ਇਹਨੂੰ ਮੈਥੋਂ ਦੂਰ ਹਟਾਉ
ਇਸਦਾ ਬੰਦ-ਬੰਦ ਕਟਵਾਉ
ਗਿਰਝਾਂ ਨੂੰ ਇਹਦਾ ਮਾਸ ਖੁਆਉ
ਕੁੱਤਿਆਂ ਅੱਗੇ ਹੱਡੀਆਂ ਪਾਉ
ਅੰਗ-ਹੀਣਾ ਅੱਜ ਕਰ ਕੇ ਇਹਨੂੰ
ਅੰਨ੍ਹੇ ਖੂਹ ਵਿਚ ਸੁੱਟ ਕੇ ਆਉ
ਲੂਣਾ
ਮਹਾਰਾਜ !
ਕੁਝ ਰਹਿਮ ਕਮਾਉ
ਇਹ ਬੱਚਾ ਹੈ ਬੁੱਧ-ਹੀਣ ਹੈ
ਇਸ 'ਤੇ ਏਡਾ ਜ਼ੁਲਮ ਨਾ ਢਾਉ
ਸਲਵਾਨ
ਹਟ ਜਾਉ !
ਮੈਨੂੰ ਹੱਥ ਨਾ ਲਾਉ
ਜਨਤਾ
ਰਹਿਮ ਕਮਾਊ!
ਰਹਿਮ ਕਮਾਉ ! !
ਇੱਛਰਾਂ
ਮੇਰਾ ਪੁੱਤਰ ਨਿਰਦੋਸ਼ਾ ਹੈ
ਇਸ 'ਤੇ ਐਵੇਂ ਦੋਸ਼ ਨਾ ਲਾਉ
ਸਲਵਾਨ
ਮੈਂ ਕਹਿੰਦਾ ਹਾਂ
ਚੁੱਪ ਹੋ ਜਾਉ