ਉਸ ਅੰਦਰ ਨੂੰ
ਯਾਦ ਤੇਰੀ ਜਦ ਆਉਂਦੀ ਹੈ
ਹਰ ਰੁੱਤ ਹੀ
ਬਿਰਹਣ ਦਾ ਰੂਪ ਵਟਾਉਂਦੀ ਹੈ
ਇਹ ਰੁੱਤ ਵੀ ਉਹਦੇ ਹੰਝੂਆਂ ਤੋਂ
ਸ਼ਰਮਾਉਂਦੀ ਹੈ ।
ਪੂਰਨ
ਮਾਂ ਜੀ !
ਕਿਸ ਐਂਦਰ ਦੀ
ਬਾਤ ਪਏ ਪਾਂਦੇ ਹੋ
ਕਿਊ ਪੂਰਨ ਦਾ
ਪਏ ਉਪਹਾਸ ਉਡਾਂਦੇ ਹੋ ?
ਲੂਣਾ
ਪੂਰਨ !
ਸੱਚ ਮੁੱਚ
ਇਹ ਕੋਈ ਉਪਹਾਸ ਨਹੀਂ ਹੈ
ਏਸ ਤੋਂ ਵੱਡਾ ਕੋਈ ਵੀ
ਇਤਿਹਾਸ ਨਹੀਂ ਹੈ
ਉਹ ਅੰਦਰ ਬੇ-ਨਾਮ ਦੇਸ਼ ਵਿਚ
ਰਹਿੰਦੀ ਹੈ
ਓਸ ਦੇਸ਼ ਤੱਕ
ਕੋਈ ਵੀ ਸੜਕ ਨਾ ਜਾਂਦੀ ਹੈ
ਓਸ ਦੇਸ਼ ਵਿਚ
ਅੰਬਰ ਪੈਰਾਂ ਵੱਲੇ ਹੈ
ਸਿਰ ਦੇ ਉੱਤੇ ਧਰਤੀ ਨਜ਼ਰੀਂ
ਆਉਂਦੀ ਹੈ
ਉਸੇ ਦੇਸ਼ ਵਿਚ