ਬੱਸ ਜਾ ਰਿਹਾ
ਭਰਮਾਂ ਦੇ ਬੰਧਨ ਤੋੜ ਕੇ
ਸ਼ਰਮਾਂ ਦੇ ਸੰਗਲ ਤੋੜ ਕੇ
ਨ੍ਹੇਰੇ ਦਾ ਜੰਗਲ ਫੂਕ ਕੇ
ਨਫ਼ਰਤ ਦੇ ਸਾਗਰ ਡੀਕ ਕੇ
ਰੀਤਾਂ ਦੇ ਪਾਸੇ ਭੰਨ ਕੇ
ਇਕ ਨਵਾਂ ਚਾਨਣ ਜੰਮ ਕੇ
ਮੈਂ ਜਾ ਰਿਹਾਂ।
ਮੈਂ ਜਾ ਰਿਹਾਂ।
ਮੈਂ ਜਾ ਰਿਹਾ
ਸੰਤੁਸ਼ਟ ਹਾਂ
ਲੂਣਾ ਮਗਰ ਅਫ਼ਸੋਸ ਏ
ਤੇਰੀ ਦੇਹ ਦੇ ਅਪਮਾਨ ਲਈ
ਪੂਰਨ ਸਦਾ ਨਿਰਦੋਸ਼ ਏ
ਤੇਰੀ ਉਮਰ ਦੀ ਪਹਿਚਾਣ ਲਈ
ਪੂਰਨ ਸਦਾ ਨਿਰਦੋਸ਼ ਏ
ਰਿਸ਼ਤਾ ਤੇਰਾ ਠੁਕਰਾਣ ਲਈ
ਪੂਰਨ ਸਦਾ ਨਿਰਦੋਸ਼ ਏ
ਇਹ ਕਾਮ ਦੇ ਘੜੀਆਂ ਲਈ
ਲਹੂਆਂ 'ਚ ਉਠਿਆ ਜੋਸ਼ ਏ
ਪੂਰਨ ਹੈ ਸਭ ਕੁੱਝ ਜਾਣਦਾ
ਪੂਰਨ ਨੂੰ ਪਰ ਅਫ਼ਸੋਸ ਏ
ਪੂਰਨ ਦਾ ਇਸ ਵਿਚ ਦੋਸ਼ ਨਹੀਂ
ਕਰਮਾਂ ਦਾ ਸ਼ਾਇਦ
ਦੋਸ ਏ।
ਅੱਛਾ ਮੈਂ ਲੂਣਾ ਜਾ ਰਿਹਾਂ
ਇਸ ਜਨਮ ਵਿਚ ਮੈਂ ਆਖਰੀ
ਪ੍ਰਨਾਮ ਤੈਨੂੰ ਕਹਿ ਰਿਹਾ
ਮੈਂ ਜਾ ਰਿਹਾਂ ।