ਪੂਰਨ !
ਤੇਰੇ ਪਿੰਡੇ ਵਿਚੋਂ
ਲੂਣਾ ਨੇ ਮਮਤਾ ਤੱਕੀ ਹੈ
ਲੂਣਾ ਦੇ ਪਿੰਡੇ ਵਿਚ ਤੇਰੇ
ਪਿੰਡੇ ਦੀ ਖੁਸ਼ਬੋ ਵਸੀ ਹੈ
ਤੇਰੀ ਸੂਰਤ ਦੀ ਪਰਛਾਈ
ਆਪਣੀ ਕੁੱਖ ਵਿਚ ਮੈਂ ਤੱਕੀ ਹੈ
ਉਹ ਪਰਛਾਈ
ਮੇਰੀ ਕੁੱਖ 'ਚੋਂ ਤੇ
ਕਈ ਵਾਰੀ ਹੀ ਜਨਮ ਹੈ ਲੈਂਦੀ
ਲੂਣਾਂ ਪਰਸੂਤ ਹੰਢਾਂਦੀ
ਤੇ ਪਰਛਾਈ
ਹੱਡ-ਮਾਸ ਦਾ ਬੁੱਤ ਬਣ ਜਾਂਦੀ
ਉਸ ਪਰਛਾਈਂ ਦੇ ਮੈਂ
ਕੂਲੇ ਅੰਗਾਂ ਵਿਚੋਂ
ਤੇਰੇ ਤੇ ਆਪਣੇ ਅੰਗਾਂ ਨੂੰ
ਲੱਭਦੀ ਰਹਿੰਦੀ
ਦੋ ਪਿੰਡਿਆਂ ਦੇ ਸੰਗਮ ਉੱਤੇ
ਹੱਸਦੀ ਰਹਿੰਦੀ
ਨਿੱਕੇ ਨਿੱਕੇ ਅੰਗ ਵੇਖ ਕੇ
ਮੈਂ ਨਸ਼ਿਆਉਂਦੀ
ਤੇ ਪਰਛਾਈ ਛਾਤੀ ਚੁੰਘਦੀ
ਛਾਤੀ ਉੱਤੇ ਹੀ ਸੌਂ ਜਾਂਦੀ
ਤੂੰ ਉਸ ਦਾ
ਬਾਬਲ ਬਣ ਜਾਂਦਾ
ਮੈਂ ਉਸ ਦੀ
ਅੰਬੜੀ ਬਣ ਜਾਂਦੀ