ਪੂਰਨ !
ਜੇ ਤੂੰ ਧੁੱਪ ਨਾ ਵੇਚੀ
ਮੈਂ ਆਪਣੀ ਛਾਂ ਵੇਚ ਦਿਆਂਗੀ
ਧੁੱਪ ਬਿਨ ਜੀ ਕੇ ਵੇਖ ਚੁੱਕੀ ਹਾਂ
ਛਾਂ ਬਿਨ ਜੀ ਕੇ
ਵੇਖ ਲਵਾਂਗੀ
ਪੂਰਨ
ਮਾਏ !
ਮੁਹੱਬਤ ਇਕ ਦੂਜੇ ਦੇ
ਰੰਗਾਂ ਦਾ
ਸਤਿਕਾਰ ਹੈ ਹੁੰਦੀ
ਇਕ ਦੂਜੇ ਦੀ
ਧੁੱਪ 'ਚੋਂ ਆਉਂਦੀ
ਨਿਘੀ ਜਿਹੀ
ਮਹਿਕਾਰ ਹੈ ਹੁੰਦੀ
ਕਦੇ ਮੁਹੱਬਤ
ਦੋ ਰੰਗਾਂ ਦੀ
ਮਿਲਣੀ ਦਾ
ਆਧਾਰ ਨਾ ਹੁੰਦੀ
ਰੰਗ ਨੇ ਰੰਗ ਦੀ
ਹੋਂਦ ਗਵਾਣੀ
ਪਿਆਰ ਨਹੀਂ
ਵਿੱਭਚਾਰ ਹੈ ਹੁੰਦੀ
ਦੋ ਰੰਗਾਂ ਦੀ ਅਤ੍ਰਿਪਤੀ ਹੀ
ਦੋ ਰੰਗਾਂ ਦਾ
ਪਿਆਰ ਹੈ ਹੁੰਦੀ
ਆਪਸ ਦੀ
ਪਹਿਚਾਣ ਹੈ ਹੁੰਦੀ