ਹੋਰ ਕਿਸੇ ਤੋਂ ਪੁੱਛਣਾ ਚਾਹਵੇ
ਪਰ ਉਹ ਪੁੱਛਣੋਂ ਵੀ ਸ਼ਰਮਾਵੇ
ਹਰ ਕੋਈ
ਉਮਰ ਦੀ ਸਰਦ ਰਾਤ ਵਿਚ
ਕਿਸੇ ਚੌਰਾਹੇ ਵਿਚ ਮਰ ਜਾਵੇ
ਕੋਈ ਕਿਸੇ ਨੂੰ ਰੋਣ ਨਾ ਆਵੇ ।
ਲੂਣਾ !
ਤੇਰੇ ਮੇਰੇ ਵਾਕਣ
ਹਰ ਕੋਈ ਏਥੇ ਲਹੂ ਥੁੱਕਦਾ ਹੈ
ਜੋ ਵੀ ਇਥੇ ਲਹੂ ਨਾ ਥੁੱਕਦਾ
ਛੱਰਾ ਹੈ ਪੱਥਰ ਦੇ ਬੁੱਤ ਦਾ
ਉਹ ਪਾਗ਼ਲ ਹੈ
ਬੁੱਧ ਹੀਣ ਹੈ
ਬੇ-ਅਹਿਸਾਸਾ, ਨਜ਼ਰ-ਹੀਣ ਹੈ
ਉਹ ਬੇ-ਦਿਲਾ ਹੈ ਦਰਦ-ਹੀਣ ਹੈ
ਲੂਣਾ
ਪੂਰਨ !
ਮੈਂ ਤੈਨੂੰ ਤੇਰੇ ਘਰ ਦਾ
ਰਸਤਾ ਹੀ
ਦੱਸਣਾ ਸੀ ਚਾਹਿਆ
ਪਰ ਲੂਣਾ ਦਾ ਦੱਸਿਆ ਰਸਤਾ
ਸ਼ਾਇਦ ਤੈਨੂੰ ਰਾਸ ਨਾ ਆਇਆ
ਦਰਦ-ਵੰਦ ਦਾ
ਦਰਦ ਰਤਾ ਵੰਡਣਾ ਸੀ ਚਾਹਿਆ
ਪਰ ਤੂੰ
ਲੂਣਾ ਨੂੰ ਠੁਕਰਾਇਆ