰਦੇ ਛੰਨੇ
ਮੀਂਹ ਜਿਉਂ ਵਰ੍ਹੇ ਪਿਆ
ਜਿਉਂ ਪਰਬਤ ਵਿਚ ਪਾਰਵਤੀ ਦਾ
ਬਿਛੂਆ ਛਣਕ ਰਿਹਾ
ਜਾਂ ਜਿਉਂ ਹੋਵੇ ਗੂੰਜਦਾ
ਸ਼ਿਵ ਦਾ ਨਾਦ-ਮਹਾਂ
ਨਟੀ
ਜਿਉਂ ਸਾਗਰ ਦੀ ਛਾਤੀ 'ਤੇ
ਕੋਈ ਰਿਹਾ ਮਛੇਰਾ ਗਾ
ਜਾਂ ਬਿਰਹਣ ਦੇ ਵਿਚ ਕਾਲਜੇ
ਸ਼ਬਦ ਕੋਈ ਧੁਖੇ ਪਿਆ
ਜੋ ਉਹਦੇ ਝੂਠੇ ਪ੍ਰੇਮੀ ਉਸ ਦੇ
ਕੰਨੀਂ ਕਦੇ ਕਿਹਾ
ਸੂਤਰਧਾਰ
ਇਹ ਆਨੰਦ ਕਿਹਾ ?
ਕਿੰਜ ਸ਼ਬਦ ਦੀ ਮਹਿਕ ਫੜਾਂ
ਮੈਥੋਂ ਮਹਿਕ ਫੜੀ ਨਾ ਜਾ
ਜਿਉਂ ਕੋਈ ਭੋਰਾ ਗੁਣ ਗੁਣ ਕਰਦਾ
ਮਹਿਕ ਦੇ ਕੱਜਣ ਲਿਪਟੇ ਹੋਏ
ਨੀਲੇ ਸੁਪਨ ਜਿਹਾ
ਜਿਉ ਕਿਸੇ ਵਿਧਵਾ ਹੌਕਾ ਭਰਿਆ
ਸੁੰਨੀ ਸੇਜ ਵਿਛਾ
ਨਟੀ
ਇਹ ਤਾਂ ਹਨ ਚੰਬਿਆਲਣਾਂ
ਜੋ ਰਹੀਆਂ ਰਲ ਮਿਲ ਗਾ
ਸ਼ਹਿਦ-ਪਰੁੱਚੇ ਕੰਠ 'ਚੋਂ
ਲੰਮੀ ਹੇਕ ਲੱਗਾ
ਜਿਉ ਮਾਂ ਕੋਈ ਗਾਵੇ ਬਿਰਹੜਾ
ਚਰਖੇ ਤੰਦ ਵਲਾ
ਜਿਹਦਾ ਪੁੱਤਰ ਸੱਤ ਸਮੁੰਦਰੀ
ਨਾ ਮੁੜਿਆ ਲਾਮ ਗਿਆ
ਸੂਤਰਧਾਰ
ਇਹ ਤਾਂ ਸਭੋ ਰਾਣੀਏਂ
ਹਨ ਰਹੀਆਂ ਇੱਤ ਵੱਲ ਆ
ਹੱਥ ਫੁੱਲਾਂ ਦੀਆਂ ਡਾਲੀਆਂ
ਸਿਰ 'ਤੇ ਗੜਵੇ ਚਾ
ਆ ਗਗਨਾਂ ਨੂੰ ਉੱਡੀਏ
ਜਾਂ ਛੱਡ ਦਈਏ ਰਾਹ
ਬਣੀਏ ਵਾਸੀ ਧਰਤ ਦੇ
ਜਾਂ ਲਈਏ ਰੂਪ ਵਟਾ
ਨਟੀ
ਹਾਂ ਹਾਂ ਪ੍ਰਭ ਜੀ ਠੀਕ ਕਿਹਾ
ਆਓ ਲਈਏ ਰੂਪ ਵਟਾ
ਤੇ ਕਰੀਏ ਚਾਰ ਗਲੋੜੀਆਂ
(ਸੂਤਰਧਾਰ ਤੇ ਨਟੀ ਰੂਪ ਵਟਾ ਲੈਂਦੇ ਹਨ ।
ਚੰਬਿਆਲਣਾਂ ਉੱਚੀ ਉੱਚੀ ਗਾਉਂਦੀਆਂ ਪ੍ਰਵੇਸ਼
ਕਰਦੀਆਂ ਹਨ।ਨਟੀ ਉਨ੍ਹਾਂ ਚੋਂ ਇਕ ਨਾਲ
ਗੱਲਾਂ ਕਰਦੀ ਹੈ ।)
ਨਟੀ
ਚੰਬੇ ਦੀਏ ਚੰਬੇਲੀਏ
ਤੇਰੀ ਜੀਵੇ ਮਹਿਕ ਸਦਾ
ਇਹ ਜੋਬਨ ਦਾ ਹੜ੍ਹ ਠਿਲ੍ਹਿਆ
ਕਿਸ ਪੱਤਣ ਨੂੰ ਜਾ
ਹੰਸ, ਹਮੇਲਾਂ, ਬੁਗ੍ਰਤੀਆਂ
ਗੱਲ ਵਿਚ ਕੰਠੇ ਪਾ
ਛਾਪਾਂ, ਛੱਲੇ, ਆਰਸੀਆਂ
ਗੋਰੇ ਹੱਥ ਅੜਾ
ਚੀਚੀ ਵਿਚ ਕਲੀਚੜੀ
ਪੈਰੀਂ ਸਗਲੇ ਪਾ
ਕੋਹ ਕੋਹ ਵਾਲ ਗੁੰਦਾਏ ਕੇ
ਫੁੱਲ ਤੇ ਚੈੱਕ ਸਜਾ
ਕੰਨੀ ਝੁਮਕੇ ਝੂਲਦੇ
ਲੱਗ ਤੀਲੀਆਂ ਪਾ
ਸਿਰ ਸੋਭਣ ਫੁਲਕਾਰੀਆਂ
ਅਤਲਸ, ਪੱਟ ਹੰਢਾ
ਕਿੱਤ ਵੱਲ ਚੱਲੀਆਂ ਕੂੰਜੜੀਆਂ
ਹਾਰ ਸ਼ਿੰਗਾਰ ਲੱਗਾ
ਇਹ ਬੱਦਲ ਗਈਆਂ ਡਾਚੀਆਂ
ਕਿੱਤ ਵੱਲ ਰਹੀਆਂ ਧਾ ?
ਚੰਬਿਆਲਣ
ਸੁਣ ਭੈਣੇ ਪਰਦੇਸਣੇ
ਇਕ ਯੋਧੇ ਦੇ ਨਾਉਂ 'ਤੇ
ਲੱਖ ਦੀਵੇ ਪ੍ਰਵਾਹ
ਅੱਜ ਜਨਮ ਦਿਹਾੜਾ ਓਸ ਦਾ
ਅੱਜ ਦਿਲੇ ਥੀਂ ਚਾਅ
ਅਸੀਂ ਰਾਜੇ ਵਰਮਨ ਵੀਰ ਦੇ
ਰਹੀਆਂ ਸ਼ਗਨ ਮਨਾ
ਸਿਰ 'ਤੇ ਗੜਵੇ ਨੀਰ ਦੇ
ਤਾਜ਼ੇ ਫੁੱਲ ਤੁੜਾ
ਅਸੀਂ ਮਹਿਲੀ ਰਾਣੀ ਕੁੰਤ ਦੇ
ਚੱਲੀਆਂ ਰੂਪ ਸਜਾ
ਜਿਥੇ ਰਾਜਾ ਨਾਵਸੀ
ਵਟਨੇ ਲੱਖ ਲੱਗਾ
ਇਤਰ, ਫੁਲੇਲਾਂ, ਕੇਵੜੇ
ਗੰਗਾ-ਜਲੀ ਰਲਾ
ਇਸ ਤੋਂ ਪਿੱਛੋਂ ਹੋਵਸੀ
ਡਾਢਾ ਯੱਗ ਮਹਾ
ਸਾਰੇ ਚੰਬੇ ਦੇਸ਼ 'ਚੋਂ
ਕਾਲੇ ਮੁਰਗ ਮੰਗਾ
ਇਕ ਸੌ ਇੱਕੀ ਭੇਡ ਥੀ
ਕੀਤਾ ਜਾਊ ਜਿਲ੍ਹਾ
ਰਾਜਾ ਕੋਟ ਸਿਆਲ ਦਾ
ਆਇਆ ਪੈਂਡੇ ਗਾਹ
ਜੋ ਸਾਡੇ ਮਹਾਰਾਜ ਦਾ
ਬਣਿਆ ਧਰਮ ਭਰਾ
ਜੋ ਸਲਵਾਨ ਕਹਾਂਵਦਾ
ਕਰਸੀ ਰਸਮ ਅਦਾ
ਵੱਢੂ ਭੇਡਾਂ ਸਾਰੀਆਂ
ਲੋਹਾ ਸਾਣੇ ਲਾ
ਵਗੂ ਸੂਹਾ ਸੂਕਦਾ
ਲਹੂਆਂ ਦਾ ਦਰਿਆ
ਦੇਸੀ ਰੰਗ ਚੜ੍ਹਾ
ਮੱਥੇ ਟਿੱਕੇ ਲਾਉਣ ਦੀ
ਹੋਸੀ ਰਸਮ ਅਦਾ
ਨੌਬਤ, ਕੈਲਾਂ, ਡੱਫਲਾਂ
ਦੱਸਣ ਸ਼ੋਰ ਮਚਾ
ਆਸਣ ਭੰਡ, ਮਰਾਸੀਏ
ਭੱਟ ਸੁਰੰਗੀ ਚਾ
ਹੋਸਣ ਧਾਮਾਂ ਭਾਰੀਆਂ
ਦੇਗਾਂ ਚੁਲ੍ਹੇ ਚੜ੍ਹਾ
ਅੰਤ ਵਿਚ ਮੁਟਿਆਰ ਇਕ
ਚੁਣਸੀ ਰਾਜਾ ਆ
ਸਾਰੇ ਚੰਬੇ ਦੇਸ 'ਚੋਂ
ਜਿਸ ਦਾ ਹੁਸਨ ਅਥਾਹ
ਉਹ ਸੋਹਣੀ ਮੁਟਿਆਰ ਫਿਰ
ਗੋਰੇ ਹੱਥ ਉੱਠਾ
ਕਰਸੀ ਰਾਜੇ ਵਾਸਤੇ,
ਦੇਵੀ ਕੋਲ ਦੁਆ
ਦੇਵੀ ਵਰਮਨ ਵੀਰ ਤੇ
ਰਹਿਮਤ ਇਹ ਫਰਮਾ
ਸਾਰੇ ਚੰਬੇ ਦੇਸ ਦੀ
ਇਸ ਨੂੰ ਉਮਰ ਲੱਗਾ
ਫਿਰ ਰਾਜਾ ਉਸ ਕੁੜੀ ਦਾ
ਧਰਮੀ ਬਾਪ ਬੁਲਾ
ਇਕ ਖੂਹਾ, ਦੋ ਬੋਲੀਆਂ
ਦੇਸੀ ਨਾਮ ਲੁਆ
ਆਇਆ ਚੰਬੇ ਸ਼ਹਿਰ ਥੀਂ
ਕੁਲ ਮੁਲਖੱਈਆ ਧਾ
ਆਓ ਰਾਹੀਉ ਲੈ ਚੱਲੀਏ
ਜੇ ਦੇਖਣ ਦਾ ਚਾ
ਨਾ ਨੀ ਭੈਣਾਂ ਮੇਰੀਏ
ਅਸਾਂ ਜਾਣਾ ਦੂਰ ਬੜਾ
ਅਜੇ ਪੈਂਡਾ ਵਾਂਗ ਸਰਾਲ ਦੇ
ਕਿਨਾ ਹੋਰ ਪਿਆ
( ਚੰਬਿਆਲਣਾਂ ਹੱਸਦੀਆਂ ਹੱਸਦੀਆਂ ਚਲੀਆਂ ਜਾਂਦੀਆਂ ਹਨ ।)
ਸੂਤਰਧਾਰ
ਹੁਣੇ ਸੀ ਵਗਦੀ ਪੌਣ ਦੇ
ਸੰਦਲੀ ਸੰਦਲੀ ਸਾਹ
ਹੁਣੇ ਸੀ ਮਹਿਕਾਂ ਖੇਡਦੀਆਂ
ਗਲ ਚਾਨਣ ਦੇ ਧਾ
ਹੁਣੇ ਸੀ ਰਿਸ਼ਮਾਂ ਸੁੱਤੀਆਂ
ਸਰਵਰ ਸੇਜ ਵਿਛਾ
ਹੁਣੇ ਤਾਂ ਧਰਤ ਸਵਰਗ ਸੀ
ਹੁਣੇ ਤਾਂ ਨਰਕ ਭਇਆ
ਵੈਤਰਨੀ ਵਿਚ ਬਦਲ ਗਿਆ
ਸੂਕ ਰਿਹਾ ਦਰਿਆ
ਇਹ ਕੀ ਹਨ ਚੰਬਿਆਲਣਾਂ
ਗਈਆਂ ਗੱਲ ਸੁਣਾ
ਕਦ ਲਹੂਆਂ ਨੂੰ ਡੋਲ੍ਹ ਕੇ
ਮਰਦੇ ਪਾਪ ਭਲਾ ?
ਨਟੀ
ਇਹ ਮਾਨਵ ਦੇ ਕੋਝ ਦਾ
ਕੋਝਾ ਇਕ ਪੜਾਅ
ਜਾਨ ਪਰਾਈ ਕੋਹੇ ਕਦ
ਵਧਦੀ ਉਮਰ ਭਲਾ
ਪ੍ਰਾਣ ਪਰਾਏ ਖੋਹੇ ਕਦ
ਸੂਤਰਧਾਰ
ਕਿਰਿਆ ਕੇਹੀ ਅਵੱਲੜੀ
ਕੁੱਝ ਵੀ ਸਮਝ ਨਾ
ਆ ਜੋ ਵੀ ਧਰਤੀ ਜੰਮਦੀ
ਆਪੇ ਜਾਂਦੀ ਖਾ
ਜਿਉਂ ਮੱਕੜੇ ਸੰਗ ਮੱਕੜੀ
ਪਹਿਲੇ ਭੋਗ ਰਚਾ
ਗਰਭਵਤੀ ਮੁੜ ਹੋਏ ਕੇ
ਜਾਂਦੀ ਉਸ ਨੂੰ ਖਾ
ਨਟੀ
ਧਰਤੀ ਦੀ ਗੱਲ ਸੋਚ ਕੇ
ਮਨ ਨਾ ਕਰ ਬੁਰਾ
ਇਹ ਜਣਨੀ ਹੈ ਪਾਪ ਦੀ
ਇਹ ਪਾਪਾਂ ਦੀ ਜਾਹ
ਪਾਪ ਤਾਂ ਇਸ ਦਾ ਕਰਮ ਹੈ
ਇਸ ਦਾ ਪਾਪ ਸੁਭਾਅ
ਜੇ ਇਹ ਪਾਪ ਕਮਾਏ ਨਾ
ਤਾਂ ਅੱਜੇ ਮਰ ਜਾ
ਆਓ ਮੁੜੀਏ ਪਰਲੋਕ ਨੂੰ
ਮਹਿਕਾਂ ਦੇ ਪਰ ਲਾ
ਹੁਣ ਤਾਂ ਧੁੱਪਾਂ ਉੱਗੀਆਂ
ਗਿਆ ਸੂਰਜ ਸਿਰ 'ਤੇ ਆ
ਘੁਲ ਜਾਈਏ ਵਿਚ ਮਹਿਕ ਦੇ
ਘੁਲ ਜਾਈਏ ਵਿਚ ਵਾਅ
( ਸੂਤਰਧਾਰ ਤੇ ਨਟੀ ਅਲੋਪ ਹੋ ਜਾਂਦੇ ਹਨ ।)
ਪਰਮ, ਪਾਰਵਤੀ ਤੇ ਪੁਸ਼ਪਾ ਦੇ ਨਾਂ
(ਰਾਜੇ ਵਰਮਨ ਦੇ ਜਨਮ ਦਿਵਸ ਦਾ ਉਤਸਵ
ਸਮਾਪਤ ਹੋਣ ਉਪਰੰਤ ਉਸ ਤੋਂ ਅਗਲੇ ਦਿਨ
ਰਾਜਾ ਸਲਵਾਨ ਤੇ ਰਾਜਾ ਵਰਮਨ ਆਪੇ ਵਿਚ
ਬੈਠੇ ਗੱਲਾਂ ਕਰ ਰਹੇ ਹਨ।).
ਸਲਵਾਨ
ਕੱਲ੍ਹ ਦਾ ਦਿਹੁੰ ਵੀ
ਕੈਸਾ ਦਿਹੁੰ ਸੀ
ਕੈਸੀ ਸੀ
ਉਸ ਦੀ ਖ਼ੁਸ਼ਬੋਈ
ਆਪਣੀਆਂ ਆਪ ਗੁਲਾਈਆਂ ਚੁੰਮਦੀ
ਭਰ ਜੋਬਨ ਵਿਚ
ਨਾਰ ਜਿਉਂ ਕੋਈ ।
ਪਰ ਅੱਜ ਦਾ ਦਿਹੁੰ
ਕੈਸਾ ਦਿਹੁੰ ਹੈ
ਕੈਸੀ ਹੈ ਇਸ ਦੀ ਖੁਸ਼ਬੋਈ
ਰਾਤ ਉਨੀਂਦਾ ਭੋਗਣ ਪਿੱਛੋਂ
ਜਿਵੇਂ ਵੇਸਵਾ
ਸੁੱਤੀ ਕੋਈ
ਵਰਮਨ
ਹਾਂ ਮਿਤ੍ਰ !
ਕੁਝ ਦਿਹੁੰ ਹੁੰਦੇ ਨੇ
ਮੱਥੇ ਜਿਨ੍ਹਾਂ ਨਾ ਸੂਰਜ ਕੋਈ
ਜੂਨ ਨਧੁੱਪੀ
ਕਦੇ ਜਿਨ੍ਹਾਂ ਦੀ ਧੁੱਪ ਨਾ ਮੋਈ
ਉਂਜ ਤਾਂ
ਹਰ ਦਿਹੁੰ ਮਹਿਕ-ਵਿਹੂਣਾ
ਕੋਈ ਕੋਈ ਪਰ
ਦੇਵੇ ਖੁਸ਼ਬੋਈ
ਜਿਹੜੇ ਦਿਹੁੰ ਦਾ
ਤਨ ਮਹਿਕੀਲਾ
ਸੋਈਓ ਸਾਡੀ ਉਮਰਾ ਹੋਈ
ਹੇ ਰਾਜਨ, ਹੇ ਯੋਧੇ, ਸੂਰੇ
ਪਰ ਐਸੀ ਕੀਹ
ਬਾਤ ਹੈ ਹੋਈ ?
ਕੱਲ੍ਹ ਦੇ ਦਿਹੁੰ ਤੋਂ
ਅੱਜ ਦੇ ਦਿਹੁੰ ਤਕ
ਸੈ ਜਨਮਾਂ ਦੀ ਦੂਰੀ ਹੋਈ
ਸਲਵਾਨ
ਹੇ ਮੇਰੇ ਮਿੱਤਰ
ਮੀਤ ਪਿਆਰੇ
ਹੇ ਚੰਬਿਆਲ ਦੇਸ ਦੇ ਰਾਜੇ
ਸੁੱਤਾ ਸੂਰਜ
ਕੌਣ ਜਗਾਵੇ ?
ਜੇ ਕੋਈ ਕੱਲ੍ਹ ਦਾ ਸੂਰਜ ਮੋੜੇ
ਉਹ ਮੇਰੇ ਸਭ ਸੂਰਜ ਖਾਵੇ
ਜਿਉ ਜਿਉਂ ਕੋਈ
ਸੂਰਜ ਬਣਦਾ
ਕੱਚੀ ਅੱਗ ਦੀ ਉਮਰ ਹੰਢਾਵੇ
ਕਿੰਜ ਬੋਲਾਂ
ਕੀ ਬਾਤ ਕਰਾਂ ਮੈਂ ?
ਜੀਭ ਮੇਰੀ ਨੂੰ ਲੱਜਿਆ ਆਵੇ
ਜੇ ਲੱਜਿਆ ਨੂੰ
ਅੰਦਰ ਰੱਖਦਾਂ
ਜੇ ਲੱਜਿਆ ਨੂੰ
ਬਾਹਰ ਰਖਦਾ
ਮੇਰਾ ਸੂਰਜ ਮਰਦਾ ਜਾਵੇ
ਮੈਥੋਂ ਧੁੱਪ
ਫੜੀ ਨਾ ਜਾਵੇ
ਵਰਮਨ
ਸੁਣ ਸੱਜਣ !
ਸੁਣ ਮਿੱਤਰ ਯੋਧੇ
ਹਰ ਮੱਥੇ ਵਿਚ ਸੂਰਜ ਹੋਵੇ
ਹਰ ਧੁੱਪ
ਗਰਭਵਤੀ ਹੈ ਧੁਰ ਤੋਂ
ਉਸ ਦੀ ਕੁੱਖ ਵਿਚ ਸਾਇਆ ਰੋਵੇ
ਉਸ ਦੀ ਧੁੱਪ
ਕਦੇ ਨਾ ਮਰਦੀ
ਜਿਹਦਾ ਕੋਈ ਪਰਛਾਵਾਂ ਹੋਵੇ
ਜੇ ਤੇਰੀ
ਧੁੱਪ ਦਾ ਪਰਛਾਵਾਂ
ਜੀਭ ਤੇਰੀ 'ਤੇ ਆਨ ਖਲੋਵੇ
ਤਾਂ ਸੰਭਵ ਹੈ
ਤੇਰੀ ਧੁੱਪ ਵੀ
ਤੈਥੋਂ ਬੇ-ਮੁੱਖ ਕਦੀ ਨਾ ਹੋਵੇ
ਧੁੱਪ ਤਾਂ
ਮਰਦੀ ਹੈ ਉਸ ਵੇਲੇ
ਜਦ ਕੋਈ ਛਾਂ ਵਿਚ ਆਣ ਖਲੋਵੇ
ਜਾਂ ਨੈਣਾਂ
ਵਿਚ ਨੀਂਦਰ ਹੋਵੇ
ਹਾਂ ਸੱਜਣ!
ਮੈਨੂੰ ਨੀਂਦ ਆ ਗਈ
ਹਾਂ ਸੱਜਣ !
ਮੈਂ ਸੌਣਾ ਚਾਹੁੰਦਾ
ਦਿਨ-ਦੀਵੀਂ, ਭਰ ਸਿਖਰ ਦੁਪਹਿਰੇ
ਸੂਰਜ ਕਿਤੇ ਬੁਝਾਣਾ ਚਾਹੁੰਦਾ
ਹਰ ਦਿਹੁੰ
ਮੇਰੀ ਨੀਂਦ ਦਾ ਪਿੰਡਾ
ਅਗਨ-ਸਰਪਨੀ ਨੇ ਡੰਗਿਆ
ਹੈ ਹਰ ਦਿਹੁੰ ਮੇਰਾ
ਪਰ ਅੰਗ ਛੋਹ ਪਾ
ਹੋਈ ਗਰਭਵਤੀ ਦੇ ਵਾਕਣ
ਲੱਜਿਆ ਸੰਗ ਭਿੱਜਆ ਲੰਘਿਆ ਹੈ
ਹਰ ਦਿਹੁੰ ਮੇਰਾ
ਸਮੇਂ ਦੀ ਸੁੱਕੀ ਸੂਲੀ ਉਪਰ
ਸੂਤਕ-ਰੁੱਤ ਤੋਂ ਹੀ ਟੰਗਿਆ ਹੈ
ਹਾਂ ਹਾਂ ਸੱਜਣ
ਮੈਂ ਕਹਿੰਦਾ
ਮੈਂ ਜਗਰਾਤੇ ਦਾ ਥਲ ਲੰਘਿਆ ਹੈ
ਥੱਕ ਟੁੱਟ ਕੇ ਅੱਜ ਜੀਭ ਮੇਰੀ
ਨੇ ਨੀਂਦਰ ਦਾ
ਹਰ ਦਿਹੁੰ ਮੇਰਾ
ਇਕ ਘੁੱਟ ਮੰਗਿਆ ਹੈ
ਹਾਂ ਸੱਜਣ।
ਮੈਨੂੰ ਨੀਂਦ ਆ ਗਈ
ਹਾਂ ਸੱਜਣ!
ਮੈਂ ਸੌਣਾ ਚਾਹੁੰਦਾ
ਹਾਂ ਹਾਂ ਮੈਂ ਹੁਣ
ਸੌਣਾ ਚਾਹੁੰਦਾ
ਆਪਣੇ ਪਰਛਾਵੇਂ ਦੀ ਛਾਵੇਂ
ਮੇਰੇ ਪਰਛਾਵੇਂ ਦੇ ਭਾਵੇਂ
ਮੇਰੇ
ਪਰਛਾਵੇਂ ਦੀ ਛਾਵੇਂ
ਕੋਈ ਪੰਛੀ ਨਾ ਗਾਵੇ
ਮੇਰ ਪਰਛਾਵੇਂ ਨੂੰ ਭਾਵੇਂ
ਤੂੰ ਵੀ ਅੱਗ ਨਾ ਲਾਵੇਂ
ਪਰ ਮੈਂ
ਫਿਰ ਵੀ ਸੌਣਾ ਚਾਹੁੰਦਾਂ
ਆਪਣੀ ਧੁੱਪ ਦੀ ਛਾਵੇਂ
ਹਾਂ ਸੱਜਣ
ਸਭ ਆਪਣੀ ਧੁੱਪ ਨੂੰ
ਧੁੱਪਿਉਂ ਛਾਵੇਂ ਕਰਦੇ
ਆਪਣੀ ਧੁੱਪ ਦਾ
ਆਪਣੇ ਹੱਥੀਂ
ਚੀਰ-ਹਰਨ ਹਨ ਕਰਦੇ
ਦਿਹੁੰ ਦੇ ਗਜ਼
ਉਮਰ ਦਾ ਕੱਪੜਾ
ਮਿਣ ਮਿਣ ਸਾਰੇ ਮਰਦੇ
ਸੱਭੇ ਛਾਂ ਦੇ ਜਾਲ ਵਿਛਾ ਕੇ
ਨਿੰਦਰਾਏ ਪਲ ਫੜਦੇ
ਨਿੰਦਰਾਏ ਹਾਂ ਸਾਰੇ ਜੰਮਦੇ
ਨਿੰਦਰਾਏ ਹਾਂ ਮਰਦੇ
ਵਰਮਨ
ਠੀਕ ਅਸੀਂ ਹਾਂ
ਸਭ ਨਿੰਦਰਾਏ
ਸਭ ਉਨੀਂਦੀ
ਜੂਨੇ ਆਏ
ਅਗਨ-ਬਿਰਛ ਲੁੰਜੇ, ਬੇ-ਪੱਤਰੇ
ਸਭਨਾਂ ਆਪਣੀ ਨੀਂਦਰ ਖ਼ਾਤਰ
ਦੋਹੀਆਂ ਦੀ
ਤੇ ਉਸ ਥੱਲੇ
ਪੱਟ ਵਿਛਾਏ
ਫਿਰ ਵੀ ਸਾਨੂੰ ਨੀਂਦ ਨਾ ਆਏ
ਸਾਡੀ ਛਾਂ ਨੂੰ
ਸਾਡੀ ਧੁੱਪ ਹੀ
ਕਈ ਵਾਰੀ ਨਾ ਅੰਗ ਛੁਹਾਏ
ਪਰ ਮਿੱਤਰ
ਹੇ ਮੇਰੇ ਸੱਜਣ
ਜੀਭ ਤੇਰੀ ਕੋਈ ਬਾਤ ਤਾਂ ਪਾਏ
ਬੋਲ ਕਲਹਿਣੇ
ਨੀਂਦਰ ਵਾਲੇ
ਕਿਉਂ ਤੇਰੇ ਹੇਂਠਾਂ 'ਤੇ ਆਏ ?
ਸਲਵਾਨ
ਕੀਹ ਪਾਵਾਂ
ਮੈਂ ਬਾਤ ਪਿਆਰੇ ?
ਜਿਹਨਾਂ ਖੂਹਾਂ ਦੇ ਪਾਣੀ ਖਾਰੇ
ਕਦੇ ਨਾ ਪਨਘਟ
ਬਣਨ ਵਿਚਾਰੇ
ਵਰਮਨ
ਆਖਿਰ ਐਸਾ
ਦੁੱਖ ਵੀ ਕੀਹ ਹੈ ?
ਦੁੱਖ ਤਾਂ ਪੰਛੀ ਉੱਡਣ ਹਾਰੇ
ਅੱਜ ਇਸ ਢਾਰੇ
ਕੱਲ੍ਹ ਉਸ ਢਾਰੇ
ਸਲਵਾਨ
ਸੁਣ ਸੱਜਣ
ਦੁੱਖਾਂ ਵਾਲੀ
ਅੱਗ ਜਲਾਂਦਾ
ਅੱਗ ਨੂੰ ਆਪਣੀ ਜੀਭ ਛੁਹਾਂਦਾ
ਬੀਤ ਗਏ ਨੂੰ
'ਵਾਜ ਮਾਰ ਕੇ
ਮੋਏ ਸੂਰਜ ਮੋੜ ਲਿਆਉਂਦਾ
ਆਪਣੀ ਧੁੱਪ ਦਾ
ਨਗਰ ਵਿਖਾਉਂਦਾ
ਮੈਂ ਜੋ ਧੁੱਪ ਵਿਹਾਜੀ
ਰੰਗ-ਵਿਹੂਣੀ ਸੀ
ਅੱਗ 'ਚੌਧਲਾ ਦੇ ਚੁੱਲ੍ਹੇ
ਸੇਕੋਂ ਊਈ ਸੀ
ਪੂਰਨ ਦੀ ਮਾਂ ਇੱਛਰਾਂ
ਰੂਪ-ਵਿਹੂਣੀ ਸੀ
ਅੱਗ ਦੀ ਸੱਪਣੀ
ਪਰ ਮੇਰੇ ਘਰ ਸੂਈ ਸੀ
ਅੱਗ ਦੀ ਸੱਪਣੀ
ਜਦ ਵਿਹੜੇ ਵਿਚ ਆਣ ਵੜੀ
ਲੱਖ ਬਚਾਇਆ ਆਪਾ
ਪਰ ਉਹ ਰੋਜ਼ ਲੜੀ
ਨਸ਼ਾ ਜਹਿਆ ਨਿੱਤ ਆਇਆ
ਪਰ ਨਾ ਵਿੱਸ ਚੜ੍ਹੀ
ਨਾਰ ਮੇਰੇ ਅੰਤਰ ਦੀ
ਇਸ ਤੋਂ ਨਹੀਂ ਮਰੀ
ਅਣ-ਚਾਹਿਆਂ ਵੀ
ਡੰਗਾਂ ਦੀ ਪਰ ਪੀੜ ਜਰੀ
ਮੈਥੋਂ ਸੁਪਨੇ ਦੀ ਸੱਪਣੀ
ਨਾ ਗਈ ਫੜੀ
ਮੇਰੇ ਸੁਪਨੇ ਦੀ ਸੱਪਣੀ
ਉੱਗਦੇ ਦਿਹੁੰ ਦੇ
ਰੰਗਾਂ ਵਾਂਗ ਰੰਗੀਲੀ ਸੀ
ਮਧ ਦੀ ਭਰੀ
ਕਟੋਰੀ ਵਾਂਗ ਨਸ਼ੀਲੀ ਸੀ
ਨਿਰੀ ਸੀ ਅੱਗ ਦੀ ਲਾਟ
ਬੜੀ ਚਮਕੀਲੀ ਸੀ
ਮੈਂ ਚਾਹਿਆ
ਸੁਪਨੇ ਦੀ ਸੱਪਣੀ ਮਾਰ ਦਿਆਂ
ਮੈਂ ਚਾਹਿਆ
ਕਿ ਉਸ ਦਾ ਰੂਪ ਵਿਸਾਰ ਦੀਆਂ
ਸੋਚਾਂ ਵਾਲੀ
ਅੱਡੀ ਹੇਠ ਲਿਤਾੜ ਦਿਆਂ
ਅੱਗ ਦੀ ਸੱਪਣੀ ਖ਼ਾਤਰ
ਸੁਪਨਾ ਸਾੜ ਦਿਆਂ
ਪਰ ਸੁਪਨੇ ਦੀ
ਸੱਪਣੀ ਮੈਥੋਂ ਨਹੀਂ ਮਰੀ
ਜਿਉ ਜਿਉ ਮਾਰੇ ਮੰਤਰ
ਤਿਉ ਤਿਉ ਹੋਰ ਲੜੀ
ਏਸੇ ਦੁੱਖ ਸੰਗ ਲੜਦੇ
ਮੇਰੀ ਧੁੱਪ ਢਲੀ
ਕਈ ਵਾਰੀ ਮੈਂ ਚਾਹਿਆ
ਰਿਸ਼ਤਾ ਤੋੜ ਦਿ
ਅੱਗ ਦੀ ਸੱਪਣੀ
ਬਾਬਲ ਦੇ ਘਰ ਮੋੜ ਦਿਆਂ
ਤੇ ਆਪੇ ਨੂੰ
ਸੁੰਞਾ ਦੇ ਸੰਗ ਜੋੜ ਦਿਆਂ
ਪਰ ਹਰ ਸੱਪਣੀ ਦਾ ਬਾਬਲ
ਹਰ ਧੀ ਦਾ ਰੰਗ
ਹਰ ਬਾਬਲ ਲਈ ਕੋਸਾ ਹੈ
ਹਰ ਧੀ
ਹਰ ਬਾਬਲ ਦੀ
ਪੱਗ ਦਾ ਟੋਟਾ ਹੈ
ਏਸ ਦੇਸ ਦੀ ਹਰ ਧੀ ਦਾ
ਮਸਤਕ ਖੋਟਾ ਹੈ
ਏਹੋ ਗੱਲਾਂ ਕਰਦੀ
ਉਮਰਾ ਟੁਰੀ ਗਈ
ਗੀਟੇ ਵਾਕਣ ਹਠ ਦੀ ਨਦੀਏ
ਰੁੜ੍ਹੀ ਗਈ
ਹਰ ਇਕ ਚਾਅ ਦੀ
ਨੁੱਕਰ ਆਖ਼ਿਰ ਭੂਰੀ ਗਈ
ਜਿੱਤ ਵੱਲ ਮੁੜ ਗਏ ਪਾਣੀ
ਉੱਤ ਵੱਲ ਮੁੜੀ ਗਈ
ਸੁਪਨੇ ਦੀ ਸੱਪਣੀ ਦਾ
ਸੁਪਨਾ ਟੁੱਟ ਗਿਆ
ਮੈਥੋਂ ਮੇਰਾ
ਬਲਦਾ ਸੂਰਜ ਖੁੱਸ ਗਿਆ
ਫੁੱਲ ਮੇਰੇ ਬਾਗ਼ਾਂ ਦਾ
ਸੂਹਾ ਬੁੱਸ ਗਿਆ
ਮੈਂ ਆਪਣੇ ਹੀ
ਪਰਛਾਵੇਂ ਸੰਗ ਰੁੱਸ ਗਿਆ
ਮੈਂ ਸੂਰਜ ਸਾਂ
ਪਰ ਕਾਲ਼ਖ ਦੀ ਜੂਨ ਹੰਢਾਈ
ਅੱਗ ਦੀ ਸੱਪਣੀ ਨੂੰ ਪਰ ਦੁੱਖ ਦੀ
ਮਹਿਕ ਨਾ ਆਈ
ਮੈਂ ਵੀ ਵੇਦਨ ਦੀ ਉਸ ਅੱਗੇ
ਸੌ ਰਹੀ ਮੇਰੀ ਚੰਦਨ-ਦੇਹ ਸੰਗ
ਦੇਹ ਚਿਪਕਾਈ
ਮੈਂ ਜਾਗਾਂ
ਉਸ ਨੀਂਦਰ ਆਈ
ਰੁੱਖ ਨਿਪੱਤਰੇ
ਨੀਂਦਰ ਦੇ ਨੂੰ ਫੁੱਲ ਆ ਲੱਗਾ
ਨੀਂਦਰ ਵਾਲਾ ਰੁੱਖੜਾ ਮੈਨੂੰ
ਹਰਿਆ ਲੱਗਾ
ਅੱਗ ਦੀ ਸੱਪਣੀ ਦੀ ਕੁੱਖੋਂ
ਮੈਨੂੰ ਸੂਰਜ ਲੱਭਾ
ਨਿਰਲੋਆ, ਮੇਰਾ ਜੀਵਨ ਮੈਨੂੰ
ਜਵਾਲਾ ਲੱਗਾ
ਪਰ ਉਹ ਸੂਰਜ
ਮੇਰੇ ਮੱਥੇ ਕਦੇ ਨਾ ਲੱਗਾ
ਅਠਾਰ੍ਹਾਂ ਵਰ੍ਹੇ ਲਈ ਉਹਦੀ ਲੈ ਨੂੰ
ਜੰਦਰਾ ਵਜਾ
ਮੇਰਾ ਪੁੱਤਰ ਪੂਰਨ
ਮੈਨੂੰ ਕਦੇ ਨਾ ਲੱਭਾ
ਮੈਂ ਮੁੜ ਛਾਂ ਦੀ
ਜੂਨ ਹੰਢਾਂਦਾ ਸੋਚਣ ਲੱਗਾ
ਨਹੁੰਆਂ ਦੇ ਸੰਗ
ਗ਼ਮ ਦੀਆਂ ਕਬਰਾਂ ਖੋਦਣ ਲੱਗਾ
ਕਰਮਾਂ ਦੀ ਕਾਲ਼ਖ ਨੂੰ
ਮਰ ਮਰ ਭੋਗਣ ਲੱਗਾ
ਸੋਚਣ ਲੱਗਾ
ਕਿ ਧਰਤੀ 'ਤੇ ਜੂਨ ਹੰਢਾਈ
ਅੱਗ ਦੀ ਨਦੀਉਂ
ਜਿਉ ਬੁੱਕਾਂ ਥੀਂ ਪੀਣਾ ਪਾਣੀ
ਕੁਝ ਪੀਣਾ
ਰਸ ਵਿਰਲਾਂ ਤਾਈ
ਅਤ੍ਰਿਪਤੀ ਤੇ ਲੱਜਿਆ ਦੇ
ਕਾਲੇ ਕਮਰੇ ਵਿਚ
ਇਕ ਦੂਜੇ ਦੇ ਅੰਗ ਵਲਸ ਕੇ
ਅਗਨੀ ਖਾਣੀ
ਜਿਉਂ ਸੂਰਾਂ ਦੀ
ਫਿਰਦੀ ਢਾਈ
ਵਰਮਨ
ਹਾਂ ਮਿੱਤਰ !
ਤੂੰ ਸੱਚ ਕਹਿੰਦਾ ਹੈ
ਅੱਗ ਬਿਨ ਅੱਗ ਦੀ
ਉਮਰ ਹੰਢਾਣੀ
ਜਿਉਂ ਜੀਵੇ ਮੱਛੀ ਬਿਨ ਪਾਣੀ
ਹਰ ਬਾਲਣ ਨੂੰ
ਅੱਗ ਬਣਨ ਲਈ
ਪੈਂਦੀ ਹੀ ਹੈ ਅਗਨੀ ਖਾਣੀ
ਉਂਜ ਤਾਂ ਹਰ ਅੱਗ
ਅੱਗ ਹੁੰਦੀ ਹੈ
ਚੁੱਲ੍ਹੇ ਬਲੇ ਜਾਂ ਮੜ੍ਹੀ-ਮੱਸਾਈਂ
ਪਰ ਜੋ ਅੱਗ ਨਾ
ਲਾਂਬੂ ਬਣਦੀ
ਉਹ ਅੱਗ ਹੁੰਦੀ ਦਰਦ-ਰੰਝਾਈ
ਜੇ ਇੱਛਰਾਂ ਦੀ
ਕੱਚੀ ਅੱਗ ਸੀ
ਤਾਂ ਸੀ ਫੂਕਾਂ ਨਾਲ ਮਘਾਣੀ
ਜਾਂ ਉਸ ਤੇ ਪਾ ਦਿੰਦਾ ਪਾਣੀ
ਹੱਡਾਂ ਤਾਈਂ ਘੁਣ ਹੁੰਦੀ ਹੈ
ਦੋ ਚਿੱਤੀ ਦੀ
ਜੂਨ ਹੰਢਾਈ
ਮੀਤ ਪਿਆਰੇ
ਹਰ ਕੋਈ ਕੱਚੀ ਅੱਗ ਨੂੰ ਖਾਵੇ
ਬਲਦੀ ਅੱਗ ਨੂੰ ਵੀ ਹਰ ਕੋਈ
ਕੱਚੀ ਕਹਿ ਕੇ
ਉਮਰ ਲੰਘਾਵੇ
ਹਰ ਬਲਦੀ ਅੱਗ
ਚੁੰਮਣ ਪਿੱਛੋਂ
ਕੱਚੀ ਅੱਗ ਦਾ ਰੂਪ ਵਟਾਵੇ
ਸੁਪਨੇ ਦੀ
ਸੱਪਣੀ ਵੀ ਇਕ ਦਿਨ
ਅੱਗ ਦੀ ਸੱਪਣੀ
ਹੀ ਬਣ ਜਾਵੇ
ਸਲਵਾਨ
ਸੁਪਨੇ ਤੇ
ਅੱਗ ਦੀ ਸੱਪਣੀ ਵਿਚ
ਮੇਰੇ ਮਿੱਤਰ ਅੰਤਰ ਹੁੰਦੈ
ਅੱਗ ਦੀ ਸੱਪਣੀ ਸਦਾ ਪਾਲਤੂ
ਇਸ ਦਾ ਹੱਥ ਵਿਚ
ਮੰਤਰ ਹੁੰਦੈ
ਜੇ ਸੁਪਨੇ ਦੀ ਸੱਪਣੀ ਡੰਗੇ
ਉਸ ਦਾ ਅੰਤ
ਭਿਅੰਕਰ ਹੁੰਦੈ
ਅੱਗ ਦੀ ਸੱਪਣੀ ਜੇ ਹੈ ਸ਼ੁਅਲਾ
ਤਾਂ ਉਹ ਇਕ ਬਸਤਰ ਹੁੰਦੈ
ਅਗਨ-ਸਰਪਨੀ
ਜਿਊਦਾ ਸੱਚ ਹੈ
ਚੇਤਨ-ਦੇਹ ਦਾ ਕੰਕਰ ਹੁੰਦੈ
ਸੁਪਨ-ਸਰਪਨੀ
ਸੁਪਨੇ ਦਾ ਇਕ ਜੰਤਰ ਹੁੰਦੈ
ਵਰਮਨ
ਸੱਜਣ ! ਦੋਸਤ !
ਬਹਾਦਰ ਬੰਦੇ
ਸੁਪਨੇ ਤੋਂ ਕੋਈ ਸੱਚ ਕੀਹ ਮੰਗੇ
ਸਾਡੀ ਉਮਰਾ ਤਾਂ ਲੰਘ ਜਾਵੇ
ਪਰ ਸੁਪਨੇ ਦੀ
ਅਉਧ ਨਾ ਲੰਘੇ
ਇਹ ਸਾਡੇ ਧੁਰ ਅੰਦਰ ਕਿਧਰੇ
ਪੁੱਠੇ ਚਮਗਿਦੜਾਂ ਵੱਤ ਟੰਗੇ
ਕਾਲੇ ਰੁੱਖ, ਕਿਸਮਤਾਂ ਵਾਲੇ
ਤੇ ਫਲ ਖਾਂਦੇ ਰੰਗ-ਬਰੰਗੇ
ਕੋਈ ਕੋਈ ਸੁਪਨਾ ਕਰਮਾਂ ਸੇਤੀ
ਕਦੇ ਕਦੇ ਸੱਚ ਬਣ ਕੇ ਲੰਘੇ
ਕਿਸੇ ਕਿਸੇ ਚਿਹਰੇ 'ਚੋਂ ਸਾਨੂੰ
ਸੁਪਨ-ਸਰਪਨੀ
ਆ ਕੇ ਡੰਗੇ
ਇਸ ਦਾ ਡੰਗਿਆ ਕੁਝ ਨਾ ਮੰਗੇ
ਮੰਗੇ ਤਾਂ
ਉਹਦੀ ਛੋਹ ਨੂੰ ਮੰਗੇ
ਦਿਨ-ਦੀਵੀਂ ਜਾਂ ਸੌਣਾ ਮੰਗੇ
ਪਰ ਨਾ ਛੋਹ
ਨਾ ਸੌਣਾ ਮਿਲਦਾ
ਉਮਰ ਅਸਾਡੀ ਧੁਖ ਧੁਖ ਲੰਘੇ
ਸਾਡੀ ਦੇਹ ਹੀ, ਸਾਡੇ ਸਾਹ ਤੋਂ
ਇਕ ਦਿਨ ਨੀਵੀ ਪਾ ਕੇ ਲੰਘੇ
ਸਾਡਾ ਸੂਰਜ
ਸਾਥੋਂ ਸੰਗੇ
ਹਾਂ ਮਿੱਤਰ !
ਤੂੰ ਸੱਚ ਕਹਿੰਦਾ ਹੈ
ਹੁਣ ਤਾਂ ਸੂਰਜ
ਢਲ ਚੱਲਿਆ ਸੀ
ਧੁੱਪ ਦਾ ਬਾਲਣ ਬਲ ਚਲਿਆ ਸੀ
ਸੁਪਨ-ਸਰਪਨੀ ਵਾਲਾ ਸੁਪਨਾ
ਹੁਣ ਮਿੱਟੀ ਵਿਚ
ਰਲ ਚੱਲਿਆ ਸੀ
ਪਰ ਕੱਲ੍ਹ ਸੁਪਨਾ ਅੱਖੀਂ ਤੱਕ ਕੇ
ਮੈਨੂੰ ਮੁੜ ਕੇ
ਛਲ ਚਲਿਆ ਹੈ
ਮੇਰੀ ਮਹਿਕ-ਵਿਛੁੰਨੀ ਰੂਹ 'ਤੇ ਮੁੜ ਕੋਈ ਚੇਤਰ
ਮਲ ਚੱਲਿਆ ਹੈ
ਵਰਮਨ
ਮੈਂ ਵਡ-ਭਾਗਾ
ਇਸ ਮਿੱਟੀ 'ਚੋਂ
ਜੇ ਤੈਨੂੰ ਤੇਰਾ ਸੁਪਨਾ ਲੱਭੇ
ਕਿਹੜੀ ਰੂਪਵਤੀ ਹੈ ਐਸੀ
ਮੈਨੂੰ ਵੀ ਕੁਝ ਪਤਾ ਤਾਂ ਲੱਗੇ ?
ਸਲਵਾਨ
ਹਾਂ ਮਿੱਤਰ ! ਉਹ ਕਿਰਨ ਜੇਹੀ ਜੋ
ਸੁੱਤ-ਉਨੀਂਦੇ ਨੈਣਾਂ ਵਾਲੀ
ਕੋਹ ਕੋਹ ਲੰਮੇ ਵਾਲਾਂ ਵਾਲੀ
ਨੀਮ-ਉਦਾਸੇ ਅੰਗਾਂ ਵਾਲੀ
ਲੰਮ-ਸਲੰਮੀ ਚੰਦਨ-ਗੇਲੀ
ਭਾਰੇ ਜਿਹੇ ਨਿਤੰਭਾਂ ਵਾਲੀ
ਮੋਤੀ-ਵੰਨੇ ਦੰਦਾਂ ਵਾਲੀ
ਲੂਣਾਂ
ਜਿਹੜੀ ਕੱਲ੍ਹ ਉਤਸਵ ਵਿਚ
ਚੁਣੀ ਸੀ ਯੁਵਤੀ ਸੰਗਾਂ ਵਾਲੀ
ਸੁਪਨ-ਸਰਪਨੀ ਡੰਗਾਂ ਵਾਲੀ
ਵਰਮਨ
ਲੂਣਾਂ......!
ਬਾਰੂ ਸ਼ੂਦਰ ਵੀ ਧੀ ?
ਸੋਹਣੀ, ਚੰਚਲ ਕੋਮਲ ਅੰਗੀ
ਪਰ ਪਿਛਲੇ ਜਨਮਾਂ ਦਾ ਫਲ ਹੈ
ਜਿਵੇਂ ਅਪੱਛਰਾਂ, ਪਰ ਭਿੱਟ-ਅੰਗੀ
ਮਧਰਾ ਦੇ ਵਿਚ ਜਿਉਂ ਜਲ-ਗੰਗੀ
ਸੁੰਦਰ ਨਾਰ ਕਿਸੇ ਰਾਜੇ ਦੀ
ਸੰਭਵ ਨਾ ਹੋਵੇ ਅਰਧੰਗੀ
ਸਲਵਾਨ
ਜੇ ਲੂਣਾ
ਸ਼ੂਦਰ ਦੀ ਧੀ ਹੈ
ਨਿਰਦੋਸ਼ੀ ਦਾ ਦੋਸ਼ ਵੀ ਕੀਹ ਹੈ ?
