Back ArrowLogo
Info
Profile
ਏਸ ਕਲੰਕਿਤ ਪੁੱਤ ਦੀ ਮਾਂ ਨੂੰ

ਮੇਰੀ ਨਜ਼ਰੋਂ ਦੂਰ ਹਟਾਉ

ਕੁਝ ਇਹਦੇ ਸਿਰ ਘੱਟਾ ਸੁੱਟੋ

ਤੇ ਕੁੱਝ ਮੇਰੇ ਸਿਰ ਖੇਹ ਪਾਉ

 

ਹਰ ਮਾਂ ਇੱਛਰਾਂ ਵਾਕਣ ਬਕਦੀ

ਹਰ ਮਾਂ ਪੁੱਤ ਦੇ

ਐਬ ਹੈ ਢੱਕਦੀ

ਭਾਵੇਂ ਮਾਂ ਸੰਗ ਭੋਗ ਵੀ ਕਰ ਲਏ

ਫਿਰ ਵੀ, ਚਰਿਤ੍ਰਵਾਨ ਹੈ ਦੱਸਦੀ

 

ਆਉ ਜੱਲਾਦੋ, ਨੇੜੇ ਆਉ

ਤਲਵਾਰ ਨੂੰ

ਸਾਣੇ ਲਾਉ

ਅੰਨ੍ਹੇ ਕਾਮ ਦੇ ਇਸ ਕੀੜੇ

ਦੇ ਹੱਥਾਂ 'ਤੇ ਤਲਵਾਰ ਚਲਾਉ

ਪੈਰਾਂ ਨੂੰ ਨਿਰ-ਜ਼ਿੰਦ ਬਣਾਉ

 

ਪੈਰ ਜਿਹਨਾਂ ਵਿਚ ਦੁਰਗੰਧੀ ਹੈ

ਪੈਰ ਜੋ ਮਾਂ ਦੀ ਸੇਜੇ ਚੜ੍ਹ ਗਏ

ਪੈਰ ਜੋ ਮਾਂ ਦੇ ਪਿਆਰ ਦਾ ਰਿਸ਼ਤਾ

ਦੁਨੀਆ ਵਿਚ ਕਲੰਕਿਤ ਕਰ ਗਏ

ਪੈਰ ਕਿ ਜਿਹੜੇ ਮੇਰੀ ਪੱਤ ਨੂੰ

ਕਾਲੇ ਬਿਸ਼ੀਅਰ ਬਣ ਕੇ ਲੜ ਗਏ

 

ਹੱਥ ਜਿਹਨਾਂ ਵਿਚ ਨਫ਼ਰਤ ਬਲਦੀ

ਹੱਥ ਜੋ ਮੈਨੂੰ ਫ਼ਨੀਅਰ ਲੱਗਦੇ

ਪੰਜ-ਜੀਭੇ ਫੁੰਕਾਰੇ ਛੱਡਦੇ

ਹੱਥ ਜੋ ਮੇਰੀ ਕੁਲ ਨੂੰ ਡੱਸ ਗਏ।

ਕਿਸਮਤ ਨੂੰ ਕਰ ਨੀਲਾ ਰੱਖ ਗਏ

ਇਹ ਫ਼ਨੀਅਰ ਅੱਜ ਮਾਰ ਮੁਕਾਉ

ਚੀਨਾ ਚੀਨਾ ਕਰ ਕਟਵਾਉ

169 / 175
Previous
Next