ਹਾਂ ਝੂਠ ਹੈ
ਹਾਂ ਕਹਿਰ ਹੈ
ਹਾਂ ਪਾਪ ਹੈ, ਹਾਂ ਪਾਪ ਹੈ
ਪਾਪ ਦੀ ਮੁਕਤੀ ਲਈ
ਕਰਨਾ ਹੀ ਪੈਂਦਾ ਪਾਪ ਹੈ
ਪਾਪ ਦਾ ਵਧਣਾ ਹੀ ਹੁੰਦਾ
ਪਾਪ ਦਾ ਬੱਸ ਨਾਸ਼ ਹੈ
ਅੱਜ ਤੋਂ ਲੂਣਾ ਲਈ
ਕੋਈ ਪੁੰਨ ਹੈ ਨਾ ਪਾਪ ਹੈ
ਨਾ ਦਿਵਸ ਹੈ ਨਾ ਰਾਤ ਹੈ
ਨਾਰ ਦੇ ਅਪਮਾਨ ਦਾ
ਇਹ ਸੁਲਗਦਾ ਇਤਿਹਾਸ ਹੈ
ਨਾਰ ਦਾ ਅਪਮਾਨ ਕਰਨਾ
ਸਭ ਤੋਂ ਵੱਡਾ ਪਾਪ ਹੈ
ਨਾਰੀ ਜੇ ਹੋਵੇ ਮਿਹਰਬਾਂ
ਨਾਰੀ ਦੇ ਜੇਡ ਵਰ ਨਹੀਂ
ਨਾਰੀ ਜੇ ਕਿਧਰੇ ਵਿਗੜ ਜਾਏ
ਤਾਂ ਕਾਲ ਹੈ, ਸਰਾਪ ਹੈ
ਕੀਹ ਪੁੰਨ ਹੈ, ਕੀ ਪਾਪ ਹੈ
ਹਰ ਪਾਪ ਸ਼ਾਇਦ ਪੁੰਨ ਹੈ
ਹਰ ਪੁੰਨ ਸ਼ਾਇਦ ਪਾਪ ਹੈ
ਰੀਤਾਂ ਦਾ ਮਜ਼੍ਹਬੀ ਨਾਪ ਹੈ
ਰਸਮਾਂ ਦਾ ਪੁੱਠਾ ਜਾਪ ਹੈ
ਹਰ ਮਜ੍ਹਬ ਐਸਾ ਜਿਸਮ ਹੈ
ਸੁੱਤਾ ਜੋ ਖ਼ੁਦ ਸੰਗ ਆਪ ਹੈ