ਵਰਮਨ
ਦੋਸ਼ !
ਦੋਸ਼ ਤਾਂ ਉਸ ਦੇ ਕਰਮਾਂ ਦਾ ਹੈ
ਯਾਂ ਫਿਰ ਪਿਛਲੇ ਜਨਮਾਂ ਦਾ ਹੈ
ਨਹੀਂ ਨਹੀਂ !
ਕੁੱਝ ਦੋਸ਼ ਨਾ ਉਸ ਦਾ
ਦੋਸ਼ ਤਾਂ ਸਾਡੇ ਭਰਮਾਂ ਦਾ ਹੈ
ਜਾਂ ਫਿਰ ਸਾਡੇ ਧਰਮਾਂ ਦਾ ਹੈ
ਧਰਮ
ਜੋ ਸਾਨੂੰ ਇਹ ਕਹਿੰਦੇ ਨੇ
ਮੰਦਰਾਂ ਦੇ ਵਿਚ ਸੰਖ ਵਜਾਵੋ
ਵੱਟਿਆਂ ਦੇ ਵਿਚ ਸ਼ਰਧਾ ਰੱਖੋ
ਪੱਥਰਾਂ ਅੱਗੇ ਧੂਫ਼ ਧੁਖਾਵੇ
ਪਰ ਜੇ ਮਾਨਵ ਮਰਦਾ ਹੋਵੇ
ਮਰਦੇ ਮੂੰਹ ਵਿਚ ਬੂੰਦ ਨਾ ਪਾਵੋ
ਇਕ ਦੂਜੇ ਦੇ
ਲਹੂਆਂ ਦੇ ਵਿਚ
ਆਪਣੇ ਆਪਣੇ ਹੱਥ ਡੁਬਾਵੋ
ਆਉਂਦੇ ਮਾਨਵ ਜੋਗਾ ਰਲਕੇ
ਖੇਤੀ ਰੱਜ ਕੇ ਕੋਝ ਉਗਾਵੋ
ਤਵਾਰੀਖ਼ ਦੀ ਛਾਤੀ ਉੱਤੇ
ਰੰਗਾਂ ਵਾਲੇ ਨਾਗ ਲੜਾਵੋ
ਸਮਿਆਂ ਦੇ ਸ਼ਮਸ਼ਾਨਘਾਟ 'ਤੇ
ਆਪਣੀ ਆਪਣੀ ਮੜ੍ਹੀ ਬਣਾਵੋ
ਕਿਹੜਾ ਧਰਮ
ਤੇ ਕਿਹੜਾ ਰੰਗ ਹੈ
ਸੰਗਮਰਮਰ ਦੇ ਖੁਤਬੇ ਲਾਵੋ
ਧਰਮ, ਤਾਂ ਮੇਰੇ ਮਿੱਤਰ ਉਹ ਹੈ
ਜੋ ਨਾ ਲਹੂ ਦਾ ਰੰਗ ਪਛਾਣੇ
ਜੋ ਸਭਨਾਂ ਨੂੰ ਇਕ ਕਰ ਜਾਣੇ
ਮਾਨਵ ਦੀ ਪੀੜਾ ਨੂੰ ਸਮਝੇ
ਮਾਨਵ ਦੀ ਪੀੜਾ ਨੂੰ ਜਾਣੇ
ਅਸੀਂ ਤਾਂ ਸੱਜਣ!
ਭਿੱਟ-ਅੰਗੇ ਤੇ ਸੁਹਜ-ਵਿਹੂਣੇ
ਵੱਖ ਵੱਖ ਲਹੂਆਂ ਦੇ ਰੰਗ ਲੈ ਕੇ
ਧਰਮਾਂ ਵਿਹੜੇ ਕਰੀਏ ਟੂਣੇ
ਕਰਮ-ਵਿਛੁੰਨੇ ਜਨਮ-ਵਿਹੂਣੇ
ਉੱਤੋਂ ਮਿੱਠੇ ਵਿਚੋਂ ਲੂਣੇ
ਕੱਲ੍ਹ ਜੋ ਮਿੱਤਰ
ਦਿਹੁੰ ਮਰਿਆ ਸੀ
ਕੀ ਉਹ ਮੁੜ ਕੇ ਅੱਜ ਮਰ ਸਕਦੈ
ਜਾਂ ਜੋ ਕੱਲ੍ਹ ਨੂੰ ਮਰਨਾ ਹਾਲੇ
ਕਿਸੇ ਵੀ ਹੀਲੇ ਅੱਜ ਮਰ ਸਕਦੈ ?
ਅੱਜ ਦਾ ਦਿਹੁੰ ਤਾਂ
ਸੱਜਣ ਮੇਰੇ
ਅੱਜ ਚੜ੍ਹ ਸਕਦੈ, ਅੱਜ ਮਰ ਸਕਦੈ
ਬੀਤੇ ਜਨਮਾਂ ਦੇ ਕਰਮਾਂ ਦਾ
ਦੋਸ਼ ਕਿਸੇ ਸਿਰ
ਕਿੰਜ ਚੜ੍ਹ ਸਕਦੈ
ਜੋ ਮਰਿਆ
ਸੋ ਮਰ ਚੁੱਕਾਹੈ
ਜੋ ਜਿਊਂਦਾ ਸੋ ਮਰ ਜਾਵੇਗਾ
ਜਾਂ ਜੋ ਜੰਮਣਾ ਵੀ ਹੈ ਹਾਲੇ
ਉਹ ਵੀ ਸੂਰਜ ਠਰ ਜਾਵੇਗਾ
ਭੂਤ, ਭਵਿੱਖ ਦਾ ਨਾਗ ਨਾ ਸੰਭਵ
ਅੱਜ ਦੀ ਧੁੱਪ ਨੂੰ
ਲੜ ਜਾਵੇਗਾ
ਵਰਮਨ
ਮੰਨਦਾਂ, ਧੁੱਪ ਨੂੰ ਨਾਗ ਨਾ ਲੜਸੀ
ਅੱਜ ਦਾ ਦਿਹੁੰ ਨਾ
ਉਸ ਤੋਂ ਮਰ ਸੀ
ਕੋਈ ਮਾਂਦਰੀ
ਕੀਕਣ ਖੜਸੀ ?
ਕਰਮ ਤਾਂ ਐਸੇ ਨਾਗ ਜ਼ਹਿਰੀਲੇ
ਜੋ ਸਮਿਆਂ ਤੋਂ ਜਾਣ ਨਾ ਕੀਲੇ
ਇਹ ਜਨਮਾਂ ਤੱਕ ਪਿੱਛਾ ਕਰਦੇ
ਕਿਸੇ ਵੀ ਹੀਲੇ, ਕਿਸੇ ਵਸੀਲੇ
ਅਸੀਂ ਜਾਂ ਕੁੱਖਾਂ ਦੀ
ਜੂਨ ਹੰਢਾਦੇ
ਇਹ ਤਾਂ ਓਥੇ ਵੀ ਆ ਜਾਂਦੇ
ਅਸੀਂ ਜਨਮੀਏਂ
ਇਹ ਜੰਮ ਪੈਂਦੇ
ਇਹ ਸਾਡੇ ਮੱਥੇ ਵਿਚ ਰਹਿੰਦੇ
ਨਿੱਤ ਸਾਡੀ ਕਿਸਮਤ ਨੂੰ ਡੰਗਦੇ
ਵਿੱਸ ਘੋਲਦੇ
ਮੌਜ ਮਨਾਂਦੇ
ਸਲਵਾਨ
ਇਹ ਤੂੰ ਨਹੀਂ
ਤੇਰਾ ਭਰਮ ਬੋਲਦੈ
ਤੇਰਾ ਸੀਮਤ ਧਰਮ ਬੋਲਦੈ
ਵਰਮਨ
ਜੇ ਇਹ ਮੇਰਾ
ਭਰਮ ਬੋਲਦੈ
ਜਾਂ ਕੋਈ ਸੀਮਤ ਧਰਮ ਬੋਲਦੈ
ਤਾਂ ਮੈਂ ਕਹਿੰਦਾ
ਤੇਰੇ ਅੰਦਰ
ਕਾਮ-ਸਮੁੰਦਰ ਪਿਆ ਖੌਲਦੈ
ਸੁਪਨੇ ਦੀ ਸੱਪਣੀ ਦਾ ਕਾਲਾ
ਜ਼ਹਿਰ ਬੋਲਦੈ
ਸਲਵਾਨ
ਨਹੀਂ ਨਹੀਂ
ਇਹ ਕਾਮ ਨਹੀਂ ਹੈ
ਮੇਰੇ ਅੰਦਰ ਤਾਂ ਮੇਰੇ ਸੱਜਣ
ਕੋਈ ਐਸਾ ਸ਼ੈਤਾਨ ਨਹੀਂ ਹੈ
ਮੇਰੇ ਅੰਦਰ ਤਾਂ ਮੇਰੇ ਮਿੱਤਰ
ਸਦਾ ਬਗ਼ਾਵਤ ਹੈ ਇਕ ਧੁਖਦੀ
ਕਿਉਂ ਧਰਮ ਦੇ ਨਾਂ 'ਤੇ ਦੁਨੀਆ
ਇਕ ਦੂਜੇ ਦੇ ਮੂੰਹ 'ਤੇ ਥੁੱਕਦੀ
ਕਿਉਂ ਮਾਨਵ ਨੂੰ ਨਫ਼ਰਤ ਕਰਦੀ
ਜੰਮੀ ਮਾਨਵ ਦੇ ਹੀ ਕੁੱਖ ਦੀ
ਭਰਮਾਂ ਵਾਲੇ ਵਿਊਹ-ਚੱਕਰ ਤੋਂ
ਕਿਉਂ ਕਰ ਇਸਦੀ ਜਾਨ ਨਾ ਛੁੱਟਦੀ
ਬਾਕੀ ਸੁਪਨ-ਸਰਪਨੀ ਬਾਰੇ
ਮੈਂ ਮੇਰੇ ਮਿੱਤਰ
ਤਰਲਾ ਪਾਂਦਾ
ਮੈਂ ਤਾਂ ਵਰ੍ਹਿਆਂ ਤੋਂ ਮੇਰੇ ਸੱਜਣ
ਧੁੱਪ ਛਾਵਾਂ ਦੀ ਜੂਨ ਹੰਢਾਂਦਾ
ਜੇ ਮੇਰੀ ਝੋਲੀ ਧੁੱਪ ਨਾ ਪਾਈ
ਆਪਣਾ ਸੂਰਜ
ਆਪ ਬੁਝਾਂਦਾ
ਵਰਮਨ
ਮੇਰੇ ਸੱਜਣ
ਇਹ ਕੀ ਕਹਿੰਦੈਂ ?
ਭਿੱਟ- ਅੰਗੀ ਲਈ ਨੀਵਾਂ ਪਾਉਂਦੇ
ਤੂੰ ਉਸ ਨੂੰ ਅਰਧੰਗੀ ਨਾ ਚੁਣ
ਭਿੱਟ-ਅੰਗੀ ਦਾ ਸੁੱਚਾ ਪਿੰਡਾ
ਆ ਜਾਂਦਾ ਹੈ
ਜੇ ਤੂੰ ਕਹਿੰਦੇ
ਸਲਵਾਨ
ਨਹੀਂ, ਨਹੀਂ
ਮੈਂ ਇਹ ਨਹੀਂ ਚਾਹੁੰਦਾ
ਨਾ ਐਸਾ ਮੈਂ ਪਾਪ ਕਮਾਇਐ
ਨਾ ਐਸਾ ਮੈਂ ਪਾਪ ਕਮਾਂਦਾ
ਮੈਂ ਤਾਂ ਸੁਪਨ-ਸਰਪਨੀ ਦਾ ਬਸ
ਜਨਮ ਜਨਮ ਲਈ
ਸਾਥ ਹਾਂ ਮੰਗਦਾ
ਜਨਮ ਜਨਮ ਲਈ
ਸਾਥ ਹਾਂ ਚਾਹੁੰਦਾ
( ਰਾਜੇ ਵਰਮਨ ਦੀ ਬੀਵੀ ਕੁੱਤ ਕਮਰੇ 'ਚ
ਪਰਵੇਸ਼ ਕਰਦੀ ਹੈ ਤੇ ਵਰਮਨ
ਨੂੰ ਖਿਤਾਬ ਕਰਦੀ ਹੈ ।)
ਕੁੰਤ
ਨਮਸਕਾਰ, ਹੋਏ ਸਵਾਮੀ ਮੇਰਾ
ਬਾਰਾਂ ਉਹਲੇ ਖੜੀ ਖੜੀ ਮੈਂ
ਸੁਣ ਚੁੱਕੀ
ਵਿਖਿਆਨ ਬਥੇਰਾ
ਮੇਰੇ ਸਵਾਮੀ
ਨੀਰ ਜੇ ਗੰਦਾ
ਗੰਗਾ ਤਾਈ ਆ ਮਿਲ ਜਾਵੇ
ਉਹ ਸਾਰਾ ਗੰਗਾ ਕਹਿਲਾਵੇ
ਪੂਜਣ-ਹਾਰਾ ਹੀ ਹੋ ਜਾਵੇ
ਕਿਉ ਸੰਭਵ ਨਾ
ਵੀਰ ਮੇਰੇ ਦੇ ਲੜ ਲੱਗ ਜਾਵੇ
ਕਿਉਂ ਕਰ ਮੁੜ
ਸੂਦਰ ਕਹਿਲਾਵੇ ?
ਵਰਮਨ
ਚਾਤ੍ਰਿਕ ਸੁਆਤ ਬੂੰਦ ਹੀ ਪੀਵੇ
ਉਹ ਤਾਂ ਗੰਗਾ ਕਦੇ ਨਾ ਜਾਵੇ
ਲੱਖ ਪਵਿੱਤਰ ਹੋਵਣ ਪਾਣੀ
ਉਹ ਨਾ ਉਸ ਨੂੰ ਜੀਭ ਛੁਹਾਵੇ
ਬੇਸ਼ੱਕ ਕਾਗ ਨੇ ਕਾਲੇ ਹੁੰਦੇ
ਪਰ ਕੋਈ
ਕੋਇਲ ਨਾ ਕਹਿਲਾਵੇ
ਕੁੰਤ
ਬੇ-ਸ਼ੱਕ
ਕੋਇਲਾਂ, ਕਾਗ ਨੇ ਕਾਲੇ
ਪਰ ਕੋਇਲਾਂ ਦੇ ਬੱਚੇ ਪਾਲੇ
ਸੰਭਵ ਹੈ
ਵੀਰੇ ਘਰ ਲੂਣਾ
ਮੁੜ ਕੇ ਬੁੱਝਿਆ
ਸੂਰਜ ਬਾਲੇ
ਵਰਮਨ
ਮੈਂ ਚਾਹੁੰਦਾ
ਸੂਰਜ ਬਲ ਜਾਵੇ
ਪਰ ਖੌਰੇ ਕਿਉ
ਲੱਜਿਆ ਆਵੇ
ਉਧੇ-ਪਰੀਏ
ਕੀ ਆਖਣਗੇ ?
ਡਰਦਾਂ ਕੋਈ ਹਰਫ਼ ਨਾ ਆਵੇ ।
ਸਲਵਾਨ
ਹਰਫ਼ ਤੁਸਾਂ 'ਤੇ
ਤਦ ਆਵੇਗਾ
ਜਦ ਸਲਵਾਨ ਵੀ
ਮਰ ਜਾਵੇਗਾ
ਵਰਮਨ
ਇਹ ਇੱਛਰਾਂ ਸੰਗ
ਵੀ ਅਨਿਆਂ ਹੈ
ਉਹ ਤੇਰੇ
ਵਿਹੜੇ ਦੀ ਛਾਂ ਹੈ
ਤੇ ਤੇਰੇ ਪੁੱਤਰ ਦੀ ਮਾਂ ਹੈ
ਨਾਰੀ ਜਦ ਇਕ
ਮਾਂ ਬਣ ਜਾਵੇ
ਨਾਰੀ ਨਹੀਂ
ਬੇ-ਜੀਭੀ ਗਾਂ ਹੈ
ਕੁੰਤ
ਨਾਰੀ, ਨਰ ਦਾ
ਉਹ ਗਹਿਣਾ ਹੈ
ਨਰ ਦੇ ਗੱਲ ਵਿਚ
ਤਾਂ ਰਹਿਣਾ ਹੈ
ਜੇ ਨਰ ਨੂੰ
ਉਸ ਮੋਹ ਲੈਣਾ ਹੈ
ਪਰ ਜੇ
ਨਰ ਨੂੰ ਮੋਹ ਨਹੀਂ ਸਕਦੀ
ਤਾਂ ਉਹ ਨਾਰੀ
ਅਗਨ-ਸਰਪਨੀ
ਹੋ ਸਕਦੀ ਹੈ
ਸੁਪਨ-ਸਰਪਨੀ
ਹੋ ਨਹੀਂ ਸਕਦੀ
ਇਹਦੇ ਨਾਲੋਂ
ਅਗਨ-ਸਰਪਨੀ
ਚੰਗਾ ਹੈ
ਜੇਕਰ ਮਰ ਜਾਵੇ
ਮੁੜ ਨਾਰੀ ਦੀ
ਜੂਨ ਨਾ ਆਵੇ
ਵਰਮਨ
ਕੁੱਤੇ !
ਪਰ ਹਰ ਅਗਨ-ਸਰਪਨੀ
ਸੁਪਨ-ਸਰਪਨੀ
ਵੀ ਹੈ ਹੁੰਦੀ ਜੇ ਇਕ ਅੱਖ ਲਈ
ਨਿਰਾ ਕੋਝ ਹੈ
ਦੂਜੀ ਦੇ ਲਈ
ਸੁਹਜ ਹੈ ਹੁੰਦੀ
ਰੱਤੀ ਦੀ ਨੀਂਦਰ 'ਚੋਂ ਟੁੱਟਾ
ਹਰ ਨਾਰੀ
ਸੁਪਨਾ ਹੈ ਹੁੰਦੀ
ਪਰ ਜੇ ਤੁਸੀਂ
ਬੜੇ ਇੱਛੁਕ ਹੋ
ਕਿਹੋ ਮੰਤਰੀ ਤਾਈਂ ਜਾ ਕੇ
ਬਾਰੂ ਦੇ ਘਰ
ਜਾ ਕਹਿ ਆਵੇ
ਕਿ ਉਹ ਧੀ ਦਾ
ਕਾਜ ਰਚਾਵੇ
ਮਿੱਤਰ ਲੜ ਲਾਵੇ
ਜੋ ਮੰਗੇ
ਸੋ ਬਖਸ਼ਿਸ਼ ਆਵੇ
( ਸਾਰੇ ਉੱਠ ਕੇ ਚਲੇ ਜਾਂਦੇ ਹਨ )
ਤੀਜਾ ਅੰਕ
ਸੀਤਾ ਤੇ ਗੀਤਾ ਦੇ ਨਾਂ
(ਲੂਣਾ ਤੇ ਸਲਵਾਨ ਦਾ ਵਿਆਹ ਹੋ ਗਿਆ ਹੈ।
ਲੂਣਾ ਆਪਣੀਆਂ ਦੋ ਸਹੇਲੀਆਂ ਈਰਾ ਤੇ
ਮਥਰੀ ਨਾਲ ਆਪਣੇ ਘਰ ਦੇ ਇਕ ਕਮਰੇ 'ਚ
ਬੈਠੀ ਵਿਉਂਦੜ ਵਸਤਰ ਪਾਈ, ਸੌਹਰੇ-ਘਰ ਟੂਰ
ਜਾਣ ਤੋਂ ਪਹਿਲਾਂ ਗੱਲਾਂ ਕਰ ਰਹੀ ਸੀ ।)
ਲੂਣਾ
ਮੈਂ ਅੱਗ ਟੁਰੀ ਪਰਦੇਸ,
ਨੀ ਸਈਉ .
ਅੱਗ ਟੁਰੀ ਪਰਦੇਸ
ਇਕ ਛਾਤੀ ਮੇਰੀ ਹਾੜ੍ਹ ਤਪੰਦਾ
ਦੂਜੀ ਤਪਦਾ ਜੇਠ
ਨੀ ਮੈਂ ਅੱਗ ਟੁਰੀ
ਪਰਦੇਸ
ਅੱਗ ਦੀ ਉਮਰੇ,
ਹਰ ਅੱਗ ਟੁਰਦੀ
ਜਾ ਬਹਿੰਦੀ ਪਰਦੇਸ
ਹਰ ਅੱਗ ਦੇ, ਬਾਬਲ ਦੇ ਚੁੱਲ੍ਹੇ
ਹਰ ਅੱਗ ਦੇ
ਬਾਬਲ ਦੀ ਜਾਈ
ਟੁਰ ਜਾਏ
ਦੂਰ ਹਮੇਸ਼
ਇਹ ਕੀਹ ਅੱਗ ਦੇ ਲੇਖ,
ਨੀ ਸਈਉ
ਇਹ ਕੀਹ ਅੱਗ ਦੇ ਲੇਖ ?
ਹਰ ਘਰ ਦੀ
ਕੰਜਕ ਦੀ ਆਵੇ
ਜਦ ਵੀ ਅਗਨ-ਵਰੇਸ
ਹਰ ਬਾਬਲ ਦੀ ਨੀਂਦ ਗਵਾਚੇ
ਬਲਦਾ ਵਿਹੜਾ ਵੇਖ
ਹਰ ਬਾਬਲ
ਵਰ ਢੂੰਡਣ ਜਾਵੇ
ਹਰ ਅਗਨੀ ਦੇ ਮੇਚ
ਹਰ ਅੱਗ ਹੀ, ਛੱਡ ਜਾਵੇ ਸਈਉ
ਹਰ ਬਾਬਲ ਦਾ ਦੇਸ
ਲਾ ਤਲੀਆਂ 'ਤੇ
ਬਲਦੀ ਮਹਿੰਦੀ
ਪਾ ਕੇ ਅੱਗ ਦਾ ਵੇਸ
ਨੀਂ ਮੈਂ ਅੱਗ ਟੁਰੀ ਪਰਦੇਸ
ਪਰ ਸਈਉ,
ਮੈਂ ਕੈਸੀ ਅੱਗ ਹਾਂ
ਕੈਸੇ ਮੇਰੇ ਲੇਖ ?
ਇਕ ਤਾਂ ਮੁੱਖ ਦਾ, ਸੂਰਜ ਬਲਦਾ
ਦੂਜੇ ਥਲ ਪੈਰਾਂ ਦੇ ਹੇਠ
ਤੀਜੇ ਬੈਠੀ,
ਮੱਚਦੀ ਦੇਹ ਦੇ
ਅਗਨ-ਬਿਰਛ ਦੇ ਹੇਠ
ਬੁਝਦਾ ਜਾਂਦਾ
ਇਸ ਅਗਨੀ ਦਾ ਸੇਕ
ਜੋ ਬਾਬਲ, ਵਰ ਢੂੰਡ ਲਿਆਇਆ
ਸੋ ਨਾ ਆਇਆ ਮੇਚ
ਨੀਂ ਮੈਂ ਅੱਗ ਟੁਰੀ,
ਪਰਦੇਸ
ਈਰਾ
ਸਈਏ !
ਅੱਗ ਦੀ ਜੀਭ ਨਾ ਹੁੰਦੀ
ਬੋਲ ਨਾ ਬੋਲ ਕਬੋਲ
ਅੱਗ ਦਾ ਕਰਮ ਨਹੀਂ, ਕਿ ਬੋਲੇ
ਆਪਣੀ ਜੀਭੋਂ ਬੋਲ
ਅੱਗ ਤਾਂ ਸਦਾ,
ਅਬੋਲੀ ਜੰਮਦੀ
ਮਰਦੀ ਸਦਾ ਅਬੋਲ
ਜੋ ਅੱਗ ਬੋਲੇ, ਥੀਏ ਕਲੰਕੀ
ਜੱਗ ਨਾ ਢੁੱਕਦਾ ਕੋਲ
ਚੁੱਲ੍ਹ ਪਰਾਈ
ਹੱਡ ਬਾਲਣੇ
ਦੇਣੀ ਉਮਰਾ ਰੋਲ
ਭਿੱਤਾਂ ਪਿੱਛੇ ਬਹਿ ਬਹਿ ਰੋਣਾ
ਲੈਣੇ ਅੱਥਰੂ ਡੋਹਲ
ਏਸ ਦੇਸ ਦੀ,
ਹਰ ਅੱਗ ਰੋਗਣ
ਵੇਖੋ ਨਬਜ਼ਾਂ ਫੋਲ
ਲਹੂ ਥੁੱਕੇ ਤੇ ਅੱਡੀਆਂ ਰਗੜੇ
ਫਿਰ ਵੀ ਰਹੇ ਅਬੋਲ
ਏਹੋ ਹਰ ਇਕ ਅੱਗ ਦੀ ਪੂੰਜੀ
ਆਦਿ-ਜੁਗਾਦੋਂ ਕੋਲ
ਬੋਲ ਨਾ ਬੋਲ ਕਬੋਲ
ਲੂਣਾ
ਸਈਉ ਨੀਂ,
ਅੱਗ ਕਿਉਂ ਨਾ ਬੋਲੇ ?
ਜੀਭ ਦਾ ਜੰਦਰਾਂ ਕਿਉ ਨਾ ਖੋਹਲੇ ?
ਸਾਣੇ ਜੀਭ ਲਵਾ ਹਰ ਅਗਨੀ
ਮੈਂ ਚਾਹੁੰਦੀ ਹਾਂ,
ਉੱਚੀ ਬੋਲੇ ਕੜਕ-ਦਾਮਨੀ ਸਾਹੀਂ ਘੋਲੇ
ਐਸੀ ਕੜਕੇ, ਐਸੀ ਕੜਕੇ
ਸੱਤੇ ਅਸਮਾਨਾਂ ਦੇ ਕੰਨ ਪਾਟਣ
ਐ-ਰਾਵਨ ਦੀ,
ਧਰਤੀ ਡੋਲੇ
ਗੂੰਜਣ ਸੱਭੇ ਦਿਸ਼ਾ ਦਿਸ਼ਾਵਾਂ
ਹਰ ਚੁੱਲ੍ਹੇ ਦੀ,
ਅੱਗਨੀ ਖੌਲੇ
ਸਾੜ, ਫੂਕ ਦੇ ਬੂਹੇ ਬੰਨੇ
ਹੋਏ ਜ਼ੁਲਮ ਦੇ ਵਰਕੇ ਫੋਲੇ
ਕਿਉਂ ਕੋਈ ਸਾਡੇ ਅਗਨ ਸੇਕ ਨੂੰ
ਇਕ ਮੁੱਠ ਕੰਙਣੀ ਬਦਲੇ
ਤੋਲੇ ?
ਈਰਾ
ਸੁਣ ਨੀ ਅੜੀਏ,
ਭੈਣਾਂ ਲੂਣਾ
ਕਿਸ ਤੇਰੀ ਬੁੱਧ ਨੂੰ ਕੀਤਾ ਟੂਣਾ
ਅੱਗ ਦਾ ਪਿੰਡਾ.
ਸਦਾ ਹੈ ਲੂਣਾ
ਅੱਗ ਦਾ ਹੰਝੂ,
ਹਰ ਅੱਗ ਦੀ ਅੱਖ
ਹਰ ਇਕ ਸਦੀਏ
ਏਹੋ ਅਣ-ਬਿੱਧ ਮੋਤੀ ਸੂਣਾ
ਆਪਣਾ ਜੰਮਿਆਂ ਆਪੇ ਪੀਣਾ
ਪਰ ਇਸ ਅੱਗ ਨੇ
ਕਦੇ ਨਾ ਕੂਣਾ
ਲੂਣਾ
ਇਹ ਮੇਰਾ,
ਵਿਸ਼ਵਾਸ ਹੈ ਈਰੇ
ਇਕ ਦਿਨ, ਅੱਗ ਅਵੱਸ਼ ਕੁਵੇਗੀ
ਹਰ ਅੱਗ ਦੀ ਅੱਖ,
ਹੰਝੂ ਦੀ ਥਾਂ
ਬਲਦੀ ਬਾਗ਼ੀ ਰੱਤ ਸੁਵੇਗੀ
ਜੋ ਆਦਮ,
ਅੱਗ ਖਾਣੇ ਕੀੜੇ
ਦਾ ਅਭਿਮਾਨ
ਅਵੱਸ਼ ਲੂਹਵੇਗੀ
ਈਰਾ
ਨਹੀਂ, ਨਹੀਂ,
ਇਹ ਸੰਭਵ ਨਾਹੀਂ
ਅੱਗ ਦੇ ਲੇਖੀਂ ਸਦਾ ਨੇ ਆਹੀ
ਅੱਗ ਦੀਆਂ
ਆਦਮ-ਜਾਏ ਦੇ ਬਿਣ
ਸਦਾ ਨਜਿੰਦੀਆਂ ਨਿਰਬਲ, ਬਾਹੀ
ਪੁਸ਼ਤੋ-ਪੁਸ਼ਤੀ
ਅੱਗ ਸਰਾਪੀ ਇਹ ਮਾਰਾਂ ਉਸ ਧੁਰ ਦਰਗਾਹੀ
ਉਹ ਆਦਮ ਨੂੰ
ਦੁਸ਼ਮਨ ਪਾਲੂ ਆਪਣੀ ਬਾਹੀ
ਅੱਗ ਦਾ ਧਰਮ,
ਸਦਾ ਹੈ ਬਲਣਾ
ਕਦੇ ਬਗ਼ਾਵਤ ਕਰਦੀ ਨਾਹੀਂ,
ਚਾਹੇ,
ਪੂਜਾ ਲਈ ਕੋਈ ਬਾਲੇ
ਜਾਂ ਕੋਈ ਬਾਲੇ,
ਵਿਚ ਕੁਰਾਹੀ
ਅੱਗ ਨੂੰ,
ਅੱਗ ਦੀ ਮਾਂ ਦਾ ਵਰ ਹੈ
ਸਤਵੀਂ ਕੋਠੀ ਚਰਖੀ ਡਾਹੀ
ਦੁੱਖ ਦੀ ਪੂਣੀ,
ਓਥੇ ਕੱਤੀ
ਲੂਣਾ
ਸੁਣ ਸਖੀਏ,
ਨੀ ਭੈਣਾਂ ਈਰੇ
ਭਰਮ ਦਾ ਪਿੰਡਾ ਕਿੰਜ ਕੋਈ ਚੀਰੇ ?
ਰੁੱਖ ਹੋਵਣ,
ਤਾਂ ਚੀਰੇ ਆਰੀ
ਭਰਮ ਕਿਹੜੀ ਫਰਨਾਹੀ ਚੀਰੇ
ਭਰਮਾਂ ਵਾਲੇ,
ਕਾਲੇ ਕੱਚ ਨੂੰ
ਚੀਰ ਨਾ ਸੱਕਣ,
ਸੁੱਚੇ ਹੀਰੇ
ਭਰਮ ਤਾਂ ਸਾਡੇ ਧਰਮਾਂ ਜਾਏ
ਜਿਨ੍ਹਾਂ ਨੇ ਸਾਡੇ,
ਕੁਲੇ ਪੈਰੀਂ
ਜੋ ਨਾ ਸਾਥੋਂ ਜਾਣ ਤੁੜਾਏ
ਮਰਯਾਦਾ ਦੇ
ਕਿੱਲੀ ਬੱਝੀ
ਢੇਰਾਂ ਵਾਕਣ ਰੂਹ ਕੁਰਲਾਏ
ਪਰ ਨਾ ਕਿੱਲੇ ਜਾਣ ਪੁਟਾਏ
ਤੇ ਇਹ ਨਿਸਫਲ,
ਜਤਨ ਅਸਾਡਾ
ਸਾਡੀ ਹੀ ਕਿਸਮਤ ਕਹਿਲਾਏ
ਹਾਰੇ-ਟੁੱਟੇ ਅਸੀਂ ਵਿਚਾਰੇ
ਆਪਣੀ ਆਪਣੀ,
ਸੂਲੀ ਚੁੱਕੀ
ਫਿਰਦੇ ਆਵਾਗੌਣ ਬਣਾਏ
ਸੁਰਗ, ਨਰਕ ਦੇ
ਢੋਂਗ ਰਚਾਏ
ਢਿੱਲਾ ਮੂੰਹ ਕਰ, ਕਹਿ ਛੱਡਦੇ ਹਾਂ
ਹਰ ਕੋਈ ਆਪਣੀ
ਕਿਸਮਤ ਖਾਏ
ਈਰਾ
ਪਰ ਲੂਣਾ ।
ਕੁਝ ਕਿਸਮਤ ਵੀ ਹੈ
ਭਾਵੇਂ ਸਮੇਂ ਦੇ ਕੱਚੇ ਰਾਹ 'ਤੇ
ਉਮਰ ਦੇ ਇਕ ਪਿੰਜੇ ਜਹੇ ਰਥ ਦੀ
ਕੁਝ ਘੜੀਆਂ ਲਈ,
ਉੱਕਰੀ ਲੀਹ ਹੈ
ਆਖ਼ਿਰ ਇਸ ਵਿੱਚ
ਭਰਮ ਵੀ ਕੀਹ ਹੈ ?
ਜੇ ਕੋਈ,
ਕਿਸਮਤ ਵਰਗੀ ਸ਼ੈਅ ਹੈ
ਤਾਂ ਉਹ ਕਰਮ-ਧੁਨੀ ਦੀ ਲੈ ਹੈ
ਕਰਮ ਕਮਾਵਣ,
ਦੀ ਹੀ ਜੈ ਹੈ
ਮਥਰੀ
ਪਰ ਲੂਣਾ !
ਕੁਝ ਸਮਝ ਨਾ ਆਇਆ
ਕਿਉਂ ਤੇਰੇ,
ਦਿਲ 'ਤੇ ਆ ਬੈਠਾ
ਦੁੱਖ ਦਾ ਮਹਾ-ਕੁਲੱਛਣਾ ਸਾਇਆ ?
ਤੂੰ ਤਾਂ ਰਾਮ-ਰਤਨ ਵਰ ਪਾਇਆ
ਭਿੱਟ-ਅੰਗੀਏ,
ਤੈਨੂੰ ਭੋਂ ਤੋਂ ਚੁੱਕ ਕੇ
ਉਸ ਤਾਂ ਉੱਚੇ ਤਖ਼ਤ ਬਹਾਇਆ
ਰੜੀ ਰਾਵੀਏ,
ਬੋਲ ਨਾ ਮੰਦਾ ਜਿਸ ਤੈਨੂੰ,
ਗੰਗਾ-ਜਲੀ ਬਣਾਇਆ
ਅੰਬ ਵਢਾ ਕੋਈ
ਕਦ ਥੋਹਰਾਂ ਨੂੰ ਵਾੜਾਂ ਕਰਦਾ ?
ਥੋਹਰਾਂ ਦਾ ਫੁੱਲ,
ਕਦੇ ਕਿਸੇ ਨਾ ਮੰਦਰ ਚੜ੍ਹਦਾ
ਕਦ ਕੋਈ ਸੂਰਜ,
ਦੀਵੇ ਦੀ ਪਰਕਰਮਾ ਕਰਦਾ ?
ਮੋਹਰੇ ਖ਼ਾਤਰ,
ਕਦ ਕੋਈ ਅੜੀਏ,
ਸ਼ਾਹ ਨੂੰ ਹਰਦਾ
ਨਿਰਧਨ ਦੇ ਤਾਂ ਛੇਰੇ ਤੋਂ
ਰੱਬ ਵੀ ਹੈ ਡਰਦਾ
ਤੇਰਾ ਤਾਂ
ਇਕ ਸ਼ਾਹ ਹੈ ਬਰਦਾ
ਲੂਣਾ
ਮੈਨੂੰ ਭਿੱਟ-ਅੰਗੀ ਨੂੰ
ਭਿੱਟ- ਅੰਗਾ ਵਰ ਦੇਵੋ
ਮੋੜ ਲਵੋ ਇਹ ਫੁੱਲ
ਤਲੀ ਸੂਲਾਂ ਧਰ ਦੇਵੋ
ਖੇਹ ਲਉ ਮਹਿਲ-ਚੁਬਾਰੇ
ਤੇ ਝਿੱਕਾ ਘਰ ਦੇਵੋ
ਜਿਸ ਕੰਧੀ ਦੀ ਇੱਟ ਮੈਂ,
ਓਥੇ ਹੀ ਜੜ ਦੇਵੋ
ਮੈਨੂੰ ਭਿੱਟ-ਅੰਗੀ ਨੂੰ
ਭਿੱਟ-ਅੱਗਾ ਵਰ ਦੇਵੇ
ਬੇ-ਸ਼ਕ ਚੰਬਾ, ਚੰਬਾ,
ਪਰ ਕੁਮਲਾਇਆ ਮੰਦਾ
ਮਹਿਕ -ਨਖੁੱਟੇ ਚੰਬੇ ਤੋਂ
ਵਣ-ਗੱਦਾ ਚੰਗਾ
ਬਿਨਾਂ ਹਾਣ
ਜਿਸਮਾਂ ਦਾ ਪਾਣੀ
ਬਣੇ ਨਾ ਗੰਗਾ
ਅਧ-ਅੰਗੇ ਤੋਂ ਚੰਗਾ ਨੀ
ਮੈਨੂੰ ਭਿੱਟ-ਅੰਗਾ
ਮੈਨੂੰ ਭਿੱਟ-ਅੰਗੀ ਨੂੰ,
ਭਿੱਟ-ਅੰਗਾ ਵਰ ਦੇਵੋ
ਅਧ-ਅੰਗੇ ਦੀ, ਰਾਣੀ ਤੋਂ .
ਮੈਂ ਭਲੀ ਚਮਾਰੀ
ਬੁੱਝੇ ਹਵਨ ਕੁੰਡ ਤੋਂ
ਚੁੱਲ੍ਹੇ ਭਰੀ ਅੰਗਾਰੀ
ਚੰਗੀ ਰਾਤ-ਅੰਧਾਰੀ
ਹਾਣ ਨੂੰ ਕਹਿੰਦੇ ਹਾਣ
ਅੱਗ ਨੂੰ ਅੱਗ ਪਿਆਰੀ
ਮੈਨੂੰ ਭਿੱਟ-ਅੰਗੀ ਨੂੰ
ਭਿੱਟ- ਅੰਗਾ ਵਰ ਦੇਵੋ
ਨੀ ਮੈਂ ਅੱਗ ਨਿਰੀ
ਤੇ ਅੱਗ ਤਲੀ ਧਰ ਦੇਵੋ
ਮਥਰੀ
ਪਰ ਸਈਏ
ਤੂੰ ਇਹ ਨਾ ਉੱਕੀ ਗੱਲ ਵਿਚਾਰੀ
ਬੇਹੀ ਭਲੀ ਕਥੂਰੀ
ਤਾਜ਼ਾ ਹਿੰਗ ਹੈ ਮਾੜੀ
ਲੂਣਾ
ਹਿੰਗ ਸਦਾ ਬਲਵਾਨ
ਕਥੂਰੀ ਪਲ ਵਿਚ ਮਾਰੇ
ਪਲਾਂ ਛਿਣਾਂ ਵਿਚ ਉਸ ਦੀ
ਸਾਰੀ ਮਹਿਕ ਉਜਾੜੇ
ਹਿੱਗ ਨੂੰ ਕੋਈ ਕਥੂਰੀ
ਕੀਕਣ ਬੋਲੀ ਮਾਰੇ
ਮਥਰੀ ਮੈਂ ਸਈਏ
ਬੋਲੀ ਨਾ ਮਾਰੀ
ਮੈਂ ਤੇਰੀ ਸਹਿ ਅੰਗਣ ਹਾਂ
ਅੱਗ ਦੀ ਪੀੜ
ਪਛਾਨਣ ਹਾਰੀ
ਮਥਰੀ
ਮੈਂ ਸਈਏ
ਮੈਂ ਤੇਰੀ ਸਹਿ ਅੰਗਣ ਹਾਂ
ਅੱਗ ਦੀ ਪੀੜ
ਪਛਾਨਣ ਹਾਰੀ
ਲੂਣਾ
ਸਈਏ ਨੀ
ਸੁਣ ਮੇਰੀਏ ਸਈਏ
ਅੱਗ ਦੀ ਪੀੜ
ਪਛਾਣੇ ਕਿਹੜਾ ?
ਅੱਗ ਦੇ ਦੁੱਖ ਨੂੰ ਜਾਣੇ ਕਿਹੜਾ ?
ਸਈਏ ਜਦ ਵੀ
ਅੱਗ ਜੰਮਦੀ ਹੈ
ਅੱਗ ਦੀ ਅੰਬੜੀ ਰੋ ਪੈਂਦੀ ਹੈ
ਹਰ ਅੰਬੜੀ ਦੀ
ਕੁੱਖ ਵਿਚ ਸਈਏ
ਪੁੱਤਰ ਦੀ ਖੁਸ਼ਬੋ ਰਹਿੰਦੀ ਹੈ
ਅੱਗ ਜੰਮੇ
ਤਾਂ ਦੁੱਧ ਸੁੱਕ ਜਾਂਦਾ
ਵਿਚ ਕਲੇਜੇ ਖੋਹ ਪੈਂਦੀ ਹੈ
ਬਾਬਲ ਦੀ
ਪੱਗ ਦਾ ਰੰਗ ਖੁਰਦਾ
ਕੰਨੀ ਮੰਦੀ ਸੋਅ ਪੈਂਦੀ ਹੈ
ਜਨਮ-ਦਿਹਾੜੇ
ਬੂਹਿਉ ਕੱਢਣ ਦੀ
ਬਸ ਚਿੰਤਾ ਹੋ ਜਾਂਦੀ ਹੈ
ਅੱਗ ਦੀ ਪੀੜ ਪਛਾਣੇ ਕਿਹੜਾ ?
ਅੱਗ ਨੂੰ ਪੀੜ
ਸਦਾ ਰਹਿੰਦੀ ਹੈ
ਕੋਈ ਨਾ ਐਸੀ ਨਾਰ ਧਰਤ 'ਤੇ
ਜੋ ਕਿ ਪੀੜ-ਵਿਛੁੰਨੀ ਹੋਵੇ
ਜੋ ਨਾ ਮਰਦਾਂ
ਭੁੰਨੀ ਹੋਵੇ
ਕਿਸੇ ਦੇਸ ਵਿਚ ਨਾਰ ਨਾ ਐਸੀ
ਜੋ ਨਾ ਹੱਕ ਤੋਂ
ਰੁੰਨੀ ਹੋਵੇ
ਕੋਈ ਨਾ ਨਾਰ
ਜੋ ਏਸ ਜਹਾਨੇ
ਵਾਂਗ ਕਬਰ ਨਾ ਸੁੰਨੀ ਹੋਵੇ
ਜੇ ਕੋਈ ਹੈ
ਤਾਂ ਮੈਂ ਕਹਿੰਦੀ ਹਾਂ
ਅੱਜ ਉਹ ਮੇਰੇ ਸਾਹਵੇਂ ਆਵੇ
ਸਣੇ ਸੰਧੂਰੀ ਮਾਂਗ ਮੇਰੀ ਦੇ
ਮੇਰੀ ਉਮਰਾ
ਵੀ ਲੈ ਜਾਵੇ
ਮਥਰੀ
ਜੀਕਣ ਦੀਵਾ
ਦੀਵਿਉਂ ਬਲਦਾ
ਸਈਏ !
ਉਮਰੋਂ ਉਮਰਾ ਬਲਦੀ
ਹਰ ਨਾਰੀ ਹੀ ਰਚਨ-ਹਾਰ ਹੈ
ਰਚਨ-ਹਾਰ ਨੂੰ
ਮੌਤ ਨਾ ਛਲਦੀ
ਰਚਨ-ਹਾਰ ਜੋ ਵੀ ਰਚਦਾ ਹੈ
ਉਸ 'ਚੋਂ ਆਪਣੀ
ਉਮਰ ਸੰਞਾਣੇ
ਦਿਵਸ, ਸਾਲ ਤੇ ਸਦੀਆਂ ਵਾਲੇ
ਉਹ ਤਾਂ ਪੁੱਠੇ ਗੇੜ ਨਾ ਜਾਣੇ
ਆਪਣੀ ਰਚਨਾ ਦੇ ਪਿੰਡੇ 'ਚੋਂ
ਆਪਣੇ ਸਾਹ ਦੀ ਮਹਿਕ ਪਛਾਣੇ
ਮਰਨਾ ਨਾ ਜਾਣੇ
ਲੂਣਾ
ਸਈਉ !
ਨਾਰੀ ਕੀਹ ਰਚਦੀ ਹੈ
ਅਗਨ-ਵਰੇਸ ਜਦੋਂ ਮਚਦੀ ਹੈ
ਵਾਂਗ ਫਲਾਂ ਦੇ
ਆ ਰਸਦੀ ਹੈ
ਝੂਠੀ ਡਾਰ ਮੁਹੱਬਤ ਵਾਲੀ
ਉਸ ਦਾ ਪਿੰਡਾ
ਆ ਪੱਛਦੀ ਹੈ
ਚਾਹਿਆਂ, ਅਣ-ਚਾਹਿਆਂ ਧਰਤੀ 'ਤੇ
ਹੱਡ ਮਾਸ ਦਾ
ਬੁੱਤ ਰਚਦੀ ਹੈ
ਮਜਬੂਰੀ ਤਾਂ ਰਚਨਾ ਨਾਹੀਂ
ਨਾਰੀ ਇਸ 'ਤੇ
ਖੁਦ ਹੱਸਦੀ ਹੈ
ਈਰਾ
ਧਰਤੀ 'ਤੇ
ਜੋ ਕੁਝ ਸੋਹਣਾ ਹੈ
ਉਸ ਦੇ ਪਿੱਛੇ ਨਾਰ ਅਵੱਸ਼ ਹੈ
ਜੋ ਕੁਝ ਕਿਸੇ
ਮਹਾਨ ਹੈ ਰਚਿਆ
ਉਸ ਵਿਚ ਨਾਰੀ ਦਾ ਹੀ ਹੱਥ ਹੈ
ਨਾਰੀ ਆਪੇ ਨਾਰਾਇਣ ਹੈ
ਹਰ ਮੱਥੇ ਦੀ ਤੀਜੀ ਅੱਖ ਹੈ
ਨਾਰੀ
ਧਰਤੀ ਦੀ ਕਵਿਤਾ ਹੈ
ਪਰ ਜੋ
ਸੋਹਣੇ ਤੋਂ ਸੋਹਣਾ ਹੈ
ਉਹ ਹੈ ਬਸ ਨਾਰੀ ਦੀ ਚੋਰੀ
ਇਸ ਚੋਰੀ ਬਿਨ
ਸਭ ਕੁਝ ਕੋਝਾ
ਕੱਲਰੀ ਤੇਲ-ਪਲੀ ਜਿਉ ਰੋਹੜੀ
ਹਰ ਅਗਨੀ ਨੂੰ
ਅੱਗ ਦਾ ਤਾਲਾ
ਕੋਈ ਆਦਰਸ਼-ਸੁਪਨਾ ਲਾਂਦਾ ਹੈ
ਪਰ ਆਦਰਸ਼-ਸੁਪਨ ਨਾ ਲੱਭਦਾ
ਤੇ ਤਾਲੇ ਨੂੰ
ਜੰਗ ਖਾਂਦਾ ਹੈ
ਅੱਗ ਦਾ ਤਾਲਾ
ਆਖ਼ਿਰ ਸਈਏ
ਇਕ ਦਿਨ ਆਪੇ ਟੁੱਟ ਜਾਂਦਾ ਹੈ
ਤੇ ਆਦਰਸ਼-ਹੀਣ ਕੋਈ ਸੁਪਨਾ
ਅਗਨੀ ਚੋਰੀ ਕਰ ਲੈਂਦਾ ਹੈ
ਆਪਣੇ ਚੁੱਕੇ
ਦਬ ਲੈਂਦਾ ਹੈ
ਲੂਣਾ
ਨੀ ਸਈਉ, ਨੀ ਕੂੰਜੜੀਉ
ਮੈਨੂੰ ਐਸਾ ਤਾਲਾ ਮਾਰੋ
ਨਾ ਖੁੱਲ੍ਹੇ ਨਾ ਭੱਜੇ ਭਾਵੇਂ
ਲੱਖ ਹਥੌੜਾ ਮਾਰੋ
ਦੰਦ-ਖੰਡ ਦਾ ਭੰਨੇ ਚੂੜਾ
ਕੌਡ ਕਲੀਰੇ ਸਾੜੇ
ਹੁਕਮ ਕਰੋ ਮੇਰੇ ਬਾਬਲੇ
ਜਾ ਰਾਜੇ ਅਰਜ਼ ਗੁਜ਼ਾਰੋ
ਲੈ ਚੱਲੋ ਕੋਟ-ਸਿਆਲ ਨੂੰ
(ਲੂਣਾ ਉੱਚੀ-ਉੱਚੀ ਰੋਣ
ਲੱਗ ਜਾਂਦੀ ਹੈ, ਈਰਾ ਉਸ ਨੂੰ ਚੁੱਪ
ਕਰਾਉਣ ਦੀ ਕੋਸ਼ਿਸ਼ ਕਰਦੀ ਹੈ।)
ਈਰਾ
ਨਾ ਰੋ ਨੀ
ਚੰਬੇ ਦੀਏ ਜਾਈਏ
ਗੁੜ ਹੋਵੇ ਤਾਂ ਵੰਡ ਵੀ ਲਈਏ
ਪਰ ਦੁੱਖਾਂ
ਨੂੰ ਕਿੰਜ ਵੰਡਾਈਏ
ਅਸੀਂ ਤਾਂ ਸੱਭੇ ਭੱਠ ਝੋਕਣ ਨੂੰ
ਅੜੀਏ, ਅੱਗ ਦੀ ਜੂਨ ਹੰਢਾਈਏ
ਨਾ ਰੋ ਨੀ ਚੰਬੇ ਦੀਏ ਜਾਈਏ
ਮਥਰੀ
ਨੀ ਈਰਾ !
