ਤੇਰੇ ਦੁੱਧ ਦਾ ਕੋਈ ਦੋਸ਼ ਨਹੀਂ
ਕੋਈ ਵੀ ਜਣਨੀ ਦੇ ਥਣ ਅੰਦਰ
ਖੋਟ ਨਹੀਂ
ਪਰ ਹਰ ਜਣਨੀ ਮਾਏ
ਐਸਾ ਮੰਦਰ ਹੈ
ਜਿਦ੍ਹੇ ਮੁਹਾਠੀ ਬਲਦੀ
ਕੋਈ ਜੋਤ ਨਹੀਂ
ਇਸ ਮੰਦਰ ਦੀ
ਪਰਕਰਮਾ ਵਿਚ ਨ੍ਹੇਰਾ ਹੈ
ਚਾਮ ਚੜਿੱਕਾਂ ਕੀਤਾ
ਜਿਸ ਵਿਚ ਡੇਰਾ ਹੈ
ਇਸ ਦੁਨੀਆ ਵਿਚ
ਗ਼ਰਜ਼-ਵੰਦ ਕੁਝ ਪੰਛੀ ਰਹਿੰਦੇ
ਦਿਨ ਹੋਵੇ ਤਾਂ
ਚੋਗ ਚੁਗਣ ਖੇਤੀ ਉੱਡ ਜਾਂਦੇ
ਸ਼ਾਮ ਢਲੇ ਤਾਂ ਮੁੜ ਕੇ ਆਉਂਦੇ
ਆਪਸ ਦੇ ਵਿਚ ਲੜਦੇ, ਭਿੜਦੇ
ਸ਼ੋਰ ਮਚਾਂਦੇ
ਵਿੱਠਾਂ ਵਿੱਠਦੇ ਕੱਖ ਉਡਾਂਦੇ
ਆਪਣੇ ਆਪਣੇ ਘੁਰਨੇ ਮੱਲ ਕੇ
ਰਾਤ ਲੰਘਾਂਦੇ
ਤੇ ਇਨ੍ਹਾਂ ਦੇ ਬੋਟ ਅਲੂੰਏਂ
ਇਨ੍ਹਾਂ ਦੀ ਨਾ-ਸਮਝੀ ਕਾਰਨ
ਆਲ੍ਹਣਿਆਂ 'ਚੋਂ ਡਿੱਗ ਮਰ ਜਾਂਦੇ
ਤੇ ਉਨ੍ਹਾਂ ਨੂੰ ਕੀੜੇ ਖਾਂਦੇ
ਮੈਂ ਵੀ ਓਸ ਤਰ੍ਹਾਂ ਦਾ ਕੋਈ
ਬੋਟ ਹਾਂ ਮਾਏ
ਜਿਹੜਾ ਨੀਤੋਂ, ਜੂਨ ਨਖੰਭੀ
ਵਿਚ ਡਿੱਗ ਜਾਏ
ਤੇ ਜੋ ਜਿਊਂਦਾ ਹੀ ਮਰ ਜਾਏ