ਐਂਦਰ ਨਾਂ ਦੀ ਇਕ ਪਰੀ ਨੂੰ
ਕਹਿੰਦੇ ਬੜਾ ਹੀ ਪਿਆਰ ਸੀ ਕਰਦਾ
ਹਰ ਮੌਸਮ ਦਾ ਰੰਗ
ਉਹਦੇ ਰੰਗਾਂ 'ਚੋਂ ਲੈਂਦਾ
ਰੁੱਤਾਂ ਦਾ ਆਧਾਰ
ਉਹਦੀ ਮੁਦਰਾ 'ਤੇ ਕਰਦਾ
ਕਹਿੰਦੇ
ਜਦ ਉਹ ਹੱਸੀ
ਰੁੱਤ ਬਹਾਰ ਬਣੀ
ਕਾਮੀ ਨਜ਼ਰੇ ਤੱਕੀ
ਤਾਂ ਅੰਗਿਆਰ ਬਈ
ਵਿਚ ਉਦਾਸੀ ਮੱਤੀ
ਤਾਂ ਪਤ ਹਾਰ ਬਣੀ
ਸੇਜਾ ਮਾਣ ਕੇ ਥੱਕੀ
ਠੰਡੀ ਠਾਰ ਬਣੀ
ਝਾਂਜਰ ਪਾ ਕੇ ਨੱਚੀ
ਤਾਂ ਸ਼ਿੰਗਾਰ ਬਣੀ
ਪੰਜ ਰੁੱਤਾਂ ਦੀ ਐਂਦਰ
ਇਉ ਆਧਾਰ ਬਣੀ
ਪਰ ਛੇਵੀਂ ਇਹ ਰੁੱਤ
ਜਿਹੜੀ ਮਲ੍ਹਾਰ ਬਣੀ
ਜੋ ਅੱਜ ਸਾਡੇ ਸਾਹਵੇਂ
ਬਿਰਹਣ ਵਾਂਗ ਖੜ੍ਹੀ
ਦੁੱਖ-ਦਾਇਕ ਹੈ ਪੂਰਨ ਇਸ ਦੀ
ਜਨਮ-ਘੜੀ
ਐਂਦਰ ਹੋਰ ਕਿਸੇ ਦਿਉਤੇ ਸੰਗ
ਗਈ ਵਰੀ
ਬਿਰਹੋਂ-ਜਲੰਦੀ ਐਂਦਰ
ਕਹਿੰਦੇ ਰੋਈ ਬੜੀ