ਇਹਨੂੰ ਰੋਵਣ ਦੇ ਤੂੰ
ਦਾਗ਼ ਦਿਲੇ ਦੇ ਧੋਵਣ ਦੇ ਤੂੰ
ਹੰਝੂ ਸਾਡੇ ਦੁੱਖ ਵੰਡਾਂਦੇ
ਇਸ ਨੂੰ ਹਲਕੀ
ਹੋਵਣ ਦੇ ਤੂੰ
ਸਈਏ ! ਏਸ ਧਰਤੀ ਦੇ ਜੀਵਾਂ
ਦੀ ਅੱਖ ਜੇਕਰ ਹੰਡ ਨਾ ਹੋਵੇ
ਤਾਂ ਸੰਭਵ ਹੈ
ਦੁੱਖਾਂ ਲੱਦੀ
ਸਾਰੀ ਧਰਤੀ ਪਾਗਲ ਹੋਵੇ
ਹੰਝੂ ਸਾਡੇ
ਬੜੇ ਪਿਆਰੇ ਤੇ ਬੇ-ਗ਼ਰਜ਼ੇ
ਸਾਡੇ ਦੁੱਖ ਦੀ ਖ਼ਾਤਿਰ ਜਿਹੜੇ
ਚੁੱਪ ਚੁਪੀਤੇ
ਨੇ ਡਿੱਗ ਮਰਦੇ
ਕਹਿੰਦੇ, ਹੰਝੂ ਸੋ ਵੱਟੇ ਜੋ
ਪਿਆਰ ਨੂੰ ਤੋਲਣ
ਤੱਕੜੀ ਚੜ੍ਹਦੇ
ਸੌ ਯਾਰਾਂ ਦੀ ਯਾਰੀ ਨਾਲੋਂ
ਇਕ ਹੰਝੂ ਦੀ ਯਾਰੀ ਚੰਗੀ
ਪਿਆਰ ਦੀ ਬਾਜ਼ੀ
ਜਿੱਤਣ ਨਾਲੋਂ
ਪਿਆਰ ਦੀ ਬਾਜ਼ੀ
ਹਾਰੀ ਚੰਗੀ
(ਲੂਣਾ ਦਾ ਪਿਤਾ ਬਾਰੂ ਕਮਰੇ 'ਚ
ਪ੍ਰਵੇਸ਼ ਕਰਦਾ ਹੈ।)
ਬਾਰੂ
ਹਰ ਧੀ ਦਾ ਦੁੱਖ
ਜਾਨਣ ਮਾਵਾਂ
ਬਾਬਲ ਜਾਨਣ ਸਾਰ ਕੀਹ ਧੀਏ ?
ਲੋਕੀ ਕਹਿੰਦੇ ਆਏ ਗੁਰਬਤ
ਨਰ-ਸਿੰਘਾ ਅਵਤਾਰ ਨੀ ਧੀਏ
ਨਾ ਇਹ ਸਾਨੂੰ
ਅੰਦਰ ਮਾਰੇ
ਤੇ ਨਾ ਬਾਹਰ-ਬਾਰ ਨੀ ਧੀਏ
ਵਿਚ ਦਲੀਜੀ
ਸੰਘੀ ਘੁੱਟੇ
ਕਾਲੇ ਹੱਥ ਪਸਾਰ ਨੀ ਧੀਏ
ਨਿਰਧਨ ਦੇ ਘਰ
ਕਿਸਮਤ ਨੂੰ ਹੈ ਹਾਰ ਨੀ ਧੀਏ
ਉੱਠ ਆ ਪਹੁੰਚੇ, ਮੋਰਨੀਏ ਨੀ
ਡੋਲਾ ਘੱਤ ਕੁਹਾਰ ਨੀ ਧੀਏ
ਬਾਹਰ ਰਾਜਾ ਆ ਖੜ੍ਹਾ
ਤੇ ਨਾਲ ਖੜ੍ਹੇ
ਅਸਵਾਰ ਨੀ ਧੀਏ
ਵਾਪਸ ਕੋਟ-ਸਿਆਲੇ ਤਾਈ
ਸੱਭੇ ਹੋਏ ਤਿਆਰ ਨੀ ਧੀਏ
ਇਕ ਨਿਰਧਨ
ਬਾਬਲ ਦਾ ਲੈ ਜਾ
ਅੰਤਮ-ਵਾਰ ਪਿਆਰ ਨੀ ਧੀਏ
(ਈਰਾ ਨੂੰ ਸੰਬੋਧਨ ਕਰਕੇ)
ਬਾਰੂ
ਈਰਾ ਪੁੱਤਰ
ਤੂੰ ਵੀ ਕੁਝ ਦਿਨ
ਟੁਰ ਜਾ ਲੂਣਾ ਨਾਲ ਨੀ ਧੀਏ
ਪਰਛਾਵੇਂ ਵੱਤ ਨਾਲ ਰਵੀਂ
ਤੇ ਪੂਰੀ ਕਰੀਂ ਸੰਭਾਲ ਨੀ ਧੀਏ
ਜਦ ਇਹਦਾ ਮਨ
ਵਰਚ ਜਾਏ ਤਾਂ
ਮੁੜ ਆਵੀਂ ਚੰਬਿਆਲ ਨੀ ਧੀਏ
ਮੇਰਾ ਤੇ ਨਾਲੇ ਬਾਪ ਤੇਰੇ ਦਾ
ਇਹੋ ਇਕ ਸਵਾਲ ਨੀ ਧੀਏ
ਘੱਲਦੀ ਰਹੀ
ਕਿਸੇ ਹੱਥ ਸਾਨੂੰ
ਇਸ ਦਾ ਹਾਲ
ਹਵਾਲ ਨੀ ਧੀਏ
(ਸੱਭੇ ਰੋਂਦੇ ਕਮਰੇ ਵਿਚੋਂ ਨਿਕਲਦੇ
ਹਨ । ਇਕ ਵਿਦਾਇਗੀ ਦਾ ਗੀਤ
ਚੌਥਾ ਅੰਕ
ਅਜੀਤ, ਬਲਦੀਪ ਤੇ ਆਸ਼ਾ ਭੋਂਸਲੇ ਦੇ ਨਾਂ
(ਰਾਣੀ ਇੱਛਰਾਂ ਆਪਣੇ ਮਹਿਲ 'ਚ ਬੈਠੀ,
ਰਾਜਾ ਸਲਵਾਨ ਦੇ ਦੂਜੇ ਵਿਆਹ ਦੀ ਖ਼ਬਰ
ਸੁਣ ਕੇ ਆਪਣੀ ਗੋਲੀ ਨਾਲ ਰੁਦਨ ਕਰ ਰਹੀ ਹੈ ।)
ਇੱਛਰਾਂ
ਕਿਹੜੇ ਦੇਸ਼ ਦਿੱਤੀ
ਧੀ ਬਾਬਲਾ ਵੇ
ਜਿਥੇ ਲੋਕਾਂ ਨੂੰ ਦੁੱਖਾਂ ਦੀ
ਸਾਰ ਕੋਈ ਨਾ
ਜਿਹੜੇ ਦੇਸ਼ ਚ ਚੰਦਰੇ ਸੂਰਜਾਂ ਦਾ
ਧੁੱਪ ਆਪਣੀ ਨਾਲ ਹੀ
ਪਿਆਰ ਕੋਈ ਨਾ
ਆਦਮ ਖੇਰ ਜੰਗਲ
ਗੋਰੇ ਪਿੰਡਿਆਂ ਦੇ
ਡਾਲੀ ਪੱਤ ਨਾ ਫੁੱਲ, ਫਲਹਾਰ ਕੋਈ ਨਾ
ਪਿੰਡੇ ਵੇਚਣੇ
ਤੇ ਪਿੰਡੇ ਮੁੱਲ ਲੈਣੇ
ਹੱਡ ਮਾਸ ਤੋਂ ਬਿਨਾ ਵਪਾਰ ਕੋਈ ਨਾ
ਜਿਹੜੇ ਦੇਸ਼ ਨਾਰੀ
ਭੋਗੇ ਨਰਕ ਕੁੰਭੀ
ਜੋਤੀ ਪੈਰ ਦੀ
ਵੱਧ ਸਤਿਕਾਰ ਕੋਈ ਨਾ
ਰੱਖ ਹੌਸਲਾ
ਰਾਣੀਏ ਸਬਰ ਕਰਲੈ
ਰੱਖੇ ਆਸ ਕਿਉਂ
ਮਰਦ ਦੀ ਜ਼ਾਤ ਕੋਲੋਂ
ਮਰਦ ਜਾਤ ਤੋਂ ਵਫ਼ਾ ਦੀ ਆਸ ਕਰਨੀ
ਮੰਗਣੀ ਰਿਸ਼ਮ
ਅਮਾਵਸ ਦੀ ਰਾਤ ਕੋਲੋਂ
ਇੱਛਰਾਂ
ਮੈਂ ਨਾ ਗੋਲੀਏ, ਭੋਲੀਏ
ਵਫ਼ਾ ਮੰਗਾਂ
ਮੈਂ ਤਾਂ ਇਕੋ ਹੀ ਮੌਤ ਪਈ
ਮੰਗਦੀ ਹਾਂ
ਮੱਚੇ ਕਾਲਜਾ
ਜੀਭੇ ਕੁੜੱਲ ਪੈਂਦੇ
ਕਰਨ ਗੱਲ ਕੁਚੱਜੀ ਪਈ ਸੰਗਦੀ ਹਾਂ
ਮੇਰੇ ਸੰਘ 'ਚੋਂ
ਮੇਰਾ ਨਾ ਸਾਹ ਲੰਘੇ
ਕਾਲੇ ਪੰਧ
ਨਮੋਸ਼ੀ ਦੇ ਅੰਗਦੀ ਹਾਂ
ਰਾਜਾ ਹੋਏ, ਚਮਾਰੀ ਪਰਨਾਏ ਆਂਦੀ
ਫੜ ਕਾਲਜਾ
ਪੀੜ ਪਈ ਥੰਮਦੀ ਹਾਂ
ਗੋਲੀ
ਮਰਦ ਮੁਸ਼ਕੇ
ਜਾ ਬਹਿੰਦੇ ਨੀ ਕੰਜਰਾਂ ਦੇ
ਕੱਲੀ ਕਾਰੀ ਚਮਾਰੀ
ਅੰਗ ਚੂਪ ਕੇ ਫੋਕ ਜਾਂ ਸੁੱਟ ਦਿੰਦੇ
ਫੇਰ ਪੁੱਛਦੇ ਜੀ
ਤੇਰੀ, ਜ਼ਾਤ ਕੀਹ ਏ ?
ਜਿਹੜੀ ਕਿਰਨ ਨੂੰ
ਅੰਗ ਛੁਹਾ ਬਹਿੰਦੇ
ਓਸ ਕਿਰਨ ਦੀ ਫੇਰ, ਔਕਾਤ ਕੀਹ ਏ ?
ਲੱਖ ਸੂਰਜਾ
ਓਸ ਦੀ ਭਰੇ ਹਾਮੀ
ਫੇਰ ਉਹਦਾ ਤੇ ਮਰਦ ਦਾ
ਸਾਥ ਕੀ ਏ
ਰਾਤੀਂ ਹੋਰ
ਤੇ ਦਿਨੇ ਨੂੰ ਹੋਰ ਹੁੰਦੇ
ਕਰਨੀ ਗਿਰਗਟਾਂ ਦੀ ਭਲਾ
ਬਾਤ ਕੀਹ ਏ
ਇੱਛਰਾਂ
ਨੀ ਮੈਂ ਗਿਰਗਟਾਂ ਦੇ ਰੰਗ
ਸਮਝਦੀ ਹਾਂ
ਪਰ ਇਹ ਮਰਦਾਂ ਦੇ ਰੰਗ
ਨਾ ਸਮਝ ਸਕੀ
ਡੰਗ ਸਮਝਾਂ ਮੈਂ ਕਾਲੇ ਖੜੱਪਿਆਂ ਦੇ
ਪਰ ਇਹ ਮਰਦਾਂ ਦੇ ਡੰਗ
ਨਾ ਸਮਝ ਸਕੀ
ਗੋਲੀ
ਮਰਦ ਲੜਦੇ
ਦਮੂੰਹੀਂ ਦੇ ਵਾਂਗ ਰਾਣੀ
ਜਿਹਨੂੰ ਲੜਨ
ਇਹ ਸਦਾ ਹੀ ਲੜੀ ਜਾਂਦੇ
ਭਾਗ ਨਾਰੀ ਵਿਚਾਰੀ ਦੇ
ਸੜੀ ਜਾਂਦੇ
ਕਈ ਵਾਰ
ਮੈਂ ਰਾਣੀਏਂ ਸੋਚਦੀ ਹਾਂ
ਕਿਹਨੇ ਲੇਖ ਸੀ ਲਿਖੇ ਨੀ ਨਾਰੀਆਂ ਦੇ
ਚੰਦਨ ਕਿਸਮਤਾਂ ਦੇ
ਹੱਥੀਂ ਚੀਰਨੇ ਨੂੰ
ਪੁੱਠੇ ਦੰਦੇ
ਕਢਾਈਏ ਨੀ ਆਰੀਆਂ ਦੇ
ਜੂਨ ਪਿੰਜਰੇ
ਮਰਦ ਦੇ ਭੋਗਣੇ ਨੂੰ
ਖੰਭ ਨੋਚੀਏ
ਆਪ ਉਡਾਰੀਆਂ ਦੇ
ਨਾਲੇ ਪੁੱਤ ਦਈਏ
ਨਾਲੇ ਦਾਅਵੇ ਵੀ ਕਰੀਏ ਨੀ ਯਾਰੀਆਂ ਦੇ
ਮਾਲ ਜਿੱਤ-ਜਿਤਾ ਕੇ
ਮੋੜ ਦਈਏ
ਇਨ੍ਹਾਂ ਚੰਦਰੇ ਸੂਮ ਜੁਆਰੀਆਂ ਦੇ
ਦਈਏ ਰੰਗਨੇ ਨੂੰ
ਰੰਗ ਕੱਢ ਲੈਂਦੇ
ਜਾਈਏ ਅਸ਼ਕੇ ਨੀ
ਇਨ੍ਹਾਂ ਲਲਾਰੀਆਂ ਦੇ
ਪੱਟ ਕੱਤੀਏ
ਤੇ ਨਾਲੇ ਭੁੱਜ ਮਰੀਏ
ਲਾਅਨਤ ਸੁੱਚੀਆਂ
ਤੰਦਾਂ ਖਿਲਾਰੀਆਂ ਦੇ
ਇਨ੍ਹਾਂ ਮਰਦਾਂ ਦੀ ਜ਼ਾਤ ਦੀ
ਭਲੀ ਪੁੱਛੀ
ਏਸ ਜ਼ਾਤ ਤੋਂ ਰਾਣੀਏ
ਬੇਹੀਆਂ ਖਾਏ ਕੇ ਰਾਖੀਆਂ ਕਰਨ ਜਿਹੜੇ
ਛੱਡਣ ਦਰ ਨਾ
ਖਾਏ ਕੇ ਰੋਜ਼ ਜੁੱਤੇ
ਖਾ ਜਾਣ ਨੀ ਕੂਲੀਆਂ
ਲਗਰ ਦੇਹੀਆਂ
ਪਰ ਇਹ ਮਰਦ
ਮੁਹੱਬਤ ਦੇ ਨਾਮ ਉੱਤੇ
ਸੁੰਘਦੇ ਫਿਰਨ
ਇਹ ਦਰਾਂ ਪਰਾਈਆਂ ਉੱਤੇ
ਮਰਦ ਰਹਿਣ ਪਰਾਈਆਂ ਦੇ ਸਦਾ ਭੁੱਖੇ
ਨੀ ਇਹ ਉਹ ਕੁੱਤੇ
ਜੋ ਨਾ ਕਰਨ ਰਾਖੀ
ਸੰਨੂ ਮਾਰਦੇ
ਵਫ਼ਾ ਦੇ ਨਾਮ ਉੱਤੇ
ਦਿਨੇ ਹੋਰ ਦੇ ਦਰਾਂ ਤੋਂ
ਟੁਕ ਖਾਂਦੇ
ਰਾਤੀਂ ਹੋਰ ਦੇ ਦਰਾਂ 'ਤੇ
ਜਾ ਸੁੱਤੇ
ਇੱਛਰਾਂ
ਨੀ ਮੈਂ ਗੋਲੀਏ !
ਧੁੱਪ ਪਈ ਅਰਜ਼ ਕਰਦੀ
ਮੈਨੂੰ ਮੈਂਡੜਾ ਸੂਰਜਾ ਮੋੜ ਦੇਵੋ
ਉਧੇ-ਨਗਰੀਆਂ ਦੀ ਧੀ
ਹੱਥ ਜੋੜੋ
ਮੇਰੇ ਅੰਗਾਂ 'ਚੋਂ ਅੱਗ ਨਚੋੜ ਦੇਵੋ
ਜਾਂ ਨੀ ਉਮਰ ਦੀ ਸ਼ਾਖ 'ਤੇ
ਟਹਿਕਦੀ ਦਾ
ਮੇਰਾ ਫੁੱਲ ਹਯਾਤੀ ਦਾ
ਤੋੜ ਦੇਵੇ
ਸੂਕਦੀ ਨੇਂ ਅੰਦਰ
ਕਰੋ ਡੱਕਰੇ
ਤੇ ਮੈਨੂੰ ਰੋੜ੍ਹ ਦੇਵੋ
ਜਿਉਂਦੇ ਜੀ
ਨੀ ਕੰਤ ਵਿਸਾਰ ਦੇਣਾ
ਏਸ ਦੇਸ ਦੀ ਨਾਰ ਦੇ ਵੱਸ ਨਾਹੀਂ
ਬੁਝ ਜਾਏ ਸੰਧੂਰ ਜੇ
ਮਾਂਗ ਵਿਚੋਂ
ਹੁੰਦਾ ਕਿਸੇ ਵੀ ਨਾਰ ਤੋਂ
ਹੱਸ ਨਾਹੀਂ
ਏਸ ਦੇਸ ਈ ਕੰਤ ਕਰਤਾਰ ਸਈਏ
ਲੱਖ ਵੈਲ ਹੋਵੇ
ਹੁੰਦਾ ਦੱਸ ਨਾਹੀਂ
ਨੀ ਮੈਂ ਜਾਣਦੀ
ਮਰਦਾਂ ਦੇ ਐਬ ਸਾਰੇ
ਮੈਨੂੰ ਮਰਦਾਂ ਦੇ ਐਬ
ਤੂੰ ਦੱਸ ਨਾਹੀਂ
ਹੋਵੇ ਵੈਲੀ ਜੇ ਮਰਦ
ਤਾਂ ਬਖ਼ਸ਼ ਦਈਏ
ਕੰਤੇ ਮੰਦਾ ਨਾ ਬੋਲੀਏ
ਗੋਲੀਏ ਨੀ
ਕੰਤ ਰੂਪ ਨੂੰ ਕਾਹਨ ਕਰ ਜਾਣੀਏ ਨੀ
ਔਗੁਣ ਮਰਦ ਦੇ
ਕਦੇ ਨਾ ਫੋਲੀਏ ਨੀ
ਕਦੇ ਆਪਣਾ
ਮਰਦ ਨਾ ਭੰਡੀਏ ਨੀ
ਪੱਤ ਆਪਣੀ ਆਪ ਨਾ ਰੋਲੀਏ ਨੀ
ਮੰਦਰ ਦੇਵਤੇ ਦੇ
ਦੀਵਾ ਬਾਲ ਆਈਏ
ਕਦੇ ਓਸ ਦਾ ਸਿਲਾ
ਗੋਲੀ
ਇਹ ਤਾਂ ਨਿਰਾ ਹੈ
ਅੰਧ-ਵਿਸ਼ਵਾਸ ਰਾਣੀ
ਅੱਖਾਂ ਮੁੰਦ ਕੇ ਖੂਹੇ ਦੀ ਮਣ ਭੌਣੀ
ਏਸ ਤਰ੍ਹਾਂ
ਇਸ ਦੇਸ ਦੀ ਨਾਰ ਰਾਣੀ
ਲੱਖਾਂ ਜਨਮ ਨਾ ਦੁੱਖਾਂ ਤੋਂ
ਮੁਕਤ ਹੋਣੀ
ਇੱਛਰਾਂ
ਨਾਰੀ ਨਾਂ ਹੀ
ਅੰਧ-ਵਿਸ਼ਵਾਸ ਦਾ ਹੈ
ਨਾਰੀ ਸਦਾ ਅਨਿਆਂ 'ਚੋਂ ਜਨਮ ਲੈਂਦੀ
ਨਾਰੀ ਨਾਮ
ਇਕ ਐਸੇ ਅਹਿਸਾਸ ਦਾ ਹੈ
ਜਿਵੇਂ ਜ਼ਖ਼ਮ 'ਚ
ਪੀੜ ਹੈ ਘੁਲੀ ਰਹਿੰਦੀ
ਗੋਲੀ
ਜੇ ਕਰ ਰਾਣੀਏ
ਇਹ ਵਿਸ਼ਵਾਸ ਤੇਰਾ
ਤਾਂ ਤੂੰ ਐਵੇਂ
ਸਲਵਾਨ ਨੂੰ ਰੇ ਨਾਹੀਂ
ਇਕ ਛੱਡ ਪ੍ਰਣਾਏ ਉਹ ਲੱਖ ਲੂਣਾ
ਐਵੇਂ ਨੈਣਾਂ 'ਚ
ਹੰਡ ਪਰੋ ਨਾਹੀ
ਇਹ ਨਾ ਗੋਲੀਏ ਨੀ
ਵਿਸ਼ਵਾਸ ਮੇਰਾ
ਇਕ ਨਾਰ ਕਰੂਪੀ ਪਰ ਕੀਹ ਆਖੇ
ਜਿਹੜੀ ਨਾਰ ਨਾ ਕੰਤ
ਰਿਝਾ ਸਕੀ
ਨੀ ਉਹ ਦੋਸ਼ ਕਿਸੇ ਸਿਰ
ਕੀਹ ਥਾਪੇ
ਜੇਕਰ ਰਾਖਵਾਂ
ਪੰਛੀ ਵੀ ਉੱਡ ਜਾਏ
ਤਾਂ ਵੀ ਗੋਲੀਏ ਡਾਢੜਾ ਦੁੱਖ ਹੁੰਦੈ
ਪਾਏ ਕੰਤ ਵਿਛੋੜਾ
ਜੇ ਨਾਰ ਤਾਈਂ
ਉਹਦਾ ਦੀਨ ਈਮਾਨ ਹੀ
ਲੁੱਟ ਹੁੰਦੈ
ਨਾ ਤਾਂ ਓਸ ਬੇਚਾਰੀ ਤੋਂ ਬੈਠ ਹੋਵੇ
ਨਾ ਤਾਂ ਓਸ ਬੇਚਾਰੀ ਤੋਂ ਉੱਠ ਹੁੰਦੇ
ਦੇਹ ਨੈਣ-ਪ੍ਰਾਣ
ਨਾ ਰਹਿਣ ਮਾਸਾ
ਲਹੂ ਮਾਸ ਦਾ
ਸੱਖਣਾ ਬੁੱਤ ਹੁੰਦੇ
ਨਾ ਤਾਂ ਕਿਸੇ ਦੇ ਨਾਲ ਹੀ
ਬੋਲ ਹੋਵੇ
ਨਾ ਤਾਂ ਕਿਸੇ ਦੇ ਨਾਲ ਹੀ
ਰੁੱਸ ਹੁੰਦੈ
ਮੇਰੇ ਦਿਲ ਦਾ ਹਾਲ
ਅੱਜ ਈਕਣਾ ਹੈ
ਬੀਆਬਾਨ ਜਿਉਂ ਇਕ ਉਜਾੜ ਹੋਵੇ
ਹੋਵੇ ਸਿਖ਼ਰ ਦੁਪਹਿਰ
ਤੇ ਲੂ ਵਗਦੀ
ਹਾੜ ਹੋਵੇ
ਦੂਰ ਦੂਰ ਤਕ ਕੋਈ ਨਾ ਰੁੱਖ ਹੋਵੇ
ਟਾਵੀ ਟਾਵੀਂ ਕੋਈ
ਥੋਹਰਾਂ ਦੀ ਵਾੜ ਹੋਵੇ
ਓਸ ਵਿਚ ਉਜਾੜ ਹੋਵੇ
ਮੜ੍ਹੀ ਬਲਦੀ
ਸਿਰ 'ਤੇ ਉੱਡਦੀ
ਗਿਰਝਾਂ ਦੀ ਡਾਰ ਹੋਵੇ
ਹੋਵੇ ਹਵਾ ਵਗਦੀ ਨਾਲ ਹਿਚਕੀਆਂ ਦੇ
ਇਕ ਚੁੱਪ ਆਵਾਜ਼ਾ
ਰਹੀ ਮਾਰ ਹੋਵੇ
ਇਉਂ ਜਾਪੇ
ਜਿਉਂ ਡੈਣ ਕੋਈ ਕਰੇ ਪਿੱਛਾ
ਜੇਕਰ ਰਤਾ ਵੀ ਕਿਤੇ
ਖਟਕਾਰ ਹੋਵੇ
ਇਕ ਡਰ ਲੱਗੇ
ਆਵੇ ਝੁਣਝੁਣੀ ਜਿਹੀ
ਦੂਜੀ ਚੀਖ਼
ਕਲੇਜਿਉਂ ਪਾਰ ਹੋਵੇ
ਨੀ ਕੋਈ ਕਹੋ ਸਲਵਾਨ ਨੂੰ
ਜਾ ਅੜੀਉ
ਮੈਨੂੰ ਸੁੰਨ ਉਜਾੜਾਂ ਨੇ ਖਾ ਜਾਣਾ
ਮੈਂਡੀ ਚੰਦਰੀ ਰੂਹ ਵਿਚ
ਰੋਣ ਕੁੱਤੇ
ਮੇਰਾ ਸੂਰਜਾ ਮੁੱਖ
ਕੁਮਲਾ ਜਾਣਾ
ਮੈਨੂੰ ਆਪਣੇ ਛੇਰਿਓ ਡਰ ਲੱਗਦਾ
ਮੈਨੂੰ ਮੇਰਿਆਂ ਛੌਰਿਆਂ
ਖਾ ਜਾਣਾ
ਇਕ ਵਾਰ ਆ ਮੁੱਖ
ਵਿਖਾ ਜਾਣਾ
ਗੋਲੀ
ਜਿਹੜਾ ਦਿਵਸ ਆਉਣਾ
ਵਿਚ ਕਬਰ ਰਾਈ
ਉਹ ਬਾਹਰ ਤਾਂ ਕਦੇ ਨਾ ਆਵਿਆ ਈ
ਰਾਈ ਘਟੇ
ਨਾ ਵਧੇ ਹੀ ਤਿਲ ਮਾਸਾ
ਧੁਰੋਂ ਮੱਥੇ ਜੋ ਲੇਖ ਲਿਖਾਵਿਆ ਈ
ਅਸਾਂ ਨਾਰੀਆਂ
ਮਰਦਾਂ ਦੇ ਪੈਰ ਫੜ-ਫੜ
ਪੀਰਾਂ-ਮਾਰੀਆਂ
ਮਾਨ ਗਵਾਵਿਆ ਈ
ਚੰਨ ਸਰਵਰੀ ਤੈਰਦਾ ਸ਼ੈਲ ਭਾਵੇਂ
ਵਿਚ ਵਹਿਣੀਆਂ
ਕਦੇ ਨਾ ਭਾਵਿਆ ਈ
ਇਕ ਅਰਜ਼ ਗੁਜ਼ਾਰਾਂ
ਮੈਂ ਨਾਰੀਆਂ ਨੂੰ
ਜਦੋਂ ਓਸ ਤੋਂ ਮਰਦ ਖੁਸ਼ਬੋ ਮੰਗੇ
ਨਾਰੀ ਮੰਗ ਲਏ
ਓਸ ਦੀ ਮੁਲਖ ਸਾਰੀ
ਓਸ ਛਿਣ ਨਾ
ਓਸ ਦੀ ਜੀਭ ਸੰਗੇ
ਕੱਢੇ ਲਿਲ੍ਹੀਆਂ, ਦਵੇ ਉਹ ਲੱਖ ਝਾਂਸਾ
ਓਦੋਂ ਤੀਕ ਨਾ ਨਾਰ
ਖੁਸਬੋ ਵੰਡੇ
ਜਦੋਂ ਤੀਕ ਨੀ ਮਰਦ ਨਾ ਹੁਕਮ ਮੰਨੇ
ਸਿਰ ਭਾਰ ਨਾ ਹੋ ਕੇ
ਦਰੀ ਵੰਜੇ
ਝੱਲ ਖਲੇਰ ਨਾਹੀਂ
ਕਾਹਦੇ ਲਈ ਤੁੰ ਹੰਝੂ ਪਈ ਰੋੜ੍ਹਦੀ ਏਂ ?
ਇਕ ਦੈਂਤ ਨੂੰ ਦੇਵਤਾ
ਸਮਝ ਕਾਹਨੂੰ
ਗੋਰੇ ਹੱਥ ਨਮਾਣੀਏਂ ਜੋੜਦੀ ਏਂ
ਜੋ ਨਾ ਮਾਸ ਤੋਂ ਵੱਧ
ਸਵਾਦ ਜਾਣੇ
ਖੂਨੀ ਸ਼ਿਕਰਾ ਪਈ ਘਰੇ ਨੂੰ ਮੋੜਦੀ ਏਂ
ਹਾਏ ਨੀ ਨਾਰੀਏ
ਮੈਂਡੜੇ ਵਤਨ ਦੀਏ
ਝੂਠੇ ਮਰਦ ਲਈ
ਜਾਨ ਕਿਉਂ ਤੋੜਦੀ ਏਂ ?
ਵੇਖ ਅੰਧ-ਵਿਸ਼ਵਾਸ
ਇਹ ਨਾਰੀਆਂ
ਦਾ ਕਦੇ ਰੋਹ ਆਉਂਦੈ
ਕਦੇ ਮੋਹ ਆਉਂਦੈ
ਇਕ ਛਿਣ ਚਾਹਵਾਂ ਇਹਦੀ ਕਰਾਂ ਪੂਜਾ
ਦੂਜਾ ਨਫ਼ਰਤਾਂ ਦੇ ਸਰ
ਛੋਹ ਆਉਂਦੈ
ਇਹ ਮਰਦ ਕਸਾਈ ਵੱਤ ਦੁੰਬੀਆਂ ਜੋ
ਬੇ-ਜੀਭੀਆਂ ਨਾਰੀਆਂ
ਕੋਹ ਆਉਦੈ
ਰੂਪ ਧਾਰ ਪਰਮੇਸ਼ਰ ਦਾ
ਕਿੰਝ ਖੌਰੇ
ਅੱਲ੍ਹੜ ਸੁਪਨ ਨੀ
ਨਾਰ ਦੇ ਛੋਹ ਆਉਂਦੈ
ਸਰਮਾ ਕੁੱਤੀ ਸੀ
ਇੰਦਰ ਦੇ ਦਰਾਂ ਉੱਤੇ
ਅਸੀ ਮਰਦਾਂ ਦੇ ਦਰਾਂ 'ਤੇ ਕੁੱਤੀਆਂ ਹਾਂ
ਟੁੱਕਰ ਡੰਗ ਦਾ
ਖਾ ਅਸੀਸ ਦਈਏ
ਛਾਵੇਂ ਕੰਧਾਂ ਦੀ ਧੁਰਾਂ ਤੋਂ ਸੁੱਤੀਆਂ ਹਾਂ
ਕੁੱਝ ਮੇਚ
ਤੇ ਕੁੱਝ ਨਾ ਮੇਚ ਆਈਆਂ
ਅਸੀਂ ਮਰਦਾਂ ਦੇ ਪੈਰਾਂ 'ਚ
ਜੁੱਤੀਆਂ ਹਾਂ
ਜੇ ਮੈਂ ਬਾਂਝ ਹੁੰਦੀ
ਤਾਂ ਨਾ ਦੁੱਖ ਹੁੰਦਾ
ਉਹਦੇ ਵਿਹੜੇ ਮੈਂ ਚਾਨਣਾ ਰੋੜ੍ਹਿਆ ਨੀ
ਚੰਨ ਹੁੰਦਿਆਂ
ਚੱਠ ਵਿਆਹ ਆਂਦੀ
ਮੇਰੀ ਪੀੜ ਦਾ ਮੁੱਲ ਨਾ ਮੋੜਿਆ ਨੀ
ਇਕ ਪੁੱਤ ਭੋਰੇ
ਦੂਜਾ ਪਤੀ ਖੁੱਸਾ
ਮੱਥਾ ਛੱਡ ਮੁਕੱਦਰ ਇਉਂ ਦੌੜਿਆ ਨੀ
ਨੀ ਮੈਂ ਕਿੱਤ ਵੰਞਾ
ਤੇ ਮੈਂ ਕਿੱਤ ਜਾਵਾਂ
ਮੈਨੂੰ ਕੋਈ ਵੀ
ਰਾਹ ਨਾ ਅਹੁੜਿਆ ਨੀ
ਪੂਰਨ ਛੱਡ ਭੋਰੇ
ਮੁੜਾਂ ਪੇਕਿਆਂ ਨੂੰ
ਇਹ ਵੀ ਗੋਲੀਏ ਬਾਤ ਨਾ ਠੀਕ ਜਾਪੇ
ਮਾਨ ਕੀ ਕਰਨ ਨੀ ਪਿਛਲਿਆਂ 'ਤੇ
ਧੀਆਂ ਕਦੋਂ ਨੇ ਖੜਦੇ
ਨੀ ਮੋੜ ਮਾਪੇ
ਮੁੜਨ ਧੀਆਂ
ਵੱਜੇ ਢੋਲ ਨਮੋਸ਼ੀ ਦਾ ਕੁੱਲ ਪਾਸੇ
ਨੀ ਮੈਂ ਡਰਾਂ
ਕਿ ਡਾਢੀ ਕੁਚੱਜੜੀ ਮੈਂ
ਮੇਰੇ ਜੱਗ ਵਲੱਲੀ ਨੂੰ
ਕੀਹ ਆਖੋ ?
ਗੋਲੀ
ਮਰਦ ਮੰਗਦੇ
ਰਾਈਏ ਪਿੰਡਿਆਂ ਨੂੰ
ਕੋਈ ਵੀ ਮਰਦ ਨਾ ਕਦੇ ਸੰਤਾਨ ਮੰਗੇ
ਕਾਮ-ਦੇਵ ਦਾ ਪੁੱਤ
ਹਰ ਮਰਦ ਜ਼ਹਿਰੀ
ਏਸ ਲਈ ਨਾ ਨਾਰ ਨੂੰ ਕਦੇ ਡੰਗੇ
ਉਹ ਤਾਂ ਡੰਗੇ
ਕਿ ਅੰਤਰ ਦੀ ਭਟਕਣਾ ਦੇ
ਲਾਂਬੂ ਮੱਚਦੇ ਰਤਾ ਹੋ ਜਾਣ ਠੰਢੇ
ਇਕ ਵਿੱਸ ਜ਼ਹਿਰੀਲੀ
ਹੈ ਵਾਸ਼ਨਾ ਦੀ
ਜਿਹੜੀ ਮਰਦ ਨੀ
ਨਾਰ ਨੂੰ ਰੋਜ਼ ਵੰਡੇ
ਇਸ ਵਿੱਸ ਦਾ ਫਲ
ਸੰਤਾਨ ਰਾਈ ਨਾਰੀ
ਵਿੱਸ ਹੈ ਗਰਭ ਵਿਚ ਲਈ ਫਿਰਦੀ
ਇਕ ਜ਼ਿਹਨੀ ਅੱਯਾਸ਼ੀ
ਮਨੁੱਖ ਦੀ ਨੂੰ
ਨਾਰੀ ਕੁੱਖ ਦੀ ਪੀੜ ਹੈ ਕਹੀ ਫਿਰਦੀ
ਐਵੇਂ ਮਮਤਾ
ਦੇ ਨਸ਼ੇ 'ਚ ਚੂਰ ਹੋ ਕੇ
ਨਾਰੀ ਸੱਤ ਅਸਮਾਨਾਂ 'ਚ ਪਈ ਫਿਰਦੀ
ਕੋਝ ਤੇ ਕੂੜ ਨੂੰ ਵੀ
ਐਵੇਂ ਵਫ਼ਾ ਦਾ ਨਾਮ
ਹੈ ਦਈ ਫਿਰਦੀ
ਵਫ਼ਾ ਨਾਮ ਨਾ ਰਾਣੀਏ
ਵਾਸ਼ਨਾ ਦਾ
ਵਫ਼ਾ ਨਾਮ ਹੈ ਫੁੱਲਾਂ 'ਚ ਮਹਿਕਦਾ ਨੀ
ਜਿਵੇਂ ਧੁੱਪ ਵਿਚ
ਮੋਤੀਆ ਰੰਗ ਘੁਲਿਆ
ਸਾਗਰ ਜੀਕਣਾ ਚੰਨ ਨੂੰ ਸਹਿਕਦਾ ਨੀ
ਚੰਨ ਸਮਝ
ਚਕੋਰ ਜਿਉ ਅੱਗ ਉੱਤੇ
ਖੰਭ ਸਾੜਨੇ ਤਾਈਂ ਆ ਬੈਠਦਾ ਨੀ
ਪਰ ਨੀ ਗਿੱਠਾਂ ਥੀ
ਨਾਰ ਨੂੰ ਮਰਦ ਮਿਣ ਕੇ
ਝੂਠਾ ਵਾਂਗ ਕਸੁੰਭੜੇ
ਟਹਿਕਦਾ ਨੀ
ਕੁੱਜਾ ਭੱਜੇ
ਤਾਂ ਸੁੱਟਦੇ ਖੋਲ੍ਹਿਆਂ ਥੀ
ਨਾਰ ਭੱਜੇ
ਤਾਂ ਮੁੜ ਜਾਏ ਮਾਪਿਆਂ ਦੇ
ਜੱਗ ਹੱਸ ਪੈਂਦਾ
ਜੰਮਣ ਵਾਲੀਆਂ 'ਤੇ
ਦੁੱਖ ਮੰਨਣ ਪਰਾਏ ਕਿਉਂ ਹਾਸਿਆਂ ਦੇ
ਕਦੇ ਮੰਗੂਆਂ
ਮੌਤ ਨਾ ਆ ਜਾਂਦੀ
ਕੁੜੇ ਰਾਣੀਏ ਗਿਰਝਾਂ ਦੇ ਆਖਿਆਂ ਦੇ
ਜੰਮਣ ਵਾਲੇ
ਤੇ ਦੂਸਰਾ ਰੱਬ ਸੱਚਾ
ਮਿੱਤਰ ਦੋ ਹੀ
ਇੱਛਰਾਂ
ਰੁੱਸੇ ਯਾਰ
ਤਾਂ ਗੋਲੀਏ ਮਨ ਜਾਂਦਾ
ਰੁੱਸੀ ਨਾਰ ਨਾ ਕੋਈ ਮਨਾ ਸਕਦਾ
ਅੱਗ ਲੱਗੀ
ਜਿਉਂ ਬਾਂਸ ਦੇ ਜੰਗਲਾਂ ਨੂੰ
ਕਿੰਨਾ ਵਰ੍ਹੇ, ਨਾ ਮੇਘ ਬੁਝਾ ਸਕਦਾ
ਰੁੱਸੀ ਨਾਰ
ਤੇ ਜੱਗ ਹੋਏ ਇਕ ਪਾਸੇ
ਕੋਈ ਨਾ ਓਸ ਨੂੰ ਫੇਰ ਹਰਾ ਸਕਦਾ
ਅੱਠਾਂ ਕੂਟਾਂ ਦੇ ਦਿਗਧ
ਵੀ ਆਉਣ ਭਾਵੇਂ
ਉਹਦਾ ਪੈਰ ਨਾ ਕੋਈ
ਹਿਲਾ ਸਕਦਾ
ਪਰ ਮੈਂ ਰੁੱਸਾਂ
ਤਾਂ ਗੋਲੀਏ ਕਿੰਞ ਰੁੱਸਾਂ
ਕਿਹਦੇ ਆਸਰੇ ਪੂਰਨ ਨੂੰ ਛੱਡ ਜਾਵਾਂ
उरें उीर
ਕੀਹ ਮੁੜਾਂ ਮੈਂ ਪੇਕਿਆਂ ਨੂੰ
ਪੁੱਤਰ ਭੋਰਿਉ ਜੇ ਨਾ ਕੱਢ ਜਾਵਾਂ ?
ਠਾਰਾਂ ਵਰ੍ਹੇ ਦੀ ਸਹਿਕਦੀ
ਅੱਜ ਕੀਕਣ
ਰੁੱਖ ਆਇਆ ਬਹਾਰ 'ਤੇ ਵੱਢ ਜਾਵਾਂ
ਜੇ ਨਾ ਮਾਂ ਹੋਵਾਂ
ਟਿੱਕੀ ਉੱਗਦੇ ਨੂੰ
ਛੱਡ ਮੁਲਖ ਸਲਵਾਨ ਦਾ
ਲੱਦ ਜਾਵਾਂ
ਨਾਰੀ
ਪਰ ਪੁੱਤ ਦਾ ਹਿਜਰ ਨਾ ਸਹਿ ਸੱਕੇ
ਝਿੰਝਨ ਵੇਲ ਬੇ-ਜੜ੍ਹੀ ਵੱਤ
ਨਾਰ ਜੀਵੇ
ਪਰ ਪੱਤਿਆਂ ਬਾਝ ਨਾ ਰਹਿ ਸੱਕੇ
ਬਿਨਾਂ ਪੁੱਤ
ਇਉਂ ਨਾਰ ਮਜਬੂਰ ਹੋਵੇ
ਜਿਵੇਂ ਪਾਣੀ 'ਤੇ ਲੀਕ ਨਾ ਵਹਿ ਸੱਕੇ
ਜਿਵੇਂ ਵਿਧਵਾ ਨੂੰ
ਕਿਸੇ ਥੀ ਇਸ਼ਕ ਹੋਵੇ
ਪਰ ਉਹ ਕਿਸੇ ਨੂੰ
ਕਦੇ ਨਾ ਕਹਿ ਸੱਕੇ
ਸੱਕ ਸੰਕਣਾਂ ਹੁੰਦੀਆਂ
ਕਿੱਕਰਾਂ ਦੇ
ਮੋਈਆਂ ਖੱਲਾਂ ਵੀ ਜੋ ਰੰਗ ਲੈਂਦੀਆਂ ਨੀ
ਬੇਹੇ ਮਰਦ ਨੂੰ
ਮੁਸਕੜੀ ਨਾਲ ਮਾਰਨ
ਅਕਲ ਦਸ਼ਰਥਾਂ ਦੀ ਡੰਗ ਖਾਂਦੀਆਂ ਨੀ
ਰਾਮ ਕਿਸੇ ਦਾ
ਵਟਾਂ ਨੂੰ ਟੋਰ ਦੇਵਣ
ਭਰਤ ਉੱਚੜੇ ਤਖਤ ਬਹਾਂਦੀਆਂ ਨੀ
ਸੱਚ ਸੂਈ ਦੇ ਨੱਕਿਉਂ
ਊਠ ਲੰਘੇ
ਝੂਠ ਸੌਕਣਾਂ, ਸੱਚ ਕਮਾਂਦੀਆਂ ਨੀ
ਜਦੋਂ ਪੁੱਤ ਦੀ ਗੋਲੀਏ
ਯਾਦ ਆਵੇ
ਮੇਰੇ ਆਂਦਰੀ ਸਰਕੜਾ ਰੜਕਦਾ ਨੀ
ਧੁਖੇ ਕਾਲਜਾ
ਜਿਗਰ 'ਚ ਸੱਲ ਪੈਂਦੇ
ਦਿਲ ਵਾਂਗ ਮਿਰਦੰਗ ਦੇ ਧੜਕਦਾ ਨੀ
ਜੁੱਸੇ 'ਚ ਪੈਣ ਚਿਣਗਾਂ
ਭਾਂਬੜ ਧੁੰਨੀ ਦੇ ਲਾਗੇ ਜਹੇ ਭੜਕਦਾ ਨੀ
ਬੁੱਲ੍ਹ ਸੁੱਕਦੇ
ਜੀਭ ਕੁਮਲਾ ਜਾਂਦੀ
ਸਾਹ ਸੰਘ ਦੇ ਵਿਚ ਹੀ
ਅਟਕਦਾ ਨੀ
ਨੀ ਮੈਂ ਡਰਾਂ
ਕਿ ਲੂਣਾ ਨਾ ਲੂਣਾ ਭੰਨੇ
ਨੀ ਕੋਈ ਹੋਰ ਨਾ ਚੰਨ ਚੜ੍ਹਾ ਜਾਵੇ
ਪਹਿਲਾਂ ਖਾ ਗਈ
ਸਿਰੇ ਦਾ ਸਾਈਂ ਮੇਰਾ
ਮੇਰਾ ਪੁੱਤ ਵੀ ਕਿਧਰੇ ਨਾ ਖਾ ਜਾਵੇ
ਟੂਣੇਹਾਰਨਾਂ
ਇਨ੍ਹਾਂ ਪਹਾੜਨਾਂ ਦੇ
ਰੂਪ ਵੇਖ ਨਾ ਕੋਈ ਨਸ਼ਿਆ ਜਾਵੇ
ਲੱਖਾਂ ਜਨਮ ਥੀ ਓਸ ਦੀ
ਰੂਹ ਭਟਕੇ
ਜਿਹੜਾ ਇਨ੍ਹਾਂ ਨੂੰ ਅੰਗ ਛੁਹਾ ਜਾਵੇ
ਟੂਣੇ, ਜੜੀਆਂ
ਤੇ ਧਾਗੇ ਤਵੀਤ ਕਹਿੰਦੇ
ਪਹਿਲੋਂ ਜੰਮਣੋਂ ਇਨ੍ਹਾਂ ਨੂੰ ਆ ਜਾਵੇ
ਮੁਰਦਾ ਕੱਢ ਕੇ
ਕਬਰ 'ਚੋਂ ਭੋਗ ਕਰ ਲਏ
ਜੇ ਕੋਈ ਮਰਦ ਨੀ ਨਾਰ ਨੂੰ ਭਾ ਜਾਵੇ
ਮੈਂ ਸਾਂ ਸੋਚਦੀ
ਪੂਰਨ ਦਾ ਭੋਰਿਉਂ ਹੀ
ਬਸ ਨਿਕਲਦੇ ਕਾਜ ਰਚਾ ਦੇਸਾਂ ਮੱਥੇ ਚਿਤਰ ਕੇ
ਆਪ ਮੈਂ ਢੋਲਕਾਂ ਦੇ
ਸ਼ਗਨ ਤੋਂ ਕੇ ਗੌਣ ਬਠਾ ਦੇਸਾਂ
ਮਹਿੰਦੀ 'ਚ ਹੱਥ ਰੰਗੂ
ਵਟਨੇ ਮਿਲਖ ਦੀ ਗੱਲ੍ਹ 'ਤੇ ਲਾ ਦੇਸਾਂ
ਹੂਰ ਮਰਮਰੀ
ਲੱਭ ਬਲੌਰ ਵਰਗੀ
ਪੁੱਤਰ ਪੂਰਨੇ ਦੇ ਲੜ ਲਾ ਦੇਸਾਂ
ਰਹੀ ਦਿਲਾਂ ਦੀ
ਦਿਲਾਂ 'ਚ ਗੱਲ ਸਾਰੀ
ਚਾਅ ਮਰੇ ਕੁਆਰੇ ਹੀ ਗੋਲੀਏ ਨੀ
ਜਿਹੜੇ ਵਿਹੜੇ
ਕਲੇਸ਼ ਨੀ ਆਣ ਵੜਦਾ
ਓਸ ਵਿਹੜੇ 'ਚੋਂ ਖੁਸ਼ੀ ਨਾ ਟੋਲੀਏ ਨੀ
ਕਹਿੰਦੇ
ਘਰਾਂ 'ਚ ਭੂਤ ਪ੍ਰੇਤ ਵੱਸਣ
ਬੋਲ ਕੰਧ ਤੋਂ ਉੱਚੀ ਜੇ ਬੋਲੀਏ ਨੀ
ਘਰ ਹੋਏ ਕਲੇਸ਼
ਤਾਂ ਥੇਹ ਥੀਵੇ
ਰੱਤ ਉੱਲੂ ਦੀ ਦਰਾਂ 'ਤੇ ਡੋਹਲੀਏ
ਨੀ ਜੀਵੇ ਲੂਣਾ
ਤੇ ਜੀਵੇ ਸਲਵਾਨ ਉਸ ਦਾ
ਢਲੇ ਸੂਰਜਾਂ ਧੁੱਪ ਤੋਂ ਕੀਹ ਲੈਣਾ ?
