ਮੈਂ ਆਪਣਾ ਲਹੂ ਤੇਰੇ
ਸਾਹਮਣੇ ਬਹਿ ਪੀਆਂਗਾ
ਆਪਣੇ ਮੈਂ ਜ਼ਖਮ ਆਪਣੇ
ਲਹੂ ਦੇ ਸੰਗ ਸੀਆਂਗਾ
ਕਲੰਕ ਆਪਣੇ ਲਹੂ ਦਾ
ਮੈਂ ਧੋ ਲਵਾਂ ਤਾਂ ਜੀਆਂਗਾ
ਪੂਰਨ ਦੇ ਟੋਟੇ ਚੀਰ ਕੇ
ਮੈਂ ਫੇਰ ਪੂਰਨ ਥੀਆਂਗਾ
ਲੂਣਾ !
ਕਲੰਕੇ ਲਹੂ ਦੀ
ਬੱਸ ਲਾਸ਼ ਭਾਵੇਂ ਲੱਭ ਜਾਵੇ
ਮੋਏ ਨੂੰ ਮੁੜ ਕੇ ਮਾਰ ਕੇ
ਸਲਵਾਨ ਕਿਧਰੇ ਗੱਡ ਆਏ
ਬਾਹਵਾਂ ਤੇ ਲੱਤਾਂ ਤੋੜ ਕੇ
ਅੱਖਾਂ ਦੇ ਡੇਲੇ ਕੱਢ ਆਏ
ਕੁੱਤਿਆਂ ਨੂੰ ਧਾਮਾਂ ਵਰਜ ਕੇ
ਗਿਰਝਾਂ ਦੇ ਟੋਲੇ ਛੱਡ ਆਏ
ਇਕ ਵਾਰ ਬੱਸ ਮਰਿਆ ਜਿਊਂਦਾ
ਲੱਭ ਜਾਏ
ਉਹ ਲੱਭ ਜਾਏ !
( ਸਲਵਾਨ ਦੁਖਿਆ ਹੋਇਆ ਲੂਣਾ ਨੂੰ
ਇਕੱਲਿਆਂ ਛੱਡਕੇ ਚਲਾ ਜਾਂਦਾ ਹੈ ।
ਈਰਾ ਦਾਖ਼ਲ ਹੁੰਦੀ ਹੈ )
ਈਰਾ
ਲੂਣਾ !
ਇਹ ਸੱਭੇ ਝੂਠ ਹੈ
ਇਹ ਕਹਿਰ ਹੈ
ਇਹ ਪਾਪ ਹੈ