ਏਥੇ ਹਰ ਕੋਈ ਖੂਹ ਵਿਚ ਡਿੱਗਿਆ
ਇਕ ਦੂਜੇ ਨੂੰ ਹੋੜ ਰਿਹਾ ਹੈ
ਹਰ ਇਕ ਕੋਈ ਏਥੇ ਭੱਜਿਆ ਟੁੱਟਿਆ
ਇਕ ਦੂਜੇ ਨੂੰ ਜੋੜ ਰਿਹਾ ਹੈ
ਇਕ ਦੂਜੇ ਨੂੰ ਤੋੜ ਰਿਹਾ ਹੈ
ਡਰਦਾ ਅੰਦਰ ਦੀ ਚੁੱਪ ਕੋਲੋਂ
ਸਾਥ ਕਿਸੇ ਦਾ ਲੋੜ ਰਿਹਾ ਹੈ
ਇਕ ਦੂਜੇ ਨੂੰ ਆਪਣੇ ਆਪਣੇ
ਪਾਣੀ ਦੇ ਵਿਚ ਰੋੜ੍ਹ ਰਿਹਾ ਹੈ
ਹਰ ਕੋਈ ਆਪਣੀ
ਕਥਾ ਕਹਿਣ ਨੂੰ
ਆਪਣੇ ਹੱਥ ਮਰੋੜ ਰਿਹਾ ਹੈ
ਆਪਣੇ ਆਪਣੇ ਦੁੱਖ ਦਾ ਏਥੇ
ਹਰ ਕਾਸੇ ਨੂੰ ਕੋੜ੍ਹ ਪਿਆ ਹੈ
ਹਰ ਕੋਈ
ਆਪਣੇ ਆਪ ਦੁਆਲੇ
ਸੁੱਚੀਆਂ ਤੰਦਾਂ ਕੱਤ ਰਿਹਾ ਹੈ
ਆਪਣੀ ਆਪਣੀ ਮੌਤ ਦਾ ਰਸਤਾ
ਹਰ ਕੋਈ ਆਪੇ ਦੱਸ ਰਿਹਾ ਹੈ
ਹਰ ਕੋਈ ਨੰਗਾ ਨੱਚ ਰਿਹਾ ਹੈ
ਆਪਣੇ ਉੱਤੇ ਹੱਸ ਰਿਹਾ ਹੈ
ਆਪਣੇ ਕੋਲੋਂ ਲੁਕ ਰਿਹਾ ਹੈ
ਆਪਣੇ ਕੋਲੋਂ ਬਚ ਰਿਹਾ ਹੈ
ਆਪਣੀ ਕਬਰ ਲਈ ਹਰ ਕੋਈ
ਆਪੇ ਮਿੱਟੀ ਪੱਟ ਰਿਹਾ ਹੈ
ਹਰ ਕੋਈ ਮੋਹਰਾ ਚੱਟ ਰਿਹਾ ਹੈ
ਘੋਗੇ ਦੇ ਵਿਚ ਵੱਸ ਰਿਹਾ ਹੈ
ਖ਼ੁਦ ਨੂੰ ਜਿਊਂਦਾ ਦੱਸ ਰਿਹਾ ਹੈ
ਇਥੇ ਸਭ ਕੁੱਝ ਮਰ ਚੁੱਕਾ ਹੈ