ਥੋੜ੍ਹੀ ਲੰਘ ਗਈ
ਥੋੜ੍ਹੀ ਹੈ ਲੰਘ ਜਾਣੀ
ਅਸਾਂ ਖਿੱਚ ਧਰੂਹ ਕੇ ਜੀ ਲੈਣਾ
ਮੁੱਖੋਂ ਕਦੇ ਸਲਵਾਨ ਨੂੰ ਆਖਣਾ ਨਹੀਂ
ਅਸਾਂ ਜੀਭ ਨੂੰ ਹੇਠਾਂ 'ਚ ਸੀ ਲੈਣਾ
ਪਾਸੇ ਮਾਰਦੇ
ਉਮਰ ਦੀ ਰਾਤ ਲੰਘੂ
ਮਿੱਠਾ ਜ਼ਹਿਰ
ਜੁਦਾਈ ਦਾ ਪੀ ਲੈਣਾ
ਜੀਵੇਂ ਸ਼ਾਹਣੀਏਂ
ਮੇਰੀਏ ਰਾਣੀਏਂ ਨੀ
ਮੈਥੋਂ ਤੈਂਡੜਾ ਦੁੱਖ ਨਾ ਵੇਖ ਹੁੰਦਾ
ਖਾਧਾ ਲੂਣ
ਮੈਂ ਤੇਰਿਆਂ ਛੰਨਿਆਂ ਦਾ
ਰੁਦਨ ਵੇਖ ਨੀ ਕਾਲਜੇ ਛੇਕ ਹੁੰਦਾ
ਲੱਗੀ ਅੱਗ
ਨਸੀਬੇ ਨੂੰ ਵੇਖ ਤੇਰੇ
ਮੈਥੋਂ ਸਹਿ ਨਾ ਚੰਦਰਾ ਸੇਕ ਹੁੰਦਾ
ਰੂਪ ਰੋਣ
ਤੇ ਕਰਮ ਨੇ ਬਹਿ ਖਾਂਦੇ
ਸਾਰਾ ਕੁਦਰਤਾਂ ਦੇ ਹੱਥ ਭੇਤ ਹੁੰਦਾ
ਇਕ ਅਰਜ਼ ਕਰਦੀ
ਜੇ ਨਾ ਬੁਰਾ ਮੰਨੇ
ਚਾਰ ਦਿਨਾਂ ਲਈ ਪਰਤ ਜਾਉ ਮਾਪਿਆਂ ਦੇ
ਪੌਣ ਪਾਣੀ ਵੀ ਬਦਲਿਆਂ
ਜਿੰਦ ਮਹਿਕੇ
ਪਾਣੀ ਭਲੇ ਪਰ ਪੇਕਿਆ ਪਾਸਿਆਂ ਦੇ
ਪਾਸਾ ਪਰਤਿਆਂ
ਰੋਗੀ ਦਾ ਰੋਗ ਘਟਦਾ
ਦੁੱਖ ਵਧਣ ਇਕੱਲਿਆਂ ਬੈਠਿਆਂ ਦੇ
ਗੰਗਾ ਜਾਏ ਕੇ
ਭਾਵੇਂ ਨਾ ਪਾਪ ਧੁਲਦੇ
ਕੁੱਝ ਵਹਿਮ ਪਰ ਰੁੜ੍ਹਨ
ਨੀ ਨਾਤਿਆਂ ਦੇ
ਤੈਂਡਾ ਪੁੱਤ ਨੀ ਮੈਂਡੜਾ ਪੁੱਤ ਰਾਣੀ
ਚਿੰਤਾ ਓਸ ਦੀ
ਰੱਖ ਨਾ ਰਾਈ ਸੀਨੇ
ਨਿਕਲਣੇ ਤੀਕ ਰਾਈ
ਪੂਰੇ ਪਏ ਨੀ
ਹਾਲੜੇ ਪੰਜ ਮ੍ਹੀਨੇ
ਅਜੇ ਉੱਖਲੀ
ਮੋਹਲਾ ਨੀ ਮਾਰਨੇ ਨੂੰ
ਪੱਕੇ ਧਾਨ ਦਾ
ਕਿਸਮਤੀ ਹੋਏ ਚੀਨੇ
ਰੋਜ਼ ਜਾਏ ਕੇ
ਓਸ ਦੀ ਖ਼ਬਰ ਲੈਸਾਂ
ਰੱਖਾਂ ਮੈਂ ਵੀ
ਮਾਂ ਦਾ ਦਰਦ ਸੀਨੇ
ਇੱਛਰਾਂ
ਜਾ ਨੀ ਗੋਲੀਏ
ਆਖ ਰਥਵਾਨ ਤਾਈਂ
ਪਲਾਂ ਛਿਣਾਂ ਥੀ
ਰਥ ਨੂੰ ਜੋੜ ਦੇਵੇ
ਧੀ ਕਿਸੇ ਬਿਗਾਨੜੇ
ਬਾਬਲੇ ਦੀ
ਊਧੇ-ਨਗਰ ਦੇ
ਮਹਿਲਾਂ ਨੂੰ ਮੋੜ ਦੇਵੇ
ਜਿਹੜੀ ਵੇਲ ਵਧਾਈ
ਸਲਵਾਨ ਵਿਹੜੇ
ਜੜੋਂ ਪੁੱਟ ਦੇਵੇ
ਫੁੱਲਾਂ ਨੂੰ ਤੋੜ ਦੇਵੇ
ਮੇਰੀ
ਗ਼ਮਾਂ ਦੇ ਕਾਲਿਆਂ ਪੱਤਣਾਂ 'ਤੇ
ਕਾਲੀ ਬੇੜੀ
ਹਯਾਤੀ ਦੀ ਬੋੜ ਦੇਵੇ
ਪੰਜਵਾਂ ਅੰਕ
ਉਮਾ, ਉਰਮਲਾ ਤੇ ਅਨੂੰ ਦੇ ਨਾਂ
(ਪੂਰਨ ਭੋਰਿਉਂ ਨਿਕਲ ਕੇ ਕੁਝ ਦਿਨਾਂ ਤੋਂ
ਲੂਣਾ ਦੇ ਮਹਿਲਾਂ 'ਚ ਠਹਿਰਿਆ ਹੋਇਆ ਹੈ ।
ਲੂਣਾਂ ਆਪਣੀ ਸਹੇਲੀ ਈਰਾ ਨਾਲ ਮਹਿਲ
ਦੇ ਚਬੂਤਰੇ 'ਚ ਬੈਠੀ ਗੱਲਾਂ ਕਰ ਰਹੀ ਹੈ। ਬਾਹਰ
ਨਿੱਕਾ ਨਿੱਕਾ ਮੀਂਹ ਵਰ੍ਹਾ ਰਿਹਾ ਹੈ।)
ਲੂਣਾ
ਸਈਏ !
ਇਹ ਦਿਨ ਕੈਸੇ ਆਏ
ਭਿੱਜੇ ਸਿੱਜੇ ਤੇ ਅਲਸਾਏ
ਗਗਨੀ ਕਾਲੇ ਘਨੀਅਰ ਛਾਏ
ਸੱਤੇ ਰੰਗ ਪ੍ਰਾਹੁਣੇ ਆਏ
ਹੁਣੇ ਤਾਂ ਧੁੱਪੜੀ ਬਾਗਾਂ ਵਿਚ ਸੀ
ਹੁਣੇ ਤਾਂ ਧੁੱਪੜੀ ਉੱਡ ਗਈ ਬੇਲੇ
ਹੁਣੇ ਤਾਂ ਧੁੱਪੜੀ ਨਜ਼ਰ ਨਾ ਆਏ
ਹੁਣੇ ਤਾਂ ਮੰਦਰ ਦੇ ਕਲਸਾਂ 'ਤੇ
ਬੈਠੀ ਮੰਦ ਮੰਦ ਮੁਸਕਾਏ
ਹੁਣੇ ਤਾਂ ਅੰਬਰ ਖਿੜ ਖਿੜ ਹੱਸਿਆ
ਹੁਣੇ ਤਾਂ ਨੈਈਂ ਹੰਝ ਭਰ ਆਏ
ਹੁਣੇ ਦਾਮਨੀ ਗਲ ਦਾ ਗਹਿਣਾ
ਹੁਣੇ ਤਾਂ ਸੱਪਣੀ ਵਾਂਗ ਡਰਾਏ
ਹੁਣੇ ਤਾਂ ਜੰਗਲ ਮੋਰ ਬੋਲਿਆ
ਹੁਣੇ ਝੱਲਾਰੀ ਦਾਦਰ ਹੱਸੇ
ਹੁਣੇ ਤਾਂ ਕੋਇਲ ਪਈ ਕੁਰਲਾਏ
ਹੁਣੇ ਤਾਂ ਸ਼ਾਮ ਘਟਾ ਵਿਚ ਬਗਲੇ
ਮੇਘ-ਬ੍ਰਿਛ ਦੇ ਫੁੱਲ ਸਨ ਲਗਦੇ
ਚਿੱਟੇ ਕੰਵਲ ਸਰੋਵਰ ਤਰਦੇ
ਹੁਣੇ ਤਾਂ ਧਰਤੀ ਨਾਤੀ ਧੋਤੀ
ਹੁਣੇ ਤਾਂ ਉਸ ਨੇ ਵਾਲ ਵਧਾਏ
ਇਵੇਂ ਤਾਂ ਉੱਡਦੇ ਜਾਂਦੇ ਸਾਰਸ
ਜਿਵੇਂ ਕਿਸੇ ਨੇ ਹਾਰ ਗੁੰਦਾਏ
ਤੇ ਧਰਤੀ ਦੀ ਜਿਵੇਂ ਪੁਜਾਰਣ
ਅੰਬਰ ਦੇ ਦਿਉਤੇ ਗਲ ਪਾਏ
ਹੁਣੇ ਤਾਂ ਸਈਏ ਕੀਹ ਪਈ ਸੋਚਾਂ
ਇਸ ਰੁੱਤੇ ਮੈਂ ਮਰਨਾ ਲੋਚਾਂ
ਕਹਿੰਦੇ ਇਸ ਰੁੱਤੇ ਜੋ ਮਰਦਾ
ਸੀਤ ਸਾਂਵਲੀ ਘਟ ਬਣ ਜਾਏ
ਮੁੜ ਧਰਤੀ ਦੀ ਜੂਨ ਨਾ ਆਏ
ਪਰ ਏਨੇ ਵੀ ਭਾਗ ਨਾ ਸਈਏ
ਮੈਂ ਚੰਦਰੀ ਨੂੰ ਮੌਤ ਹੀ ਆਏ
ਤੇਰੀ ਸਖੀ ਸਹੇਲੀ ਲੂਣਾ
ਮੇਘਲਿਆਂ ਦੀ ਜੂਨ ਹੰਢਾਏ
ਹੋ ਕੇ ਬੂੰਦ ਬੂੰਦ ਕਿਰ ਜਾਏ
ਮੈਂ ਮੋਈ ਨੂੰ ਕੁੱਝ ਨਾ ਸੁੱਝਦਾ
ਨਾ ਮੈਨੂੰ ਕੁੱਝ ਸਮਝ ਹੀ ਆਏ
ਲੂਣਾ ਤੋਂ ਅੱਜ ਲੂਣਾ ਤੀਕਣ
ਸਈਏ ਕੋਈ ਵੀ ਰਾਹ ਨਾ ਜਾਏ
ਲੂਣਾ ਦੇ ਅੰਤਰ ਦੀ ਲੂਣਾ
ਅੱਗ ਦਾ ਇਕ ਜੰਗਲ ਹੈ ਜਿਸ ਵਿਚ
ਉਹ ਨਿਰ-ਸ਼ਬਦ ਅਡੋਲ ਖੜੀ ਹੈ
ਹਰ ਸੂ ਅਗਨ-ਪੁਸ਼ਪ ਮਹਿਕੇ ਹਨ
ਅੱਗ ਵਿਚ ਇਕ ਮਹਿਕਾਰ ਰਲੀ ਹੈ
ਕਿਤੇ ਕਿਤੇ ਕੋਈ ਅੱਗ ਦੀ ਤਿਤਲੀ
ਅਗਨ-ਪੁਸ਼ਪ 'ਤੇ ਉੱਡ ਰਹੀ ਹੈ
ਦਸੀਂ ਦਿਸ਼ਾਵੀਂ ਅੱਗ ਹੀ ਅੱਗ ਹੈ
ਅਗਨ-ਕਥੂਰੀ ਹੁੱਲ ਰਹੀ ਹੈ
ਸਾਵੀ ਅੱਗ ਦੇ ਚਹਿਕਣ ਪੰਛੀ
ਸੂਹੀ ਅੱਗ ਦੀ ਘਟਾ ਚੜ੍ਹੀ ਹੈ
ਪਰ ਅੱਗ ਦੇ ਜੰਗਲ ਵਿਚ ਲੂਣਾ
ਸੁੰਨ, ਸੀਤ ਤੇ ਠਰੀ ਠਰੀ ਹੈ
ਸੁਣੇਂ ਤਾਂ ਸਈਏ ਸੱਚ ਦੱਸਦੀ ਹਾਂ
ਜਦ ਮੈਂ ਪੂਰਨ ਨੂੰ ਤੱਕਦੀ ਹਾਂ
ਜਿਵੇਂ ਕੋਈ ਕਵਿਤਾ ਰਚਦੀ ਹਾਂ
ਅਗਨ-ਲੋਕ ਵਿਚ ਜਾ ਵਸਦੀ ਹਾਂ
ਸਾਹਵਾਂ ਦੇ ਵਿਚ ਸੰਦਲ ਮੌਲੇ
ਤਨ 'ਚੋਂ ਮਹਿਕ ਚੰਦਨ ਦੀ ਆਵੇ
ਦਿਲ ਦੀ ਮਿਰਗਾਵਲੀ ਸੁਹਾਵੇ
ਅੱਗ ਦਾ ਮਿਰਗ ਕਥੂਰਿਆ ਜਾਵੇ
ਅੱਗ ਦਾ ਮਿਰਗ ਜਾਂ ਚੁੰਗੀਆਂ
ਭਰਦਾ ਕੁੱਲ ਦੇਹੀ ਦਾ ਜੰਗਲ ਡਰਦਾ
ਸਾਹ ਦਾ ਪੂਰਾ ਛਤਾਬੀ ਵਗਦਾ
ਕੋਈ ਕੋਈ ਪੱਤ ਅਕਲ ਦਾ ਝੜਦਾ
ਪਰ ਇਹ ਅੱਗ ਦਾ ਮਿਰਗ ਨਾ ਚਰਦਾ
ਅੰਦਰ ਵਾੜ ਦਿਆਂ ਲੱਖ ਮੱਤਾਂ
ਕਾਲੇ ਕੱਪੜੀ ਬੰਨ੍ਹਾਂ ਅੱਖਾਂ
ਬੰਨ੍ਹ ਹਯਾ ਦੇ ਪਾਵੇ ਰੱਖਾਂ
ਅੱਗ ਦਾ ਮਿਰਗ ਮੈਂ ਕੀਕਣ ਡੱਕਾਂ
ਨਾ ਇਹਨੂੰ ਬਾਗ਼ ਬਾਗ਼ੀਚਾ ਭਾਵੇ
ਮਹਿਲਾਂ ਦੀ ਛਾਂ ਰਾਸ ਨਾ ਆਵੇ
ਨਾ ਰਾਜੇ ਦੀ ਸੇਜ ਸੁਖਾਵੇ
ਨਾ ਸੋਨੇ ਦੀ ਘਾਹ ਹੀ ਖਾਵੇ
ਅੱਗ ਦਾ ਮਿਰਗ ਅੰਗਾਰੇ ਚਾਹਵੇ
ਮਰੇ ਪਿਆ ਪੂਰਨ ਦੇ ਹਾਵੇ
ਈਰਾ
ਲੂਣਾ !
ਇਹ ਤੂੰ ਕੀ ਕਹਿੰਦੀ ਹੈ
ਅਗਨ-ਮਿਰਗ ਤੇ ਅੱਗ ਦਾ ਜੰਗਲ
ਇਹ ਕੀ ਬਾਤ ਜਹੀ ਪਾਂਦੀ ਹੈ
ਤੂੰ ਪੂਰਨ ਤੋਂ ਕੀ ਚਾਹੁੰਦੀ ਹੈ ?
ਲੂਣਾ
ਅਗਨ-ਮਿਰਗ ਲਈ ਅੱਗ ਚਾਹੁੰਦੀ ਹਾਂ
ਈਰਾ
ਅੱਗ ਚਾਹੁੰਦੀ ਹੈ
ਉਹ ਤਾਂ ਇਕ ਵਿਵਰਜਿਤ ਅੱਗ ਹੈ
ਇਹ ਕੀ ਕੂੜ ਬਕੀ ਜਾਂਦੀ ਹੈ ?
ਉਸ ਅੱਗ ਦੇ ਪਿੰਡੇ ਵਿਚ ਤੇਰੇ
ਆਪਣੇ ਪਿੰਡੇ ਦੀ ਹੀ ਲੋਅ ਹੈ
ਉਸ ਦੇ ਮੂੰਹ ਵਿਚ ਇੱਛਰਾਂ ਦੀ ਨਾ
ਤੇਰੇ ਦੁੱਧ ਦੀ ਵੀ ਖੁਸ਼ਬੋ ਹੈ
ਉਮਰ 'ਚ ਬੇ-ਸ਼ੱਕ ਸਾਵੇਂ ਕੋਹ ਹੈ
ਫਿਰ ਵੀ ਤੇਰੀ ਕੁੱਖ ਵਿਚ ਸਈਏ
ਉਸ ਦੇ ਗਰਭ-ਜੂਨ ਦੀ ਛੋਹ ਹੈ
ਪੂਰਨ ਦੀ ਕੱਚ-ਅੰਗੀ ਰੁੱਤ 'ਤੇ
ਜਨਮ ਪੀੜ ਦਾ ਮਿੱਠਾ ਮੋਹ ਹੈ
ਠੀਕ ਹੈ ਤੇਰੀ ਚਂਦਨ ਦੇਹੀ
ਰਚਨ-ਪੀੜ ਤੋਂ ਅਜੇ ਅਛੋਹ ਹੈ
ਪਰ ਰਿਸ਼ਤੇ ਅਹਿਸਾਸ ਦੇ ਫੁੱਲਾਂ
ਦੀ ਚਿਰਜੀਵੀ ਜਹੀ ਖੁਸ਼ਬੋ ਹੈ
ਲੂਣਾ !
ਕਦੇ ਵਿਵਰਜਿਤ ਅੱਗ ਨੂੰ,
ਸੱਚ ਕਹਿੰਦੀ ਹਾਂ, ਹੱਥ ਨਾ ਲਾਈਂ
ਅਗਨ-ਮਿਰਗ ਦੀ ਪੂਰਨ ਅੱਗੇ
ਜੀਵਨ ਜੋਗੀਏ ਬਾਤ ਨਾ ਪਾਈਂ
ਧਰਤੀ ਦੀ ਨਾਰੀ ਨੂੰ ਵੇਖੀ
ਚਿਤਰ-ਹੀਣ ਨਾ ਕਦੇ ਕਹਾਈ
ਪੂਰਨ ਨੂੰ ਪੁੱਤਰ ਕਰ ਜਾਣੀ
ਪੁੱਤਰ-ਭੋਗ ਕਦੇ ਨਾ ਚਾਹੀ
ਅਗਨ-ਮਿਰਗ ਨੂੰ ਵੇਚ ਕਸਾਈਆਂ
ਉਸ ਦੀ ਪੁੱਠੀ ਖੱਲ ਲੁਹਾਈ
ਸਾਰਾ ਚੰਬਾ ਦੇਸ ਨਾ ਭੰਡੀ
ਬਾਬਲ ਦੇ ਸਿਰ ਖੇਹ ਨਾ ਪਾਈ
ਲੂਣਾ
ਈਰਾ।
ਤੂੰ ਵੀ ਸੱਚ ਸੁਣਾਇਆ
ਤੂੰ ਵੀ ਲੂਣਾ ਦੇ ਜ਼ਖ਼ਮਾਂ 'ਤੇ
ਮੱਤਾਂ ਦਾ ਬਸ ਲੂਣ ਹੈ ਲਾਇਆ
ਤੈਨੂੰ ਵੀ ਕੁੱਝ ਸਮਝ ਨਾ ਆਇਆ
ਲੜ ਲਾਇਆ ਮੇਰੇ ਫੁੱਲ ਕੁਮਲਾਇਆ
ਜਿਸ ਦਾ ਇੱਛਰਾਂ ਰੂਪ ਹੰਢਾਇਆ
ਮੈਂ ਪੂਰਨ ਦੀ ਮਾਂ
ਪੂਰਨ ਦੇ ਹਾਣ ਦੀ!
ਮੈਂ ਉਸ ਤੋਂ ਇਕ ਚੁੰਮਣ ਵੱਡੀ
ਪਰ ਮੈਂ ਕੀਕਣ ਮਾਂ ਉਹਦੀ ਲੱਗੀ
ਉਹ ਮੇਰੀ ਗਰਭ-ਜੂਨ ਨਾ ਆਇਆ
ਸਈਏ ਨੀ ਮੈਂ ਧੀ ਵਰਗੀ
ਸਲਵਾਨ ਦੀ ।
ਪਿਤਾ ਜੇ ਧੀ ਦਾ ਰੂਪ ਹੰਢਾਵੇ
ਤਾਂ ਲੋਕਾਂ ਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚਿਤਰਹੀਣ ਕਹੇ ਕਿਉਂ
ਜੀਭ ਜਹਾਨ ਦੀ ।
ਚਿਤਰਹੀਣ ਤੇ ਤਾਂ ਕੋਈ ਆਖੇ
ਜੇਕਰ ਲੂਣਾ ਵੇਚੇ ਹਾਸੇ
ਪਰ ਜੇ ਹਾਣ ਨਾ ਲੱਭਣ ਮਾਪੇ
ਹਾਣ ਲੱਭਣ ਵਿਚ ਗੱਲ ਕੀਹ ਹੈ
ਅਪਮਾਨ ਦੀ ?
ਲੂਣਾ ਹੋਵੇ ਤਾਂ ਅਪਰਾਧਣ
ਜੇਕਰ ਅੰਦਰੋਂ ਹੋਏ ਸੁਹਾਗਣ
ਮਹਿਕ ਉਹਦੀ ਜੇ ਹੋਵੇ ਦਾਗਣ
ਮਹਿਕ ਮੇਰੀ ਤਾਂ ਕੰਜਕ
ਮੈਂ ਹੀ ਜਾਣਦੀ ।
ਸਈਏ ਨੀ ਮੈਨੂੰ ਦੇ ਨਾ ਮੱਤਾਂ
ਦਰਦ ਦਿਲੇ ਦਾ ਕੀਕਣ ਦੱਸਾਂ
ਰਿਸ਼ਤਾ ਕਿੰਝ ਪਛਾਨਣ ਅੱਖਾਂ
ਜੇ ਹਾਣ ਦੀ ।
ਅੱਗ ਦਾ ਰਿਸ਼ਤਾ ਸਾੜਣ ਤੱਕ ਹੈ
ਅੱਗ ਦਾ ਰਿਸ਼ਤਾ ਚਾਨਣ ਤੱਕ ਹੈ
ਅਗਨ-ਮਿਰਗ ਨੂੰ ਮਾਰਣ ਤੱਕ ਹੈ
ਹੋਰ ਜਵਾਨੀ ਰਿਸ਼ਤਾ ਨਾ
ਕੋਈ ਜਾਣਦੀ ।
ਸਈਏ ਜਦ ਮੇਰੀ ਕੰਚਨ-ਦੇਹੀ
ਸੇਜ ਸੁਲਗਦੀ ਛੋਹ ਆਉਂਦੀ ਹੈ
ਆਪੇ 'ਚੋਂ ਮੈਨੂੰ ਬੋ ਆਉਂਦੀ ਹੈ
ਉਸ ਛਿਣ ਦੀ ਬੇ-ਚੈਨੀ
ਤੂੰ ਨਾ ਜਾਣਦੀ ।
ਉਹ ਛਿਣ ਹੁੰਦਾ ਸਵਰਗੋਂ ਵੱਡਾ
ਭਿੰਨੀ ਜਹੀ ਮਹਿਕ ਵਿਚ ਭਿੱਜਾ
ਮਦਰਾ ਦੇ ਸਰਵਰ ਵਿਚ ਡਿੱਗਾ
ਉਹ ਛਿਣ ਸਈਏ ਕੋਈ ਕੋਈ
ਜਿੰਦੜੀ ਮਾਣਦੀ ।
ਮੇਰਾ ਵੀ ਜਦ ਉਹ ਛਿਣ ਆਵੇ
ਲੂਣਾ 'ਚੋਂ ਲੂਣਾ ਮਰ ਜਾਵੇ
ਉਸ ਛਿਣ ਦੀ ਮੈਨੂੰ ਮਹਿਕ ਨਾ ਭਾਵੇ
ਖਾਣ ਪਵੇ ਮੈਨੂੰ ਸੇਜ ਕੁੜੇ
ਸਲਵਾਨ ਦੀ ।
ਉਹ ਛਿਣ ਦੇਹ ਵਿਚ ਜਦ ਬਲਦਾ ਹੈ
ਮੱਥੇ ਦੇ ਵਿਚ ਸੱਪ ਚਲਦਾ ਹੈ
ਸਈਏ ਮੈਨੂੰ ਇਉਂ ਲਗਦਾ ਹੈ
ਗਰਭ ਪੀੜ ਜਹੀ ਪੀੜ
ਜਿਵੇਂ ਹਾਂ ਮਾਣਦੀ
ਪਿੰਡੇ ਦੀ ਮਿੱਟੀ 'ਚੋਂ ਸੁਪਨਾ
ਛਾਣਦੀ ।
ਓਸ ਅਗਨ-ਛਿਣ ਮੈਂ ਹੱਸਦੀ ਹਾਂ
ਅਗਨ-ਫੁੱਲਾਂ ਦੇ ਜੰਗਲ ਦੇ ਵਿਚ
ਨੰਗੀ-ਅਲਫ਼ ਜਹੀ ਨੱਚਦੀ ਹਾਂ
ਆਪਣੇ ਹੀ ਪਰਛਾਵੇਂ ਕੋਲੋਂ
ਦੂਰ ਦੁਰਾਡੇ ਪਈ ਨੱਸਦੀ ਹਾਂ
ਇਉਂ ਲੱਗਦਾ ਹੈ ਜਿਉਂ ਅੰਨੀ ਹਾਂ
ਫਿਰ ਵੀ ਸਭ ਕੁੱਝ ਪਈ ਤੱਕਦੀ ਹਾਂ
ਗਰਭ-ਵਾਣ ਸੱਪਣੀ ਦੇ ਵਾਕਣ
ਅਪਣਾ ਆਪ ਹੀ ਡੱਸਦੀ ਹਾਂ
ਫਿਰ !
ਹਰ ਦਿਵਸ ਦੇ ਤਿੜਕੇ ਹੋਏ
ਦਰਪਣ ਦੇ ਅੰਦਰ
ਆਪਣੇ ਜ਼ਹਿਰ-ਵਲਿੱਸੇ ਚਿਹਰੇ ਨੂੰ ਤੱਕਦੀ ਹਾਂ
ਹਰ ਚਿਹਰਾ
ਮੇਰੇ 'ਤੇ ਹੱਸਦਾ
ਹਰ ਚਿਹਰੇ 'ਤੇ ਮੈਂ ਹੱਸਦੀ ਹਾਂ
ਆਪਣੇ ਚਿਹਰੇ ਦੀ ਵਲਗਣ ਵਿਚ
ਜਾ ਫਸਦੀ ਹਾਂ
ਆਪਣੇ ਹੀ ਚਿਹਰੇ ਦੀਆਂ ਕੰਧਾਂ
ਮੈਂ ਟੱਪਦੀ ਹਾਂ
ਕੰਧਾਂ ਟੱਪ ਟੱਪ ਮੈਂ ਹਫ਼ਦੀ ਹਾਂ
ਫਿਰ ਤੱਕਦੀ ਹਾਂ
ਕਿ ਇਹ ਕੰਧਾਂ ਕੋਹਾਂ ਤੀਕਣ
ਇੰਜ ਫੈਲੀਆਂ
ਕਿ ਕਿਧਰੇ ਵੀ ਅੰਤ ਨਾ ਹੋਵਣ
ਮੈਂ ਇਨ੍ਹਾਂ ਕੰਧਾਂ 'ਤੇ ਰੋਵਾਂ
ਇਹ ਕੰਧਾਂ ਮੇਰੇ 'ਤੇ ਰੋਵਣ
ਹਰ ਚਿਹਰਾ
ਲੂਣਾ ਤੋਂ ਲੂਣਾ ਦੇ
ਨਕਸ਼ ਨਾ ਜਾਣ ਪਛਾਤੇ
ਫਿਰ ਇਉਂ ਜਾਪੇ
ਇਹ ਕੰਧਾਂ ਲੂਣਾ 'ਤੇ ਡਿੱਗਣ
ਰਾਤ ਬਰਾਤੇ
ਤੇ ਲੂਣਾ ਦੀ ਹੋਂਦ ਗਵਾਚੇ
ਜਾਂ ਫਿਰ ਲੱਗਦਾ
ਮੈਨੂੰ ਚਾਨਣ ਵਿਚ ਵੀ
ਆਪਣਾ ਆਪ ਨਾ ਲੱਭਦਾ
ਮੇਰਾ ਹੀ ਚਿਹਰਾ ਨਾ ਮੇਰੀ
ਦੇਹ 'ਤੇ ਸੱਜਦਾ
ਮੇਰਾ ਕੋਈ ਵੀ ਨਕਸ਼
ਨਾ ਮੈਨੂੰ ਮੇਰਾ ਲਗਦਾ
ਆਪਣੇ ਚਿਹਰੇ ਦੇ ਨਕਸ਼ਾਂ ਦੀ
ਭੀੜ ਜੁੜੀ 'ਚੋਂ
ਅਪਣਾ ਹੀ ਚਿਹਰਾ ਨਾ ਲੱਭਦਾ
ਸਭ ਕੰਧਾਂ ਦੇ ਹੇਠਾਂ ਦੱਬਦਾ
ਸਈਏ !
ਕੁਝ ਵੀ ਸਮਝ ਨਾ ਆਉਦੀ
ਸਈਏ !
ਕੁੱਝ ਵੀ ਪਤਾ ਨਾ ਚਲਦਾ
ਰੁਨਾ-ਮਨ ਬਸ ਦਿਨ ਭਰ ਜਲਦਾ
ਇਕ ਸਦੀਵੀ ਭਟਕਣ ਜਹੀ ਵਿਚ
ਮਰ ਮਰ ਜਿਊਂਦਾ
ਜਿਉਂ ਜਿਉਂ ਮਰਦਾ
ਹਰ ਦਿਹੁੰ ਦਾ ਜਾਂ ਸੂਰਜ ਚੜ੍ਹਦਾ
ਮਨ ਏਦਾਂ ਮਹਿਸੂਸ ਹੈ ਕਰਦਾ
ਕਿਰਨਾਂ ਸੰਗ ਕਿਰਨਾਂ ਬਣ ਉੱਡਦਾ
ਚਾਨਣ ਦੀ ਚਾਲੇ ਹੈ ਚਲਦਾ
ਹਰ ਇਕ ਪੌਣ ਦਾ ਬੁੱਲਾ ਫੜਦਾ
ਕਦੇ ਪਤਾਲੀ ਇਹ ਜਾ ਲਹਿੰਦਾ
ਅੰਬਰ ਦੀ ਕਦੇ ਪੌੜੀ ਚੜ੍ਹਦਾ
ਖੋਰੇ ਝੱਲਾ ਕਿਸ ਨੂੰ ਲੱਭਦਾ
ਖੋਰੇ ਝੱਲਾ ਕੀ ਹੈ ਕਰਦਾ ?
ਇਕ ਪਲ ਵੀ ਕਿਧਰੇ ਨਾ ਖੜ੍ਹਦਾ
ਜਾਂ ਫਿਰ ਸਈਏ ਈਕਣ ਲਗਦਾ
ਜਿਉ ਲੂਣਾ ਨੇ ਹਰ ਇਕ ਦਿਹੁੰ ਦਾ
ਜਨਮ ਜਨਮ ਤੋਂ ਦੇਣਾ ਕਰਜ਼ਾ
ਜੋ ਹਰ ਛਿਣ ਹੈ ਰਹਿੰਦਾ ਸੂੰਦਾ
ਜੋ ਹਰ ਪਲ ਹੈ ਜਾਂਦਾ ਵਧਦਾ
ਦਿਨ ਭਰ ਬਸ ਬੇਚੈਨੀ ਦਿਲ ਨੂੰ
ਖਾਂਦੀ ਰਹਿੰਦੀ
ਜਾਂ ਖੁਸ਼ਬੋਈ ਦਿਲ ਸੜਦੇ ਦੀ
ਆਉਂਦੀ ਰਹਿੰਦੀ
ਜਾਂ ਖਾਮੋਸ਼ੀ ਮੂਕ ਬਿਰਹੜਾ
ਗਾਉਂਦੀ ਰਹਿੰਦੀ
ਲੂਣਾ ਹੀ ਲੂਣਾ 'ਤੇ ਹੱਸਦੀ
ਲੂਣਾ ਤੋਂ ਲੂਣਾ ਸ਼ਰਮਾਉਂਦੀ
ਹਰ ਪਲ
ਅਗਨ ਛਿਣਾਂ ਦੀ ਸੱਪਣੀ
ਰੂਹ ਦੀਆਂ ਕੱਲਰੀਆਂ ਵਿਚ ਨੱਸੇ
ਭੈ ਦਾ ਭੂਤ-ਭੂਤਾਣਾ ਨੱਚੇ
ਹਰ ਇਕ ਦਿਹੁੰ ਦਾ ਚਰਖਾ ਡਾਹ ਕੇ
ਲੂਣਾ ਬੈਠੀ ਕਿਰਨਾਂ ਕੱਤੇ
ਫਿਰ ਕਿਰਨਾਂ ਦਾ ਰੱਸਾ ਵੱਟੇ
ਮੁੜ ਲੂਣਾ
ਕਿਰਨਾਂ ਦਾ ਰੱਸਾ
ਉਮਰਾਂ ਦੀ ਛੱਤ ਤੋਂ ਲਟਕਾਏ
ਲੈ ਕੇ ਲੂਣਾ ਨਿੱਤ ਮਰ ਜਾਏ
ਪਰ ਲੂਣਾ ਨੂੰ ਮੌਤ ਨਾ ਆਏ
ਈਰਾ !
ਮੈਂ ਤਾਂ ਚਿਰਾਂ ਚਿਰਾਂ ਤੋਂ
ਸੁੰਨ ਖਲਾਅ ਵਿਚ ਲਟਕ ਰਹੀ ਹਾਂ
ਮੜ੍ਹੀਆਂ ਦੇ ਵਿਚ ਸਿਖਰ ਦੁਪਹਿਰੇ
ਬਦ-ਰੂਹਾਂ ਵੱਤ ਭਟਕ ਰਹੀ ਹਾਂ
ਮੇਰੇ ਪੈਰਾਂ ਥੱਲਿਉਂ
ਧਰਤੀ ਨਿਕਲ ਚੁੱਕੀ
ਹੈ ਮੇਰੇ ਸਿਰ ਦਾ
ਉਤਲਾ ਅੰਬਰ ਤਿੜਕ ਚੁੱਕਾ ਹੈ
ਹੋਂਦ ਮੇਰੀ ਦਾ ਪੈਰ
ਚਿਰਾਂ ਤੋਂ ਥਿੜਕ ਚੁੱਕਾ ਹੈ
ਹੁਣ ਹੋਈ ਦੀ ਪੈਣ
ਉਡਾਈ ਫਿਰਦੀ ਹੈ
ਲੂਣਾ ਤੇ ਲੂਣਾ ਦੀ
ਮਿੱਟੀ ਕਿਰਦੀ ਹੈ
ਈਰਾ
ਲੂਣਾ !
ਇਹ ਤਾਂ ਰੀਤ
ਬੜੇ ਹੀ ਚਿਰ ਦੀ ਹੈ
ਆਪਣੇ 'ਤੇ
ਆਪਣੀ ਹੀ ਮਿੱਟੀ ਕਿਰਦੀ ਹੈ
ਹਰ ਧਰਤੀ 'ਤੇ
ਜਿਊਣਾ ਪੈਂਦਾ ਫਿਰ ਵੀ ਹੈ
ਇਸ ਧਰਤੀ ਦੀ ਹਰ ਨਾਰੀ ਹੀ
ਲੂਣਾ ਹੈ
ਸੁਹਜ-ਵਿਹੂਣਾ ਹੈ
ਹਰ ਨਾਰੀ ਦਾ ਬੁੱਤ
ਮੁਹੱਬਤੋਂ ਊਣਾ ਹੈ
ਪਿਆਰ ਘਾਟ ਦਾ ਹਰ ਵਿਹੜੇ ਵਿਚ
ਟੂਣਾ ਹੈ
ਏਥੇ ਹਰ ਬਾਬਲ ਹੀ
ਆਪਣੀ ਧੀ 'ਤੇ ਮਰਦਾ
ਤੇ ਇਥੇ ਹਰ ਮਾਂ ਹੀ
ਪੁੱਤਰ 'ਤੇ ਹੈ ਮਰਦੀ
ਬੇਹੀ ਰੱਤ ਸੱਜਰੀ ਨੂੰ ਛਲਦੀ
ਹਰ ਇਕ ਨਾਰ ਵਿਲੰਬਿਤ
ਆਤਮ-ਘਾਤ ਹੈ ਕਰਦੀ
ਆਪਣੀ ਹੀ ਉਮਰਾ ਦੇ
ਪਾਲੇ ਵਿਚ ਹੈ ਠਰਦੀ
ਆਪਣੇ ਹੀ ਅੰਗਾਂ ਦੀ
ਅਗਨੀ ਵਿਚ ਹੈ ਸੜਦੀ
ਨਿੱਤ ਕਿਰਨਾਂ ਦਾ ਰੱਸਾ ਵੱਟ ਕੇ
ਸੂਲੀ ਚੜ੍ਹਦੀ
ਪਰ ਨਾ ਜਿਊਂਦੀ
ਨਾ ਹੀ ਮਰਦੀ
ਇਥੋਂ ਦਾ ਹਰ ਪੁਰਖ ਹੈ
ਸਲਵਾਨ ਜਿਹਾ
ਹਰ ਲੂਣਾ ਦੇ ਮੱਥੇ 'ਤੇ
ਅਪਮਾਨ ਜਿਹਾ
ਇਹ ਧਰਤੀ
ਇਕ ਨਗਨ ਨਪੁੰਸਕ ਬਸਤੀ ਹੈ
ਏਥੇ ਰੋਟੀ ਮਹਿੰਗੀ
ਨਾਰੀ ਸਸਤੀ ਹੈ
ਅਤੇ ਬਾਜ਼ਾਰਾਂ ਉਹਲੇ
ਹਰ ਇਕ ਮਹਿਲ ਦੀ ਮਮਟੀ
ਤੇ ਦੀਵਾਰਾਂ ਉਹਲੇ
ਹਰ ਇਕ ਘਰ ਦੇ ਬੂਹੇ
ਤੇ ਬਾਰਾਂ ਦੇ ਉਹਲੇ
ਹਰ ਨਾਰੀ ਦੀ ਸੇਜਾ ਹੀ
ਬਸ ਸੁਲਗ ਰਹੀ ਹੈ
ਹਰ ਨਾਰੀ ਹੀ ਲੂਣਾ ਵਾਕਣ
ਵਿਲਕ ਰਹੀ ਹੈ
ਇਸ ਬਸਤੀ ਵਿਚ
ਸ਼ਾਮ ਜਦੋਂ ਆ ਢਲਦੀ ਹੈ
ਇਕਲਾਪੇ ਦੀ ਪੌਣ ਜਹੀ ਇਕ
ਚਲਦੀ ਹੈ
ਹਰ ਘਰ ਦੇ ਚੁੱਲ੍ਹੇ ਵਿਚ
ਨਾਰੀ ਬਲਦੀ ਹੈ
ਪਰ ਨਾਰੀ ਹੀ ਆਪਣੀ ਆਪੇ
ਅੱਗ ਮਾਣਦੀ
ਆਪਣੇ ਰੂਪ 'ਤੇ ਆਪੇ ਹੀ
ਬਸ ਮਰਦੀ ਹੈ
ਏਥੇ ਸਭ ਨਰ
ਅਗਨ-ਹੀਣ ਹਨ ਵੱਸਦੇ
ਨਾਰੀ ਦੇ ਛੇਰੇ ਤੋਂ ਨੱਸਦੇ
ਅੰਦਰੋਂ ਬੰਦ ਦਰਵਾਜ਼ੇ ਕਰਕੇ
ਝੀਥਾਂ 'ਚੋਂ ਨਾਰਾਂ ਥੀਂ ਤੱਕਦੇ
ਤੇ ਆਪਣੀ ਹੋਈ 'ਤੇ ਹੱਸਦੇ
ਇਸ ਬਸਤੀ ਵਿਚ
ਹਰ ਕੋਈ ਮਰ ਚੁੱਕਾ ਹੈ
ਇਕ ਦੂਜੇ ਨੂੰ
ਕਬਰ ਨਾ ਦੱਸਦੇ
ਇਕ ਦੂਜੇ ਦੀ ਮੌਤ 'ਤੇ ਹੱਸਦੇ
ਏਥੇ ਅੱਗ ਨੂੰ
ਅੱਗ ਨਹੀ ਮਿਲਦੀ ਹੈ
ਇਥੇ ਹਰ ਸ਼ੈ
ਰੋਟੀ ਬਦਲੇ ਤੁਲਦੀ ਹੈ
ਹਰ ਲੂਣਾ
ਏਥੇ ਰੋਟੀ ਖਾਤਿਰ ਗਿਰਵੀ ਹੈ
ਏਥੇ
ਪਿਆਰ, ਮੁਹੱਬਤ ਰੋਟੀ ਦਾ ਹੀ ਨਾਂ ਹੈ
ਧਰਮ ਅਤੇ ਅਖ਼ਲਾਕ ਵੀ
ਰੋਟੀ ਦਾ ਹੀ ਨਾਂ ਹੈ
ਅਕਲ, ਇਲਮ, ਤੇ ਹੁਨਰ ਵੀ
ਰੋਟੀ ਦਾ ਹੀ ਨਾਂ ਹੈ
ਤਿੱਥ-ਵਾਰ, ਤਿਉਹਾਰ ਵੀ
ਰੋਟੀ ਦਾ ਹੀ ਨਾਂ ਹੈ
ਰੋਟੀ ਖ਼ਾਤਿਰ ਹਰ ਲੂਣਾ
ਪੂਰਨ ਦੀ ਮਾਂ ਹੈ
ਇਸ ਬਸਤੀ ਵਿਚ ਰੋਟੀ ਹੀ
ਮਹਿਬੂਬਾ ਥਾਂ ਹੈ
ਏਥੇ ਕੋਈ ਵੀ
ਫੁੱਲ ਨਹੀਂ ਖਿੜਦਾ ਹੈ
ਦਿਨ ਦੀਵੀਂ
ਗਲੀਆਂ ਵਿਚ ਪਹਿਰਾ ਫਿਰਦਾ ਹੈ
ਹਰ ਇਕ ਮੋੜ 'ਤੇ ਆਪਣਾ
ਸਾਇਆ ਮਿਲਦਾ ਹੈ
ਆਪਣੇ 'ਤੇ ਆਪਣਾ ਹੀ
ਕੂੜਾ ਕਿਰਦਾ ਹੈ
ਨਿਖੜਵੀਂ ਸ਼ਖਸੀਅਤ ਹੈ
ਆਪਣੇ ਹੱਥੋਂ ਹਰ ਕੋਈ
ਇਥੇ ਬੇ-ਇੱਜ਼ਤ ਹੈ
ਆਪੇ ਤੋਂ ਹਰ ਕੋਈ
ਆਪੇ ਹੀ ਲੱਜਿਤ ਹੈ
ਏਥੋਂ ਦੀ ਸੌਗਾਤ
ਨਮੋਸ਼ੀ, ਜ਼ਿੱਲਤ ਹੈ
ਤੂੰ ਇਸ ਬਸਤੀ ਵਿਚੋਂ
ਲੂਣਾ ਕੀ ਲੱਭਦੀ ਹੈ ?
ਨੰਗਿਆਂ ਦੇ ਵਿਚ
ਆਪਣਾ ਆਪਾ ਕਿਉਂ ਕੱਜਦੀ ਹੈ ?
ਤੂੰ ਨੰਗਿਆਂ ਵਿਚ
ਨੰਗੀ ਚੰਗੀ ਲਗਦੀ ਹੈ
ਅਗਨ ਛਿਣਾਂ ਦਾ
ਲੂਣਾ, ਤੂੰ ਅਹਿਸਾਸ ਜਲਾ ਦੇ
ਲੂਣਾ ਵਿਚੋਂ
ਲੂਣਾ ਦੀ ਤੂੰ ਹੋਂਦ ਗੁਆ ਦੇ
ਤੂੰ ਲੂਣਾ ਨੂੰ
ਅਤ੍ਰਿਪਤੀ ਦਾ ਜ਼ਹਿਰ ਖੁਆ ਦੇ
ਤੇਰੇ ਪਿੰਡੇ ਵਿਚ ਜੋ
ਅਗਨ-ਮਿਰਗ ਨੱਸਦਾ ਹੈ
ਉਸ ਦਾ ਹੱਥੀਂ
ਗਲਾ ਦਬਾ ਦੇ
ਆਪਣੇ ਪਿੰਡੇ ਦੇ ਪਾਣੀ ਵਿਚ
ਘੋਲ ਕੇ ਮਦਰਾ
ਜਦ ਮੰਗੇ ਸਲਵਾਨ
ਤੂੰ ਹੱਥੀਂ ਆਪ ਪਿਆ ਦੇ
ਲੂਣਾ ਦੇ ਅੰਦਰ ਦੀ ਲੂਣਾ
ਢਿੱਡ ਦੇ ਅੰਦਰੇ ਕਬਰ ਬਣਾ ਦੇ
ਇਸ ਲੂਣਾ ਦੀ ਯਾਦ ਭੁਲਾ ਦੇ
ਉਸ ਲੂਣਾ ਦਾ
ਹਰ ਇਕ ਸੁਪਨਾ
ਆਪਣੀ ਮਿੱਟੀ ਹੇਠ ਦਬਾ ਦੇ
ਏਸ ਦੇਸ ਹਰ ਨਾਰ
ਜਦੋਂ ਪਰਨਾਈ ਜਾਵੇ
ਉਸ ਦਿਨ ਤੋਂ
ਬੀਮਾਰ ਜਹੀ ਹੋ ਜਾਵੇ
ਬਾਬਲ ਵਿਹੜੇ ਚਾਨਣ ਦੇ
ਬੂਟੇ ਨੂੰ ਦੱਬ ਕੇ
ਪਤੀ ਲਈ ਪਰਛਾਵੇਂ ਨੂੰ
ਲੈ ਜਾਵੇ
ਹਰ ਲੂਣਾ ਹੀ
ਅੰਤਰ ਦੀ ਲੂਣਾ ਮਰਵਾਵੇ
ਹੌਕੇ ਭਰ ਭਰ ਉਮਰ ਬਿਤਾਏ
ਫਿਰ ਜਦ ਸੇਜਾ ਮਾਨਣ ਜਾਵੇ
ਚਾਨਣ ਦੇ ਸੁਪਨੇ ਦਾ ਉਹਨੂੰ
ਸੁਪਨਾ ਆਵੇ
ਤੇ ਉਸ ਦਾ ਅੰਦਰ ਦੁੱਖ ਜਾਵੇ
ਉਹ ਸੁਪਨੇ ਵਿਚ
ਉਸ ਸੁਪਨੇ ਦਾ ਪਿੰਡਾ ਮਾਣੇ
ਪਰ ਕੋਈ ਹੋਰ ਹੀ ਸੁਪਨਾ
ਉਸ ਦਾ ਪਿੰਡਾ ਖਾਵੇ
ਲੂਣਾ !
