ਬਚੇ-ਖੁਚੇ ਜਜ਼ਬਾਤ ਵੀ
ਠਰ ਗਏ
ਪੂਰਨ ਦੇ ਹੀ ਜੰਮਣ ਵਾਲੇ
ਪੂਰਨ ਨੂੰ ਗਲੀਆਂ ਵਿਚ ਧਰ ਗਏ
ਮੇਰੇ ਲਈ ਜਿਊਂਦੇ ਹੀ ਮਰ ਗਏ
ਫਿਰ ਪੂਰਨ ਦੇ
ਜੰਮਣ ਵਾਲੀ
ਜਦ ਪੂਰਨ ਨੇ ਘਰ ਨਾ ਵੇਖੀ
ਆਪਣੇ ਬਾਬਲ ਦੇ ਘਰ ਬਹਿ ਕੇ
ਪੂਰਨ ਲਈ ਹੋਈ ਪਰਦੇਸੀ
ਨਾ ਪੂਰਨ ਉਹਦੀ ਛਾਵੇਂ ਬੈਠਾ
ਨਾ ਉਹਨੇ ਉਹਦੀ ਧੁੱਪ ਹੀ ਵੇਖੀ
ਜਨਮ-ਦਿਹਾੜੇ ਤੋਂ ਅੱਜ ਤੀਕਣ
ਪੂਰਨ ਨੇ ਕੋਈ ਖੁਸ਼ੀ ਨਾ ਵੇਖੀ
ਇਕ ਤਾਂ ਪੂਰਨ
ਆਪਣੀ ਅੱਗ ਵਿਚ ਸੜਦਾ ਹੈ
ਦੂਜੇ ਆਪਣੀ
ਮਾਂ ਦੇ ਹਾਵੇ ਮਰਦਾ ਹੈ
ਤੀਜੇ ਆਪਣੀ
ਪਿਉ ਦੀ ਕਾਲੀ ਦੁਨੀਆ ਦੇ
ਮੂੰਹ 'ਤੇ ਪੈਂਦੇ ਪਰਛਾਵੇਂ ਤੋਂ
ਡਰਦਾ ਹੈ
ਚੌਥੇ ਅੱਜ ਤੋਂ
ਤੇਰਾ ਵੀ ਵਿਹੜਾ ਨਾ ਮੇਰਾ
ਮੇਰੇ ਲਈ
ਤੇਰਾ ਵੀ ਵਿਹੜਾ ਬਲਦਾ ਹੈ
ਇਥੇ ਸਭੇ ਅਪੂਰਨ
ਪੂਰਨ ਕੋਈ ਨਹੀਂ