ਤੇ ਲੂਣਾ, ਜੀਵਨ ਦੇ ਰਾਹ ਦੀ
ਐਸੀ ਭਟਕਣ
ਐਸੀ ਅੜਚਨ
ਜਿਹੜੀ ਜੀਵਨ ਨੂੰ ਖਾ ਜਾਏ
ਧੁਰ ਤੋਂ ਆਵੇ ਲਿਖੀ ਲਿਖਾਏ
ਐਸਾ ਰੋੜਾ
ਐਸਾ ਪੱਥਰ
ਚਾਹਿਆਂ, ਅਣ-ਚਾਹਿਆਂ ਵੀ ਜਿਸ ਸੰਗ
ਹਰ ਕੋਈ ਐਸਾ ਠੇਡਾ ਖਾਏ
ਜੀਵਨ ਅੰਗ-ਹੀਣ ਕਰ ਜਾਏ
ਜੀਵਨ 'ਚੋਂ ਜੀਵਨ ਮਰ ਜਾਏ
ਫਿਰ ਜੀਵਨ ਨੂੰ ਕੁਝ ਨਾ ਸੁੱਝੇ
ਸੂਰਜ ਗਿਣ ਗਿਣ ਉਮਰ ਵੰਞਾਏ
ਆਪੇ ਤੋਂ ਨਫ਼ਰਤ ਹੋ ਜਾਏ
ਲੋਕਾਂ ਦਾ ਉਹਨੂੰ ਸਾਥ ਨਾ ਭਾਏ
ਕੰਡੇ ਤੋਂ ਕੰਡਾ ਨਾ ਲੱਗੇ
ਫੁੱਲਾਂ 'ਚੋਂ ਖੁਸ਼ਬੋ ਨਾ ਆਏ
ਮੁੜ ਜੀਵਨ 'ਚੋਂ ਜੀਆ ਨਾ ਜਾਏ
ਉਸ ਨੂੰ ਆਪਣਾ ਆਪਾ ਖਾਏ
ਮਾਏ !
ਅੱਗ ਦੀ ਬਾਤ ਸੁਲਗਦੀ
ਮੈਂ ਚਾਹੁੰਦਾ ਹਾਂ ਸੁਲਗ ਹੀ ਜਾਏ
ਮੈਨੂੰ ਅੰਗ-ਹੀਣ ਕਰ ਜਾਏ
ਤਾਂ ਜੋ ਕੋਈ ਸਲਵਾਨ ਮੁੜ
ਨਾ ਧੀ ਪਰਨਾਏ
ਕੋਈ ਬਾਬਲ ਨਾ
ਆਪਣੀ ਧੀ ਦਾ ਪਿੰਡਾ ਖਾਏ
ਤਾਂ ਜੋ ਹਰ ਕੋਈ
ਆਪਣਾ ਆਪਣਾ ਹਾਣ ਹੰਢਾਏ
ਧੀ ਪਰਨਾਈ ਬਾਬਲ ਵਿਹੜੇ