ਹਰ ਲੂਣਾ ਹੀ
ਬਸ ਏਦਾਂ ਮਰ ਜਾਵੇ
ਚਾਨਣ ਦੇ ਸੁਪਨੇ
ਬਸ ਸੁਪਨੇ ਹੀ ਲੈਂਦੀ
ਭੋਗ ਰਚਾਵੇ
ਤੇ ਉਹ ਗਰਭਵਤੀ ਹੋ ਜਾਵੇ
ਹਰ ਇਕ ਗਰਭਵਤੀ ਤਦ ਆਪਣੀ
ਕੁੱਖ ਵਿਚ ਝਾਕੇ
ਪੀੜ ਦਾ ਬੂਟਾ ਉੱਗਦਾ ਜਾਪੇ
ਪੀੜਾਂ ਦੇ ਬੂਟੇ ਦੀ ਛਾਵੇਂ
ਉਸ ਦੀ ਹਰ ਇਕ ਪੀੜ ਗਵਾਚੇ
ਤਦ ਨਾਰੀ ਤੋਂ
ਬੀਤੇ ਦਿਵਸ ਨਾ ਜਾਣ ਪਛਾਤੇ
ਬਾਬਲ ਵਿਹੜੇ ਦੱਬਿਆ ਸੁਪਨਾ
ਸੌਦਾ ਜਾਪੇ
ਲੂਣਾ
ਈਰਾ !
ਕੂੜ ਫ਼ਲਸਫ਼ਾ ਤੇਰਾ
ਦਿਲ ਨਾ ਪੋਂਹਦਾ
ਬਾਬਲ ਦੇ ਵਿਹੜੇ ਦਾ ਸੁਪਨਾ
ਕਦੇ ਨਾ ਸੁਣਦਾ
ਅਵਚੇਤਨ ਮੱਥੇ ਵਿਚ ਕਿਧਰੇ
ਰਹਿੰਦੇ ਭੌਂਦਾ
ਮਰਨ-ਦਿਵਸ ਤੱਕ ਹੰਝੂ ਹੰਝੂ
ਰਹਿੰਦਾ ਰੋਂਦਾ
ਸਈਏ !
ਉਮਰ ਸੁਲਗਦੀ
ਧੀਆਂ ਦੀ ਜਾਂ ਆਉਂਦੀ
ਹਰ ਧੀ ਹਰ ਬਾਬਲ ਦੇ
ਵਿਹੜੇ ਸੁਪਨੇ ਲੈਂਦੀ
ਸਈਆਂ ਦੇ ਸੰਗ
ਫੁੱਲਾਂ ਲੱਦੇ ਜੰਗਲ ਦੇ ਵਿਚ
ਉਹ ਗੁੰਮ ਹੋ ਜਾਂਦੀ
ਸਈਆਂ ਨੂੰ ਉਹ ਲੱਭਦੀ
ਤੇ ਆਵਾਜ਼ਾਂ ਲਾਂਦੀ
ਪਰ ਕੋਈ ਸਖੀ ਨਜ਼ਰ ਨਾ ਆਉਂਦੀ
ਤੇ ਉਹ ਇਕ ਬੂਟੇ ਦੀ ਛਾਵੇਂ
ਥੱਕ ਟੁੱਟ ਕੇ ਹੈ ਜਾ ਬਹਿੰਦੀ
ਫੇਰ ਕਿਸੇ ਪਰੀ ਲੋਕ 'ਚੋਂ
ਇਕ ਸ਼ਹਿਜ਼ਾਦਾ ਆਉਂਦਾ
ਤੇ ਉਹਨੂੰ
ਉਹ ਕੁੱਲ ਜੰਗਲ ਦੀ ਸੈਰ ਕਰਾਉਂਦਾ
ਇਕ ਦਿਨ ਫੇਰ ਇਵੇਂ ਦਾ ਆਉਂਦਾ
ਉਹ ਸ਼ਹਿਜ਼ਾਦਾ,
ਓਸ ਕੁੜੀ ਨੂੰ
ਵਰ ਕੇ ਦੂਰ ਦੇਸ਼ ਲੈ ਜਾਂਦਾ
ਹੱਸਦਾ ਹੱਸਦਾ ਗਾਉਂਦਾ ਗਾਉਂਦਾ
ਇਕ ਪਲ ਦਾ ਜੇ ਪਵੇ ਵਿਛੋੜਾ
ਉਹ ਮਰ ਜਾਂਦੀ
ਉਹ ਮਰ ਜਾਂਦਾ
ਪਰ ਸਈਏ
ਇਹ ਸੁਪਨਾ, ਸੁਪਨਾ ਹੀ ਰਹਿ ਜਾਂਦਾ
ਸ਼ਹਿਜ਼ਾਦੇ ਥਾਂ ਵਰਨ ਕੋਈ
ਦਾਨਵ ਆ ਜਾਂਦਾ
ਵਰਕੇ ਸੱਤਵੀਂ ਕੋਠੀ ਪਾਂਦਾ
ਰੋਜ਼ ਰਾਤ ਨੂੰ
ਭੋਰਾ ਭੋਰਾ ਕਰ ਕੇ ਖਾਂਦਾ
ਹਰ ਧੀ ਦਾ ਹੀ ਸੁਪਨਾ ਹੈ
ਜ਼ਖ਼ਮੀ ਹੋ ਜਾਂਦਾ
ਬਾਬਲ ਦੇ ਵਿਹੜੇ ਦਾ ਸੁਪਨਾ
ਪਰ ਮੈਂ ਬਾਬਲ ਵਿਹੜੇ
ਜੋ ਸੀ ਸੁਪਨਾ ਤੱਕਿਆ
ਜੋ ਸੁਪਨਾ ਮੈਂ ਉਇਆ, ਕੱਤਿਆ
ਉਸ ਸੁਪਨੇ ਵਿਚ
ਪੂਰਨ ਵਰਗਾ ਸੀ ਕੋਈ ਵੱਸਿਆ
ਉਸ ਸੁਪਨੇ ਵਿਚ
ਪੂਰਨ ਵਰਗੇ ਰੰਗ ਘੁਲੇ ਸਨ
ਪੂਰਨ ਦੇ ਅੰਗਾਂ ਹੀ ਵਰਗੇ
ਅੰਗ ਘੁਲੇ ਸਨ
ਉਹ ਸੁਪਨਾ ਸੀ
ਪੂਰਨ ਦੇ ਪਰਛਾਵੇਂ ਵਰਗਾ
ਜੋ ਮੇਰੇ ਨੈਣੀ
ਰਾਤ ਦਿਨੇ ਸੀ ਰਹਿੰਦਾ ਤਰਦਾ
ਉਸ ਸੁਪਨੇ 'ਤੇ ਮੈਂ ਸਾਂ ਮਰਦੀ
ਉਹ ਸੁਪਨਾ ਮੇਰੇ 'ਤੇ ਮਰਦਾ
ਇਉਂ ਲਗਦੈ
ਜਿਉ ਮੈਂ ਤੇ ਪੂਰਨ
ਜਨਮ ਜਨਮ ਦੇ ਹੋਈਏ ਸਾਥੀ
ਪਰ ਪਿਛਲੇ ਜਨਮਾਂ ਵਿਚ ਕਿਧਰੇ
ਦੋਹਾਂ ਦੀ ਗਈ ਹੋਂਦ ਸਰਾਪੀ
ਇਕ ਰੂਹ ਦੋ ਹੰਸਾਂ ਵਿਚ ਪਾਟੀ
ਇਕ ਦੂਜੇ ਨੇ
ਇਕ ਦੂਜੇ ਦੀ
ਕਿੰਨੇ ਜਨਮ ਨਾ ਸ਼ਕਲ ਪਛਾਤੀ
ਕਿਸੇ ਵਡੇਰੇ ਪਾਪ ਦੇ ਕਾਰਨ
ਮੈਥੋਂ ਮੇਰਾ ਪੂਰਨ ਗੁੰਮਿਆ
ਤੇ ਮੈਂ ਪੂਰਨ ਲਈ ਗਵਾਚੀ
ਪਰ ਮੈਂ
ਪੂਰਨ ਦੇ ਰਾਹਵਾਂ ਦਾ
ਮੈਂ ਪੂਰਨ ਦੇ ਅੰਗਾਂ 'ਚੋਂ
ਆਉਂਦੀ ਖੁਸ਼ਬੋ ਹਾਂ
ਮੈਂ ਉਹਦੇ ਮੁੱਖ 'ਚੋਂ ਕਿਰਦੇ
ਸ਼ਬਦ ਦੀ ਮਦਰਾ ਹਾਂ
ਮੈਂ ਪੂਰਨ ਦੇ ਮੱਥੇ ਦੇ
ਸੂਰਜ ਦੀ ਲੋਅ ਹਾਂ
ਈਰਾ
ਹਾਂ ਲੂਣਾ !
ਈਕਣ ਹੀ ਲੱਗਦਾ
ਹਰ ਆਦਰਸ਼-ਹੀਣ ਪ੍ਰਾਣੀ ਨੂੰ
ਹਰ ਆਦਰਸ਼ ਹੀ ਆਪਣਾ ਲੱਗਦਾ
ਜੋ ਚਿਹਰਾ ਆਪਣਾ ਨਾ ਹੁੰਦਾ
ਜਨਮ ਜਨਮ ਤੋਂ ਗੁੰਮਿਆ ਲੱਗਦਾ
ਅਸੰਤੁਸ਼ਟਿਤ ਹਰ ਕਾਮ ਹਮੇਸ਼ਾ
ਸੰਤੁਸ਼ਟਿਤ ਹਰ ਕਾਮ 'ਤੇ ਮਰਦਾ
ਸੰਤੁਸ਼ਟਿਤ ਹਰ ਕਾਮ ਤੋਂ ਜਲਦਾ
ਹਰ ਚਿਹਰੇ ਦੇ ਨਕਸ਼ ਫੋਲਦਾ
ਹਰ ਚਿਹਰੇ 'ਚੋਂ ਉਸ ਨੂੰ ਲੱਭਦਾ
ਹਰ ਲੂਣਾ ਨੂੰ
ਹਰ ਪੂਰਨ ਹੀ ਆਪਣਾ ਲੱਗਦਾ
ਮ੍ਰਿਗ-ਤ੍ਰਿਸ਼ਨਾ ਦੀ ਇਸ ਕਿਰਿਆ 'ਚੋਂ
ਪਰ ਲੂਣਾ ਕੁਝ ਵੀ ਨਾ ਲੱਭਦਾ
ਕਾਮ ਦੀ ਮਾਰੂ ਜਵਾਲਾ ਅੰਦਰ
ਨਹੁੰਓ ਸਿਰ ਤੱਕ ਰਹਿੰਦਾ ਸੜਦਾ
ਅਸੀ ਤਾਂ ਲੂਣਾ !
ਬੇ-ਸੰਤੋਖੇ ਕਾਮੀ ਹਾਂ
ਇਕ ਕਿਰਿਆ ਵਿਚ ਸੱਭੇ
ਅੰਤਰਜਾਮੀ ਹਾਂ
ਨਾਮੀ ਹਾਂ
ਕਾਮ ਲਈ ਇਕ ਦੂਜੇ ਤੋਂ ਵੱਧ
ਦਾਨੀ ਹਾਂ
ਨਿੱਤ ਨਵੇਂ ਚਿਹਰੇ ਦਾ ਪੀਂਦੇ
ਪਾਣੀ ਹਾਂ
( ਮੀਹ ਤੇਜ਼ ਹੋ ਜਾਂਦਾ ਹੈ, ਪੂਰਨ ਭਿੱਜਿਆ ਹੋਇਆ
ਚਬੂਤਰੇ 'ਚ ਦਾਖ਼ਲ ਹੁੰਦਾ ਹੈ ! ਈਰਾ ਉੱਠ ਕੇ ਚਲੀ
ਜਾਂਦੀ ਹੈ। ਪੂਰਨ ਦੇ ਦੂਧਾ ਵਸਤਰ ਉਹਦੇ ਪਿੰਡੇ ਨਾਲ
ਚਿੰਮੜੇ ਹੋਏ ਹਨ। ਲੂਣਾ ਉਸ ਵੱਲ ਪਿਆਰ ਭਰੀ ਤੱਕਣੀ
ਨਾਲ ਵੇਖ ਰਹੀ ਹੈ। ਪੂਰਨ ਹੱਥ ਜੋੜ ਕੇ ਪਰਨਾਮ ਕਰਦਾ ਹੈ।)
ਲੂਣਾ
ਪੂਰਨ !
ਅੱਜ ਦੀ ਰੁੱਤ ਬੜੀ ਹੀ
ਪਿਆਰੀ ਹੈ।
ਪੂਰਨ
ਹਾਂ ਮਾਂ ਜੀ
ਜਿਵੇਂ ਰੋਂਦੀ ਬਿਰਹਣ
ਨਾਰੀ ਹੈ।
ਲੂਣਾ
ਹਾਂ ਪੂਰਨ।
ਤੂੰ ਸੱਚੀ ਗੱਲ ਉਚਾਰੀ ਹੈ
ਇਹ ਰੁੱਤ ਹੰਝੂਆਂ ਲੱਦੀ
ਬਿਰਹਾ-ਮਾਰੀ ਹੈ।
ਪੂਰਨ !
ਇੰਦਰ ਦੇਵ ਜਦੋਂ ਰੁੱਤਾਂ ਸੀ ਘੜਦਾ
ਐਂਦਰ ਨਾਂ ਦੀ ਇਕ ਪਰੀ ਨੂੰ
ਕਹਿੰਦੇ ਬੜਾ ਹੀ ਪਿਆਰ ਸੀ ਕਰਦਾ
ਹਰ ਮੌਸਮ ਦਾ ਰੰਗ
ਉਹਦੇ ਰੰਗਾਂ 'ਚੋਂ ਲੈਂਦਾ
ਰੁੱਤਾਂ ਦਾ ਆਧਾਰ
ਉਹਦੀ ਮੁਦਰਾ 'ਤੇ ਕਰਦਾ
ਕਹਿੰਦੇ
ਜਦ ਉਹ ਹੱਸੀ
ਰੁੱਤ ਬਹਾਰ ਬਣੀ
ਕਾਮੀ ਨਜ਼ਰੇ ਤੱਕੀ
ਤਾਂ ਅੰਗਿਆਰ ਬਈ
ਵਿਚ ਉਦਾਸੀ ਮੱਤੀ
ਤਾਂ ਪਤ ਹਾਰ ਬਣੀ
ਸੇਜਾ ਮਾਣ ਕੇ ਥੱਕੀ
ਠੰਡੀ ਠਾਰ ਬਣੀ
ਝਾਂਜਰ ਪਾ ਕੇ ਨੱਚੀ
ਤਾਂ ਸ਼ਿੰਗਾਰ ਬਣੀ
ਪੰਜ ਰੁੱਤਾਂ ਦੀ ਐਂਦਰ
ਇਉ ਆਧਾਰ ਬਣੀ
ਪਰ ਛੇਵੀਂ ਇਹ ਰੁੱਤ
ਜਿਹੜੀ ਮਲ੍ਹਾਰ ਬਣੀ
ਜੋ ਅੱਜ ਸਾਡੇ ਸਾਹਵੇਂ
ਬਿਰਹਣ ਵਾਂਗ ਖੜ੍ਹੀ
ਦੁੱਖ-ਦਾਇਕ ਹੈ ਪੂਰਨ ਇਸ ਦੀ
ਜਨਮ-ਘੜੀ
ਐਂਦਰ ਹੋਰ ਕਿਸੇ ਦਿਉਤੇ ਸੰਗ
ਗਈ ਵਰੀ
ਬਿਰਹੋਂ-ਜਲੰਦੀ ਐਂਦਰ
ਕਹਿੰਦੇ ਰੋਈ ਬੜੀ
ਇਹ ਰੁੱਤ ਘੜੀ
ਅੰਬਰ ਨੈਣੀ
ਐਂਦਰ ਦੀ ਸਭ
ਪੀੜ ਭਰੀ ਤੇ
ਇੰਦਰ ਨੇ ਕਹਿੰਦੇ ਏਨੀ ਮਦਰਾ ਪੀਤੀ
ਉਸ ਨੂੰ ਆਪਣੇ ਆਪੇ ਦੀ
ਨਾ ਹੋਸ਼ ਰਹੀ।
ਕਹਿੰਦੇ
ਜਦ ਵੀ ਅੰਦਰ ਦਾ ਦਿਲ
ਜਲਦਾ ਹੈ
ਐਂਦਰ ਨੂੰ ਉਹ ਯਾਦ
ਜਦੋਂ ਵੀ ਕਰਦਾ ਹੈ
ਉਸੇ ਦਿਨ ਅੰਬਰ ਤੋਂ
ਪਾਣੀ ਵਰ੍ਹਦਾ ਹੈ
ਪੂਰਨ
ਮਾਂ ਜੀ
ਕੈਸੀ ਮਿੱਠੜੀ ਕਥਾ ਸੁਣਾਈ ਹੈ
ਬੱਦਲਾਂ 'ਚੋਂ
ਬਿਰਹਾ ਦੀ ਖੁਸ਼ਬੋ ਆਈ ਹੈ
ਜਿਉ ਇੰਦਰ ਦੇ ਹੰਝੂਆਂ
ਝੜੀ ਲਗਾਈ ਹੈ ।
ਲੂਣਾ
ਪਰ ਪੂਰਨ !
ਤੂੰ ਆਪਣੀ ਐਂਦਰ ਨੂੰ ਨਹੀਂ ਤੱਕਿਆ
ਜਨਮ ਜਨਮ ਤੋਂ
ਤੂੰ ਉਸ ਦੇ ਅੰਤਰ ਵਿਚ ਵੱਸਿਆ
ਪਰ ਤੂੰ ਉਸ ਨੂੰ
ਉਸ ਅੰਦਰ ਨੂੰ
ਯਾਦ ਤੇਰੀ ਜਦ ਆਉਂਦੀ ਹੈ
ਹਰ ਰੁੱਤ ਹੀ
ਬਿਰਹਣ ਦਾ ਰੂਪ ਵਟਾਉਂਦੀ ਹੈ
ਇਹ ਰੁੱਤ ਵੀ ਉਹਦੇ ਹੰਝੂਆਂ ਤੋਂ
ਸ਼ਰਮਾਉਂਦੀ ਹੈ ।
ਪੂਰਨ
ਮਾਂ ਜੀ !
ਕਿਸ ਐਂਦਰ ਦੀ
ਬਾਤ ਪਏ ਪਾਂਦੇ ਹੋ
ਕਿਊ ਪੂਰਨ ਦਾ
ਪਏ ਉਪਹਾਸ ਉਡਾਂਦੇ ਹੋ ?
ਲੂਣਾ
ਪੂਰਨ !
ਸੱਚ ਮੁੱਚ
ਇਹ ਕੋਈ ਉਪਹਾਸ ਨਹੀਂ ਹੈ
ਏਸ ਤੋਂ ਵੱਡਾ ਕੋਈ ਵੀ
ਇਤਿਹਾਸ ਨਹੀਂ ਹੈ
ਉਹ ਅੰਦਰ ਬੇ-ਨਾਮ ਦੇਸ਼ ਵਿਚ
ਰਹਿੰਦੀ ਹੈ
ਓਸ ਦੇਸ਼ ਤੱਕ
ਕੋਈ ਵੀ ਸੜਕ ਨਾ ਜਾਂਦੀ ਹੈ
ਓਸ ਦੇਸ਼ ਵਿਚ
ਅੰਬਰ ਪੈਰਾਂ ਵੱਲੇ ਹੈ
ਸਿਰ ਦੇ ਉੱਤੇ ਧਰਤੀ ਨਜ਼ਰੀਂ
ਆਉਂਦੀ ਹੈ
ਉਸੇ ਦੇਸ਼ ਵਿਚ
ਯਾਦ ਤੇਰੀ ਜਾਂ ਮਿਲਣ ਕਦੇ
ਆ ਜਾਂਦੀ ਹੈ
ਜਦ ਜੀ ਕਰਦਾ ਰੱਦੀ ਹੈ
ਤੇ ਹੱਸ ਲੈਂਦੀ ਹੈ
ਦਿਨ ਭਰ ਇਕ ਟਿੱਲੇ 'ਤੇ ਬੈਠੀ
ਬੇ-ਆਵਾਜ਼ਾ ਗੀਤ ਜਿਹਾ ਕੋਈ
ਗਾਉਂਦੀ ਹੈ
ਉਹ ਬੇਚਾਰੀ
ਦੇਹ-ਹੀਣ, ਦੂਸ਼ਿਤ ਨਾਰੀ ਹੈ
ਪਰਨਾਈ ਹੈ
ਫਿਰ ਵੀ ਕੰਜ ਕੁਆਰੀ ਹੈ
ਪੂਰਨ
ਹਾਂ ਮਾਂ ਜੀ
ਮੈਂ ਸਮਝ ਗਿਆ ਜੋ ਵੀ ਕਹਿੰਦੇ ਹੋ
ਕਥਾ-ਕਥਲੀ
ਪਰੀ-ਲੋਕ ਦੀ ਪਏ ਪਾਂਦੇ ਹੋ
ਲੂਣਾ
ਪੂਰਨ !
ਇਹ ਕੋਈ ਪਰੀ-ਲੋਕ ਦੀ
ਕਥਾ ਨਹੀਂ ਹੈ
ਤੈਨੂੰ ਉਸ ਬੇਚਾਰੀ ਦਾ ਕੁਝ
ਪਤਾ ਨਹੀਂ ਹੈ।
ਕਾਸ਼ !
ਕਦੇ ਜੇ ਤੈਨੂੰ ਉਹ ਮਿਲ ਸਕਦੀ
ਤੈਨੂੰ ਉਹ
ਪਲਕਾਂ ਦੇ ਉਹਲੇ ਡੱਕਦੀ
ਤੇਰੀ ਦੇਹ ਨੂੰ
ਤੇਰੀ ਖਾਤਿਰ
ਅੰਗਿਆਰਾਂ 'ਤੇ ਨੱਚਦੀ
ਦੇਹ-ਹੀਣ
ਕਿਸੇ ਚੰਦਨ ਦੇਹ ਵਿਚ ਵੱਸਦੀ
ਤੈਨੂੰ ਉਹ ਨਿੱਤ
ਨਾਗਣ ਬਣ ਕੇ ਡੱਸਦੀ
ਕਾਸ਼ !
ਕਦੇ ਜੇ ਤੈਨੂੰ ਉਹ ਮਿਲ ਸਕਦੀ
ਹੁਣ ਤੈਨੂੰ ਉਹ
ਸੁਪਨੇ ਵਿਚ ਤੱਕ ਲੈਂਦੀ ਹੈ
ਤੇਰੇ ਪਿੰਡੇ ਦਾ ਉਹ ਖਿੜਿਆ
ਫੁੱਲ ਵੇਖ ਕੇ
ਆਪਣੀ ਨਿਰ-ਆਕਾਰ ਦੇਹੀ 'ਤੇ
ਹੱਸ ਲੈਂਦੀ ਹੈ
ਰੋਜ਼ ਤੇਰੇ ਦੁਆਰੇ 'ਤੇ
ਲੰਮਾ ਸੱਜਦਾ ਕਰ ਕੇ
ਨੈਣਾਂ ਦੇ ਵਿਚ ਹੰਝੂ ਭਰ ਕੇ
ਮੁੜ ਜਾਂਦੀ ਹੈ
ਕਦੇ ਕਦੇ ਜਾਂ
ਮੇਰੇ ਘਰ ਵੀ ਆ ਜਾਂਦੀ ਹੈ
ਤੇਰੀਆਂ ਗੱਲਾਂ ਕਰਦੀ ਕਰਦੀ
ਰੋ ਪੈਂਦੀ ਹੈ
ਉਹ ਇਕ ਐਸਾ ਗੀਤ ਹੈ
ਜੋ ਗਾਇਆ ਨਹੀਂ ਜਾਂਦਾ
ਉਹ ਇਕ ਐਸਾ ਬਦਨ ਹੈ
ਜੋ ਛੁਹਿਆ ਨਹੀਂ ਜਾਂਦਾ
ਇਕ ਐਸਾ ਪਰਛਾਵਾਂ
ਜੋ ਨਜ਼ਰੀ ਨਾ ਆਉਂਦਾ
ਇਕ ਐਸਾ ਅਹਿਸਾਸ
ਕਥਨ-ਹੀਣ ਕਥਾ ਦਾ
ਵਰਕਾ ਉੱਡਦਾ ਜਾਂਦਾ
ਜਿਸਦਾ ਕੋਈ ਆਦਿ ਨਾ ਆਉਂਦਾ
ਅੰਤ ਨਾ ਆਉਂਦਾ
ਪੂਰਨ
ਮਾਂ ਜੀ !
ਹੁਣ ਬੱਸ ਛੱਡੋ ਵੀ
ਇਹ ਕਥਾ ਛਲੇਡੀ
ਸੱਚ ਦੱਸੋ ਹੈ ਕੌਣ ਕੁੜੀ
ਦੁਖਿਆਰਣ ਏਡੀ ?
ਲੂਣਾ
ਪੂਰਨ !
ਮੈਨੂੰ ਓਸ ਕੁੜੀ ਦਾ
ਨਾਂ ਨਹੀਂ ਆਉਂਦਾ
ਚਿਰਾਂ ਚਿਰਾਂ ਤੋਂ ਜੀਭ ਮੇਰੀ 'ਤੇ
ਬਲਦਾ, ਬੁਝਦਾ ਧੁਖਦਾ ਰਹਿੰਦਾ
ਕੋਈ ਵੀ ਉਸ ਦਾ ਨਾਮ ਨਾ ਲੈਂਦਾ
ਓਸ ਕੁੜੀ ਦਾ
ਆਪਣਾ ਹਾਣੀ
ਓਸ ਕੁੜੀ ਨੂੰ ਮਾਂ ਹੈ ਕਹਿੰਦਾ
ਓਸ ਕੁੜੀ ਦੇ
ਪਿਉ ਦਾ ਹਾਣੀ
ਓਸ ਕੁੜੀ ਨੂੰ
ਪਤਨੀ ਕਹਿੰਦਾ
( ਲੂਣਾ ਰੋਣ ਲੱਗ ਜਾਂਦੀ ਹੈ, ਪੂਰਨ
ਉਸ ਦਾ ਇਸ਼ਾਰਾ ਸਮਝ ਜਾਂਦਾ ਹੈ )
ਪਰ ਮਾਂ ।
ਓਸ ਕੁੜੀ ਨੂੰ ਪੂਰਨ
ਮਾਂ ਨਾ ਆਖੇ
ਤੇ ਕੀਹ ਆਖੇ ?
ਓਸ ਕੁੜੀ ਦੀ
ਬਲਦੀ ਧੁੱਪ ਨੂੰ
ਤੇ ਕੀਹ ਆਖੇ ?
ਛਾਂ ਨਾ ਆਖੇ ?
ਲੂਣਾ
ਸਰਪ ਦੁਫਾੜੀ ਜੀਭਾ ਵਾਕਣ
ਇਕ ਸੰਗ ਮੈਨੂੰ
ਮਾਂ ਮਾਂ ਆਖੇ
ਦੂਜੀ ਸੰਗ ਮਹਿਬੂਬਾ ਆਖੇ
ਪੂਰਨ
ਓਸ ਕੁੜੀ ਨੂੰ
ਤਾਂ ਪੂਰਨ ਥੀ ਪਿਆਰ ਨਹੀਂ ਹੈ
ਓਸ ਕੁੜੀ ਨੂੰ
ਪੂਰਨ ਦਾ ਸਤਿਕਾਰ ਨਹੀਂ ਹੈ
ਮਾਂ ਕਹਿਲਾਉਣੋਂ
ਜੇ ਆਪਣਾ ਅਪਮਾਨ ਸਮਝਦੀ
ਮਹਿਬੂਬਾ ਕਹਿਲਾਉਣ ਦੀ ਵੀ
ਹੱਕਦਾਰ ਨਹੀਂ ਹੈ
ਹਰ ਮਹਿਬੂਬਾ ਦੇ ਚਿਹਰੇ ਵਿਚ
ਮਾਂ ਹੁੰਦੀ ਹੈ
ਤੇ ਹਰ ਮਾਂ ਦੇ ਚਿਹਰੇ ਵਿਚ
ਮਹਿਬੂਬਾ
ਸਤਿਕਾਰ ਨਹੀਂ ਹੈ
ਉਸ ਨਾਰੀ ਵਿਚ
ਕਿਸੇ ਰੂਪ ਵਿਚ ਨਾਰ ਨਹੀਂ ਹੈ
ਉਸ ਨਾਰੀ ਵਿਚ
ਨਾਰੀ ਹਾਲੇ ਸੀਮਤ ਹੈ
ਉਸ ਨਾਰੀ ਵਿਚ
ਨਾਰੀ ਦਾ ਵਿਸਥਾਰ ਨਹੀਂ ਹੈ
ਨਾ ਉਹ ਮਾਂ ਭੈਣ ਤੇ ਨਾ ਹੀ
ਮਹਿਬੂਬਾ ਹੈ
ਇਸ ਨੂੰ ਪਿਆਰ ਕਰਨ ਦਾ
ਕੋਈ ਅਧਿਕਾਰ ਨਹੀਂ ਹੈ
ਲੂਣਾ
ਪੂਰਨ !
ਲੂਣਾ ਮਮਤਾ ਦਾ
ਸਤਿਕਾਰ ਹੈ ਕਰਦੀ
ਪਰ ਉਹ ਉਸ ਮਮਤਾ ਤੋਂ ਡਰਦੀ
ਜਿਸ ਮਮਤਾ ਵਿਚ
ਨਾਰੀ ਦੀ ਨਾ ਹੋਵੇ ਮਰਜ਼ੀ
ਲੁੜ੍ਹੀਆਂ ਵਾਕਣ ਜੋ ਨਾਰੀ ਦੀ
ਕੁੱਖ ਵਿਚ ਚਲਦੀ
ਉਸ ਮਮਤਾ ਨੂੰ
ਕੋਈ ਵੀ ਨਾਰੀ
ਪਿਆਰ ਨਾ ਕਰਦੀ
ਹਰ ਨਾਰੀ ਮਮਤਾ ਦਾ ਸੁਪਨਾ
ਇਕ ਐਸੇ ਪਿੰਡੇ 'ਚੋਂ ਲੈਂਦੀ
ਜਿਸ ਪਿੰਡੇ 'ਚੋਂ ਪਹਿਲ-ਵਰੇਸੇ
ਆਪਣੇ ਪਿੰਡੇ ਨੂੰ ਤੱਕ ਲੈਂਦੀ
ਜਿਸ ਪਿੰਡੇ ਦੇ ਮੁੜ੍ਹਕੇ ਵਿਚੋਂ
ਪੂਰਨ !
ਤੇਰੇ ਪਿੰਡੇ ਵਿਚੋਂ
ਲੂਣਾ ਨੇ ਮਮਤਾ ਤੱਕੀ ਹੈ
ਲੂਣਾ ਦੇ ਪਿੰਡੇ ਵਿਚ ਤੇਰੇ
ਪਿੰਡੇ ਦੀ ਖੁਸ਼ਬੋ ਵਸੀ ਹੈ
ਤੇਰੀ ਸੂਰਤ ਦੀ ਪਰਛਾਈ
ਆਪਣੀ ਕੁੱਖ ਵਿਚ ਮੈਂ ਤੱਕੀ ਹੈ
ਉਹ ਪਰਛਾਈ
ਮੇਰੀ ਕੁੱਖ 'ਚੋਂ ਤੇ
ਕਈ ਵਾਰੀ ਹੀ ਜਨਮ ਹੈ ਲੈਂਦੀ
ਲੂਣਾਂ ਪਰਸੂਤ ਹੰਢਾਂਦੀ
ਤੇ ਪਰਛਾਈ
ਹੱਡ-ਮਾਸ ਦਾ ਬੁੱਤ ਬਣ ਜਾਂਦੀ
ਉਸ ਪਰਛਾਈਂ ਦੇ ਮੈਂ
ਕੂਲੇ ਅੰਗਾਂ ਵਿਚੋਂ
ਤੇਰੇ ਤੇ ਆਪਣੇ ਅੰਗਾਂ ਨੂੰ
ਲੱਭਦੀ ਰਹਿੰਦੀ
ਦੋ ਪਿੰਡਿਆਂ ਦੇ ਸੰਗਮ ਉੱਤੇ
ਹੱਸਦੀ ਰਹਿੰਦੀ
ਨਿੱਕੇ ਨਿੱਕੇ ਅੰਗ ਵੇਖ ਕੇ
ਮੈਂ ਨਸ਼ਿਆਉਂਦੀ
ਤੇ ਪਰਛਾਈ ਛਾਤੀ ਚੁੰਘਦੀ
ਛਾਤੀ ਉੱਤੇ ਹੀ ਸੌਂ ਜਾਂਦੀ
ਤੂੰ ਉਸ ਦਾ
ਬਾਬਲ ਬਣ ਜਾਂਦਾ
ਮੈਂ ਉਸ ਦੀ
ਅੰਬੜੀ ਬਣ ਜਾਂਦੀ
ਮਾਂ !
ਮੈਂ ਓਸੇ ਪਰਛਾਵੇਂ ਦਾ
ਕੀ ਤੈਨੂੰ ਵਿਸਥਾਰ ਨਾ ਲੱਗਦਾ ?
ਕੀ ਓਸੇ ਹੀ ਪਰਛਾਵੇਂ ਦਾ
ਮੈਂ ਵਧਿਆ ਆਕਾਰ ਨਾ ਲੱਗਦਾ ?
ਉਹਨਾਂ ਕੂਲੇ ਨਕਸ਼ਾਂ ਦਾ ਹੀ
ਕੀਹ ਤੈਨੂੰ ਆਧਾਰ ਨਾ ਲੱਗਦਾ ?
ਪੂਰਨ ਵਿਚੋਂ ਪਰਛਾਵੇਂ ਦਾ
ਕੀ ਤੈਨੂੰ
ਉਹ ਪਿਆਰ ਨਾ ਲੱਭਦਾ ?
ਲੂਣਾ
ਪੂਰਨ !
ਮੈਨੂੰ ਪੂਰਨ ਵਿਚੋਂ
ਬੱਸ 'ਕਲਾ ਪੂਰਨ ਹੈ ਲੱਭਦਾ
ਪੂਰਨ 'ਚੋਂ
ਲੂਣਾ ਨਾ ਲੱਭਦੀ
ਇਸ ਲਈ ਮੇਰਾ ਮਨ ਨਾ ਰੱਜਦਾ
ਪੂਰਨ ਸਦਾ
ਅਪੂਰਨ ਲੱਗਦਾ
ਉਸ ਪਰਛਾਵੇਂ ਵਰਗਾ ਨਾ
ਪਰਛਾਵਾਂ ਲੱਭਦਾ
ਪੂਰਨ ਉਸ ਪਰਛਾਵੇਂ ਦਾ
ਕੁਝ ਹਿੱਸਾ ਲੱਗਦਾ
ਪੂਰਨ
ਮਾਂ !
ਤੈਨੂੰ ਜੋ ਪੂਰਨ ਵਿਚੋਂ
ਕੁਝ ਕੁ ਹਿੱਸਾ ਆਪਣਾ ਲਗਦਾ
ਓਸੇ ਪੂਰਨ ਦੇ ਹਿੱਸੇ ਦੀ
ਅੱਜ ਦੀ ਅੱਜ ਬੱਸ
ਬਾਕੀ ਬਚੇ ਅਪੂਰਨ ਖ਼ਾਤਿਰ
ਤੂੰ ਧੁੱਪ ਬਣ ਜਾ
ਜਾਂ ਛਾਂ ਬਣ ਜਾ
ਪੂਰਨ ਦੇ
ਪਿੰਡੇ 'ਚੋਂ ਤੈਨੂੰ
ਜਿੰਨਾ ਕੁ ਆਪਣਾ ਅੱਜ ਲੱਗਦੈ
ਓਨਾ ਕੁ ਪੂਰਨ ਹੀ ਤੇਰੇ
ਦੁੱਖਾਂ ਸੰਗ ਹਮਦਰਦੀ ਕਰਦੈ
ਬਾਕੀ ਰਿਹਾ ਅਪੂਰਨ
ਪੂਰਨ ਕੋਲੋਂ ਡਰਦੈ
ਉਹ ਆਪੇ ਇਸ ਘਰ ਦੀ ਅੱਗ ਵਿਚ
ਧੁਖ ਧੁਖ ਸੜਦੈ
ਮਾਏ ਨੀ!
ਸੁਣ ਮੇਰੀਏ ਮਾਏ
ਪੂਰਨ ਆਪਣੇ ਢਿੱਡ ਦੀਆਂ ਪੀੜਾਂ
ਕੀਕਣ ਫੋਲੇ ਕਿੰਜ ਸੁਣਾਏ
ਸ਼ਬਦਾਂ ਬਾਝੋਂ ਬੁੱਲ੍ਹ ਤਿਹਾਏ
ਮੇਰੀ ਇਸ ਨਿਰਲੇਪ ਕਥਾ 'ਤੇ
ਕੋਈ ਵੀ ਸ਼ਬਦ ਤਾਂ ਮੇਚ ਨਾ ਆਏ
ਕਥਾ ਕਹਾਂ ਤਾਂ ਕਹੀ ਨਾ ਜਾਏ
ਹਰ ਇਕ ਸ਼ਬਦ ਪਿਆ ਸ਼ਰਮਾਏ
ਅਠਾਰਾਂ ਵਰ੍ਹੇ
ਮੇਰੀ ਉਮਰਾ ਦੇ
ਇਕਲਾਪੇ ਦੀ ਅੱਗ ਵਿਚ ਸੜ ਗਏ
ਮੌਸਮ ਆਏ
ਮੌਸਮ ਮਰ ਗਏ
ਓਥੋਂ ਬਚਿਆ, ਤੇ ਕੀਹ ਤੱਕਿਆ
ਬਾਪ ਦੀਆਂ ਕਰਤੂਤਾਂ ਦੇ ਸੱਪ
ਪੂਰਨ ਦੇ ਅਹਿਸਾਸ ਨੂੰ
ਬਚੇ-ਖੁਚੇ ਜਜ਼ਬਾਤ ਵੀ
ਠਰ ਗਏ
ਪੂਰਨ ਦੇ ਹੀ ਜੰਮਣ ਵਾਲੇ
ਪੂਰਨ ਨੂੰ ਗਲੀਆਂ ਵਿਚ ਧਰ ਗਏ
ਮੇਰੇ ਲਈ ਜਿਊਂਦੇ ਹੀ ਮਰ ਗਏ
ਫਿਰ ਪੂਰਨ ਦੇ
ਜੰਮਣ ਵਾਲੀ
ਜਦ ਪੂਰਨ ਨੇ ਘਰ ਨਾ ਵੇਖੀ
ਆਪਣੇ ਬਾਬਲ ਦੇ ਘਰ ਬਹਿ ਕੇ
ਪੂਰਨ ਲਈ ਹੋਈ ਪਰਦੇਸੀ
ਨਾ ਪੂਰਨ ਉਹਦੀ ਛਾਵੇਂ ਬੈਠਾ
ਨਾ ਉਹਨੇ ਉਹਦੀ ਧੁੱਪ ਹੀ ਵੇਖੀ
ਜਨਮ-ਦਿਹਾੜੇ ਤੋਂ ਅੱਜ ਤੀਕਣ
ਪੂਰਨ ਨੇ ਕੋਈ ਖੁਸ਼ੀ ਨਾ ਵੇਖੀ
ਇਕ ਤਾਂ ਪੂਰਨ
ਆਪਣੀ ਅੱਗ ਵਿਚ ਸੜਦਾ ਹੈ
ਦੂਜੇ ਆਪਣੀ
ਮਾਂ ਦੇ ਹਾਵੇ ਮਰਦਾ ਹੈ
ਤੀਜੇ ਆਪਣੀ
ਪਿਉ ਦੀ ਕਾਲੀ ਦੁਨੀਆ ਦੇ
ਮੂੰਹ 'ਤੇ ਪੈਂਦੇ ਪਰਛਾਵੇਂ ਤੋਂ
ਡਰਦਾ ਹੈ
ਚੌਥੇ ਅੱਜ ਤੋਂ
ਤੇਰਾ ਵੀ ਵਿਹੜਾ ਨਾ ਮੇਰਾ
ਮੇਰੇ ਲਈ
ਤੇਰਾ ਵੀ ਵਿਹੜਾ ਬਲਦਾ ਹੈ
ਇਥੇ ਸਭੇ ਅਪੂਰਨ
ਪੂਰਨ ਕੋਈ ਨਹੀਂ
ਲੂਣਾ ਕੋਈ ਨਹੀਂ
ਇਸ ਚੌਗਿਰਦੇ ਵਿਚ ਹੁਣ ਮੇਰਾ
ਦਮ ਘੁਟਦਾ ਹੈ
ਹਰ ਕੋਈ ਆਪਣਾ ਕੂੜਾ
ਮੇਰੇ 'ਤੇ ਸੁੱਟਦਾ ਹੈ
ਮੇਰਾ ਹਰ ਅਰਮਾਨ ਹੀ
ਕਾਲਾ ਲਹੂ ਥੁੱਕਦਾ ਹੈ
ਪੂਰਨ
ਇਸ ਚੌਗਿਰਦੇ ਨੂੰ ਹੁਣ
ਛੱਡ ਜਾਵੇਗਾ
ਬੱਦਲਾਂ ਦੇ ਵਿਚ
ਘੁਲ ਜਾਵੇਗਾ
ਪੌਣਾਂ ਦੇ ਵਿਚ
ਮਿਲ ਜਾਵੇਗਾ
ਫੁੱਲਾਂ ਦੇ ਵਿਚ ਵੱਸ ਜਾਵੇਗਾ
ਧੁੱਪਾਂ ਦੇ ਵਿਚ
ਖੁਰ ਜਾਵੇਗਾ ਛਾਵਾਂ ਦੇ ਵਿਚ ਢਲ ਜਾਵੇਗਾ
ਅਨੰਤ-ਕਾਲ ਵਿਚ
ਰਲ ਜਾਵੇਗਾ
ਮਾਏ !
ਇਥੋਂ ਦਾ ਹਰ ਘਰ ਹੀ
ਠੰਡੀ ਅੱਗ ਵਿਚ ਸੜਦਾ ਜਾਵੇ
ਇਕ ਦੂਜੇ ਨੂੰ
ਇਕ ਦੂਜੇ ਦਾ
ਪਰ ਘਰ ਸੜਦਾ ਨਜ਼ਰ ਨਾ ਆਵੇ
ਹਰ ਇਕ ਨੂੰ
ਆਪਣੇ ਹੀ ਘਰ ਦਾ
ਲੂਣਾ ਏਥੇ ਰਾਹ ਨਾ ਆਵੇ
ਹਰ ਕੋਈ ਆਪਣੇ
ਹੋਰ ਕਿਸੇ ਤੋਂ ਪੁੱਛਣਾ ਚਾਹਵੇ
ਪਰ ਉਹ ਪੁੱਛਣੋਂ ਵੀ ਸ਼ਰਮਾਵੇ
ਹਰ ਕੋਈ
ਉਮਰ ਦੀ ਸਰਦ ਰਾਤ ਵਿਚ
ਕਿਸੇ ਚੌਰਾਹੇ ਵਿਚ ਮਰ ਜਾਵੇ
ਕੋਈ ਕਿਸੇ ਨੂੰ ਰੋਣ ਨਾ ਆਵੇ ।
ਲੂਣਾ !
ਤੇਰੇ ਮੇਰੇ ਵਾਕਣ
ਹਰ ਕੋਈ ਏਥੇ ਲਹੂ ਥੁੱਕਦਾ ਹੈ
ਜੋ ਵੀ ਇਥੇ ਲਹੂ ਨਾ ਥੁੱਕਦਾ
ਛੱਰਾ ਹੈ ਪੱਥਰ ਦੇ ਬੁੱਤ ਦਾ
ਉਹ ਪਾਗ਼ਲ ਹੈ
ਬੁੱਧ ਹੀਣ ਹੈ
ਬੇ-ਅਹਿਸਾਸਾ, ਨਜ਼ਰ-ਹੀਣ ਹੈ
ਉਹ ਬੇ-ਦਿਲਾ ਹੈ ਦਰਦ-ਹੀਣ ਹੈ
ਲੂਣਾ
ਪੂਰਨ !
ਮੈਂ ਤੈਨੂੰ ਤੇਰੇ ਘਰ ਦਾ
ਰਸਤਾ ਹੀ
ਦੱਸਣਾ ਸੀ ਚਾਹਿਆ
ਪਰ ਲੂਣਾ ਦਾ ਦੱਸਿਆ ਰਸਤਾ
ਸ਼ਾਇਦ ਤੈਨੂੰ ਰਾਸ ਨਾ ਆਇਆ
ਦਰਦ-ਵੰਦ ਦਾ
ਦਰਦ ਰਤਾ ਵੰਡਣਾ ਸੀ ਚਾਹਿਆ
ਪਰ ਤੂੰ
ਲੂਣਾ ਨੂੰ ਠੁਕਰਾਇਆ
ਮੁੱਲ ਨਾ ਪਾਇਆ
ਪੂਰਨ
ਮਾਏ !
ਇਥੇ ਕੋਈ ਕਿਸੇ ਨੂੰ
ਪਿਆਰ ਨਾ ਕਰਦਾ
ਪਿੰਡਾ ਹੈ ਪਿੰਡੇ ਨੂੰ ਲੜਦਾ
ਰੂਹਾਂ ਦਾ ਸਤਿਕਾਰ ਨਾ ਕਰਦਾ
ਇਕ ਦੂਜੇ ਦੀ
ਅੱਗ ਵਿਚ ਸੜਦਾ
ਇਕ ਦੂਜੇ ਦੇ ਪਾਲੇ ਠਰਦਾ
ਇਕ ਦੂਜੇ ਦੀ
ਧੁੱਪ ਲਈ ਜਿਊਂਦਾ
ਇਕ ਦੂਜੇ
ਦੀ ਛਾਂ ਲਈ ਮਰਦਾ
ਦਿਨ-ਦੀਵੀਂ ਲੋਕਾਂ ਤੋਂ ਡਰਦਾ
ਰਾਤ ਪਵੇ ਆਪੇ ਤੋਂ ਡਰਦਾ
ਕੋਹਲੂ ਵਾਲਾ ਚੱਕਰ ਚਲਦਾ
ਹਰ ਕੋਈ ਆਪਣਾ-ਆਪਾ ਛਲਦਾ
ਆਪਣੇ ਸੰਗ ਹੀ ਧੋਖਾ ਕਰਦਾ
ਹਰ ਕੋਈ ਆਪਣਾ ਆਪੇ ਬਰਦਾ
ਆਪਣੇ ਰੂਪ 'ਤੇ ਆਪੇ ਮਰਦਾ
ਏਥੋਂ ਦੀ ਹਰ ਰੀਤ ਦਿਖਾਵਾ
ਏਥੋਂ ਦੀ ਹਰਪ੍ਰੀਤ ਦਿਖਾਵਾ
ਏਥੋਂ ਦਾ ਹਰ ਧਰਮ ਦਿਖਾਵਾ
ਏਥੋਂ ਦਾ ਹਰ ਕਰਮ ਦਿਖਾਵਾ
ਹਰ ਸੂ ਕਾਮ ਦਾ ਸੁਲਗੇ ਲਾਵਾ
ਏਥੇ ਤਾਂ ਬੱਸ ਕਾਮ ਖੁਦਾ ਹੈ
ਕਾਮ 'ਚ ਮੱਤੀ ਵਗਦੀ ਵਾਅ ਹੈ
ਏਥੇ ਹਰ ਕੋਈ ਦੌੜ ਰਿਹਾ ਹੈ
ਏਥੇ ਹਰ ਕੋਈ ਖੂਹ ਵਿਚ ਡਿੱਗਿਆ
ਇਕ ਦੂਜੇ ਨੂੰ ਹੋੜ ਰਿਹਾ ਹੈ
ਹਰ ਇਕ ਕੋਈ ਏਥੇ ਭੱਜਿਆ ਟੁੱਟਿਆ
ਇਕ ਦੂਜੇ ਨੂੰ ਜੋੜ ਰਿਹਾ ਹੈ
ਇਕ ਦੂਜੇ ਨੂੰ ਤੋੜ ਰਿਹਾ ਹੈ
ਡਰਦਾ ਅੰਦਰ ਦੀ ਚੁੱਪ ਕੋਲੋਂ
ਸਾਥ ਕਿਸੇ ਦਾ ਲੋੜ ਰਿਹਾ ਹੈ
ਇਕ ਦੂਜੇ ਨੂੰ ਆਪਣੇ ਆਪਣੇ
ਪਾਣੀ ਦੇ ਵਿਚ ਰੋੜ੍ਹ ਰਿਹਾ ਹੈ
ਹਰ ਕੋਈ ਆਪਣੀ
ਕਥਾ ਕਹਿਣ ਨੂੰ
ਆਪਣੇ ਹੱਥ ਮਰੋੜ ਰਿਹਾ ਹੈ
ਆਪਣੇ ਆਪਣੇ ਦੁੱਖ ਦਾ ਏਥੇ
ਹਰ ਕਾਸੇ ਨੂੰ ਕੋੜ੍ਹ ਪਿਆ ਹੈ
ਹਰ ਕੋਈ
ਆਪਣੇ ਆਪ ਦੁਆਲੇ
ਸੁੱਚੀਆਂ ਤੰਦਾਂ ਕੱਤ ਰਿਹਾ ਹੈ
ਆਪਣੀ ਆਪਣੀ ਮੌਤ ਦਾ ਰਸਤਾ
ਹਰ ਕੋਈ ਆਪੇ ਦੱਸ ਰਿਹਾ ਹੈ
ਹਰ ਕੋਈ ਨੰਗਾ ਨੱਚ ਰਿਹਾ ਹੈ
ਆਪਣੇ ਉੱਤੇ ਹੱਸ ਰਿਹਾ ਹੈ
ਆਪਣੇ ਕੋਲੋਂ ਲੁਕ ਰਿਹਾ ਹੈ
ਆਪਣੇ ਕੋਲੋਂ ਬਚ ਰਿਹਾ ਹੈ
ਆਪਣੀ ਕਬਰ ਲਈ ਹਰ ਕੋਈ
ਆਪੇ ਮਿੱਟੀ ਪੱਟ ਰਿਹਾ ਹੈ
ਹਰ ਕੋਈ ਮੋਹਰਾ ਚੱਟ ਰਿਹਾ ਹੈ
ਘੋਗੇ ਦੇ ਵਿਚ ਵੱਸ ਰਿਹਾ ਹੈ
ਖ਼ੁਦ ਨੂੰ ਜਿਊਂਦਾ ਦੱਸ ਰਿਹਾ ਹੈ
ਇਥੇ ਸਭ ਕੁੱਝ ਮਰ ਚੁੱਕਾ ਹੈ
ਹਰ ਕੋਈ ਸੂਲੀ ਚੜ੍ਹ ਚੁੱਕਾ ਹੈ
ਹਰ ਇਕ ਸੂਰਜ ਠਰ ਚੁੱਕਾ ਹੈ
ਭੂਤ, ਭਵਿੱਖਤ, ਵਰਤਮਾਨ ਦਾ
ਹਰ ਇਕ ਛਿਣ ਹੀ ਖੜ ਚੁੱਕਾ ਹੈ
ਸਮਿਆਂ ਦਾ ਤ੍ਰੈ-ਜੀਭਾ ਫਨੀਅਰ
ਖੁਦ ਆਪੇ ਨੂੰ ਲੜ ਚੁੱਕਾ ਹੈ।
ਆਪਣੀ ਵਿਹੁ ਸੰਗ ਮਰ ਚੁੱਕਾ ਹੈ
ਜੋ ਕਿਸੇ ਕਰਨਾ ਕਰ ਚੁੱਕਾ ਹੈ
ਹੁਣ ਤਾਂ
ਧਰਤੀ ਥੰਮ ਚੁੱਕੀ ਹੈ
ਜੋ ਇਸ ਜੰਮਣਾ
ਜੰਮ ਚੁੱਕੀ ਹੈ
ਹੁਣ ਜੋ ਬਚਿਆ
ਰੰਗ-ਹੀਣ ਹੈ
ਹੁਣ ਜੋ ਬਚਿਆ
ਅੰਧਕਾਰ ਹੈ
ਲੂਣਾ
ਪੂਰਨ !
