ਹਰ ਕੋਈ ਸੂਲੀ ਚੜ੍ਹ ਚੁੱਕਾ ਹੈ
ਹਰ ਇਕ ਸੂਰਜ ਠਰ ਚੁੱਕਾ ਹੈ
ਭੂਤ, ਭਵਿੱਖਤ, ਵਰਤਮਾਨ ਦਾ
ਹਰ ਇਕ ਛਿਣ ਹੀ ਖੜ ਚੁੱਕਾ ਹੈ
ਸਮਿਆਂ ਦਾ ਤ੍ਰੈ-ਜੀਭਾ ਫਨੀਅਰ
ਖੁਦ ਆਪੇ ਨੂੰ ਲੜ ਚੁੱਕਾ ਹੈ।
ਆਪਣੀ ਵਿਹੁ ਸੰਗ ਮਰ ਚੁੱਕਾ ਹੈ
ਜੋ ਕਿਸੇ ਕਰਨਾ ਕਰ ਚੁੱਕਾ ਹੈ
ਹੁਣ ਤਾਂ
ਧਰਤੀ ਥੰਮ ਚੁੱਕੀ ਹੈ
ਜੋ ਇਸ ਜੰਮਣਾ
ਜੰਮ ਚੁੱਕੀ ਹੈ
ਹੁਣ ਜੋ ਬਚਿਆ
ਰੰਗ-ਹੀਣ ਹੈ
ਹੁਣ ਜੋ ਬਚਿਆ
ਅੰਧਕਾਰ ਹੈ
ਲੂਣਾ
ਪੂਰਨ !
ਇਹ ਤੇਰਾ ਅਭਿਮਾਨ ਹੈ
ਧਰਤੀ ਕੱਲ੍ਹ ਵੀ ਗਰਭਵਤੀ ਸੀ
ਧਰਤੀ ਅੱਜ ਵੀ
ਗਰਭਵਾਨ ਹੈ
ਅੱਜ ਵੀ ਕਿਸੇ ਕਿਰਨ ਨੂੰ ਚੀਰੋ
ਤਾਂ ਸੱਤੇ ਰੰਗ ਉਸ ਵਿਚ ਬਾਕੀ
ਹਰ ਇਕ ਦੀ ਪਰ
ਤੇਰੇ ਵਾਕਣ
ਨਜ਼ਰ ਹੁੰਦਿਆਂ ਨਜ਼ਰ ਗਵਾਚੀ
ਅਜੇ ਰੌਸ਼ਨੀ ਹਰ ਥਾਂ ਬਾਕੀ