ਸਾਵੀਆਂ ਸੁੰਹਦੀਆਂ
ਮਿਰਗਾਂ ਸੰਗ ਖੁਸ਼ਬੋਈ
ਧੀਆਂ ਦੀ ਧੁੱਪ
ਚਾਰ ਦਿਹਾੜੇ
ਫਿਰ ਹੋਈ ਨਾ ਹੋਈ
ਦੁਖੀਆ ਧੀ ਦਾ
ਦੁਖੀਆ ਬਾਬਲਾ
ਅੱਜ ਕਰੋ ਅਰਜ਼ੋਈ
ਸੁਣੀ ਵੇ ਲੋਕਾ
ਦੇਵਾਂ ਮੈਂ ਹੋਕਾ
ਧੀਆਂ ਨਾ ਜੰਮੇ ਕੋਈ
ਇੱਛਰਾਂ
ਹਾਂ ਜੀ ਬਾਬਲਾ
ਠੀਕ ਤਾਂ ਆਖਿਆ
ਧੀਆਂ ਨਾ ਜੰਮੇ ਕੋਈ
ਧੀਆਂ ਦਾ ਜੰਮਣਾ
ਨਿਊ ਕੇ ਲੰਘਣਾ
ਛਿੱਜਦੀ ਲੋਕਾ ਲੋਈ
ਚਿੱਟੜੀ ਪੱਗ ਦੇ
ਚਿੱਟੜੇ ਫੁੱਲ 'ਚੋਂ
ਉੱਡ ਜਾਂਦੀ ਖੁਸ਼ਬੋਈ
ਧੀਆਂ ਤਾਂ ਧਨ ਨੂੰ
ਲੇਹ ਨੇ ਹੁੰਦੀਆਂ
ਸਿਉਂਕ ਵੇ ਲੋਕਾ ਕੋਈ
ਜਿਸ ਘਰ ਲੱਗੇ
ਕੱਖ ਨਾ ਛੱਡੇ
ਬੂਹਾ ਨਾ ਬਾਰ ਨਾ ਡੋਈ