ਇਹ ਤੇਰਾ ਅਭਿਮਾਨ ਹੈ
ਧਰਤੀ ਕੱਲ੍ਹ ਵੀ ਗਰਭਵਤੀ ਸੀ
ਧਰਤੀ ਅੱਜ ਵੀ
ਗਰਭਵਾਨ ਹੈ
ਅੱਜ ਵੀ ਕਿਸੇ ਕਿਰਨ ਨੂੰ ਚੀਰੋ
ਤਾਂ ਸੱਤੇ ਰੰਗ ਉਸ ਵਿਚ ਬਾਕੀ
ਹਰ ਇਕ ਦੀ ਪਰ
ਤੇਰੇ ਵਾਕਣ
ਨਜ਼ਰ ਹੁੰਦਿਆਂ ਨਜ਼ਰ ਗਵਾਚੀ
ਅਜੇ ਰੌਸ਼ਨੀ ਹਰ ਥਾਂ ਬਾਕੀ
ਪਰ ਨਾ ਸਾਥੋਂ ਜਾਏ ਪਛਾਤੀ
ਅਸਲ 'ਚ ਸਾਡਾ
ਆਪਣਾ ਹੀ ਕੋਈ ਰੰਗ ਨਹੀਂ ਹੈ
ਉਂਜ ਤਾਂ ਪੂਰਨ !
ਕੋਈ ਕਿਰਨ ਬੇਰਂਗ ਨਹੀਂ ਹੈ
ਲੂਣਾ ਨੂੰ
ਤੂੰ ਚੀਰ ਕੇ ਤਕ ਲੈ
ਲੂਣਾ ਚੋਂ ਹਰ ਰੰਗ ਮਿਲੇਗਾ
ਹਰ ਰੰਗ ਦਾ ਇਤਿਹਾਸ ਮਿਲੇਗਾ
ਹਰ ਇਕ ਰੰਗ ਦੀ ਬਾਸ ਮਿਲੇਗੀ
ਸਭ ਰੰਗਾਂ ਦੀ ਲਾਸ਼ ਮਿਲੇਗੀ
ਜੇ ਸਭਨਾਂ ਦਾ
ਆਪਣਾ ਰੰਗ ਹੈ
ਉਹ ਰੰਗ ਸਭ ਦਾ
ਹੀ ਬੇ-ਰੰਗ ਹੈ
ਉਹ ਰੰਗ ਦੇਹ ਵਿਚ
ਕੈਦ ਪਿਆ ਹੈ
ਉਹ ਰੰਗ ਸਭ ਨੇ
ਵੇਚ ਲਿਆ ਹੈ
ਉਹ ਰੰਗ ਸਭ ਦਾ
ਮਰ ਚੁੱਕਾ ਹੈ
ਅੰਧਕਾਰ ਵਿਚ
ਰਲ ਚੁੱਕਾ ਹੈ
ਇਹ ਰੰਗਾਂ ਦੀ ਮਜਬੂਰੀ ਹੈ
ਜਦ ਵੀ ਕੋਈ, ਦੋ ਰੰਗਾਂ ਦਾ
ਆਪਸ ਦੇ ਵਿਚ ਮੇਲ ਮਿਲਾਵੇ
ਹੋਰ ਕੋਈ ਰੰਗ ਹੀ ਬਣ ਜਾਵੇ
ਹੋਰ ਮਿਲਾਵੇ, ਹੋਰ ਮਿਲਾਵੇ
ਰੰਗੋਂ ਰੰਗ ਬਦਲਦਾ ਜਾਵੇ
ਸੱਤ ਰੰਗਾਂ ਦਾ ਆਪਾ ਮਿਲ ਕੇ
ਕਈ ਵਾਰੀ ਸੱਤ-ਰੰਗਾ ਇਹ ਰੰਗ
ਸੱਤ ਰੰਗਾਂ ਦੀ ਲਾਸ਼ ਕਹਾਵੇ
ਪਰ ਪੂਰਨ !
ਮੇਰੇ ਬਾਬਲ ਵਿਹੜੇ
ਜੋ ਹੋਈ ਨੇ ਰੰਗ ਮਿਲਾਏ
ਉਹ ਲੂਣਾ ਦੇ ਭੁੱਖੇ ਬਾਬਲ
ਦੱਮਾਂ ਬਦਲੇ ਸੀ ਤੁਲਵਾਏ
ਉਹ ਲੂਣਾ ਨੂੰ ਰਾਸ ਨਾ ਆਏ
ਮੈਂ ਚਾਹੁੰਦੀ ਹਾਂ ਤੀਜਾ ਰੰਗ ਵੀ
ਦੋ ਰੰਗਾਂ ਦੇ ਵਿਚ ਮਿਲ ਜਾਏ
ਖੋਰੇ ਇਸ ਬੇ-ਰੰਗ ਵਿਹੜੇ
ਹੋਰ ਕੋਈ ਰੰਗ ਖੇਡਣ ਆਏ
ਰੰਗ-ਹੀਣ ਲੂਣਾਂ ਦੀ ਦੇਹੀ
ਤੇਰੇ ਰੰਗ ਵਿਚ ਰੱਤੀ ਜਾਏ
ਤੇ ਇਸ ਘਰ ਦਾ ਰੰਗ ਵਟਾਏ
ਪੂਰਨ
ਤੂੰ ਚਾਹੁੰਦੀ ਹੈ
ਜੇ ਰੰਗਾਂ ਵਿਚ
ਤੀਜਾ ਰੰਗ ਵੀ ਹੋਂਦ ਗਵਾਏ
ਲੂਣਾ
ਇਹ ਸੰਜੋਗਾਂ ਦੇ ਰੰਗ
ਕੌਣ ਮਿਲਾਏ ਕੌਣ ਮਿਟਾਏ
ਇਹ ਮੱਥੇ ਵਿਚ ਧੁਰੋਂ ਲਿਆਏ
ਮੱਥੇ ਦਾ ਰੰਗ ਕੌਣ ਵਟਾਏ ?
ਪੂਰਨ !
ਲੂਣਾ ਦੇ ਰੰਗਾਂ ਵਿਚ
ਆਪਣਾ ਸੂਹਾ
ਰੰਗ ਮਿਲਾਵੇ
ਨਹੀਂ ਤਾਂ ਸੰਭਵ ਹੈ ਕਿ ਲੂਣਾ
ਇਸ ਘਰ ਦਾ ਹਰ ਰੰਗ ਜਲਾ ਦੇ
ਸਭ ਤੇ ਆਪਣਾ ਰੰਗ ਚੜ੍ਹਾ ਦੇ
ਆਪਣੇ ਰੰਗ ਦੀ ਲੋਥ ਬਣਾ ਦੇ
ਤੇਰੇ ਰੰਗ ਨੂੰ
ਜ਼ਿਲ੍ਹਾ ਕਰਾਦੇ
ਰੰਗਾਂ-ਮੱਤੀ ਏਸ ਕਥਾ ਦਾ
ਹਰ ਅੱਖਰ
ਬੇ-ਰੰਗ ਬਣਾ ਦੇ
ਪੂਰਨ
ਜੋ ਲੂਣਾ ਚਾਹੇ ਕਰਵਾਏ
ਚੰਗਾ ਹੀ ਹੈ, ਜੇ ਪੂਰਨ ਦਾ
ਇਹ ਬੇ-ਰੰਗਾ ਰੰਗ ਮਰ ਜਾਏ
ਰੰਗ-ਹੀਣ ਇਸ ਘਰ ਦੇ ਰੰਗ ਨੂੰ
ਮੇਰੇ ਲਹੂ ਦਾ ਰੰਗ ਚੜ੍ਹਾਏ
ਰੰਗ-ਵਿਹੂਣੀ ਇਸ ਦੁਨੀਆ ਵਿਚ
ਪੂਰਨ ਹੁਣ
ਜੀਊਣਾ ਨਾ ਚਾਹੇ
ਮੈਥੋਂ ਮੇਰੇ ਰੰਗਾਂ ਦੀ ਧੁੱਪ
ਮਾਂ ਅੱਗੇ ਨਾ
ਵੇਚੀ ਜਾਏ
ਪੂਰਨ !
ਜੇ ਤੂੰ ਧੁੱਪ ਨਾ ਵੇਚੀ
ਮੈਂ ਆਪਣੀ ਛਾਂ ਵੇਚ ਦਿਆਂਗੀ
ਧੁੱਪ ਬਿਨ ਜੀ ਕੇ ਵੇਖ ਚੁੱਕੀ ਹਾਂ
ਛਾਂ ਬਿਨ ਜੀ ਕੇ
ਵੇਖ ਲਵਾਂਗੀ
ਪੂਰਨ
ਮਾਏ !
ਮੁਹੱਬਤ ਇਕ ਦੂਜੇ ਦੇ
ਰੰਗਾਂ ਦਾ
ਸਤਿਕਾਰ ਹੈ ਹੁੰਦੀ
ਇਕ ਦੂਜੇ ਦੀ
ਧੁੱਪ 'ਚੋਂ ਆਉਂਦੀ
ਨਿਘੀ ਜਿਹੀ
ਮਹਿਕਾਰ ਹੈ ਹੁੰਦੀ
ਕਦੇ ਮੁਹੱਬਤ
ਦੋ ਰੰਗਾਂ ਦੀ
ਮਿਲਣੀ ਦਾ
ਆਧਾਰ ਨਾ ਹੁੰਦੀ
ਰੰਗ ਨੇ ਰੰਗ ਦੀ
ਹੋਂਦ ਗਵਾਣੀ
ਪਿਆਰ ਨਹੀਂ
ਵਿੱਭਚਾਰ ਹੈ ਹੁੰਦੀ
ਦੋ ਰੰਗਾਂ ਦੀ ਅਤ੍ਰਿਪਤੀ ਹੀ
ਦੋ ਰੰਗਾਂ ਦਾ
ਪਿਆਰ ਹੈ ਹੁੰਦੀ
ਆਪਸ ਦੀ
ਪਹਿਚਾਣ ਹੈ ਹੁੰਦੀ
ਅਧਿਕਾਰ ਨਾ ਹੁੰਦੀ
ਏਸੇ ਕਾਰਨ ਕੂੜ ਮੁਹੱਬਤ
ਪੂਰਨ ਨੂੰ
ਸਵੀਕਾਰ ਨਾ ਹੁੰਦੀ
ਲੂਣਾ !
ਪਿਆਰ ਅੱਖਾਂ ਵਿਚ ਵੱਸਦਾ
ਜੀਭ 'ਤੇ ਉਹ ਤਾਂ
ਕਦੇ ਨਾ ਆਉਂਦਾ
ਪਿਆਰ ਤਾਂ
ਚੁੱਪ, ਨਿਰਸ਼ਬਦ ਕਥਾ ਹੈ
ਪਿਆਰ ਕਦੇ
ਰੌਲਾ ਨਾ ਪਾਂਦਾ
ਪਿਆਰ ਸਦਾ
ਅੰਤਰ ਵਿਚ ਬਲਦਾ
ਬਾਹਰ ਉਸ ਦਾ
ਸੇਕ ਨਾ ਆਉਂਦਾ
ਉਹ ਨਾ ਤੇਰੇ
ਵਾਂਗ ਬੜਾਦਾ
ਪਿਆਰ, ਪਿਆਰ
ਨਾ ਕਦੇ ਜਤਾਂਦਾ
ਲੂਣਾ ਤੈਨੂੰ
ਕਾਮ ਸਤਾਂਦਾ
ਪੂਰਨ !
ਪਿਆਰ ਵੀ
ਕਰ ਸਕਦਾ ਸੀ
ਜੇ ਲੂਣਾ 'ਚੋਂ
ਨਜ਼ਰੀਂ ਆਉਂਦਾ
ਕਾਮੀ ਹੋ ਜੇ
ਸ਼ੋਰ ਨਾ ਪਾਉਂਦਾ
ਹੋਂਦ ਜਤਾਂਦਾ
ਮੈਨੂੰ ਤੇਰੇ
ਦੁੱਖ ਦਾ ਦੁੱਖ ਹੈ
ਪਰ ਕੋਈ ਹੱਲ
ਨਾ ਨਜ਼ਰੀ ਆਉਂਦਾ
ਚੰਗਾ ਸੀ
ਜੇ ਤੂੰ ਨਾ ਜੰਮਦੀ
ਜਾਂ ਮੈਂ ਜੰਮਦਾ
ਹੀ ਮਰ ਜਾਂਦਾ
(ਪੂਰਨ ਉੱਠ ਕੇ ਚਲਾ ਜਾਂਦਾ ਹੈ। ਲੂਣਾ
'ਕੱਲੀ ਚਬੂਤਰੇ 'ਚ ਬੈਠੀ ਰੋਂਦੀ ਰਹਿੰਦੀ ਹੈ।)
ਛੇਵਾਂ ਅੰਕ
ਆਪਣੀ ਮਾਲਵਿਦਾ ਤੇ ਅਰੁਨਾ ਦੇ ਨਾਂ
(ਲੂਣਾ ਤੇ ਰਾਜਾ ਸਲਵਾਨ ਸ਼ਾਹੀ ਬਾਗ਼
'ਚ ਸ਼ਾਮ ਢਲੇ ਸੈਰ ਕਰ ਰਹੇ ਹਨ।
ਸਲਵਾਨ ਲੂਣਾ ਦੇ ਪਿਆਰ 'ਚ ਲੀਨ,
ਉਹਦੇ ਨਾਲ ਗੱਲਾਂ ਕਰ ਰਿਹਾ ਹੈ।)
ਸਲਵਾਨ
ਲੂਣਾ !
ਅੱਜ ਲਹਿੰਦੇ ਪੱਤਣਾਂ 'ਤੇ
ਆਥਣ ਦਾ ਸੂਰਜ
ਇੰਜ ਢਲੇ
ਕੇਸਰ ਦੇ ਸੂਹੇ ਖੇਤਾਂ 'ਤੇ
ਕੋਈ ਤਿਤਲੀ ਜੀਕਣ
ਨਾਚ ਕਰੇ।
ਸੈ ਪੇਜੇ ਬੱਦਲ ਪਿੰਜ ਰਹੇ
ਰੰਗਾਂ ਦੀ ਵਗਦੀ ਨੇਂ ਅੰਦਰ
ਸੋਨੇ ਦੀ ਗਾਗਰ
ਪਈ ਤਰੇ ।
ਪਹਿਲਾਂ ਵੀ ਸੂਰਜ
ਰੋਜ਼ ਚੜ੍ਹੇ
ਪਹਿਲਾਂ ਵੀ ਸੂਰਜ
ਰੋਜ਼ ਢਲੇ
ਪਰ ਏਨੇ ਗੂੜ੍ਹੇ ਰੰਗ ਕਦੇ
ਕਿਸੇ ਸੂਰਜ ਵਿਚ ਸਨ
ਨਹੀਂ ਰਲੇ ।
ਤੇਰਾ ਸਾਥ ਜਦੋਂ ਦਾ
ਆ ਜੁੜਿਐ
ਦਿਨ ਮਿੱਠੇ ਜੀਕਣ ਸ਼ਹਿਦ ਭਰੇ
ਹੈ ਫੁੱਲਾਂ ਦੇ ਵਿਚ
ਮਹਿਕ ਵਧੀ
ਰੁੱਖ ਜਾਪਣ ਹੋ ਗਏ
ਹੋਰ ਹਰੇ।
ਬਸ ਦਿਨ ਭਰ
ਮਧਰਾ-ਮੁਗਧ ਜਹੀ
ਇਤਰਾਂ ਵਿਚ ਭਿੱਜੀ ਪੌਣ ਚਲੇ
ਤੇਰੇ ਵਗਦੇ ਸੌਫ਼ੀ ਸਾਹਵਾਂ 'ਚੋਂ
ਹਰ ਮੌਸਮ ਆਪਣੀ
ਚੁੰਝ ਭਰੇ ।
ਕਿਸੇ ਅਗਨ ਸਾਜ਼ ਦੀ
ਲੈਅ ਉੱਤੇ
ਇਕ ਸ਼ੋਖ਼ ਸੁਲਗਦੀ
ਧੁਨ ਕੋਈ
ਤੇਰੇ ਹੋਠਾਂ ਉੱਤੇ
ਰੋਜ਼ ਬੱਲੇ ।
ਕਿਸੇ ਨੀਮ-ਸਾਂਵਲੇ
ਮਰਮਰ 'ਚੋਂ
ਹਨ ਸ਼ਿਲਪੀ ਤੇਰੇ ਅੰਗ ਘੜੇ
ਤੇਰੇ ਅੰਗਾਂ 'ਚੋਂ ਖੁਸ਼ਬੋ ਆਵੇ
ਚੰਦਨ ਦਾ ਜੰਗਲ
ਪਿਆ ਸੜੇ ।
ਤੇਰੀ ਹਿੱਕ ਦੇ ਬਲਦੇ
ਸਰਵਰ 'ਤੇ
ਜਦ ਰੂਪ ਦਾ ਪਾਣੀ ਆਣ ਚੜ੍ਹੇ
ਇਕ ਅੱਗ ਦੇ ਹੰਸਾਂ ਦਾ ਜੋੜਾ
ਮੇਰੇ ਖ਼ਾਬਾਂ ਦੇ ਵਿਚ
ਰੋਜ਼ ਤਰੇ ।
ਤੇਰੇ ਸਾਥ ਦੇ
ਏਸ ਕ੍ਰਿਸ਼ਮੇ ਦੀ
ਕੁਝ ਵੀ ਨਾ ਮੈਨੂੰ ਸਮਝ ਪਵੇ
ਹਰ ਰਾਤ ਛੁਟੇਰੀ ਲੱਗਦੀ ਹੈ
ਦਿਨ ਢਲਣੋਂ ਪਹਿਲਾਂ
ਆਣ ਢਲੇ।
ਪਰ ਤੂੰ ਜਦ ਨਹੀਂ ਸੀ
ਕੋਲ ਮੇਰੇ
ਦਿਨ ਵੱਖਰੇ ਸਨ ਕੁਝ ਹੋਰ ਮੇਰੇ
ਸਾਂ ਆਪੇ, ਆਪਣੇ ਕੋਲ ਮੇਰੇ
ਦਿਨ ਉਜੜੇ ਸੀ
ਹਰ ਸੂਰਜ
ਜਦ ਸੀ ਆ ਚੜ੍ਹਦਾ
ਉਹ ਸਦਾ ਨਧੁੱਪਾ ਹੀ ਲਗਦਾ
ਜਾਂ ਮੈਲੇ ਮੈਲੇ ਚਾਨਣ ਵਿਚ
ਮੈਨੂੰ ਆਪਣਾ ਆਪਾ
ਨਾ ਲੱਭਦਾ ।
ਮੈਂ ਮਾਯੂਸੀ ਦੇ
ਜੰਗਲ ਵਿਚ
ਕੋਈ ਹਿਰਨ ਗਵਾਚਾ ਸੀ ਲੱਭਦਾ
ਕਿਸੇ ਜਨਮ ਜਨਮ ਦਾ ਤਿਰਹਾਇਆ
ਤੇਰੇ ਰੂਪ ਦਾ ਪਾਈ
ਸੀ ਲੱਭਦਾ ।
ਇਕ ਕਾਲੀ ਅੱਗ
ਇਕਲਾਪੇ ਦੀ
ਦਾ ਕਾਲਾ ਭਾਂਬੜ ਸੀ ਬਲਦਾ
ਉਸ ਕਾਲੀ ਅੱਗ ਵਿਚ ਮੈਂ ਲੂਣਾ
ਬਸ ਦਿਨ ਭਰ ਰਹਿੰਦਾ
ਸੀ ਸੜਦਾ ।
ਮੇਰੀ ਅਮਰ ਭਟਕਣਾ
ਵਾਕਣ ਹੀ
ਜਦ ਸ਼ਾਮ ਦਾ ਸੂਰਜ ਆ ਢਲ਼ਦਾ
ਮੈਨੂੰ ਹਰ ਨਾਰੀ ਦੇ ਪਿੰਡੇ 'ਚੋਂ
ਖੁਸ਼ਬੋਈ ਦਾ ਸੱਪ
ਆ ਲੜਦਾ ।
ਲੱਖ ਜੁੜੇ ਜਸ਼ਨ
ਤੇ ਭੀੜਾਂ ਵਿਚ
ਮੈਂ ਕੱਲ-ਮੁਕੱਲਾ ਹੀ ਲੱਗਦਾ
ਇਕ ਦੀਵੇ ਵਾਕਣ
ਸੀ ਬਲਦਾ ।
ਦਿਨ ਭਰ ਇਕ ਭੈ ਦਾ
ਭੂਤ ਜਿਹਾ
ਮੇਰਾ ਪਿੱਛਾ ਰਹਿੰਦਾ ਸੀ ਕਰਦਾ
ਇਕ ਚੁੱਪ ਜਹੀ ਦਾ ਪਰਛਾਵਾਂ
ਮੇਰੇ ਹੱਡਾਂ ਦੇ ਵਿਚ
ਆ ਵੜਦਾ।
ਮੈਂ ਅਰਥ-ਹੀਣ
ਹਰ ਰਚਨਾ ਦਾ
ਕੋਈ ਅਰਥ ਬੇ-ਅਰਥਾ ਸਾਂ ਲੱਭਦਾ
ਮੈਂ ਧਰਤੀ ਉੱਤੇ ਨਹੀਂ, ਸਗੋਂ
ਧਰਤੀ ਦੇ ਹੇਠਾਂ
ਸੀ ਚਲਦਾ ।
ਮੈਂ ਧਰਤੀ ਥੱਲਿਉਂ
ਨਿਕਲਣ ਦੀ
ਕਈ ਵਾਰੀ ਕੋਸ਼ਿਸ਼ ਸੀ ਕਰਦਾ
ਪਰ ਧਰਤੀ ਥੱਲਿਉਂ ਨਿਕਲਣ ਦਾ
ਕੋਈ ਰਸਤਾ ਮੈਨੂੰ
ਨਾ ਲੱਭਦਾ
ਨਿਰ-ਵਾਉ ਘੁਟਨ ਵਿਚ
ਸੀ ਮਰਦਾ।
ਪਰ ਲੂਣਾ !
ਅੱਜ ਸਲਵਾਨ ਤੇਰਾ
ਮੁੜ ਧਰਤੀ ਉੱਪਰ
ਹੈ ਚਲਦਾ ਮਾਯੂਸ, ਨਿਰਾਸਾ ਮਨ ਮੇਰਾ ਕਿਸੇ ਕਾਲਖ ਤੋਂ
ਹੁਣ ਨਹੀਂ ਡਰਦਾ
ਮੈਂ ਬਲਦਾ ।
ਮੇਰਾ ਹਰ ਰਸਤਾ
ਤੇਰੇ ਪਿੰਡੇ ਦੇ
ਚੌਰਾਹੇ ਵਿਚੋਂ ਹੋ ਲੰਘਦਾ
ਹੁਣ ਲੂਣਾ ਤੇਰੇ ਸਾਥ ਬਿਨਾਂ
ਰੱਬ ਕੋਲੋਂ ਕੁੱਝ ਵੀ
ਨਹੀਂ ਮੰਗਦਾ
ਹੁਣ ਹਰ ਇਕ ਦਿਵਸ ਹੀ ਮੇਰਾ ਹੈ
ਹਰ ਦਿਨ ਚੜ੍ਹਦੇ
ਤੇਰੇ ਰੰਗ ਵਰਗਾ
( ਇਕ ਗੋਲੀ ਪ੍ਰਵੇਸ਼ ਕਰਦੀ ਹੈ )
ਗੋਲੀ
ਮਹਾਰਾਜ !
ਜੋ ਜਾਨ ਅਮਾਨਤ ਪਾਂ
ਤਾਂ ਗੋਲੀ ਇਕ ਗੱਲ ਅਰਜ਼ ਕਰੇ ?
ਸਲਵਾਨ
ਜੋ ਕਹਿਣਾ ਹੈ ਅਵੱਸ਼ ਕਹੋ
ਗੋਲੀ
ਮਹਾਰਾਜ ਜੀਉ !
ਮੇਰੀ ਜੀਭ ਜਲੇ
ਜੇ ਚੰਦਰਾ ਮੁੱਖੋਂ ਬੋਲ ਕਹੇ
ਪਰ ਪੂਰਨ ਜੀ ਛੱਡ ਮਹਿਲਾਂ ਨੂੰ
ਹਨ ਖੌਰੇ ਕਿਧਰ
ਗਏ ਚਲੇ
ਕੁਝ ਵੀ ਨਾ ਸਾਨੂੰ ਸਮਝ ਪਵੇ
ਪਰਭਾਤੋਂ ਸੂਰਜ ਆਣ ਢਲੇ
ਉਹਨਾਂ ਦੇ ਸੋਨ-ਭਵਨ 'ਚੋਂ
ਇਹ ਲਿਖੇ ਅੱਖਰ
ਹੈਨ ਮਿਲੇ
ਜੋ ਮੇਰੇ ਤੋਂ ਨਾ
ਜਾਣ ਪੜ੍ਹੇ ।
( ਸਲਵਾਨ ਗੋਲੀ ਕੋਲੋਂ ਪੱਤਰ ਲੈ ਲੈਂਦਾ ਹੈ।
ਗੋਲੀ ਚਲੀ ਜਾਂਦੀ ਹੈ, ਲੂਣਾਂ ਸਲਵਾਨ ਨੂੰ
ਪੱਤ੍ਰ ਪੜ੍ਹਨ ਲਈ ਕਹਿੰਦੀ ਹੈ। ਸਲਵਾਨ
ਪੱਤ੍ਰ ਨੂੰ ਉੱਚੀ ਉੱਚੀ ਪੜ੍ਹਦਾ ਹੈ ।)
ਪ੍ਰੱਤ
ਮਾਂ !
ਮੈਂ ਜਾ ਰਿਹਾ
ਛੱਡ ਕੇ ਤੇਰੇ ਮਹਿਲ
ਛੱਡ ਕੇ ਤੇਰੀ ਮੈਂ ਛਾਂ
ਛੱਡ ਕੇ ਤੇਰਾ ਗਰਾਂ
ਮੈਂ ਜਾ ਰਿਹਾ।
ਜਾ ਰਿਹਾਂ ਦੂਰ ਦੁਮੇਲਾਂ ਤੋਂ ਦੂਰ
ਦੂਰ ਜਿੱਥੇ ਸੱਚ ਦਾ ਪ੍ਰਕਾਸ਼ ਹੈ
ਦੂਰ ਜਿਥੇ
ਧਰਤ ਨਾ ਆਕਾਸ਼ ਹੈ
ਦੂਰ ਜਿਥੇ
ਦਿਵਸ ਹੈ ਨਾ ਰਾਤ ਹੈ
ਮੈਂ ਦੂਰ ਓਥੇ ਜਾ ਰਿਹਾ
ਦੂਰ ਜਿਥੇ ਪਿੰਡਿਆਂ ਵਿਚ
ਰਿਸ਼ਤਿਆਂ ਦੀ ਕੰਧ ਨਹੀਂ
ਦੂਰ ਜਿਥੇ ਰੰਗ ਇਕੋ
ਦੂਰ ਜਿਥੇ ਪੰਧ ਇਕੋ
ਹੋਰ ਕੋਈ ਵੀ ਪੰਧ ਨਹੀਂ
ਦੂਰ ਜੋ ਚੌਪਾਟ ਖੁੱਲ੍ਹਾ
ਕੋਈ ਬੂਹਾ ਬੰਦ ਨਹੀਂ
ਦੂਰ ਜੋ ਸੀਮਾ-ਰਹਿਤ ਹੈ
ਜਿਥੇ ਕੋਈ ਵੀ ਕੰਧ ਨਹੀਂ
ਮੈਂ ਦੂਰ ਓਥੇ ਜਾ ਰਿਹਾ
ਮੈਂ ਦੂਰ ਓਥੇ ਜਾ ਰਿਹਾ
ਜਿਹੜਾ ਕਿ ਬਸ ਨਿਰਸ਼ਬਦ ਹੈ
ਮੈਂ ਦੂਰ ਓਥੇ ਜਾ ਰਿਹਾ
ਜਿਹੜਾ ਕਿ ਨਿਰ-ਆਕਾਰ ਹੈ
ਮੈਂ ਦੂਰ ਓਥੇ ਜਾ ਰਿਹਾਂ
ਜਿਹੜਾ ਕਿ ਰੰਗ-ਹੀਣ ਹੈ
ਜਿਹੜਾ ਕਿ ਹੈ ਅਣ-ਜਨਮਿਆ
ਜਿਹੜਾ ਕਿ ਨਿਰ-ਆਧਾਰ ਹੈ
ਜਿਹੜਾ ਕਿ ਅਪਰੰਪਾਰ ਹੈ
ਜਿਹੜਾ ਕਿ ਨਾ ਚਾਨਣਾ
ਜਿਹੜਾ ਨਾ ਅੰਧਕਾਰ ਹੈ
ਮੈਂ ਦੂਰ ਓਥੇ ਜਾ ਰਿਹਾਂ
ਮੈਂ ਜਾ ਰਿਹਾਂ ਓਥੇ
ਕਿ ਜਿਥੋਂ ਦਾ ਧਰਮ
ਬਸ ਕਰਮ ਹੈ
ਮੈਂ ਜਾ ਰਿਹਾ ਓਥੇ
ਕਿ ਜਿਥੋਂ ਦਾ ਮਜ੍ਹਬ ਬਸ ਇਲਮ ਹੈ
ਮੈਂ ਜਾ ਰਿਹਾਂ ਓਥੇ
ਕਿ ਜਿਥੇ ਹੁਨਰ ਹੈ ਇਖ਼ਲਾਕ ਹੈ
ਜਿਥੇ ਅਕਲ ਦੇ ਫੁੱਲ 'ਚੋਂ
ਚਾਨਣ ਦੀ ਆਉਂਦੀ ਬਾਸ ਹੈ
ਬੱਸ ਜਾ ਰਿਹਾ
ਭਰਮਾਂ ਦੇ ਬੰਧਨ ਤੋੜ ਕੇ
ਸ਼ਰਮਾਂ ਦੇ ਸੰਗਲ ਤੋੜ ਕੇ
ਨ੍ਹੇਰੇ ਦਾ ਜੰਗਲ ਫੂਕ ਕੇ
ਨਫ਼ਰਤ ਦੇ ਸਾਗਰ ਡੀਕ ਕੇ
ਰੀਤਾਂ ਦੇ ਪਾਸੇ ਭੰਨ ਕੇ
ਇਕ ਨਵਾਂ ਚਾਨਣ ਜੰਮ ਕੇ
ਮੈਂ ਜਾ ਰਿਹਾਂ।
ਮੈਂ ਜਾ ਰਿਹਾਂ।
ਮੈਂ ਜਾ ਰਿਹਾ
ਸੰਤੁਸ਼ਟ ਹਾਂ
ਲੂਣਾ ਮਗਰ ਅਫ਼ਸੋਸ ਏ
ਤੇਰੀ ਦੇਹ ਦੇ ਅਪਮਾਨ ਲਈ
ਪੂਰਨ ਸਦਾ ਨਿਰਦੋਸ਼ ਏ
ਤੇਰੀ ਉਮਰ ਦੀ ਪਹਿਚਾਣ ਲਈ
ਪੂਰਨ ਸਦਾ ਨਿਰਦੋਸ਼ ਏ
ਰਿਸ਼ਤਾ ਤੇਰਾ ਠੁਕਰਾਣ ਲਈ
ਪੂਰਨ ਸਦਾ ਨਿਰਦੋਸ਼ ਏ
ਇਹ ਕਾਮ ਦੇ ਘੜੀਆਂ ਲਈ
ਲਹੂਆਂ 'ਚ ਉਠਿਆ ਜੋਸ਼ ਏ
ਪੂਰਨ ਹੈ ਸਭ ਕੁੱਝ ਜਾਣਦਾ
ਪੂਰਨ ਨੂੰ ਪਰ ਅਫ਼ਸੋਸ ਏ
ਪੂਰਨ ਦਾ ਇਸ ਵਿਚ ਦੋਸ਼ ਨਹੀਂ
ਕਰਮਾਂ ਦਾ ਸ਼ਾਇਦ
ਦੋਸ ਏ।
ਅੱਛਾ ਮੈਂ ਲੂਣਾ ਜਾ ਰਿਹਾਂ
ਇਸ ਜਨਮ ਵਿਚ ਮੈਂ ਆਖਰੀ
ਪ੍ਰਨਾਮ ਤੈਨੂੰ ਕਹਿ ਰਿਹਾ
ਮੈਂ ਜਾ ਰਿਹਾਂ ।
ਮੈਂ ਜਾ ਰਿਹਾਂ।
ਮੈਂ ਜਾ ਰਿਹਾਂ।
( ਸਲਵਾਨ ਪੱਤ੍ਰ ਪੜ੍ਹ ਕੇ ਕੁਝ ਸਮੇਂ ਲਈ
ਚੁੱਪ ਹੋ ਜਾਂਦਾ ਹੈ । ਪਾਗਲਾਂ ਵਾਂਗ ਹੱਸਦਾ ਤੇ
ਫੇਰ ਰੋਂਦਾ ਹੈ। ਪੂਰਨ ਨੂੰ ਉੱਚੀ-ਉੱਚੀ ਆਵਾਜ਼ਾਂ ਮਾਰਦਾ ਹੈ ।)
ਸਲਵਾਨ
ਪੂਰਨਾ !
ਓ ਪੂਰਨਾ !
ਤੂੰ ਪਰਤ ਆ
ਛੱਡ ਕੇ ਦੁਨੀਆ ਨਾ ਜਾ
ਤੈਨੂੰ ਤੇਰੀ ਜਣਨ-ਹਾਰੀ ਦੀ ਕਸਮ
ਤੈਨੂੰ ਤੇਰੇ ਪਿਓ ਦੇ ਨਾਂ ਦਾ ਵਾਸਤਾ
ਤੂੰ ਪਰਤ ਆ
ਤੂੰ ਪਰਤ ਆ
ਛੱਡ ਕੇ ਏਵੇਂ ਨਾ ਜਾ
ਨਾਰ ਵਿਚ ਕਿਥੇ ਵਫ਼ਾ ?
ਇਹ ਸਦਾ ਹੈ ਬੇ-ਵਫ਼ਾ
ਇਹ ਸਦਾ ਹੈ ਬੇ-ਹਯਾ
ਇਸ ਕਮੀਨੀ ਜ਼ਾਤ ਲਈ
ਤੂੰ ਜਾਨ ਨਾ ਐਵੇਂ ਗੁਆ
ਤੂੰ ਪਰਤ ਆ
ਤੂੰ ਪਰਤ ਆ
ਨਾਰ ਚਿੱਟਾ ਝੂਠ ਹੈ
ਮੱਕਾਰ ਹੈ
ਨਾਰ ਕਾਲੀ ਅੱਗ ਦਾ
ਅੰਗਾਰ ਹੈ
ਕੂੜ ਹੈ ਅੰਧਿਆਰ ਹੈ
ਮਹਿਕਾਰ ਹੈ
ਲੂਣਾ ਵਾਕਣ
ਗੋਤ ਇਸਦੀ ਹੈ ਭਰਿਸ਼ਟੀ
ਜਾਤ ਦੀ ਚਮਿਆਰ ਹੈ
ਪੁੱਤਰ ਤੋਂ ਮੰਗਦੀ ਪਿਆਰ ਹੈ
ਨਾਰੀ ਨੂੰ ਜੰਮਣ ਵਾਲੀਏ
ਤੇਰੀ ਕੁੱਖ ਨੂੰ ਫਿਟਕਾਰ ਹੈ
ਤੇਰੇ ਲਿਖੇ
ਸੁਲਗਦੇ ਅੱਖਰਾਂ ਦੀ ਸਹੁੰ
ਉਸ ਦਿਵਸ ਤਕ ਸੁਲਗਦਾ
ਮੈਂ ਰਵ੍ਹਾਂਗਾ
ਜਿਸ ਦਿਵਸ ਲੂਣਾ ਦੀ
ਚਿੱਟੀ ਲੋਥ ਦੀ
ਪੁੱਤਰਾ ਕਾਲੀ ਨਾ ਛਾਵੇਂ
ਬਵ੍ਹਾਂਗਾ
ਲੂਣਾਂ ਦੇ ਕਾਲੇ, ਕਮੀਨੇ
ਲਹੂ ਵਿਚ
ਸੁਲਗਦੇ ਨਾ ਹੱਥ ਠੰਢੇ ਕਰਾਂਗਾ
ਮੈਂ ਸੁਲਗਦਾ ਹੀ ਰਹਾਂਗਾ
ਮੈਂ ਸੁਲਗਦਾ ਹੀ ਰਹਾਂਗਾ
ਲੂਣਾ
ਹਾਂ !
ਲੂਣਾ ਹੈ ਕਮੀਨੀ
ਤਕਉਂਤਕ ਉਹ ਇਕ ਨਾਰ ਹੈ
ਜਾਤ ਉਸਦੀ ਹੈ ਕਮੀਨੀ
ਕਿਉਂਕਿ ਉਹ ਇਕ ਨਾਰ
ਲਹੂ ਉਸ ਦਾ ਹੈ ਕਮੀਨਾ
ਕਿਉਂਕਿ ਉਹ ਇਕ ਨਾਰ ਹੈ
ਕਿਉਂਕਿ ਉਹ ਇਕ ਨਾਰ ਹੈ
ਕਿਉਂਕਿ ਉਹ ਲਾਚਾਰ ਹੈ
ਹੁਣੇ ਉਹ ਗੰਗਾ-ਜਲੀ ਸੀ
ਤੇ ਹੁਣੇ ਚਮਿਆਰ ਹੈ
ਹੁਣੇ ਉਹ ਚੰਪਾ-ਕਲੀ ਸੀ
ਤੇ ਹੁਣੇ ਇਕ ਖਾਰ ਹੈ
ਹੁਣੇ ਉਹ ਸੀ ਰੌਸ਼ਨੀ
ਤੇ ਹੁਣੇ ਅੰਧਿਆਰ ਹੈ
ਮਰਦ ਦਾ ਤਾਂ ਪਿਆਰ ਬੱਸ
ਇਕ ਡੂਮਣੇ ਦੀ ਡਾਰ ਹੈ
ਜੀਭ ਉੱਤੇ ਮਾਖਿਉਂ
ਡੰਗਾਂ 'ਚ ਭਰਿਆ ਜ਼ਹਿਰ ਹੈ
ਲੂਣਾਂ ਤਾਂ ਨਿਰ-ਅਪਰਾਧ ਹੈ
ਪਰ ਮਰਨ ਲਈ ਤਿਆਰ ਹੈ
ਮਹਾਰਾਜ ਜੀ
ਲੂਣਾ ਨੂੰ ਪਰ
ਕੁਝ ਕਹਿਣ ਦਾ
ਅਧਿਕਾਰ ਹੈ
ਲੂਣਾ ਚਿਤਰ-ਹੀਣ ਨਹੀਂ
ਪੂਰਨ ਹੀ ਬਸ ਬਦਕਾਰ ਹੈ
ਲੂਣਾ ਦਾ ਧਰਮ ਪਤੀ ਹੈ
ਕਰਦੀ ਪਤੀ ਨੂੰ ਪਿਆਰ ਹੈ
ਨਾਰੀ ਨੂੰ ਸਦਾ ਨਿੰਦਣਾ
ਹਰ ਯੁੱਗ ਦੇ ਵਿਚ ਰੀਤ ਸੀ
ਹਰ ਯੁੱਗ ਨਾਰੀ ਨੂੰ ਸਦਾ
ਪਾਂਦਾ ਰਿਹਾ ਫਿਟਕਾਰ ਹੈ
ਨਾਰੀ ਨੂੰ ਹੀ ਦੁਤਕਾਰਨਾ
ਹਰ ਧਰਮ ਦਾ ਆਧਾਰ ਹੈ
ਨਾਰੀ ਦੇ ਠੀਕਰੇ ਭੰਨਣੇ
ਨਾਰੀ ਦੇ ਮੂੰਹ 'ਤੇ ਥੁੱਕਣਾ
ਸ਼ਾਇਦ ਪੁਰਖ ਦੀ ਸਭਿਅਤਾ ਹੈ
ਨਾਰੀ ਨੂੰ ਮੈਲਾ ਆਖਣਾ
ਸ਼ਾਇਦ ਉਹਦਾ ਸਤਿਕਾਰ ਹੈ।
ਜਾਂ ਕਹਿਣ ਤੋਂ ਲਾਚਾਰ ਹੈ
ਨਾਰੀ ਨੂੰ ਜੰਮਣ ਵਾਲੀਏ
ਧੱਕਾਰ ਹੈ, ਧੱਕਾਰ ਹੈ
ਮੈਂ ਤਾਂ ਡਰਦੀ ਸਾਂ
ਕਿ ਲੋਕੀ ਕਹਿਣਗੇ
ਐਵੇਂ ਝੂਠੀ ਮਾਂ-ਮਤੱਈ ਭੌਂਕਦੀ ਹੈ
ਗੁਰਜ਼ ਖ਼ਾਤਿਰ
ਕੋਈ ਕਕੱਈ ਬੋਲਦੀ ਹੈ
ਪਰ ਜੋ ਵੀ, ਸੱਚ ਹੈ ਸੋ ਸੱਚ ਹੈ
ਆਖਦਾ ਸੀ, ਤੈਨੂੰ ਮੇਰਾ
ਮਾਂ ਕਹਿਣ ਦਾ ਹੱਕ ਨਹੀਂ
ਤੈਨੂੰ ਤਾਂ ਮਹਿਬੂਬ ਕਹਿਣਾ
ਹੱਕ ਹੈ
ਆਖਦਾ ਸੀ
ਤੂੰ ਤਾਂ ਮੇਰੀ ਹਾਣ ਹੈ
ਆਖਦਾ ਸੀ
ਤੂੰ ਅਜੇ ਜਵਾਨ ਹੈ
ਤੂੰ ਤਾਂ ਮੇਰੀ ਜਾਨ ਹੈ
ਆਖਦਾ ਸੀ
ਤੂੰ ਤਾਂ ਮੇਰਾ ਗੁਲਾਬ ਹੈਂ
ਤੋਂ ਮੇਰੀ ਸ਼ਰਾਬ ਹੈਂ
ਤੂੰ ਹੀ ਮੇਰੇ ਜਿਸਮ ਦਾ
ਪ੍ਰਤੱਖ ਦਿੱਸਦਾ ਖ਼ਾਬ ਹੈਂ
ਇਹ ਕੁਫ਼ਰ ਹੈ, ਬਕਵਾਸ ਹੈ।
ਲੂਣਾ
ਮਹਾਰਾਜ !
ਹਾਲੇ ਤਾਂ ਅਧੂਰੀ ਬਾਤ ਹੈ
ਕੱਚੀ-ਗਿਰੀ ਗੋਰੀ ਚਿੱਟੀ ਬਾਂਹ 'ਤੇ
ਪੈ ਗਈ ਜੋ ਲਾਸ ਹੈ
ਪੂਰਨ 'ਚ ਵਸਦੇ ਪਸੂ ਦੀ
ਮਹਾਰਾਜ ਇਕ ਸੰਗਾਤ ਹੈ
ਕਦ ਕੋਈ ਪੁੱਤਰ, ਇਹ ਮਾਂ ਦੀ
ਬਾਂਹ ਫੜਕੇ ਆਖਦਾ ਹੈ ?
ਸੋਹਣੀਏਂ !
ਮੇਰੇ ਜਿਸਮ ਦੇ ਵਿਚ
ਜਿਸਮ ਤੇਰਾ ਜਾਗਦਾ ਹੈ
ਮੇਰਿਆਂ ਖ਼ਾਬਾਂ 'ਚ ਚੰਨੀਏਂ
ਰੂਪ ਤੇਰਾ ਸੁਲਗਦਾ ਹੈ
ਤੇਰਿਆਂ ਹੋਠਾਂ 'ਚ ਮੇਰੀ
ਮਧ ਦਾ ਪਿਆਲਾ ਛਲਕਦਾ ਹੈ
ਤੇਰੀਆਂ ਮੁਸ਼ਕੀ ਲਿਟਾਂ 'ਚੋਂ
ਨਾਗ ਕਾਲਾ ਡੱਸਦਾ ਹੈ
ਬਿਨ ਤੇਰੇ ਮੇਰੀ ਸੇਜ ਸੁੰਨੀ
ਦਿਲ 'ਚ ਭਾਂਬੜ ਮੱਚਦਾ ਹੈ
ਫੇਰ ਮਾਂ ਜੇ ਬਾਂਹ ਛੁਡਾਏ
ਵਾਂਗ ਜਾਬਰ ਹੱਸਦਾ ਹੈ
ਸੇਜ ਉੱਤੇ ਸੱਟਦਾ ਹੈ
( ਲੂਣਾਂ ਰੋਣ ਲੱਗ ਜਾਂਦੀ ਹੈ )
ਮਹਾਰਾਜ !
ਮੈਂ ਤਾਂ ਮਰ ਕੇ ਉਸ ਤੋਂ
ਪੱਤ ਹੈ ਆਪਣੀ ਬਚਾਈ
ਜਾਂ ਨਾ ਦੇਂਦੀ ਦੁਹਾਈ
ਤਾਂ ਤੇ ਲੁੱਟੀ ਜਾਂਦੀ ਲੂਣਾ
ਨਾਲੇ ਲੂਣਾ ਦੀ ਖੁਦਾਈ
ਸਲਵਾਨ
ਬੱਸ ਕਰ ਲੂਣਾ !
