ਪਰ ਨਾਰ ਸੱਪ ਦੇ ਸੀਸ 'ਤੇ
ਅੰਮ੍ਰਿਤ ਦਾ ਬਣਿਆ ਕੁੰਡ ਹੈ
ਕੋਈ ਪੀ ਲਵੇ ਤਾਂ ਅਮਰ ਹੈ
ਕੋਈ ਨਾ ਪੀਵੇ ਤਾਂ ਮੌਤ ਏ
ਕਹਿੰਦੇ, ਅਸ਼ੋਕ ਬਿਰਛ ਨੂੰ
ਲੱਗਦੇ ਤਦੋਂ ਤੱਕ ਫੁੱਲ ਨਾ
ਜਦ ਤੱਕ ਕੁਆਰੀ ਇਸਤਰੀ
ਮਾਰੇ ਜੜ੍ਹਾਂ 'ਤੇ ਪੈਰ ਨਾ
ਇਸ ਦਾ ਤੇ ਨਾ ਅਪਮਾਨ ਨਾ
ਇਸ ਦਾ ਤੇ ਨਾ ਕੋਈ ਵੈਰ ਨਾ
ਇਹ ਤਾਂ ਸਗੋਂ ਉਪਕਾਰ ਹੈ।
ਇਹ ਤਾਂ ਸਗੋਂ ਸਤਿਕਾਰ ਹੈ
ਅਸ਼ੋਕ ਰੁੱਖ ਸਿਰ ਹਰ ਕੁਆਰੀ
ਦਾ ਸਗੋਂ ਇਕ ਭਾਰ ਹੈ
ਪੂਰਨ ਮੇਰੇ ਦੀ ਹੋਂਦ ਵੀ
ਬੇ-ਫੁੱਲ ਅਸ਼ੋਕ-ਬਿਰਛ ਸੀ
ਏਸੇ ਦੀ ਮੈਨੂੰ ਪੀੜ ਸੀ
ਏਸੇ ਦਾ ਮੈਨੂੰ ਹਿਰਖ ਸੀ
ਅੱਜ ਸੋਚ ਕੇ ਉਹਦੀ ਹੋਂਦ ਦੀ
ਜੜ੍ਹ 'ਤੇ ਮੈਂ ਮਾਰੇ ਪੈਰ ਨੇ
ਪਾਕੀਜ਼ਗੀ ਉਹਦੀ 'ਚ ਘੋਲੇ
ਦੋਸ਼ ਦੇ ਕੇ ਜ਼ਹਿਰ ਨੇ
ਇਸ ਦੋਸ਼ ਸੰਗ ਉਹਦੀ ਹੋਂਦ ਨੂੰ
ਕੁੱਝ ਫੁੱਲ ਐਸੇ ਪੈਣਗੇ
ਜੋ ਜਨਮ-ਜਨਮਾਂਤਰ ਲਈ
ਧਰਤੀ 'ਤੇ ਟਹਿਕੇ ਰਹਿਣਗੇ
ਜਦ ਲੋਕ ਕਿਧਰੇ ਜੁੜਨਗੇ
ਜਦ ਲੋਕ ਕਿਧਰੇ ਬਹਿਣਗੇ