ਹੋਂਦ ਜਤਾਂਦਾ
ਮੈਨੂੰ ਤੇਰੇ
ਦੁੱਖ ਦਾ ਦੁੱਖ ਹੈ
ਪਰ ਕੋਈ ਹੱਲ
ਨਾ ਨਜ਼ਰੀ ਆਉਂਦਾ
ਚੰਗਾ ਸੀ
ਜੇ ਤੂੰ ਨਾ ਜੰਮਦੀ
ਜਾਂ ਮੈਂ ਜੰਮਦਾ
ਹੀ ਮਰ ਜਾਂਦਾ
(ਪੂਰਨ ਉੱਠ ਕੇ ਚਲਾ ਜਾਂਦਾ ਹੈ। ਲੂਣਾ
'ਕੱਲੀ ਚਬੂਤਰੇ 'ਚ ਬੈਠੀ ਰੋਂਦੀ ਰਹਿੰਦੀ ਹੈ।)
ਛੇਵਾਂ ਅੰਕ
ਆਪਣੀ ਮਾਲਵਿਦਾ ਤੇ ਅਰੁਨਾ ਦੇ ਨਾਂ
(ਲੂਣਾ ਤੇ ਰਾਜਾ ਸਲਵਾਨ ਸ਼ਾਹੀ ਬਾਗ਼
'ਚ ਸ਼ਾਮ ਢਲੇ ਸੈਰ ਕਰ ਰਹੇ ਹਨ।
ਸਲਵਾਨ ਲੂਣਾ ਦੇ ਪਿਆਰ 'ਚ ਲੀਨ,
ਉਹਦੇ ਨਾਲ ਗੱਲਾਂ ਕਰ ਰਿਹਾ ਹੈ।)
ਸਲਵਾਨ
ਲੂਣਾ !
ਅੱਜ ਲਹਿੰਦੇ ਪੱਤਣਾਂ 'ਤੇ
ਆਥਣ ਦਾ ਸੂਰਜ
ਇੰਜ ਢਲੇ
ਕੇਸਰ ਦੇ ਸੂਹੇ ਖੇਤਾਂ 'ਤੇ
ਕੋਈ ਤਿਤਲੀ ਜੀਕਣ
ਨਾਚ ਕਰੇ।