ਇਹ ਬਲਦੀ
ਅਗਨ-ਸ਼ਬਦਾਂ ਦੀ ਕਥਾ
ਬਸ ਹੋਰ ਨਾ ਮੈਨੂੰ ਸੁਣਾ
ਅਗਨ-ਸ਼ਬਦਾਂ ਦੀ ਕਥਾ
ਮੇਰਿਆਂ ਕੰਨਾਂ 'ਚ ਹੈ
ਸ਼ਬਦਾਂ ਦਾ ਸਿੱਕਾ ਪਿਘਲਦਾ
ਖੂਨ ਨਾੜਾਂ ਦਾ ਮੇਰਾ
ਖਾਂਦਾ ਉਬਾਲੇ ਉਬਲਦਾ
ਹਰ ਸ਼ਬਦ ਕੋਲਾ ਅੱਗ ਦਾ
ਬਣ ਕੇ ਹੈ ਦਿਲ ਵਿਚ ਸੁਲਗਦਾ
ਬੰਦ ਕਰਦੇ ਇਹ ਕਥਾ
ਬੰਦ ਕਰਦੇ ਇਹ ਕਥਾ
ਅਗਨ-ਸ਼ਬਦਾਂ
ਦੀ ਕਥਾ ਵਿਚ
ਸੱਚ ਦਾ ਜੇ ਵਾਸ ਹੈ
ਤਾਂ ਲੂਣਾ ਦਾ ਨਹੀ
ਮੇਰਾ ਲਹੂ ਬਦਮਾਸ਼ ਹੈ
ਮੇਰਾ ਲਹੂ ਅੱਯਾਸ਼ ਹੈ
ਮੇਰੇ ਲਹੂ ਦੇ ਫੁੱਲ 'ਚੋਂ
ਆਈ ਕਮੀਨੀ ਬਾਸ ਹੈ
ਲੂਣਾ !
ਮੇਰੇ ਹੀ ਲਹੂ ਦੀ
ਨਿਕਲੀ ਭਰਿਸ਼ਟੀ ਜ਼ਾਤ ਹੈ
ਮੈਂ ਆਪਣਾ ਲਹੂ ਤੇਰੇ
ਸਾਹਮਣੇ ਬਹਿ ਪੀਆਂਗਾ
ਆਪਣੇ ਮੈਂ ਜ਼ਖਮ ਆਪਣੇ
ਲਹੂ ਦੇ ਸੰਗ ਸੀਆਂਗਾ
ਕਲੰਕ ਆਪਣੇ ਲਹੂ ਦਾ
ਮੈਂ ਧੋ ਲਵਾਂ ਤਾਂ ਜੀਆਂਗਾ
ਪੂਰਨ ਦੇ ਟੋਟੇ ਚੀਰ ਕੇ
ਮੈਂ ਫੇਰ ਪੂਰਨ ਥੀਆਂਗਾ
ਲੂਣਾ !
ਕਲੰਕੇ ਲਹੂ ਦੀ
ਬੱਸ ਲਾਸ਼ ਭਾਵੇਂ ਲੱਭ ਜਾਵੇ
ਮੋਏ ਨੂੰ ਮੁੜ ਕੇ ਮਾਰ ਕੇ
ਸਲਵਾਨ ਕਿਧਰੇ ਗੱਡ ਆਏ
ਬਾਹਵਾਂ ਤੇ ਲੱਤਾਂ ਤੋੜ ਕੇ
ਅੱਖਾਂ ਦੇ ਡੇਲੇ ਕੱਢ ਆਏ
ਕੁੱਤਿਆਂ ਨੂੰ ਧਾਮਾਂ ਵਰਜ ਕੇ
ਗਿਰਝਾਂ ਦੇ ਟੋਲੇ ਛੱਡ ਆਏ
ਇਕ ਵਾਰ ਬੱਸ ਮਰਿਆ ਜਿਊਂਦਾ
ਲੱਭ ਜਾਏ
ਉਹ ਲੱਭ ਜਾਏ !
( ਸਲਵਾਨ ਦੁਖਿਆ ਹੋਇਆ ਲੂਣਾ ਨੂੰ
ਇਕੱਲਿਆਂ ਛੱਡਕੇ ਚਲਾ ਜਾਂਦਾ ਹੈ ।
ਈਰਾ ਦਾਖ਼ਲ ਹੁੰਦੀ ਹੈ )
ਈਰਾ
ਲੂਣਾ !
ਇਹ ਸੱਭੇ ਝੂਠ ਹੈ
ਇਹ ਕਹਿਰ ਹੈ
ਇਹ ਪਾਪ ਹੈ
ਹਾਂ ਝੂਠ ਹੈ
ਹਾਂ ਕਹਿਰ ਹੈ
ਹਾਂ ਪਾਪ ਹੈ, ਹਾਂ ਪਾਪ ਹੈ
ਪਾਪ ਦੀ ਮੁਕਤੀ ਲਈ
ਕਰਨਾ ਹੀ ਪੈਂਦਾ ਪਾਪ ਹੈ
ਪਾਪ ਦਾ ਵਧਣਾ ਹੀ ਹੁੰਦਾ
ਪਾਪ ਦਾ ਬੱਸ ਨਾਸ਼ ਹੈ
ਅੱਜ ਤੋਂ ਲੂਣਾ ਲਈ
ਕੋਈ ਪੁੰਨ ਹੈ ਨਾ ਪਾਪ ਹੈ
ਨਾ ਦਿਵਸ ਹੈ ਨਾ ਰਾਤ ਹੈ
ਨਾਰ ਦੇ ਅਪਮਾਨ ਦਾ
ਇਹ ਸੁਲਗਦਾ ਇਤਿਹਾਸ ਹੈ
ਨਾਰ ਦਾ ਅਪਮਾਨ ਕਰਨਾ
ਸਭ ਤੋਂ ਵੱਡਾ ਪਾਪ ਹੈ
ਨਾਰੀ ਜੇ ਹੋਵੇ ਮਿਹਰਬਾਂ
ਨਾਰੀ ਦੇ ਜੇਡ ਵਰ ਨਹੀਂ
ਨਾਰੀ ਜੇ ਕਿਧਰੇ ਵਿਗੜ ਜਾਏ
ਤਾਂ ਕਾਲ ਹੈ, ਸਰਾਪ ਹੈ
ਕੀਹ ਪੁੰਨ ਹੈ, ਕੀ ਪਾਪ ਹੈ
ਹਰ ਪਾਪ ਸ਼ਾਇਦ ਪੁੰਨ ਹੈ
ਹਰ ਪੁੰਨ ਸ਼ਾਇਦ ਪਾਪ ਹੈ
ਰੀਤਾਂ ਦਾ ਮਜ਼੍ਹਬੀ ਨਾਪ ਹੈ
ਰਸਮਾਂ ਦਾ ਪੁੱਠਾ ਜਾਪ ਹੈ
ਹਰ ਮਜ੍ਹਬ ਐਸਾ ਜਿਸਮ ਹੈ
ਸੁੱਤਾ ਜੋ ਖ਼ੁਦ ਸੰਗ ਆਪ ਹੈ
ਹੈ ਪਾਪ ਜਿਉ ਨਾ ਮਾਨਣਾ
ਨਾ ਆਪ ਖ਼ੁਦ ਨੂੰ ਜਾਨਣਾ
ਨਾ ਆਪ ਨ੍ਹੇਰਾ ਮਾਨਣਾ
ਨਾ ਆਪ ਆਪਣਾ ਚਾਨਣਾ
ਬਿਨ ਆਗਿਆ, ਅਧਿਕਾਰ ਦੇ
ਅੰਦਰ ਦੇ ਧੁਰ ਸਤਿਕਾਰ ਦੇ
ਕਿਸੇ ਹਾਣ ਦੇ ਨਾ ਹਾਣ ਦੇ
ਪਿੰਡੇ 'ਚੋਂ ਪਿੰਡਾ ਛਾਨਣਾ
ਨਾ ਬੁੱਝਣਾ ਨਾ ਜਾਨਣਾ
ਲੂਣਾ ਦੇ ਸੁੱਚੇ ਜਿਸਮ ਨੂੰ
ਸਲਵਾਨ ਵਾਕਣ ਮਾਨਣਾ
ਨਿੱਤ ਲੂਣ ਲਾ ਕੇ ਗਾਲਣਾ
ਨਾ ਆਪ ਆਪਣਾ ਚਾਨਣਾ
ਈਰਾ
ਲੂਣਾ !
ਕੀਹ ਤੈਨੂੰ ਹੋਸ਼ ਏ ?
ਤੇਰਾ ਹਰ ਸ਼ਬਦ ਪਾਗਲ ਜਹਿਆ
ਤੇਰਾ ਹਰ ਸ਼ਬਦ ਮਧ-ਹੋਸ਼ ਏ
ਪੂਰਨ ਸਦਾ ਨਿਰਦੋਸ਼ ਸੀ
ਪੂਰਨ ਸਦਾ ਨਿਰਦੋਸ਼ ਏ
ਉਹ ਆਲ੍ਹਣੇ ਦਾ ਬੋਟ ਏ
ਮਾਸੂਮ ਏ
ਨਿਰਦੋਸ਼ ਏ
ਲੂਣਾ
ਈਰਾ !
ਹਾਂ ਮੈਨੂੰ ਹੋਸ਼ ਏ
ਉਹ ਆਲ੍ਹਣੇ ਦਾ ਬੋਟ ਏ
ਮਾਸੂਮ ਏ, ਨਿਰਦੋਸ਼ ਏ
ਪੂਰਨ ਹੈ ਮੇਰਾ ਚਾਨਣਾ
ਪਰ ਨਾਰ ਸੱਪ ਦੇ ਸੀਸ 'ਤੇ
ਅੰਮ੍ਰਿਤ ਦਾ ਬਣਿਆ ਕੁੰਡ ਹੈ
ਕੋਈ ਪੀ ਲਵੇ ਤਾਂ ਅਮਰ ਹੈ
ਕੋਈ ਨਾ ਪੀਵੇ ਤਾਂ ਮੌਤ ਏ
ਕਹਿੰਦੇ, ਅਸ਼ੋਕ ਬਿਰਛ ਨੂੰ
ਲੱਗਦੇ ਤਦੋਂ ਤੱਕ ਫੁੱਲ ਨਾ
ਜਦ ਤੱਕ ਕੁਆਰੀ ਇਸਤਰੀ
ਮਾਰੇ ਜੜ੍ਹਾਂ 'ਤੇ ਪੈਰ ਨਾ
ਇਸ ਦਾ ਤੇ ਨਾ ਅਪਮਾਨ ਨਾ
ਇਸ ਦਾ ਤੇ ਨਾ ਕੋਈ ਵੈਰ ਨਾ
ਇਹ ਤਾਂ ਸਗੋਂ ਉਪਕਾਰ ਹੈ।
ਇਹ ਤਾਂ ਸਗੋਂ ਸਤਿਕਾਰ ਹੈ
ਅਸ਼ੋਕ ਰੁੱਖ ਸਿਰ ਹਰ ਕੁਆਰੀ
ਦਾ ਸਗੋਂ ਇਕ ਭਾਰ ਹੈ
ਪੂਰਨ ਮੇਰੇ ਦੀ ਹੋਂਦ ਵੀ
ਬੇ-ਫੁੱਲ ਅਸ਼ੋਕ-ਬਿਰਛ ਸੀ
ਏਸੇ ਦੀ ਮੈਨੂੰ ਪੀੜ ਸੀ
ਏਸੇ ਦਾ ਮੈਨੂੰ ਹਿਰਖ ਸੀ
ਅੱਜ ਸੋਚ ਕੇ ਉਹਦੀ ਹੋਂਦ ਦੀ
ਜੜ੍ਹ 'ਤੇ ਮੈਂ ਮਾਰੇ ਪੈਰ ਨੇ
ਪਾਕੀਜ਼ਗੀ ਉਹਦੀ 'ਚ ਘੋਲੇ
ਦੋਸ਼ ਦੇ ਕੇ ਜ਼ਹਿਰ ਨੇ
ਇਸ ਦੋਸ਼ ਸੰਗ ਉਹਦੀ ਹੋਂਦ ਨੂੰ
ਕੁੱਝ ਫੁੱਲ ਐਸੇ ਪੈਣਗੇ
ਜੋ ਜਨਮ-ਜਨਮਾਂਤਰ ਲਈ
ਧਰਤੀ 'ਤੇ ਟਹਿਕੇ ਰਹਿਣਗੇ
ਜਦ ਲੋਕ ਕਿਧਰੇ ਜੁੜਨਗੇ
ਜਦ ਲੋਕ ਕਿਧਰੇ ਬਹਿਣਗੇ
ਉਹ ਬਾਤ ਰਲ ਕੇ ਪਾਣਗੇ
ਲੂਣਾ ਨੂੰ ਗਾਲ੍ਹਾਂ ਦੇਣਗੇ
ਪੂਰਨ ਨੂੰ ਗੱਲ ਥੀ ਲਾਣਗੇ
ਤੇ ਮਹਿਕ ਉਹਦੇ ਫੁੱਲ ਦੀ
ਘਰ ਘਰ 'ਚ ਵੰਡਣ ਜਾਣਗੇ
ਸ਼ਾਇਦ ਕਿਸੇ ਸਲਵਾਨ ਸੰਗ
ਲੂਣਾ ਨਾ ਮੁੜ ਪਰਨਾਣਗੇ
ਮੇਰੇ ਜਹੀ ਕੋਈ ਧੀ ਦੇ
ਅਰਮਾਨ ਨਾ ਰੁਲ ਜਾਣਗੇ
ਪੂਰਨ ਜਿਹੇ ਕਿਸੇ ਪੁੱਤ ਨੂੰ
ਨਾ ਦਾਗ ਦਿਲ ਦੇ ਖਾਣਗੇ
(ਲੂਣਾ ਉੱਚੀ-ਉੱਚੀ ਹੱਸਦੀ ਹੈ
ਤੇ ਫੇਰ ਰੋਣ ਲੱਗ ਜਾਂਦੀ ਹੈ।)
ਸੱਤਵਾਂ ਅੰਕ
ਇੰਦਰਾ ਬਿੱਲੀ, ਪਰਵੀਨ ਚੌਧਰੀ ਤੇ ਸ਼ਮਸ਼ਾਦ ਬੇਗ਼ਮ ਦੇ ਨਾਂ
(ਰਾਜਾ ਚੌਧਲ ਆਪਣੇ ਮਹਿਲਾਂ 'ਚ ਬੈਠਾ
ਆਪਣੀ ਧੀ ਨਾਲ ਗੱਲਾਂ ਕਰ ਰਿਹਾ ਹੇ।)
ਚੌਧਲ
ਧੀਆਂ ਦੇ ਦੁੱਖ
ਡਾਢੇ ਵੇ ਲੋਕਾ
ਵਿਰਲਾ ਤਾਂ ਜਾਣੇ ਕੋਈ
ਧੀ ਤੇ ਤਿਤਲੀ
ਲੋਕੀਂ ਆਖਣ
ਵੇਖੀ ਨਾ ਜਾਂਦੀ ਸੋਈ
ਸਾਵੀਆਂ ਸੁੰਹਦੀਆਂ
ਮਿਰਗਾਂ ਸੰਗ ਖੁਸ਼ਬੋਈ
ਧੀਆਂ ਦੀ ਧੁੱਪ
ਚਾਰ ਦਿਹਾੜੇ
ਫਿਰ ਹੋਈ ਨਾ ਹੋਈ
ਦੁਖੀਆ ਧੀ ਦਾ
ਦੁਖੀਆ ਬਾਬਲਾ
ਅੱਜ ਕਰੋ ਅਰਜ਼ੋਈ
ਸੁਣੀ ਵੇ ਲੋਕਾ
ਦੇਵਾਂ ਮੈਂ ਹੋਕਾ
ਧੀਆਂ ਨਾ ਜੰਮੇ ਕੋਈ
ਇੱਛਰਾਂ
ਹਾਂ ਜੀ ਬਾਬਲਾ
ਠੀਕ ਤਾਂ ਆਖਿਆ
ਧੀਆਂ ਨਾ ਜੰਮੇ ਕੋਈ
ਧੀਆਂ ਦਾ ਜੰਮਣਾ
ਨਿਊ ਕੇ ਲੰਘਣਾ
ਛਿੱਜਦੀ ਲੋਕਾ ਲੋਈ
ਚਿੱਟੜੀ ਪੱਗ ਦੇ
ਚਿੱਟੜੇ ਫੁੱਲ 'ਚੋਂ
ਉੱਡ ਜਾਂਦੀ ਖੁਸ਼ਬੋਈ
ਧੀਆਂ ਤਾਂ ਧਨ ਨੂੰ
ਲੇਹ ਨੇ ਹੁੰਦੀਆਂ
ਸਿਉਂਕ ਵੇ ਲੋਕਾ ਕੋਈ
ਜਿਸ ਘਰ ਲੱਗੇ
ਕੱਖ ਨਾ ਛੱਡੇ
ਬੂਹਾ ਨਾ ਬਾਰ ਨਾ ਡੋਈ
ਧੀਏ ਨੀ !
ਧੀਆਂ ਤਾਂ ਧਨ ਨੇ ਹੁੰਦੀਆਂ
ਧੀਆਂ ਦੇ ਜੇਡ ਨਾ ਕੋਈ
ਇਹ ਧਨ ਵਧਿਆ
ਮਾਨ ਵਧੇਂਦੈ
ਕੁਲ ਦੀ ਵਧੇ ਖੁਸ਼ਬੋਈ
ਪਰ ਧੀਏ
ਤੇਰਾ ਬਾਬਲਾ ਸੋਚੇ
ਕੈਸੀ ਇਹ ਹੋਣੀ ਹੋਈ ?
ਪੁੱਤ, ਪਤੀ ਤੇ
ਪਿਉ ਦੇ ਹੁੰਦਿਆਂ
ਅੱਜ ਨਾ ਤੇਰਾ ਕੋਈ
ਕਿੰਜ ਬਾਬਲ
ਤੇਰੀ ਪੀੜ ਵੰਡਾਏ
ਕਿੰਜ ਕਰੇ ਦਿਲਜੋਈ ?
ਧਰਤੀ ਤਾਂ ਮੈਨੂੰ
ਵਿਹਲ ਨਾ ਦੇਂਦੀ
ਅਰਸ ਨਾ ਦੇਂਦਾ ਢੋਈ
ਜੇ ਤੈਨੂੰ
ਤੇਰੇ ਘਰ ਨੂੰ ਮੋੜਾਂ
ਦਿਲ ਵਿਚ ਪੈਂਦੀ ਖੋਈ
ਜੇ ਦਿਨ
ਬਾਬਲ ਦੇ ਘਰ ਕੱਟੇਂ
ਮਾਨ ਨਾ ਰਹਿੰਦਾ ਕੋਈ
ਇਹੋ ਤਾਂ ਸੋਚਾਂ ਸੋਚਦਿਆਂ
ਮੇਰੀ ਸੋਚ ਹੈ ਜ਼ਖ਼ਮੀ ਹੋਈ
ਸੁਣੀ ਵੇ ਮੇਰਿਆ
ਧਰਮੀਆ ਬਾਬਲਾ
ਮੋੜੀ ਨਾ ਓਸ ਘਰੇ
ਮੋੜੀ ਨਾ ਓਸ ਘਰੇ
ਮੇਰੇ ਬਾਬਲਾ
ਦੁੱਖਾਂ ਦਾ ਨਾਗ ਲੜੇ
ਦੁੱਖਾਂ ਦਾ ਨਾਗ ਲੜੇ
ਮੇਰੇ ਬਾਬਲਾ
ਕਾਲੀ ਤਾਂ ਜ਼ਹਿਰ ਚੜ੍ਹੇ
ਕਾਲੀ ਤਾਂ ਜ਼ਹਿਰ ਚੜ੍ਹੇ
ਮੇਰੇ ਬਾਬਲਾ
ਧੀ ਪਰਦੇਸ ਮਰੇ
ਧੀ ਪਰਦੇਸ ਮਰੇ
ਮੇਰੇ ਬਾਬਲਾ
ਕਫ਼ਨੋ ਬਾਝ ਸੜੇ
ਰੁਲਣ ਸੜੀ ਦੇ
ਫੁੱਲ ਵੇ ਬਾਬਲਾ
ਕੋਈ ਨਾ ਮੁੱਠ ਭਰੇ
ਪਾ ਵੇ ਬਾਬਲਾ
ਖੈਰ ਕਫ਼ਨ ਦੀ
ਧੀ ਪਈ ਅਰਜ਼ ਕਰੇ
ਵਿਚ ਪਰਦੇਸੀ
ਰੁਲਣੋਂ ਚੰਗਾ
ਏਥੇ ਹੀ ਮੌਤ ਵਰ੍ਹੇ
ਚੌਧਲ
ਧੀਏ ਧਿਆਣੀਏਂ
ਬੀਬੀਏ ਰਾਣੀਏਂ
ਬੋਲ ਨਾ ਚੰਦਰੇ ਬੋਲ
ਬੋਲ ਨਾ ਚੰਦਰੇ ਬੋਲ
ਨੀ ਧੀਏ
ਪੈਂਦੀ ਕਲੇਜੜੇ ਡੋਲ
ਨੀ ਧੀਏ
ਢਿੱਡ 'ਚ ਉਠਦੇ ਹੌਲ
ਧੀਏ ਮੈਂ ਤੈਂਡੜੇ
ਦੁੱਖ ਤਾਂ ਸਮਝਾਂ
ਦਾਰੂ ਨਹੀਂ ਪਰ ਕੋਲ
ਧੀਆਂ ਦੇ ਦੁੱਖਾਂ ਦਾ
ਦਾਰੂ ਜੇ ਲੱਭੇ
ਦੇਵਾਂ ਮੈਂ ਮੰਗੜੇ ਮੋਲ
ਇੱਛਰਾਂ
ਧੀਆਂ ਦੇ ਦੁੱਖਾਂ ਦਾ
ਦਾਰੂ ਵੇ ਬਾਬਲਾ
ਕੋਈ ਨਾ ਵੈਦ ਦਵੇ
ਧੀਆਂ ਦੇ ਦੁੱਖ
ਤਾਂ ਮੁੱਕਦੇ ਬਾਬਲਾ
ਧੀਆਂ ਜੇ ਬਲਣ ਸਿਵੇ
ਧੀਆਂ ਦੇ ਦੁੱਖ
ਤਾਂ ਰੋਗ ਨੇ ਕਾਲੇ
ਹੱਡਾਂ 'ਚ ਤਾਪ ਪਵੇ
ਜਨਮ-ਘੜੀ ਤੋਂ
ਮਰਨ-ਘੜੀ ਤੱਕ
ਸੰਘ 'ਚ ਖੂਨ ਰਵ੍ਹੇ
ਚੌਧਲ
ਧੀਏ ਨੀ
ਧੀਆਂ ਤਾਂ ਜੂਨ ਚੰਦਨ ਦੀ
ਆਈ ਲੁਕਾਈ ਏ ਕਹਿੰਦੀ
ਵਿੱਸ ਪੀਵੇ
ਤੇ ਮਹਿਕ ਲੁਟਾਵੇ
ਧੀਆਂ ਨੂੰ ਢਿੱਡ ਦੇ
ਜੰਮੇ ਦੀ ਦੂਰੀ
ਈਕਨਾ ਭੋਰ ਕੇ ਖਾਂਦੀ
ਚੰਨਣ ਨੂੰ ਚਾਨਈ
ਨਾਲ ਜਿਉ ਲੋਕਾ
ਆਖਦੇ ਅੱਗ ਲੱਗ ਜਾਂਦੀ
ਇੱਛਰਾਂ
ਬਾਬਲ!
ਧੀਆਂ ਤਾਂ ਮਹਿਕ-ਵਿਛੁੰਨੀਆਂ
ਧੀਆਂ 'ਚੋਂ ਮਹਿਕ ਨਾ ਆਉਂਦੀ
ਧੀਆਂ ਨੂੰ ਐਵੇਂ ਹੀ
ਕੂੜ ਲੁਕਾਈ
ਚੰਦਨ ਤਾਂ ਆਖ ਬੁਲਾਉਂਦੀ
ਧੀਆਂ, ਧਰੇਕਾਂ
ਕੌੜੀਆਂ ਲੱਕੜਾਂ
ਇਹ ਲੱਕੜ ਵਿਕ ਜਾਂਦੀ
ਇਸ ਲੱਕੜ ਨੂੰ
ਘੁਣ ਨਾ ਲੱਗਦਾ
ਨਾ ਇਹਨੂੰ ਸਿਉਂਕ ਹੀ ਖਾਂਦੀ
ਧੀਆਂ ਤਾਂ ਹੁੰਦੀਆਂ
ਕੌੜ ਛਤੀਰਾਂ
ਇਸੇ ਲਈ ਦੁਨੀਆ ਚਾਹੁੰਦੀ
ਧੀਆਂ ਦੀ ਦੇਹ ਦੇ
ਚੀਰ ਕੇ ਬਾਲੇ
ਹੱਡਾਂ ਦੇ ਮਹਿਲ ਛਤਾਉਂਦੀ
ਧੀਆਂ ਤਾਂ ਸਮਿਆਂ ਦੇ
ਨਕਸ਼ਾਂ ਦੀ ਬਾਬਲਾ
ਡਾਰ ਕੋਈ ਉੱਡਦੀ ਜਾਂਦੀ
ਚੁੰਝਾਂ ਥੀ ਭਰ ਕੇ
ਅਗਲੇ ਯੁੱਗ ਲੈ ਜਾਂਦੀ
ਪਿਛਲੇ ਯੁੱਗ ਦੇ
ਮੋਹਰੇ ਮੁਹਾਂਦਰੇ
ਕੱਖਾਂ 'ਚ ਸਾਂਭ ਲਿਆਉਂਦੀ
ਅਗਲੇ ਨੂੰ ਨਕਸ਼ਾਂ ਦੀ
ਚੋਗ ਚੁਗਾਂਦੀ
ਖੁਦ ਭੁੱਖੀ ਮਰ ਜਾਂਦੀ
ਨਾਰੀ ਹੀ ਬੀਤੇ ਦੇ
ਲਹੂਆਂ ਦੀ ਗਾਥਾ
ਹਰ ਯੁੱਗ ਵਿਚ ਦੁਹਰਾਂਦੀ
ਬੀਤ ਚੁੱਕੇ ਨੂੰ
ਮੁੜ ਮੁੜ ਜੰਮਦੀ
ਕੁੱਖ ਦੀ ਪੀੜ ਬਣਾਂਦੀ
ਭੂਤ, ਭਵਿੱਖਤ
ਵਰਤਮਾਨ ਵਿਚ
ਹਰ ਪਲ ਜਿਊਂਦੀ ਰਹਿੰਦੀ
ਤ੍ਰੈ-ਕਾਲਾਂ ਦੀ
ਇਹ ਤ੍ਰੈ-ਵਹਿਣੀ
ਵਰਤਮਾਨ ਵਿਚ ਵਹਿੰਦੀ
ਤੇ ਤ੍ਰੈ-ਵਹਿਣੀ ਦੇ ਸੰਗਮ 'ਤੇ
ਹਰ ਧੀ ਰੋਂਦੀ ਰਹਿੰਦੀ
ਬਾਬਲਾ ਕਿਸੇ ਨੂੰ
ਪੀੜ ਨਾ ਦੱਸਦੀ
ਬਾਤ ਨਾ ਦਿਲੇ ਦੀ ਪਾਉਂਦੀ
ਧੀਆਂ ਤ੍ਰੈ-ਕਾਲ
ਦੇ ਵਿਹੜੇ ਦਾ ਸ਼ੀਸ਼ਾ
ਹੋਂਦ ਜਿਦ੍ਹੀ ਲਚਕਾਂਦੀ
ਇਸ ਸ਼ੀਸ਼ੇ ਦੀ
ਕਾਇਆ ਵੇ ਬਾਬਲਾ
ਨਿੱਤ ਵਧਦੀ ਘਟ ਜਾਂਦੀ
ਇਸ ਸ਼ੀਸ਼ੇ 'ਚੋਂ
ਖੁਸ਼ਬੋਈ ਹੈ ਆਉਂਦੀ
ਇਸ ਸ਼ੀਸ਼ੇ ਵਿਚ
ਬੀਤ ਰਹੇ ਦੀ
ਪਰਛਾਈ ਮੁਸਕਾਉਂਦੀ
ਬੀਤਣ ਵਾਲੇ
ਦੀ ਇਸ ਅੰਦਰ
ਦੇਹੀ ਹੈ ਥਰਥਰਾਂਦੀ
ਇਹ ਸ਼ੀਸ਼ੇ ਦੀ
ਟੁਕੜੀ ਬਾਬਲਾ
ਹਰ ਯੁੱਗ ਦੀ ਹੈ ਬਾਂਦੀ
ਹਰ ਯੁੱਗ ਦੇ ਵਿਚ
ਭੱਜਦੀ, ਟੁੱਟਦੀ
ਹਰ ਯੁੱਗ ਵਿਚ ਜੁੜ ਜਾਂਦੀ
ਚੌਧਲ
ਧੀਏ ਨੀ
ਕੋਈ ਵੀ ਧੀ ਨਾ ਬਰਦੀ
ਧੀਆਂ ਦਾ ਬਰਦਾ ਜਹਾਂ
ਬਾਲ ਵਰੇਸੇ
ਪੀਂਘ ਝੂਟੇਂਦੀਆਂ
ਦਾਜ ਕਰੇਂਦੀ ਮਾਂ
ਅਗਨ-ਵਰੇਸੇ
ਬਾਬਲਾ ਸੋਚੇ
ਕਿੱਥੇ ਤਾਂ ਕਾਜ ਰਚਾਂ ?
ਢਲੀ-ਵਰੇਸੇ
ਧੀਏ ਨੀ ਮੇਰੀਏ
ਧੀ ਬਣ ਜਾਂਦੀ ਮਾਂ
ਧੀਆਂ ਦੀ ਹੁੰਦੀ
ਧੀਏ ਨੀ ਮੇਰੀਏ
ਧੀਏ, ਧਿਆਣੀਏਂ
ਤੈਂਡੜੇ ਦੁੱਖ ਦਾ
ਕਿੰਜ ਕਰਾਂ ਸਮਿਆਂ ?
ਕਿਹਾ ਕੁਚੱਜੜਾ
ਮੈਂ ਵਰ ਟੋਲਿਆ
ਕੀਤਾ ਸੂ ਮੈਂ ਅਨਿਆਂ
ਧੀਏ ਨੀ ਤੁੱਧ ਤੋਂ
ਮੈਂ ਸ਼ਰਮਿੰਦੜਾ
ਕਿੱਥੇ ਤਾਂ ਡੁੱਬ ਮਰਾਂ ?
ਤੈਂਡੜੇ ਦੁੱਖਾਂ ਦਾ
ਮਾਰਿਆ ਧੀਏ
ਕਿੱਥੇ ਤਾਂ ਮੈਂ ਟੁਰ ਜਾਂ ?
ਇੱਛਰਾਂ
ਧਰਮੀਆਂ ਬਾਬਲਾ
ਧੀਆਂ ਦੇ ਦੁੱਖ ਦੀ
ਦੁਖਦੀ ਬਾਤ ਨਾ ਪਾ
ਧੀਆਂ ਦੇ ਦੁੱਖ ਦੀ
ਬਾਤ ਨਾ ਛੇੜੀਏ
ਧੀਆਂ ਦਾ ਦੁੱਖ ਬੁਰਾ
ਧੀਆਂ ਦੇ ਦੁੱਖ
ਸਮੁੰਦਰੋਂ ਡੂੰਘੇ
ਸੂਕ ਰਹੇ ਦਰਿਆ
ਧੀਆਂ ਦੇ ਦੁੱਖ ਤਾਂ
ਪਰਬਤੋਂ ਭਾਰੇ
ਧੀਆਂ ਦੇ ਦੁੱਖ ਅਥਾਹ
ਧੀਆਂ ਜੇ ਲੋਕਾ
ਦੇਂਦੀਆਂ ਪੱਤ ਗਵਾ
ਧੀਆਂ ਜੇ ਲੋਕਾ
ਹੋਣ ਕਰੂਪੀਆਂ
ਕੌਣ ਖੜੇ ਪਰਨਾ ?
ਧੀਆਂ ਜੇ ਲੋਕਾ
ਹੋਣ ਸੁਨੱਖੀਆਂ
ਦੇਂਦਾ ਈ ਲੋਕ ਡਰਾ
ਧੀਆਂ ਜੇ ਲੋਕਾ
ਹੋਵਣ ਵਿਧਵਾ
ਲਗਦੀ ਆ ਤੁਹਮਤ ਆ
ਧੀਆਂ ਜੇ ਲੋਕਾ
ਹੋਵਣ ਛੁੱਟੜਾਂ
ਰੋਜ਼ ਹੱਡਾਂ ਦਾ ਖਾ
ਧੀਆਂ ਤਾਂ ਲੋਕਾ
ਜੰਮਦੀਆਂ ਮਾਰੀਏ
ਧੀਆਂ ਦਾ ਕਾਸ ਵਿਸਾਹ
ਧੀਆਂ ਦਾ ਜੰਮਣਾ
ਕੰਧਾਂ ਦਾ ਕੰਬਣਾ
ਪੱਗ ਨੂੰ ਲਗਦੀ ਢਾ
( ਇਕ ਗੋਲੀ ਪ੍ਰਵੇਸ਼ ਕਰਦੀ ਹੈ।)
ਗੋਲੀ
ਮਹਾਰਾਜ !
ਮਹਾਰਾਜ !!
ਇਕ ਉੱਡਦਾ ਘੋੜ ਸਵਾਰ
ਹੁਣੇ ਤਾਂ ਤਿੱਖੜੀ
ਪੌਣ ਦੀ ਚਾਲੇ
ਆਇਆ ਸੀ ਮਹਿਲ-ਦੁਆਰ
ਬਾਤ ਸੁਲਗਦੀ
ਕਹਿ ਕੇ ਮੈਨੂੰ
ਮੁੜਿਆ ਪਿਛਲੇ ਪੈਰ
ਕੌਣ ਸੀ ਉਹ
ਤੇ ਕੀਹ ਕਹਿੰਦਾ ਸੀ
ਛੇਤੀ ਅਰਜ਼ ਗੁਜ਼ਾਰ
ਗੋਲੀ
ਮਹਾਰਾਜ!
ਉਸ ਨੇ ਨਾਂ ਨਹੀਂ ਦੱਸਿਆ
ਗਈ ਮੈਂ ਪੁੱਛ ਪੁੱਛ ਹਾਰ
ਕਹਿੰਦਾ ਸੀ
ਕੋਟ-ਸਿਆਲੇ ਇੱਛਰਾਂ
ਆ ਜਾਏ ਇਕ ਵਾਰ
ਨਹੀਂ ਤਾਂ ਉਸ ਦਾ
ਪੁੱਤਰ ਪੂਰਨ
ਦੇਸੀ ਰਾਜਾ ਮਾਰ
ਇੱਛਰਾਂ
ਕੀ ਕਹਿੰਦੀ ਹੈ
ਪੂਰਨ ਤਾਈਂ
ਦੇਸੀ ਰਾਜਾ ਮਾਰ
ਕਿਸ ਔਗੁਣ ਲਈ
ਪਿਉ ਪੁੱਤਰ ਦਾ
ਕਰ ਦੇਸੀ ਸੰਘਾਰ ?
ਗੋਲੀ
ਰਾਜਵਰੇ
ਇਹ ਮੈਂ ਕੀਹ ਜਾਣਾਂ
ਕੀਹ ਚੰਦਰੀ ਨੂੰ ਸਾਰ
ਉਹ ਕਹਿੰਦਾ ਸੀ
ਆ ਜਾਏ ਇਕ ਵਾਰ
ਪੂਰਨ ਦਾ
ਜੇ ਮੂੰਹ ਤੱਕਣਾ ਏਂ
ਉਸ ਨੇ ਅੰਤਮ ਵਾਰ
ਇੱਛਰਾਂ
ਮੈਂ ਪੂਰਨ ਦਾ
ਮੂੰਹ ਨਾ ਤੱਕਿਆ
ਅਜੇ ਤਾਂ
ਪਹਿਲੀ ਵਾਰ
ਇਹ ਗੱਲ
ਕਤਹ ਕੇ ਗੋਲੜੀਏ
ਨਾ ਛੁਰੀ ਕਲੇਜੇ ਮਾਰ
ਗੋਲੀ
ਰਾਜਸ਼੍ਰੀ ਜੀ
ਉਹ ਕਹਿੰਦਾ ਸੀ
ਪੂਰਨ ਰਾਜਕੁਮਾਰ
ਆਪਣੀ ਲੂਣਾ
ਮਾਂ ਤੋਂ ਚਾਹੁੰਦੈ
ਮਹਿਬੂਬਾ ਦਾ ਤਪਆਰ
ਤੇ ਜਬਰਨ ਵਿੱਭਚਾਰ
ਮਾਂ ਦੀ
ਦੇਹ 'ਤੇ
ਕਰਨਾ ਚਾਹਿਆ
ਪੂਰਨ ਨੇ ਅਧਿਕਾਰ
ਇਹ ਕੈਸਾ ਅੰਧਕਾਰ ?
ਕਹਿੰਦੇ
ਪੂਰਨ
ਛੱਡ ਕੇ ਰਾਜ-ਦੁਆਰ
ਪਰ ਫ਼ੌਜਾਂ ਨੇ
ਬੰਦੀ ਕੀਤਾ
ਲੰਮੇ ਹੱਥ ਪਸਾਰ
ਹੱਥ, ਪੈਰ
ਵੱਢਣ ਦਾ ਰਾਜੇ
ਦਿੱਤਾ ਹੁਕਮ ਗੁਜ਼ਾਰ
( ਇੱਛਰਾਂ ਗ਼ਸ਼ ਖਾ ਕੇ ਡਿੱਗ ਪੈਂਦੀ ਹੈ,
ਰਾਜਾ ਚੌਧਲ ਤੇ ਗੋਲੀ ਉਸ ਵੱਲ ਨੱਸਦੇ ਹਨ।)
ਅੱਠਵਾਂ ਅੰਕ
ਗੁਰਸ਼ਰਨ, ਬਲਵਿੰਦਰ ਤੇ ਸੁਰਜੀਤ ਦੇ ਨਾਂ
(ਇਕ ਬਹੁਤ ਖੁੱਲ੍ਹੇ ਮੈਦਾਨ ਵਿਚ ਭੀੜ ਜੁੜੀ ਹੋਈ ਹੈ,
ਸਾਰਾ ਸ਼ਹਿਰ ਹੁੰਮ-ਹੁੰਮਾ ਕੇ ਢੁੱਕਿਆ ਹੈ। ਇਕ ਪਾਸੇ
ਰਾਜਾ ਸਲਵਾਨ, ਲੂਣਾ ਤੇ ਉਹਦੇ ਦਰਬਾਰੀ ਬੈਠੇ ਹਨ।
ਪੂਰਨ ਉਸ ਭੀੜ ਦੇ ਵਿਚਕਾਰ ਖੜ੍ਹਾ ਹੈ । ਜੱਲਾਦ ਉਸ
ਦੇ ਪਿੱਛੇ ਨੰਗੀਆਂ ਤਲਵਾਰਾਂ ਫੜੀ ਖੜ੍ਹੇ ਹਨ। ਪੂਰਨ ਦੇ
ਪੈਰਾਂ 'ਚ ਬੇੜੀਆਂ ਪਈਆਂ ਹਨ। ਇਕ ਅਜੀਬ ਕਿਸਮ
ਦਾ ਸ਼ੋਰ ਮਚਿਆ ਹੋਇਆ ਹੈ। ਇਕ ਪਾਸਿਉਂ ਇੱਛਰਾਂ
ਭੀੜ ਨੂੰ ਚੀਰਦੀ ਪੂਰਨ ਵੱਲ ਵਧਦੀ ਹੈ )
ਇੱਛਰਾਂ
ਪੂਰਨ !
ਕੀਹ ਮੇਰਾ ਪੂਰਨ
ਠੀਕ ਅਪੂਰਨ ਹੈ ?
ਹਾਂ ਮਾਂ, ਤੇਰਾ ਪੂਰਨ
ਠੀਕ ਅਪੂਰਨ ਹੈ
ਏਥੇ ਜੋ ਅਪੂਰਨ
ਸੋ ਹੀ ਪੂਰਨ ਹੈ
ਏਥੇ ਜੋ ਵੀ ਪੂਰਾ
ਸਦਾ ਅਧੂਰਾ ਹੈ
ਏਥੇ ਕੋਈ ਵੀ ਸੱਚ ਨਹੀਂ
ਸਭ ਕੂੜਾ ਹੈ
ਏਥੇ ਜੋ ਪਰਤੱਖ ਹੈ
ਉਸ ਵਿਚ ਉਹਲਾ ਹੈ
ਏਥੇ ਜਿਸਦੀ ਹੋਂਦ ਹੈ
ਉਸ ਦੀ ਹੋਂਦ ਨਹੀਂ
ਏਥੇ ਜਿਸ ਦਾ ਰੰਗ ਹੈ
ਉਸ ਦਾ ਰੰਗ ਨਹੀਂ
ਏਥੇ ਜਿਸ ਦੇ ਅੰਗ ਨੇ
ਸੋ ਨਿਰ-ਅੰਗਾ ਹੈ
ਏਥੇ ਜੋ ਜਿਊਂਦਾ ਹੈ
ਸੋ ਹੀ ਮਰਿਆ
ਏਥੇ ਜੋ ਚਲਦਾ ਹੈ
ਸੋ ਹੀ ਖੜਿਆ ਹੈ
ਇੱਛਰਾਂ
ਕੀ ਮੇਰਾ ਪੂਰਨ
ਸੱਚ-ਮੁੱਚ ਹੀ ਤਾਂ ਦੋਸ਼ੀ ਹੈ ?
ਕੀ ਮੇਰੇ ਦੁੱਧ ਦੀ
ਜ਼ਾਤ ਵੀ ਨਿਕਲੀ ਹੋਛੀ ਹੈ
ਪੂਰਨ
ਤੇਰੇ ਦੁੱਧ ਦਾ ਕੋਈ ਦੋਸ਼ ਨਹੀਂ
ਕੋਈ ਵੀ ਜਣਨੀ ਦੇ ਥਣ ਅੰਦਰ
ਖੋਟ ਨਹੀਂ
ਪਰ ਹਰ ਜਣਨੀ ਮਾਏ
ਐਸਾ ਮੰਦਰ ਹੈ
ਜਿਦ੍ਹੇ ਮੁਹਾਠੀ ਬਲਦੀ
ਕੋਈ ਜੋਤ ਨਹੀਂ
ਇਸ ਮੰਦਰ ਦੀ
ਪਰਕਰਮਾ ਵਿਚ ਨ੍ਹੇਰਾ ਹੈ
ਚਾਮ ਚੜਿੱਕਾਂ ਕੀਤਾ
ਜਿਸ ਵਿਚ ਡੇਰਾ ਹੈ
ਇਸ ਦੁਨੀਆ ਵਿਚ
ਗ਼ਰਜ਼-ਵੰਦ ਕੁਝ ਪੰਛੀ ਰਹਿੰਦੇ
ਦਿਨ ਹੋਵੇ ਤਾਂ
ਚੋਗ ਚੁਗਣ ਖੇਤੀ ਉੱਡ ਜਾਂਦੇ
ਸ਼ਾਮ ਢਲੇ ਤਾਂ ਮੁੜ ਕੇ ਆਉਂਦੇ
ਆਪਸ ਦੇ ਵਿਚ ਲੜਦੇ, ਭਿੜਦੇ
ਸ਼ੋਰ ਮਚਾਂਦੇ
ਵਿੱਠਾਂ ਵਿੱਠਦੇ ਕੱਖ ਉਡਾਂਦੇ
ਆਪਣੇ ਆਪਣੇ ਘੁਰਨੇ ਮੱਲ ਕੇ
ਰਾਤ ਲੰਘਾਂਦੇ
ਤੇ ਇਨ੍ਹਾਂ ਦੇ ਬੋਟ ਅਲੂੰਏਂ
ਇਨ੍ਹਾਂ ਦੀ ਨਾ-ਸਮਝੀ ਕਾਰਨ
ਆਲ੍ਹਣਿਆਂ 'ਚੋਂ ਡਿੱਗ ਮਰ ਜਾਂਦੇ
ਤੇ ਉਨ੍ਹਾਂ ਨੂੰ ਕੀੜੇ ਖਾਂਦੇ
ਮੈਂ ਵੀ ਓਸ ਤਰ੍ਹਾਂ ਦਾ ਕੋਈ
ਬੋਟ ਹਾਂ ਮਾਏ
ਜਿਹੜਾ ਨੀਤੋਂ, ਜੂਨ ਨਖੰਭੀ
ਵਿਚ ਡਿੱਗ ਜਾਏ
ਤੇ ਜੋ ਜਿਊਂਦਾ ਹੀ ਮਰ ਜਾਏ
ਆਪਣੀਆਂ ਰੁੱਡਾਂ ਤਕ ਲੈ ਜਾਏ
ਰੁੱਡਾਂ ਉਤੇ ਪਿਆ ਪਿਆ ਜੋ
ਬੋ ਛੱਡੇ ਤੇ ਗਲ ਤ੍ਰਕ ਜਾਏ
ਇੱਛਰਾਂ
ਪੂਰਨ !
ਤੇਰੀ ਬਾਤ ਸੁਲਗਦੀ
ਤੇਰੀ ਮਾਂ ਤੋਂ ਸੁਈ ਨਾ ਜਾਏ
ਪੁੱਤਰਾ ਮੇਰੇ ਦੁੱਧ ਦੀ ਮਮਤਾ
ਅੱਜ ਮੇਰੇ ਤੋਂ ਪਈ ਸ਼ਰਮਾਏ
ਮਮਤਾ ਦੀ ਥਾਂ ਅੱਜ ਥਣਾਂ 'ਚੋਂ
ਲੱਜਿਆ ਦੀ ਵਿਹੁ
ਕਿਰ ਕਿਰ ਜਾਏ
ਤੇਰੀ ਮਾਂ ਹੀ ਤੇਰੀ ਮਾਂ ਦੀ
ਕੁੱਖ ਨੂੰ ਪਈ ਫਿਟਕਾਰਾਂ ਪਾਏ
ਪੁੱਤਰਾ ਆਪਣੀ ਮਾਂ ਸੰਗ ਅੜਿਆ
ਤੂੰ ਕਿਸ ਜਨਮ ਦੇ ਪਾਪ ਕਮਾਏ
ਆਪਣੀ ਮਾਂ ਦੇ ਦੁੱਧ ਨੂੰ ਤਾ ਕੇ
ਕਦੇ ਕਿਸੇ ਨਾ ਸੁੱਖ ਹੰਢਾਏ
ਚਿੱਟੀ ਡੂਮ ਚਮਾਰੀ ਖਾਤਿਰ
ਕਿਸ ਲਈ ਏਡੇ ਪਾਪ ਕਮਾਏ
ਲੂਣਾ ਤੋਂ ਵੱਧ ਲੱਖਾਂ ਫਿਰਦੇ
ਹੁਸਨ ਚੰਦਰਿਆ ਦੂਣ ਸਵਾਏ
ਇਕ ਵਾਰੀ ਤੂੰ ਹਾਮੀ ਭਰਦਾ
ਦਿੰਦੀ ਤੈਨੂੰ ਮੈਂ ਪਰਨਾਏ
ਮੈਨੂੰ ਕੁਝ ਵੀ ਸਮਝ ਨਾ ਆਏ
ਮਾਂ ਪੁੱਤਰਾਂ ਕਦ ਨਿਹੁੰ ਨੇ ਲਾਏ ?
ਨਿੱਜ ਜੰਮੇਂ ਸੰਤਾਨ ਅਵੱਲੀ
ਜਿਹੜੀ ਕੁਲ ਨੂੰ ਦਾਗ਼ ਲਗਾਏ.
