ਅੱਖਾਂ ਉੱਪਰ ਪੱਟੀ ਬੰਨ੍ਹ ਕੇ
ਫੁੱਲ-ਪੱਤੀਆਂ ਦੇ ਤੀਰ ਸਜਾਏ
ਸਭ 'ਸ਼ੁੱਧਾ' ਦੀ ਕੁੱਖੋਂ ਜਾਏ
ਇੱਛਰਾਂ
ਪੂਰਨ !
ਇਸ ਤੋਂ ਪਹਿਲਾਂ ਕਿ ਇਹ
ਬਾਤ ਸੁਲਗਦੀ ਸੁਲਗ ਹੀ ਜਾਏ
ਤੇਰੀ ਦਇਆ ਨੂੰ ਫੂਕ ਜਲਾਏ
ਤੈਨੂੰ ਅੰਗ-ਹੀਣਾ ਕਰ ਜਾਏ
ਮੈਂ ਚਾਹੁੰਦੀ ਹਾਂ ਮੇਰਾ ਪੂਰਨ
ਏਸ ਪਾਪ ਤੋਂ ਮੁੱਕਰ ਜਾਏ
ਮੇਰੇ ਦੁੱਧ ਦੀ ਪੱਤ ਬਚਾਏ
ਮੇਰੀ ਕੁੱਖ ਨੂੰ ਲਾਜ ਨਾ ਲਾਏ
ਪੂਰਨ
ਮਾਏ !
ਇਸ ਧਰਤੀ ਦੇ ਜਾਏ
ਸਭ ਲੱਜਿਆ ਦੀ ਜੂਨੇ ਆਏ
ਇਥੇ ਹਰ ਕੋਈ
ਆਪਣੀ ਨਜ਼ਰ 'ਚੋਂ ਇਉਂ ਡਿੱਗ ਜਾਏ
ਕਿ ਸਾਨੂੰ ਆਪਣਾ ਆਪ
ਨਾ ਆਪਣੇ ਕੋਲ ਬਿਠਾਏ
ਸਾਥੋਂ ਸਾਡਾ ਆਪਣਾ ਆਪ
ਨਜ਼ਰ ਬਚਾਏ
ਸਾਥੋਂ ਸਾਡੇ ਭੇਤ ਛੁਪਾਏ
ਆਪਾ ਆਪਣੇ ਕੋਲੋਂ ਡਰਦਾ
ਕਿਧਰੇ ਸਾਨੂੰ ਭੰਡ ਨਾ ਆਏ