ਇਥੇ ਸਭ ਕੁਝ ਜੰਮਣੋਂ ਪਹਿਲਾਂ
ਹੀ ਮਰ ਜਾਏ
ਮਰ ਕੇ ਹੀ ਹਰ ਕੋਈ
ਇਸ ਧਰਤੀ 'ਤੇ ਆਏ
ਆਪਣੀ ਆਪੇ ਲਾਸ਼ ਨੂੰ
ਆਪਣੇ ਮੋਢੀ ਚਾ ਕੇ
ਹਰ ਕੋਈ ਆਪਣੀ ਆਪਣੀ
ਏਥੇ ਅਉਧ ਹੰਢਾਏ
ਮਿੱਟੀ ਨੂੰ ਬੱਸ ਮਿੱਟੀ ਖਾਏ
ਮਿੱਟੀ ਨੂੰ ਮਿੱਟੀ ਪਰਨਾਏ
ਮਿੱਟੀ ਗਰਭਵਤੀ ਹੋ ਜਾਏ
ਮਿੱਟੀ ਜੰਮੇ ਤੇ ਮਰ ਜਾਏ
ਚੌਰਾਸੀ ਦਾ ਚੱਕਰ ਲਾਏ
ਮਿੱਟੀ ਮਨੁੱਖ ਨਾਮ ਧਰਾਏ
ਮਿੱਟੀ ਸਾਰੇ ਪਾਪ ਕਮਾਏ
ਮਿੱਟੀ ਦੀ ਕੁਝ ਸਮਝ ਨਾ ਆਏ
ਕਿਸ ਮੰਤਵ ਲਈ ਜੰਮੇ ਜਾਏ
ਇਸ ਦੀ ਵਿਥਿਆ ਕਹੀ ਨਾ ਜਾਏ
ਚੰਗਾ ਹੈ ਜੇ ਮੇਰੀ ਮਿੱਟੀ
ਏਸ ਜਨਮ ਤੋਂ ਮੁਕਤੀ ਪਾਏ
ਤੇ ਨਿਰ-ਲੱਜਿਤ ਹੀ ਮਰ ਜਾਏ
ਮੈਥੋਂ ਮੈਨੂੰ ਲਾਜ ਨਾ ਆਏ
'ਪੂਰਨ' ਹਰ ਜੀਵਨ ਦਾ
ਇਕ ਪ੍ਰਤੀਕ ਹੈ ਮਾਏ
ਪਿਤਾ ਜਿਦ੍ਰਾ ਸਲਵਾਨ
ਸਦਾ ਵਾਰਿਸ ਸਦਵਾਏ
ਪਰ ਜੀਵਨ ਨੂੰ ਸਮਝ ਨਾ ਪਾਏ
ਤੇ ਇੱਛਰਾਂ ਹਰ ਜੀਵਨ ਦੀ
ਜਨਨੀ ਕਹਿਲਾਏ
ਜਨਨੀ ਜੋ ਜੀਵਨ ਨੂੰ
ਆਪਣੀ ਰੱਤ ਚੁੰਘਾਏ