ਮਾਏ ਨੀ
ਸੁਣ ਮੇਰੀਏ ਮਾਏ
ਜੋ ਜਨਨੀ ਦੀ ਜੂਨ ਹੰਢਾਏ
ਸੋ ਇਉਂ ਲੱਜਿਤ ਹੋ ਮਰ ਜਾਏ
ਹਰ ਮਾਂ ਦੇ ਦੁੱਧ ਦਾ ਪਰਛਾਵਾਂ
ਮਾਂ ਦੇ ਦੁੱਧ ਨੂੰ ਭੰਡਣ ਆਏ
ਏਥੇ ਹਰ ਕੋਈ ਪਾਪ ਕਮਾਏ
ਵਾਕਫ਼ ਨਾ ਵਾਕਫ਼, ਹਰ ਚਿਹਰਾ
ਇਕ ਦੂਜੇ ਦਾ ਪਿੰਡਾ ਖਾਏ
ਇਕ ਦੂਜੇ ਦੇ ਨਕਸ਼ ਹੰਢਾਏ
ਹਰ ਪਿੰਡੇ ਦੇ ਰੂਪ ਦੀ ਮਧਰਾ
ਹਰ ਕੋਈ ਏਥੇ ਪੀਣਾ ਚਾਹੇ
ਹਰ ਪਿੰਡੇ ਦਾ ਰੰਗ ਸੁਲਗਦਾ
ਹਰ ਪਿੰਡੇ 'ਤੇ ਹੀ ਚੜ੍ਹ ਜਾਏ
ਏਥੇ ਇਕ ਨਰ
ਨਾਰ-ਸਮੂਹ ਦਾ ਜੋਬਨ ਮਾਣੇ
ਤੇ ਇਕ ਨਾਰੀ
ਹਰ ਇਕ ਨਰ ਦੀ ਮਹਿਕ ਹੰਢਾਏ
ਹਰ ਪਿੰਡਾ
ਅਵਚੇਤਨ-ਕਾਮ ਥੀ ਭੋਗ ਰਚਾਏ
ਮੱਥੇ ਦੀ ਰੰਡੀ ਨੂੰ
ਕਦੇ ਵੀ ਚੈਨ ਨਾ ਆਏ
ਦੇਹ-ਵਿਹੂਣੀ ਦੇਹ ਦੀ
ਸੇਜਾ ਮਾਨਣ ਜਾਏ
ਸੁਪਨ-ਦੋਸ਼ ਰਾਤਾਂ ਲਈ
ਹਰ ਕੋਈ ਸੇਜ ਵਿਛਾਏ
ਏਥੇ ਸੱਭੇ
ਕਾਮ ਦੇਵ ਦੀ ਜੂਨੇ ਆਏ
ਆਪਣੇ ਆਪਣੇ ਚਿੱਲੇ ਉਪਰ
ਅੱਖਾਂ ਉੱਪਰ ਪੱਟੀ ਬੰਨ੍ਹ ਕੇ
ਫੁੱਲ-ਪੱਤੀਆਂ ਦੇ ਤੀਰ ਸਜਾਏ
ਸਭ 'ਸ਼ੁੱਧਾ' ਦੀ ਕੁੱਖੋਂ ਜਾਏ
ਇੱਛਰਾਂ
ਪੂਰਨ !
ਇਸ ਤੋਂ ਪਹਿਲਾਂ ਕਿ ਇਹ
ਬਾਤ ਸੁਲਗਦੀ ਸੁਲਗ ਹੀ ਜਾਏ
ਤੇਰੀ ਦਇਆ ਨੂੰ ਫੂਕ ਜਲਾਏ
ਤੈਨੂੰ ਅੰਗ-ਹੀਣਾ ਕਰ ਜਾਏ
ਮੈਂ ਚਾਹੁੰਦੀ ਹਾਂ ਮੇਰਾ ਪੂਰਨ
ਏਸ ਪਾਪ ਤੋਂ ਮੁੱਕਰ ਜਾਏ
ਮੇਰੇ ਦੁੱਧ ਦੀ ਪੱਤ ਬਚਾਏ
ਮੇਰੀ ਕੁੱਖ ਨੂੰ ਲਾਜ ਨਾ ਲਾਏ
ਪੂਰਨ
ਮਾਏ !
ਇਸ ਧਰਤੀ ਦੇ ਜਾਏ
ਸਭ ਲੱਜਿਆ ਦੀ ਜੂਨੇ ਆਏ
ਇਥੇ ਹਰ ਕੋਈ
ਆਪਣੀ ਨਜ਼ਰ 'ਚੋਂ ਇਉਂ ਡਿੱਗ ਜਾਏ
ਕਿ ਸਾਨੂੰ ਆਪਣਾ ਆਪ
ਨਾ ਆਪਣੇ ਕੋਲ ਬਿਠਾਏ
ਸਾਥੋਂ ਸਾਡਾ ਆਪਣਾ ਆਪ
ਨਜ਼ਰ ਬਚਾਏ
ਸਾਥੋਂ ਸਾਡੇ ਭੇਤ ਛੁਪਾਏ
ਆਪਾ ਆਪਣੇ ਕੋਲੋਂ ਡਰਦਾ
ਕਿਧਰੇ ਸਾਨੂੰ ਭੰਡ ਨਾ ਆਏ
ਇਥੇ ਸਭ ਕੁਝ ਜੰਮਣੋਂ ਪਹਿਲਾਂ
ਹੀ ਮਰ ਜਾਏ
ਮਰ ਕੇ ਹੀ ਹਰ ਕੋਈ
ਇਸ ਧਰਤੀ 'ਤੇ ਆਏ
ਆਪਣੀ ਆਪੇ ਲਾਸ਼ ਨੂੰ
ਆਪਣੇ ਮੋਢੀ ਚਾ ਕੇ
ਹਰ ਕੋਈ ਆਪਣੀ ਆਪਣੀ
ਏਥੇ ਅਉਧ ਹੰਢਾਏ
ਮਿੱਟੀ ਨੂੰ ਬੱਸ ਮਿੱਟੀ ਖਾਏ
ਮਿੱਟੀ ਨੂੰ ਮਿੱਟੀ ਪਰਨਾਏ
ਮਿੱਟੀ ਗਰਭਵਤੀ ਹੋ ਜਾਏ
ਮਿੱਟੀ ਜੰਮੇ ਤੇ ਮਰ ਜਾਏ
ਚੌਰਾਸੀ ਦਾ ਚੱਕਰ ਲਾਏ
ਮਿੱਟੀ ਮਨੁੱਖ ਨਾਮ ਧਰਾਏ
ਮਿੱਟੀ ਸਾਰੇ ਪਾਪ ਕਮਾਏ
ਮਿੱਟੀ ਦੀ ਕੁਝ ਸਮਝ ਨਾ ਆਏ
ਕਿਸ ਮੰਤਵ ਲਈ ਜੰਮੇ ਜਾਏ
ਇਸ ਦੀ ਵਿਥਿਆ ਕਹੀ ਨਾ ਜਾਏ
ਚੰਗਾ ਹੈ ਜੇ ਮੇਰੀ ਮਿੱਟੀ
ਏਸ ਜਨਮ ਤੋਂ ਮੁਕਤੀ ਪਾਏ
ਤੇ ਨਿਰ-ਲੱਜਿਤ ਹੀ ਮਰ ਜਾਏ
ਮੈਥੋਂ ਮੈਨੂੰ ਲਾਜ ਨਾ ਆਏ
'ਪੂਰਨ' ਹਰ ਜੀਵਨ ਦਾ
ਇਕ ਪ੍ਰਤੀਕ ਹੈ ਮਾਏ
ਪਿਤਾ ਜਿਦ੍ਰਾ ਸਲਵਾਨ
ਸਦਾ ਵਾਰਿਸ ਸਦਵਾਏ
ਪਰ ਜੀਵਨ ਨੂੰ ਸਮਝ ਨਾ ਪਾਏ
ਤੇ ਇੱਛਰਾਂ ਹਰ ਜੀਵਨ ਦੀ
ਜਨਨੀ ਕਹਿਲਾਏ
ਜਨਨੀ ਜੋ ਜੀਵਨ ਨੂੰ
ਆਪਣੀ ਰੱਤ ਚੁੰਘਾਏ
ਤੇ ਲੂਣਾ, ਜੀਵਨ ਦੇ ਰਾਹ ਦੀ
ਐਸੀ ਭਟਕਣ
ਐਸੀ ਅੜਚਨ
ਜਿਹੜੀ ਜੀਵਨ ਨੂੰ ਖਾ ਜਾਏ
ਧੁਰ ਤੋਂ ਆਵੇ ਲਿਖੀ ਲਿਖਾਏ
ਐਸਾ ਰੋੜਾ
ਐਸਾ ਪੱਥਰ
ਚਾਹਿਆਂ, ਅਣ-ਚਾਹਿਆਂ ਵੀ ਜਿਸ ਸੰਗ
ਹਰ ਕੋਈ ਐਸਾ ਠੇਡਾ ਖਾਏ
ਜੀਵਨ ਅੰਗ-ਹੀਣ ਕਰ ਜਾਏ
ਜੀਵਨ 'ਚੋਂ ਜੀਵਨ ਮਰ ਜਾਏ
ਫਿਰ ਜੀਵਨ ਨੂੰ ਕੁਝ ਨਾ ਸੁੱਝੇ
ਸੂਰਜ ਗਿਣ ਗਿਣ ਉਮਰ ਵੰਞਾਏ
ਆਪੇ ਤੋਂ ਨਫ਼ਰਤ ਹੋ ਜਾਏ
ਲੋਕਾਂ ਦਾ ਉਹਨੂੰ ਸਾਥ ਨਾ ਭਾਏ
ਕੰਡੇ ਤੋਂ ਕੰਡਾ ਨਾ ਲੱਗੇ
ਫੁੱਲਾਂ 'ਚੋਂ ਖੁਸ਼ਬੋ ਨਾ ਆਏ
ਮੁੜ ਜੀਵਨ 'ਚੋਂ ਜੀਆ ਨਾ ਜਾਏ
ਉਸ ਨੂੰ ਆਪਣਾ ਆਪਾ ਖਾਏ
ਮਾਏ !
ਅੱਗ ਦੀ ਬਾਤ ਸੁਲਗਦੀ
ਮੈਂ ਚਾਹੁੰਦਾ ਹਾਂ ਸੁਲਗ ਹੀ ਜਾਏ
ਮੈਨੂੰ ਅੰਗ-ਹੀਣ ਕਰ ਜਾਏ
ਤਾਂ ਜੋ ਕੋਈ ਸਲਵਾਨ ਮੁੜ
ਨਾ ਧੀ ਪਰਨਾਏ
ਕੋਈ ਬਾਬਲ ਨਾ
ਆਪਣੀ ਧੀ ਦਾ ਪਿੰਡਾ ਖਾਏ
ਤਾਂ ਜੋ ਹਰ ਕੋਈ
ਆਪਣਾ ਆਪਣਾ ਹਾਣ ਹੰਢਾਏ
ਧੀ ਪਰਨਾਈ ਬਾਬਲ ਵਿਹੜੇ
ਤਾਂ ਜੋ ਮੁੜ ਕੋਈ ਇੱਛਰਾਂ ਨਾ
ਜਿਊਂਦੀ ਮਰ ਜਾਏ
ਕੋਈ ਧੀ ਮੁੜ ਬਾਬਲ ਦੀ
ਪੱਗ ਨੂੰ ਮੈਲ ਨਾ ਲਾਏ
ਮੁੜ ਨਾ ਕੋਈ ਲੂਣਾ
ਮੰਗੇ ਅੰਗ ਪਰਾਏ
ਕਿਸੇ ਵੀ ਲੂਣਾ ਦਾ ਮੁੜ
ਜੋਬਨ ਨਾ ਰੁਲ ਜਾਏ
ਧਨ ਦੇ ਕੇ, ਮੁੜ ਏਥੇ ਨਾ
ਕੋਈ ਤਨ ਨੂੰ ਖਾਏ
ਮੁੜ ਨਾ ਕੋਈ ਪੂਰਨ
ਅੰਗ-ਹੀਣ ਹੋ ਜਾਏ
ਕੋਈ ਪਿਤਾ ਨਾ,
ਮੁੜ ਪੁੱਤਰ ਦੇ ਅੰਗ ਕਟਾਏ
ਕੋਈ ਪੂਰਨ ਮੁੜ ਪਿਆਰ-ਵਿਛੁੰਨਾ
ਨਾ ਮਰ ਜਾਏ
ਕੋਈ ਪੂਰਨ ਮੁੜ ਜੀਵਨ ਜਿਊਣੋਂ
ਮੂੰਹ ਨਾ ਚਾਏ
ਫਿਰ ਕੋਈ ਪੂਰਨ
ਪੂਰਨ ਤੋਂ ਨਾ ਨਫ਼ਰਤ ਖਾਏ
ਫਿਰ ਕੋਈ ਪੂਰਨ
ਪੂਰਨ ਕੋਲੋਂ ਡਰ ਨਾ ਜਾਏ
ਫਿਰ ਪੂਰਨ ਨੂੰ
ਪੂਰਨ ਕੋਲੋਂ ਬੋ ਨਾ ਆਏ
ਇਸ ਧਰਤੀ ਦਾ ਹਰ ਬੰਦਾ
ਇਕ ਬੰਦਾ ਹੋਵੇ
ਇਸ ਧਰਤੀ ਦੀ ਹਰ ਨਾਰੀ
ਨਾਰੀ ਕਹਿਲਾਏ
ਮੈਂ ਚਾਹੁੰਦਾਂ ਪੂਰਨ ਮਰ ਜਾਏ
ਮਰ ਕੇ ਐਸਾ ਚਿੰਨ੍ਹ ਬਣ ਜਾਏ
ਆਪਣੇ ਰਾਹ ਤੋਂ ਭਟਕ ਨਾ ਜਾਏ
( ਸਲਵਾਨ ਤੇ ਲੂਣਾਂ, ਪੂਰਨ ਤੇ ਇੱਛਰਾਂ ਵੱਲ ਵਧਦੇ ਹਨ।)
ਸਲਵਾਨ
ਇੱਛਰਾਂ ।
ਇਹ ਕੀ ਪਾਪ ਕਮਾਇਆ ?
ਨਿੱਜ ਜੰਮੇਂਦੀਉਂ ਐਸਾ ਜਾਇਆ
ਜਿਸ ਤੇਰੀ ਕੁੱਖ ਦੀ
ਪੀੜ ਨੂੰ ਭੰਡਿਆ
ਤੇ ਮੈਨੂੰ ਛੱਜੀ ਚਾੜ੍ਹ ਛਟਾਇਆ
ਖੌਰੇ ਕਿਹੜੇ ਪਾਪ ਦੇ ਕਾਰਨ
ਇਹ ਮੈਨੂੰ ਲੇਖਾ ਦੇਣਾ ਆਇਆ ?
ਢਿੱਡ ਦਾ ਜੰਮਿਆ, ਜਇਆ, ਜਾਇਆ
ਆਪਣੇ ਹੱਥੀਂ ਕਿਸ ਮਰਵਾਇਆ ?
ਅੱਜ ਦੇ ਦਿਨ ਦਾ
ਸੂਰਜ ਖੌਰੇ
ਕਿਸ ਮੇਰੀ ਲੇਖੀਂ ਸੀ ਲਿਖਵਾਇਆ ?
ਅੱਜ ਦੇ ਸੂਰਜ ਪਿੱਛੋਂ ਮੇਰਾ
ਹਰ ਸੂਰਜ ਹੋਸੀ ਕਲਖਾਇਆ
ਮੇਰੀ ਬਚ ਗਈ ਲੱਜਿਤ ਉਮਰਾ
ਤੋਂ ਹਰ ਦਿਨ ਹੋਸੀ ਸ਼ਰਮਾਇਆ
ਮੇਰੇ ਬਚ ਗਏ ਸਾਹਵਾਂ ਕੋਲੋਂ
ਹੁਣ ਨਾ ਜਾਂਦਾ ਸਿਰ ਨੂੰ ਚਾਇਆ
ਅੱਜ ਤੋਂ ਨੀਵੀਂ ਪਾ ਕੇ ਲੰਘੂ
ਮੈਥੋਂ ਮੇਰਾ ਆਪਣਾ ਸਾਇਆ
ਹੇ ਮੇਰੇ ਦਾਤਾ!
ਕੈਸਾ ਸੂਰਜ ?
ਅੱਜ ਤੂੰ ਮੇਰੀ ਝੋਲੀ ਪਾਇਆ
ਅੱਜ ਦੀ ਧੁੱਪ ਵਿਚ ਰੰਗ-ਵਿਹੂਣਾ
ਜਿਹੜਾ ਰੰਗ ਨਮੋਸ਼ੀ ਬਣ ਕੇ
ਅੱਜ ਮੇਰੀ ਪ੍ਰਤਿਭਾ 'ਤੇ ਛਾਇਆ
ਜਿਹੜਾ ਰੰਗ ਉਦਾਸੀ ਬਣ ਕੇ
ਅੱਜ ਇਸ ਧਰਤੀ ਦੇ ਘਰ ਜਾਇਆ
ਜਿਹੜਾ ਰੰਗ ਖ਼ਾਮੋਸ਼ੀ ਬਣ ਕੇ
ਚੌਂਹ ਕੂਟਾਂ ਨੂੰ ਰੰਗਣ ਆਇਆ
ਹੇ ਦਾਤਾ । ਇਹ ਕੈਸਾ ਰੰਗ ਹੈ
ਮੈਨੂੰ ਕੁਝ ਵੀ ਸਮਝ ਨਾ ਆਇਆ ?
ਪ੍ਰਭ ਜੀ, ਅੱਜ ਮੈਂ
ਆਪੇ ਤੋਂ ਸ਼ਰਮਿੰਦਾ ਹਾਂ
ਪ੍ਰਭ ਜੀ, ਅੱਜ ਮੈਂ
ਇੱਛਰਾਂ ਤੋਂ ਸ਼ਰਮਿੰਦਾ ਹਾਂ
ਪ੍ਰਭ ਜੀ, ਅੱਜ ਮੈਂ
ਲੂਣਾ ਤੋਂ ਸ਼ਰਮਿੰਦਾ ਹਾਂ
ਪ੍ਰਭ ਜੀ, ਅੱਜ ਮੈਂ
ਲੋਕਾਂ ਤੋਂ ਸ਼ਰਮਿੰਦਾ ਹਾਂ
ਪ੍ਰਭ ਜੀ, ਮੈਂ ਮਰ ਚੁੱਕਿਆ ਹਾਂ
ਪਰ ਜ਼ਿੰਦਾ
ਹਾਂ ਦਾਤਾ ਜੀ !
ਮੈਂ ਏਡਾ ਵੀ ਕੀਹ ਪਾਪ ਕਮਾਇਆ ?
ਅੱਜ ਦਾ ਬਲਦਾ ਕਾਲਾ ਸੂਰਜ
ਅਉਧ ਮੇਰੀ ਦੇ ਵਿਹੜੇ ਆਇਆ
ਇਸ ਸੂਰਜ ਤੋਂ ਪਹਿਲਾ ਸੂਰਜ
ਕਿਉਂ ਮੇਰਾ ਕਾਲ ਨਾ ਬਣ ਕੇ
ਧਾਇਆ ?
( ਪੂਰਨ ਵੱਲ ਸੰਕੇਤ ਕਰ ਕੇ )
ਹੇ ਮੇਰੀ ਨੀਲੀ ਨਾੜ ਦੇ
ਗੰਦੇ ਰਕਤ ਦੀ ਕਿਰਿਆ
ਹੇ ਇੱਛਰਾਂ ਦੇ
ਦੁਰਗੰਧਿਤ ਜਹੇ ਸੁਆਸ ਦੇ ਸਾਏ
ਕਲਜੁਗ ਬਣ ਜਾਇਆ ?
ਮੈਨੂੰ ਜੱਗ ਵਿਚ ਨੀਵਾਂ ਪਾਇਆ
ਮੇਰੀ ਕੁਲ ਨੂੰ ਦਾਗ਼ ਲਗਾਇਆ।
ਹੇ ਮੇਰੀ ਕੂੜ, ਕਲੰਕਿਤ
ਦੂਸ਼ਿਤ-ਛਿਣ ਦੀ ਰਚਨਾ
ਕੀ ਤੂੰ ਮੇਰਾ ਖੂਨ ਹੈਂ
ਜਾਂ ਹੈਂ ਖੂਨ ਪਰਾਇਆ ?
ਤੇਰੇ 'ਚੋਂ ਮੈਨੂੰ ਮੇਰਾ ਸੂਰਜ
ਨਜ਼ਰ ਨਾ ਆਇਆ
ਤੇਰੇ 'ਚੋਂ ਇਸ ਯੁੱਗ ਦੀ
ਸੰਸਕ੍ਰਿਤੀ ਨਾ ਬੋਲੇ
ਤੇਰੇ 'ਚੋਂ ਇਸ ਯੁੱਗ ਦਾ
ਧਰਮ ਨਾ ਨਜ਼ਰੀ ਆਇਆ
ਕੀ ਤੂੰ ਅੱਜ ਵੀ
ਪੱਥਰ ਦੇ ਯੁੱਗ ਵਿਚ ਵੱਸਦਾ ਹੈ।
ਕਿ ਤੈਨੂੰ ਮਾਂ ਦੀ ਦੇਹ 'ਚੋਂ
ਪਾਪ ਹੈ ਨਜ਼ਰੀਂ ਆਇਆ
ਮਾਂ ਨੂੰ ਮੈਲਾ ਹੱਥ ਹੈ ਲਾਇਆ
ਦੁੱਧ ਦਾ ਤੂੰ ਰਿਸ਼ਤਾ ਠੁਕਰਾਇਆ
ਪੂਰਨ
ਏਥੇ ਹਰ ਯੁੱਗ
ਪੱਥਰ ਦੇ ਯੁੱਗ ਵਿਚ ਰਹਿੰਦਾ ਹੈ
ਏਥੇ ਹਰ ਯੁੱਗ
ਪੱਥਰ-ਯੁੱਗ ਦੇ ਵਿਚ ਰਹੇਗਾ
ਹਰ ਯੁੱਗ ਆਪਣੀ ਸੰਸਕ੍ਰਿਤੀ ਨੂੰ
ਆਪਣੀ ਦਾਸੀ ਸਦਾ ਕਹੇਗਾ
ਮਾਨਵ ਸਦਾ ਅਸੱਭਿਅ ਰਿਹਾ ਹੈ
ਮਾਨਵ ਸਦਾ ਅਸੱਭਿਅ ਰਹੇਗਾ
ਦੇਹ ਦੇ ਮੰਦਰ ਨੂੰ ਹਰ ਯੁੱਗ ਹੀ
ਮੋਹ ਮਾਇਆ ਦੀ
ਪੰਚ-ਵਟੀ ਵਿਚ
ਸਭ ਨੂੰ ਸਵਰਨਾ ਮਿਰਗ ਛਲੇਗਾ
ਰੋਜ਼ ਕਿਸੇ ਨਾ ਕਿਸੇ ਨਖਾ ਦਾ
ਹਰ ਯੁੱਗ ਦੇ ਵਿਚ ਨੱਕ ਕਟੇਗਾ
ਇਕ ਯੁੱਗ ਵਿਚ ਸੀ ਰਾਵਣ ਮਰਿਆ
ਇਕ ਯੁੱਗ ਦੇ ਵਿਚ ਰਾਮ ਮਰੇਗਾ
ਇਕ ਯੁੱਗ ਵਿਚ ਹੈ ਪੂਰਨ ਦੋਸ਼ੀ
ਇਕ ਯੁੱਗ ਵਿਚ ਸਲਵਾਨ ਬਣੇਗਾ
ਏਥੇ ਇਕੋ ਪਾਪ ਹੈ ਬਚਿਆ
ਏਥੇ ਇਕੋ ਪਾਪ ਬਚੇਗਾ
ਮਾਨਵ ਦੇ ਏਥੇ ਦਿਲ ਦਾ ਨ੍ਹੇਰਾ
ਸਦਾ ਰਿਹਾ ਹੈ ਸਦਾ ਰਹੇਗਾ
ਕਾਲਾ ਸੂਰਜ ਰੋਜ਼ ਚੜ੍ਹੇਗਾ
ਸਲਵਾਨ
ਕੀਹ ਤੂੰ ਇਹ ਕਹਿਣਾ ਹੈਂ ਚਾਹੁੰਦਾ
ਕਿ ਤੂੰ ਬਿਲਕੁੱਲ ਨਿਰਦੋਸ਼ਾ ਹੈਂ ?
ਪੂਰਨ
ਏਥੇ ਕੋਈ ਨਿਰਦੋਸ਼ ਨਹੀਂ ਹੈ
ਨਾ ਏਥੇ ਕੋਈ ਦੋਸ਼ਵਾਨ ਹੈ
ਚੌਗਿਰਦੇ ਦੀ ਮਜਬੂਰੀ ਹੈ
ਮਜਬੂਰੀ ਦਾ ਦੋਸ਼ ਨਾਮ ਹੈ
ਸਲਵਾਨ
ਐ ਕੁਲਟਾ ਦੀ
ਕੁੱਖ ਦੇ ਜਾਏ
ਏਡੀ ਕਿਹੜੀ ਮਜਬੂਰੀ ਸੀ
ਕੋਝ ਦੇ ਕੀੜੇ ਨਜ਼ਰੀਂ ਆਏ
ਕਿਉ ਤੇਰੇ ਹੱਥ
ਨਾ ਕੋਹੜੇ ਹੋ ਗਏ
ਜਿਹੜੇ ਉਸ ਦੀ ਦੇਹ ਨੂੰ ਲਾਏ ?
ਪੂਰਨ
ਏਸ ਪ੍ਰਸ਼ਨ ਦਾ ਉੱਤਰ ਸ਼ਾਇਦ
ਕੋਈ ਵੀ ਪੁੱਤਰ ਨਾ ਦੇ ਪਾਏ
ਏਸੇ ਦਾ ਨਾਂ ਮਜਬੂਰੀ ਹੈ
ਜੇ ਗੱਲ ਨਿਰ-ਸ਼ਬਦੀ ਰਹਿ ਜਾਏ
ਨਿਰ-ਸ਼ਬਦਾ ਸੱਚ, ਦੋਸ਼ ਕਹਾਏ
ਸਲਵਾਨ
ਤਾਂ ਫਿਰ ਇਹ ਨਿਰ-ਸ਼ਬਦਾ ਸੱਚ ਹੈ
ਕਿ ਤੂੰ ਮਾਂ ਸੰਗ ਕੂੜ ਕਮਾਏ ?
ਪੂਰਨ
ਹਾਂ ! ਇਹ ਇਕ ਨਿਰ-ਸ਼ਬਦਾ
ਸੱਚ ਹੈ
ਮਾਂ ਨੂੰ ਮੈਲੇ ਹੱਥ ਮੈਂ ਲਾਏ
ਮਾਂ ਦੇ ਦੁੱਧ ਸੰਗ ਪਾਪ ਕਮਾਏ
( ਸਲਵਾਨ ਪੂਰਨ ਦੇ ਮੂੰਹ 'ਤੇ ਇਕ ਜ਼ੋਰ ਦੀ
ਚਪੇੜ ਮਾਰਦਾ ਹੈ ਤੇ ਗੁੱਸੇ 'ਚ ਕੜਕਦਾ ਹੈ ।)
ਸਲਵਾਨ
ਲੈ ਜਾਉ... !
ਨਿਰ ਸ਼ਬਦ ਸੱਚ ਨੂੰ ਲੈ ਜਾਉ
ਕਾਲੇ ਸੱਚ ਨੂੰ ਲਹੂ 'ਚ ਲਿੱਬੜੇ
ਇਹਨੂੰ ਮੈਥੋਂ ਦੂਰ ਹਟਾਉ
ਇਸਦਾ ਬੰਦ-ਬੰਦ ਕਟਵਾਉ
ਗਿਰਝਾਂ ਨੂੰ ਇਹਦਾ ਮਾਸ ਖੁਆਉ
ਕੁੱਤਿਆਂ ਅੱਗੇ ਹੱਡੀਆਂ ਪਾਉ
ਅੰਗ-ਹੀਣਾ ਅੱਜ ਕਰ ਕੇ ਇਹਨੂੰ
ਅੰਨ੍ਹੇ ਖੂਹ ਵਿਚ ਸੁੱਟ ਕੇ ਆਉ
ਲੂਣਾ
ਮਹਾਰਾਜ !
ਕੁਝ ਰਹਿਮ ਕਮਾਉ
ਇਹ ਬੱਚਾ ਹੈ ਬੁੱਧ-ਹੀਣ ਹੈ
ਇਸ 'ਤੇ ਏਡਾ ਜ਼ੁਲਮ ਨਾ ਢਾਉ
ਸਲਵਾਨ
ਹਟ ਜਾਉ !
ਮੈਨੂੰ ਹੱਥ ਨਾ ਲਾਉ
ਜਨਤਾ
ਰਹਿਮ ਕਮਾਊ!
ਰਹਿਮ ਕਮਾਉ ! !
ਇੱਛਰਾਂ
ਮੇਰਾ ਪੁੱਤਰ ਨਿਰਦੋਸ਼ਾ ਹੈ
ਇਸ 'ਤੇ ਐਵੇਂ ਦੋਸ਼ ਨਾ ਲਾਉ
ਸਲਵਾਨ
ਮੈਂ ਕਹਿੰਦਾ ਹਾਂ
ਚੁੱਪ ਹੋ ਜਾਉ
ਮੇਰੀ ਨਜ਼ਰੋਂ ਦੂਰ ਹਟਾਉ
ਕੁਝ ਇਹਦੇ ਸਿਰ ਘੱਟਾ ਸੁੱਟੋ
ਤੇ ਕੁੱਝ ਮੇਰੇ ਸਿਰ ਖੇਹ ਪਾਉ
ਹਰ ਮਾਂ ਇੱਛਰਾਂ ਵਾਕਣ ਬਕਦੀ
ਹਰ ਮਾਂ ਪੁੱਤ ਦੇ
ਐਬ ਹੈ ਢੱਕਦੀ
ਭਾਵੇਂ ਮਾਂ ਸੰਗ ਭੋਗ ਵੀ ਕਰ ਲਏ
ਫਿਰ ਵੀ, ਚਰਿਤ੍ਰਵਾਨ ਹੈ ਦੱਸਦੀ
ਆਉ ਜੱਲਾਦੋ, ਨੇੜੇ ਆਉ
ਤਲਵਾਰ ਨੂੰ
ਸਾਣੇ ਲਾਉ
ਅੰਨ੍ਹੇ ਕਾਮ ਦੇ ਇਸ ਕੀੜੇ
ਦੇ ਹੱਥਾਂ 'ਤੇ ਤਲਵਾਰ ਚਲਾਉ
ਪੈਰਾਂ ਨੂੰ ਨਿਰ-ਜ਼ਿੰਦ ਬਣਾਉ
ਪੈਰ ਜਿਹਨਾਂ ਵਿਚ ਦੁਰਗੰਧੀ ਹੈ
ਪੈਰ ਜੋ ਮਾਂ ਦੀ ਸੇਜੇ ਚੜ੍ਹ ਗਏ
ਪੈਰ ਜੋ ਮਾਂ ਦੇ ਪਿਆਰ ਦਾ ਰਿਸ਼ਤਾ
ਦੁਨੀਆ ਵਿਚ ਕਲੰਕਿਤ ਕਰ ਗਏ
ਪੈਰ ਕਿ ਜਿਹੜੇ ਮੇਰੀ ਪੱਤ ਨੂੰ
ਕਾਲੇ ਬਿਸ਼ੀਅਰ ਬਣ ਕੇ ਲੜ ਗਏ
ਹੱਥ ਜਿਹਨਾਂ ਵਿਚ ਨਫ਼ਰਤ ਬਲਦੀ
ਹੱਥ ਜੋ ਮੈਨੂੰ ਫ਼ਨੀਅਰ ਲੱਗਦੇ
ਪੰਜ-ਜੀਭੇ ਫੁੰਕਾਰੇ ਛੱਡਦੇ
ਹੱਥ ਜੋ ਮੇਰੀ ਕੁਲ ਨੂੰ ਡੱਸ ਗਏ।
ਕਿਸਮਤ ਨੂੰ ਕਰ ਨੀਲਾ ਰੱਖ ਗਏ
ਇਹ ਫ਼ਨੀਅਰ ਅੱਜ ਮਾਰ ਮੁਕਾਉ
ਚੀਨਾ ਚੀਨਾ ਕਰ ਕਟਵਾਉ
ਜੱਗ ਨੂੰ ਕੱਢ ਕੇ ਜ਼ਹਿਰ ਵਿਖਾਉ
ਇੱਛਰਾਂ
ਰਹਿਮ ਕਮਾਉ !
ਰਹਿਮ ਕਮਾਉ!
ਬੇ-ਜੀਭੇ ਨੂੰ ਨਾ ਮਰਵਾਉ !
ਪੂਰਨ ਦੀ ਥਾਂ ਮੈਂ ਹਾਜ਼ਿਰ ਹਾਂ
ਇਹਦੀ ਥਾਂ ਮੈਨੂੰ ਮਰਵਾਉ
ਇਹ ਪਾਪੀ ਨਹੀਂ
ਮੈਂ ਪਾਪਣ ਹਾਂ
ਪਾਪ ਦੀ ਮਾਂ ਨੂੰ ਜੜ੍ਹੋਂ ਕਟਾਉ
ਮੈਂ ਜਨਨੀ ਜਿਸ ਪਾਪ ਜਨਮਿਆ
ਮੈਨੂੰ ਪਾਪ ਦੀ
ਸਜ਼ਾ ਸੁਣਾਉ।
ਲੂਣਾ
ਹਾਂ, ਰਾਜਨ ਕੁੱਝ ਰਹਿਮ ਕਮਾਉ
ਸਲਵਾਨ
ਮੈਨੂੰ ਕੁਝ ਵੀ ਸਮਝ ਨਾ ਲੱਗਦੀ
ਮੈਨੂੰ ਕੁਝ ਵੀ ਨਾ ਸਮਝਾਉ
ਮੈਂ ਕਹਿੰਦਾ, ਮੇਰੇ ਕੋਲ ਨਾ ਆਉ
ਬਦਲੀ ਜਾਂਦੀ ਅਗਨ-ਕਥਾ ਵਿਚ
ਬਲਦੇ ਜਾਂਦੇ ਸ਼ਬਦ ਨਾ ਪਾਉ
ਬਲਦੀ ਜਾਂਦੀ ਏਸ ਕਥਾ ਦਾ
ਜਲਦੀ ਮੈਨੂੰ ਅੰਤ ਸੁਣਾਉ
ਹੁਣ ਨਾ ਮੈਨੂੰ ਹੋਰ ਜਲਾਉ
ਜੱਲਾਦੇ! ਤਲਵਾਰ ਉਠਾਉ
ਪਾਪ ਮਾਰ ਕੇ ਪੁੰਨ ਕਮਾਉ
ਇੱਛਰਾਂ ਬੇਹੋਸ਼ ਹੋ ਕੇ ਡਿੱਗ ਪੈਂਦੀ ਹੈ । ਪੂਰਨ ਦੀ
ਤੜਪਦੀ ਲੋਥ ਵੱਲ ਸਲਵਾਨ ਪਿੱਠ ਕਰਕੇ ਖਲੋਤਾ ਹੈ ।
ਸਾਰੇ ਪੰਡਾਲ 'ਚ ਇਕ ਕੁਰਲਾਹਟ ਮੱਚੀ ਹੋਈ ਹੈ। ਇਕ
ਤੇਜ਼ ਅਨੇਰੀ ਸਾਰੇ ਪੰਡਾਲ ਨੂੰ ਚੀਰਦੀ ਲੰਘ ਜਾਂਦੀ ਹੈ। ਲੂਣਾ,
ਪੂਰਨ ਦੀ ਤੜਪਦੀ ਲੋਥ ਦੇ ਸਿਰਹਾਣੇ ਬੈਠੀ ਮੂੰਹ ਤੇ ਹੱਥ ਰੱਖੀ
ਰੋਈ ਜਾਂਦੀ ਹੈ ।)
ਅੰਤਿਕਾ
ਪਹਿਲਾ ਅੰਕ
ਨਟੀ : ਇੰਦਰ ਦੇ ਅਖਾੜੇ ਦੀ ਇਕ ਗੰਧਰਵ-ਨਾਇਕਾ
ਜਿਹੜੀ ਸੂਤਰਧਾਰ ਦੀ ਪ੍ਰੇਮਿਕਾ ਸਮਝੀ ਜਾਂਦੀ ਹੈ । ਕਈ
ਇਹਨੂੰ ਸੂਤਰਧਾਰ ਦੀ ਪਤਨੀ ਵੀ ਕਹਿੰਦੇ ਹਨ, ਪਰ ਏਸ
ਗੱਲ ਵਿਚ ਮਤਭੇਦ ਹੈ ।
ਸੂਤਰਧਾਰ : ਇੰਦਰ ਦੇ ਅਖਾੜੇ ਦਾ ਇਕ ਗੰਧਰਵ-ਨਾਇਕ
ਹੈ ਜਿਹੜਾ ਹਰ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਪ੍ਰੇਮਿਕਾ
ਨਟੀ ਸੰਗ ਮੰਚ 'ਤੇ ਪ੍ਰਵੇਸ਼ ਕਰਦਾ ਹੈ ਤੇ ਨਾਟਕ ਦਾ ਆਰੰਭ ਕਰਦਾ ਹੈ।
ਐਰਾਵਤੀ : ਰਾਵੀ ਦਾ ਪੁਰਾਤਨ ਨਾਂ ।
ਪਾਂਗੀ : ਇਕ ਰਿਸ਼ੀ ਦਾ ਨਾਂ, ਜਿਹਦੇ ਮੁੱਖ 'ਚੋਂ ਰਾਵੀ ਦਰਿਆ ਨਿਕਲਿਆ
ਦੱਸਿਆ ਗਿਆ ਹੈ, ਇਹਦੇ ਨਾਂ 'ਤੇ ਪਾਂਗੀ-ਘਾਟੀ ਵੀ ਹੈ, ਜੋ ਚੰਬੇ ਸ਼ਹਿਰ
ਦੀ ਐਨ ਪਿੱਠ 'ਤੇ ਖੜ੍ਹੀ ਹੈ ।
ਚੰਦਰਭਾਗ : ਝਨਾਂ ਦਾ ਇਕ ਪੁਰਾਤਨ ਨਾਂ ।
ਚੰਬਿਆਲੀ : ਚੰਬੇ ਦੀ ਇਕ ਰਾਣੀ, ਜਿਨ੍ਹੇ ਆਪਣੀ ਬਲੀ ਦੇ ਕੇ ਰਾਵੀ ਨੂੰ
ਚੰਬੇ ਦੇਸ਼ 'ਚ ਲਿਆਂਦਾ, ਚੰਬਿਆਲੀ ਤੋਂ ਪਹਿਲਾਂ ਕਹਿੰਦੇ ਨੇ ਚੰਬੇ ਦੇਸ਼ ਵਿਚ
ਪਾਣੀ ਨਹੀਂ ਸੀ ਮਿਲਦਾ ।
ਕੁਲਿਕ : ਸੱਪਾਂ ਦੇ ਅੱਠਾਂ ਰਾਜਿਆਂ ਵਿਚੋਂ ਇਕ ਦਾ ਨਾਂ, ਇਸ ਦਾ ਰੰਗ ਭੂਰਾ
ਅਤੇ ਸਿਰੀ ਉੱਤੇ ਅੱਧੇ ਚੰਨ ਦਾ ਚਿੰਨ੍ਹ ਲੱਗਾ ਹੁੰਦਾ ਹੈ।
ਉਲੰਘ ਕੇ ਰਾਵਣ ਦੇ ਮੁਕਾਬਲੇ 'ਤੇ ਗਿਆ ਤਾਂ ਇਸ ਨੇ ਉਹਨੂੰ ਨਿਗਲ ਜਾਣਾ
ਚਾਹਿਆ ਸੀ ।
ਅਰਨੈਣੀ : ਰਿਗਵੇਦ ਅਨੁਸਾਰ ਇਹ ਵਣਾਂ ਤੇ ਜੰਗਲਾਂ ਦੀ ਦੇਵੀ ਹੈ।
ਸੁਰਭੀ : ਸਾਗਰ ਮੰਥਨ ਸਮੇਂ ਨਿਕਲੀ ਇਕ ਗਊ ਦਾ ਨਾਂ, ਪਰ ਇਹਨੂੰ ਕਈ
ਵਾਰੀ, ਸੂਰਜ ਦਾ ਰਥਵਾਨ ਵੀ ਕਿਹਾ ਜਾਂਦਾ ਹੈ ਸੂਰਜ ਦੇ ਰਥਵਾਨ ਨੂੰ ਅਰੁਣ
ਜਾਂ ਵਿਵਸਵਤ ਵੀ ਕਹਿੰਦੇ ਹਨ।
ਸਰਸਵਤੀ : ਹੁਨਰ ਦੀ ਦੇਵੀ ਦਾ ਨਾਂ ।
ਸਵਰ-ਮੰਡਲ : ਇਕ ਸਾਜ਼ ਦਾ ਨਾਂ ।
ਬਿਛੂਆ : ਪੈਰ ਦੀਆਂ ਉਂਗਲੀਆਂ ਦਾ ਗਹਿਣਾ।
ਪਾਰਵਤੀ : ਸ਼ਿਵਜੀ ਦੀ ਪਤਨੀ ।
ਵੈਤਰਨੀ : ਨਰਕ ਵਿਚ ਲਹੂ-ਪਾਕ ਦੀ ਵਗਦੀ ਇਕ ਨਦੀ ।
ਵਰਮਨ : ਚੰਬੇ ਦਾ ਰਾਜਾ।
ਕੁੱਤ : ਵਰਮਨ ਦੀ ਪਤਨੀ ।
ਸਲਵਾਨ : ਪੂਰਨ ਦਾ ਬਾਪ ਤੇ ਸਿਆਲਕੋਟ ਦਾ ਰਾਜਾ ।
ਦੂਜਾ ਅੰਕ
ਚੌਧਲ : ਸਲਵਾਨ ਦਾ ਸੌਹਰਾ, ਇੱਛਰਾਂ ਦੇ ਬਾਪ ਦਾ ਨਾਂ, ਇਹ ਉਧੇਨਗਰ
ਦਾ ਰਾਜਾ ਸੀ।
ਪੂਰਨ : ਰਾਜੇ ਸਲਵਾਨ ਦਾ ਪੁੱਤਰ।
ਲੂਣਾ : ਰਾਜੇ ਸਲਵਾਨ ਦੀ ਦੂਜੀ ਵਹੁਟੀ, ਜੋ ਜ਼ਾਤ ਦੀ ਚਮਿਆਰ ਸੀ।
ਵਰਮਨ : ਚੰਬੇ ਦਾ ਰਾਜਾ।
ਕੁੱਤ : ਵਰਮਨ ਦੀ ਪਤਨੀ ।
ਸਲਵਾਨ : ਪੂਰਨ ਦਾ ਬਾਪ ਤੇ ਸਿਆਲਕੋਟ ਦਾ ਰਾਜਾ ।
ਰੱਤੀ : ਹੁਸਨ ਦੀ ਦੇਵੀ ਦਾ ਨਾਂ ।
ਤੀਜਾ ਅੰਕ
ਈਰਾ : ਲੂਣਾ ਦੀ ਸਹੇਲੀ ਦਾ ਨਾਂ ।
ਮਥਰੀ : ਲੂਣਾ ਦੀ ਇਕ ਹੋਰ ਸਹੇਲੀ ।
ਐ-ਰਾਵਨ : ਪਾਤਾਲ ਦਾ ਰਾਜਾ।
ਭਿੱਟ-ਅੰਗੀ : ਸ਼ੂਦਰ ਤੋਂ ਮੁਰਾਦ ਹੈ।
ਨਾਰਾਇਣ : ਬ੍ਰਹਮਾ ਦਾ ਨਾਂ ਹੈ, ਜਿਸ ਨੇ ਦੁਨੀਆ ਸਿਰਜੀ ਹੈ।
ਬਾਰੂ : ਲੂਣਾ ਦੇ ਪਿਉ ਦਾ ਨਾਂ ।
ਨਰ-ਸਿੰਘਾ ਅਵਤਾਰ : ਪ੍ਰਹਿਲਾਦ ਦੇ ਪਿਉ ਦਾ ਸੰਘਾਰ ਕਰਨ ਵਾਲਾ
ਅਵਤਾਰ । ਅੱਧੀ ਸ਼ੇਰ ਦੀ 'ਤੇ ਅੱਧੀ ਆਦਮੀ ਦੀ ਸ਼ਕਲ ਦਾ।
ਚੌਥਾ ਅੰਕ
ਇੱਛਰਾਂ : ਪੂਰਨ ਦੀ ਮਾਂ, ਸਲਵਾਨ ਦੀ ਪਹਿਲੀ ਪਤਨੀ ।
ਸਰਮਾ : ਰਿਗਵੇਦ ਵਿਚ ਇਸ ਨੂੰ ਇੰਦਰ ਦੀ ਕੁੱਤੀ ਲਿਖਿਆ ਹੈ।
ਇਸ ਦੇ ਦੋ ਕਤੂਰੇ ਸਨ, ਜਿਨ੍ਹਾਂ ਨੂੰ ਮਾਂ ਦੇ ਨਾਂ 'ਤੇ ਸਰਮਾਯੇ ਕਹਿੰਦੇ
ਹਨ। ਯਮਰਾਜ ਦੇ ਰਖਵਾਲੇ ਸਨ।
ਇੰਦਰ : ਆਕਾਸ਼ ਦਾ ਦੇਵਤਾ ਤੇ ਵਾਯੂਮੰਡਲ ਦਾ ਮਾਨਵੀਕਰਨ । ਇਸ
ਉਧੇਨਗਰ : ਇੱਛਰਾਂ ਦੇ ਪਿਉ ਚੌਧਲ ਦੀ ਰਾਜਧਾਨੀ ਦਾ ਨਾਂ ।
ਦਮੂੰਹੀ : ਦੋ ਮੂੰਹਾਂ ਵਾਲੀ ਸੱਪਣੀ, ਜਿਹੜੀ ਕਿਸੇ ਨੂੰ ਲੜ ਜਾਵੇ ਤਾਂ ਹਰ ਛੇ
ਮਹੀਨੇ ਬਾਅਦ ਲੜਦੀ ਰਹਿੰਦੀ ਹੈ ।
ਪੂਰਨ : ਰਾਜੇ ਸਲਵਾਨ ਦਾ ਪੁੱਤਰ ।
ਲੂਣਾ : ਰਾਜੇ ਸਲਵਾਨ ਦੀ ਦੂਜੀ ਵਹੁਟੀ, ਜੋ ਜ਼ਾਤ ਦੀ ਚਮਿਆਰ ਸੀ ।
ਦਿਗਧ : ਸ਼ਾਸਤਰਾਂ ਮੁਤਾਬਕ ਅੱਠਾਂ ਕੂਟਾਂ 'ਚ ਅੱਠ ਹਾਥੀ ਹਨ, ਜਿਨ੍ਹਾਂ
ਨੂੰ ਦਿਗਧ ਕਹਿੰਦੇ ਹਨ । ਇਨ੍ਹਾਂ ਸਦਕਾ ਧਰਤੀ ਥੰਮੀ ਹੋਈ ਹੈ।
ਪੰਜਵਾਂ ਅੰਕ
ਲੂਣਾ : ਰਾਜੇ ਸਲਵਾਨ ਦੀ ਦੂਜੀ ਵਹੁਟੀ।
ਈਰਾ : ਲੂਣਾ ਦੀ ਸਹੇਲੀ ਦਾ ਨਾਂ ।
ਪੂਰਨ : ਇੱਛਰਾਂ ਦਾ ਪੁੱਤਰ ।
ਸਲਵਾਨ : ਪੂਰਨ ਦਾ ਬਾਪ ਤੇ ਸਿਆਲਕੋਟ ਦਾ ਰਾਜਾ ।
ਇੰਦਰ : ਰੁੱਤਾਂ ਦਾ ਦੇਵਤਾ।
ਐਂਦਰ : ਐਂਦਰੀ ਜਾਂ ਏਂਦਰੀ, ਇੰਦਰ ਦੀ ਪਤਨੀ ਦਾ ਨਾਂ ਹੈ।
ਪਹਿਲਾਂ ਇਸ ਦਾ ਵਿਆਹ ਇੰਦਰ ਦੀ ਬਜਾਏ ਕਿਸੇ ਹੋਰ ਨਾਲ ਹੋ
ਗਿਆ ਸੀ।
ਛੇਵਾਂ ਅੰਕ
ਸਲਵਾਨ : ਪੂਰਨ ਦਾ ਬਾਪ ਤੇ ਸਿਆਲਕੋਟ ਦਾ ਰਾਜਾ ।
ਲੂਣਾ : ਰਾਜੇ ਸਲਵਾਨ ਦੀ ਦੂਜੀ ਵਹੁਟੀ।
ਪੂਰਨ : ਸਲਵਾਨ ਤੇ ਇੱਛਰਾਂ ਦਾ ਪੁੱਤਰ।
ਚੌਧਲ : ਸਲਵਾਨ ਦਾ ਸੌਹਰਾ, ਇੱਛਰਾਂ ਦੇ ਬਾਪ ਦਾ ਨਾਂ ।
ਇੱਛਰਾਂ : ਚੌਧਲ ਦੀ ਧੀ, ਪੂਰਨ ਦੀ ਮਾਂ, ਸਲਵਾਨ ਦੀ ਪਹਿਲੀ ਪਤਨੀ ।
ਅੱਠਵਾਂ ਅੰਕ
ਪੂਰਨ : ਸਲਵਾਨ ਤੇ ਇੱਛਰਾਂ ਦਾ ਪੁੱਤਰ ।
ਲੂਣਾ : ਰਾਜੇ ਸਲਵਾਨ ਦੀ ਦੂਜੀ ਵਹੁਟੀ।
ਇੱਛਰਾਂ : ਚੌਧਲ ਦੀ ਧੀ, ਪੂਰਨ ਦੀ ਮਾਂ ।
ਸਲਵਾਨ : ਪੂਰਨ ਦਾ ਬਾਪ।
ਕਾਮਦੇਵ : ਕਾਮ ਦਾ ਦੇਵਤਾ।
ਸ਼ੱਧਾ : ਕਾਮ ਦੇਵ ਦੀ ਮਾਂ ।