Back ArrowLogo
Info
Profile
ਤੇ ਸ਼ਾਇਦ ਇਹ ਹੀ ਪਾਪ ਹੈ

ਹੈ ਪਾਪ ਜਿਉ ਨਾ ਮਾਨਣਾ

ਨਾ ਆਪ ਖ਼ੁਦ ਨੂੰ ਜਾਨਣਾ

ਨਾ ਆਪ ਨ੍ਹੇਰਾ ਮਾਨਣਾ

ਨਾ ਆਪ ਆਪਣਾ ਚਾਨਣਾ

ਬਿਨ ਆਗਿਆ, ਅਧਿਕਾਰ ਦੇ

ਅੰਦਰ ਦੇ ਧੁਰ ਸਤਿਕਾਰ ਦੇ

ਕਿਸੇ ਹਾਣ ਦੇ ਨਾ ਹਾਣ ਦੇ

ਪਿੰਡੇ 'ਚੋਂ ਪਿੰਡਾ ਛਾਨਣਾ

ਨਾ ਬੁੱਝਣਾ ਨਾ ਜਾਨਣਾ

ਲੂਣਾ ਦੇ ਸੁੱਚੇ ਜਿਸਮ ਨੂੰ

ਸਲਵਾਨ ਵਾਕਣ ਮਾਨਣਾ

ਨਿੱਤ ਲੂਣ ਲਾ ਕੇ ਗਾਲਣਾ

ਨਾ ਆਪ ਆਪਣਾ ਚਾਨਣਾ

 

ਈਰਾ

ਲੂਣਾ !

ਕੀਹ ਤੈਨੂੰ ਹੋਸ਼ ਏ ?

ਤੇਰਾ ਹਰ ਸ਼ਬਦ ਪਾਗਲ ਜਹਿਆ

ਤੇਰਾ ਹਰ ਸ਼ਬਦ ਮਧ-ਹੋਸ਼ ਏ

ਪੂਰਨ ਸਦਾ ਨਿਰਦੋਸ਼ ਸੀ

ਪੂਰਨ ਸਦਾ ਨਿਰਦੋਸ਼ ਏ

ਉਹ ਆਲ੍ਹਣੇ ਦਾ ਬੋਟ ਏ

ਮਾਸੂਮ ਏ

ਨਿਰਦੋਸ਼ ਏ

 

ਲੂਣਾ

ਈਰਾ !

ਹਾਂ ਮੈਨੂੰ ਹੋਸ਼ ਏ

ਉਹ ਆਲ੍ਹਣੇ ਦਾ ਬੋਟ ਏ

ਮਾਸੂਮ ਏ, ਨਿਰਦੋਸ਼ ਏ

ਪੂਰਨ ਹੈ ਮੇਰਾ ਚਾਨਣਾ

140 / 175
Previous
Next