ਕਥਨ-ਹੀਣ ਕਥਾ ਦਾ
ਵਰਕਾ ਉੱਡਦਾ ਜਾਂਦਾ
ਜਿਸਦਾ ਕੋਈ ਆਦਿ ਨਾ ਆਉਂਦਾ
ਅੰਤ ਨਾ ਆਉਂਦਾ
ਪੂਰਨ
ਮਾਂ ਜੀ !
ਹੁਣ ਬੱਸ ਛੱਡੋ ਵੀ
ਇਹ ਕਥਾ ਛਲੇਡੀ
ਸੱਚ ਦੱਸੋ ਹੈ ਕੌਣ ਕੁੜੀ
ਦੁਖਿਆਰਣ ਏਡੀ ?
ਲੂਣਾ
ਪੂਰਨ !
ਮੈਨੂੰ ਓਸ ਕੁੜੀ ਦਾ
ਨਾਂ ਨਹੀਂ ਆਉਂਦਾ
ਚਿਰਾਂ ਚਿਰਾਂ ਤੋਂ ਜੀਭ ਮੇਰੀ 'ਤੇ
ਬਲਦਾ, ਬੁਝਦਾ ਧੁਖਦਾ ਰਹਿੰਦਾ
ਕੋਈ ਵੀ ਉਸ ਦਾ ਨਾਮ ਨਾ ਲੈਂਦਾ
ਓਸ ਕੁੜੀ ਦਾ
ਆਪਣਾ ਹਾਣੀ
ਓਸ ਕੁੜੀ ਨੂੰ ਮਾਂ ਹੈ ਕਹਿੰਦਾ
ਓਸ ਕੁੜੀ ਦੇ
ਪਿਉ ਦਾ ਹਾਣੀ
ਓਸ ਕੁੜੀ ਨੂੰ
ਪਤਨੀ ਕਹਿੰਦਾ
( ਲੂਣਾ ਰੋਣ ਲੱਗ ਜਾਂਦੀ ਹੈ, ਪੂਰਨ
ਉਸ ਦਾ ਇਸ਼ਾਰਾ ਸਮਝ ਜਾਂਦਾ ਹੈ )