ਇਹ ਕੁਫ਼ਰ ਹੈ, ਬਕਵਾਸ ਹੈ।
ਲੂਣਾ
ਮਹਾਰਾਜ !
ਹਾਲੇ ਤਾਂ ਅਧੂਰੀ ਬਾਤ ਹੈ
ਕੱਚੀ-ਗਿਰੀ ਗੋਰੀ ਚਿੱਟੀ ਬਾਂਹ 'ਤੇ
ਪੈ ਗਈ ਜੋ ਲਾਸ ਹੈ
ਪੂਰਨ 'ਚ ਵਸਦੇ ਪਸੂ ਦੀ
ਮਹਾਰਾਜ ਇਕ ਸੰਗਾਤ ਹੈ
ਕਦ ਕੋਈ ਪੁੱਤਰ, ਇਹ ਮਾਂ ਦੀ
ਬਾਂਹ ਫੜਕੇ ਆਖਦਾ ਹੈ ?
ਸੋਹਣੀਏਂ !
ਮੇਰੇ ਜਿਸਮ ਦੇ ਵਿਚ
ਜਿਸਮ ਤੇਰਾ ਜਾਗਦਾ ਹੈ
ਮੇਰਿਆਂ ਖ਼ਾਬਾਂ 'ਚ ਚੰਨੀਏਂ
ਰੂਪ ਤੇਰਾ ਸੁਲਗਦਾ ਹੈ
ਤੇਰਿਆਂ ਹੋਠਾਂ 'ਚ ਮੇਰੀ
ਮਧ ਦਾ ਪਿਆਲਾ ਛਲਕਦਾ ਹੈ
ਤੇਰੀਆਂ ਮੁਸ਼ਕੀ ਲਿਟਾਂ 'ਚੋਂ
ਨਾਗ ਕਾਲਾ ਡੱਸਦਾ ਹੈ
ਬਿਨ ਤੇਰੇ ਮੇਰੀ ਸੇਜ ਸੁੰਨੀ
ਦਿਲ 'ਚ ਭਾਂਬੜ ਮੱਚਦਾ ਹੈ
ਫੇਰ ਮਾਂ ਜੇ ਬਾਂਹ ਛੁਡਾਏ
ਵਾਂਗ ਜਾਬਰ ਹੱਸਦਾ ਹੈ
ਸੇਜ ਉੱਤੇ ਸੱਟਦਾ ਹੈ
( ਲੂਣਾਂ ਰੋਣ ਲੱਗ ਜਾਂਦੀ ਹੈ )
ਮਹਾਰਾਜ !
ਮੈਂ ਤਾਂ ਮਰ ਕੇ ਉਸ ਤੋਂ
ਪੱਤ ਹੈ ਆਪਣੀ ਬਚਾਈ