ਦੂਰ ਜਿਥੇ ਪੰਧ ਇਕੋ
ਹੋਰ ਕੋਈ ਵੀ ਪੰਧ ਨਹੀਂ
ਦੂਰ ਜੋ ਚੌਪਾਟ ਖੁੱਲ੍ਹਾ
ਕੋਈ ਬੂਹਾ ਬੰਦ ਨਹੀਂ
ਦੂਰ ਜੋ ਸੀਮਾ-ਰਹਿਤ ਹੈ
ਜਿਥੇ ਕੋਈ ਵੀ ਕੰਧ ਨਹੀਂ
ਮੈਂ ਦੂਰ ਓਥੇ ਜਾ ਰਿਹਾ
ਮੈਂ ਦੂਰ ਓਥੇ ਜਾ ਰਿਹਾ
ਜਿਹੜਾ ਕਿ ਬਸ ਨਿਰਸ਼ਬਦ ਹੈ
ਮੈਂ ਦੂਰ ਓਥੇ ਜਾ ਰਿਹਾ
ਜਿਹੜਾ ਕਿ ਨਿਰ-ਆਕਾਰ ਹੈ
ਮੈਂ ਦੂਰ ਓਥੇ ਜਾ ਰਿਹਾਂ
ਜਿਹੜਾ ਕਿ ਰੰਗ-ਹੀਣ ਹੈ
ਜਿਹੜਾ ਕਿ ਹੈ ਅਣ-ਜਨਮਿਆ
ਜਿਹੜਾ ਕਿ ਨਿਰ-ਆਧਾਰ ਹੈ
ਜਿਹੜਾ ਕਿ ਅਪਰੰਪਾਰ ਹੈ
ਜਿਹੜਾ ਕਿ ਨਾ ਚਾਨਣਾ
ਜਿਹੜਾ ਨਾ ਅੰਧਕਾਰ ਹੈ
ਮੈਂ ਦੂਰ ਓਥੇ ਜਾ ਰਿਹਾਂ
ਮੈਂ ਜਾ ਰਿਹਾਂ ਓਥੇ
ਕਿ ਜਿਥੋਂ ਦਾ ਧਰਮ
ਬਸ ਕਰਮ ਹੈ
ਮੈਂ ਜਾ ਰਿਹਾ ਓਥੇ
ਕਿ ਜਿਥੋਂ ਦਾ ਮਜ੍ਹਬ ਬਸ ਇਲਮ ਹੈ
ਮੈਂ ਜਾ ਰਿਹਾਂ ਓਥੇ
ਕਿ ਜਿਥੇ ਹੁਨਰ ਹੈ ਇਖ਼ਲਾਕ ਹੈ
ਜਿਥੇ ਅਕਲ ਦੇ ਫੁੱਲ 'ਚੋਂ
ਚਾਨਣ ਦੀ ਆਉਂਦੀ ਬਾਸ ਹੈ