ਆਪਣੀਆਂ ਰੁੱਡਾਂ ਤਕ ਲੈ ਜਾਏ
ਰੁੱਡਾਂ ਉਤੇ ਪਿਆ ਪਿਆ ਜੋ
ਬੋ ਛੱਡੇ ਤੇ ਗਲ ਤ੍ਰਕ ਜਾਏ
ਇੱਛਰਾਂ
ਪੂਰਨ !
ਤੇਰੀ ਬਾਤ ਸੁਲਗਦੀ
ਤੇਰੀ ਮਾਂ ਤੋਂ ਸੁਈ ਨਾ ਜਾਏ
ਪੁੱਤਰਾ ਮੇਰੇ ਦੁੱਧ ਦੀ ਮਮਤਾ
ਅੱਜ ਮੇਰੇ ਤੋਂ ਪਈ ਸ਼ਰਮਾਏ
ਮਮਤਾ ਦੀ ਥਾਂ ਅੱਜ ਥਣਾਂ 'ਚੋਂ
ਲੱਜਿਆ ਦੀ ਵਿਹੁ
ਕਿਰ ਕਿਰ ਜਾਏ
ਤੇਰੀ ਮਾਂ ਹੀ ਤੇਰੀ ਮਾਂ ਦੀ
ਕੁੱਖ ਨੂੰ ਪਈ ਫਿਟਕਾਰਾਂ ਪਾਏ
ਪੁੱਤਰਾ ਆਪਣੀ ਮਾਂ ਸੰਗ ਅੜਿਆ
ਤੂੰ ਕਿਸ ਜਨਮ ਦੇ ਪਾਪ ਕਮਾਏ
ਆਪਣੀ ਮਾਂ ਦੇ ਦੁੱਧ ਨੂੰ ਤਾ ਕੇ
ਕਦੇ ਕਿਸੇ ਨਾ ਸੁੱਖ ਹੰਢਾਏ
ਚਿੱਟੀ ਡੂਮ ਚਮਾਰੀ ਖਾਤਿਰ
ਕਿਸ ਲਈ ਏਡੇ ਪਾਪ ਕਮਾਏ
ਲੂਣਾ ਤੋਂ ਵੱਧ ਲੱਖਾਂ ਫਿਰਦੇ
ਹੁਸਨ ਚੰਦਰਿਆ ਦੂਣ ਸਵਾਏ
ਇਕ ਵਾਰੀ ਤੂੰ ਹਾਮੀ ਭਰਦਾ
ਦਿੰਦੀ ਤੈਨੂੰ ਮੈਂ ਪਰਨਾਏ
ਮੈਨੂੰ ਕੁਝ ਵੀ ਸਮਝ ਨਾ ਆਏ
ਮਾਂ ਪੁੱਤਰਾਂ ਕਦ ਨਿਹੁੰ ਨੇ ਲਾਏ ?
ਨਿੱਜ ਜੰਮੇਂ ਸੰਤਾਨ ਅਵੱਲੀ
ਜਿਹੜੀ ਕੁਲ ਨੂੰ ਦਾਗ਼ ਲਗਾਏ.