ਜੱਗ ਨੂੰ ਕੱਢ ਕੇ ਜ਼ਹਿਰ ਵਿਖਾਉ
ਇੱਛਰਾਂ
ਰਹਿਮ ਕਮਾਉ !
ਰਹਿਮ ਕਮਾਉ!
ਬੇ-ਜੀਭੇ ਨੂੰ ਨਾ ਮਰਵਾਉ !
ਪੂਰਨ ਦੀ ਥਾਂ ਮੈਂ ਹਾਜ਼ਿਰ ਹਾਂ
ਇਹਦੀ ਥਾਂ ਮੈਨੂੰ ਮਰਵਾਉ
ਇਹ ਪਾਪੀ ਨਹੀਂ
ਮੈਂ ਪਾਪਣ ਹਾਂ
ਪਾਪ ਦੀ ਮਾਂ ਨੂੰ ਜੜ੍ਹੋਂ ਕਟਾਉ
ਮੈਂ ਜਨਨੀ ਜਿਸ ਪਾਪ ਜਨਮਿਆ
ਮੈਨੂੰ ਪਾਪ ਦੀ
ਸਜ਼ਾ ਸੁਣਾਉ।
ਲੂਣਾ
ਹਾਂ, ਰਾਜਨ ਕੁੱਝ ਰਹਿਮ ਕਮਾਉ
ਸਲਵਾਨ
ਮੈਨੂੰ ਕੁਝ ਵੀ ਸਮਝ ਨਾ ਲੱਗਦੀ
ਮੈਨੂੰ ਕੁਝ ਵੀ ਨਾ ਸਮਝਾਉ
ਮੈਂ ਕਹਿੰਦਾ, ਮੇਰੇ ਕੋਲ ਨਾ ਆਉ
ਬਦਲੀ ਜਾਂਦੀ ਅਗਨ-ਕਥਾ ਵਿਚ
ਬਲਦੇ ਜਾਂਦੇ ਸ਼ਬਦ ਨਾ ਪਾਉ
ਬਲਦੀ ਜਾਂਦੀ ਏਸ ਕਥਾ ਦਾ
ਜਲਦੀ ਮੈਨੂੰ ਅੰਤ ਸੁਣਾਉ
ਹੁਣ ਨਾ ਮੈਨੂੰ ਹੋਰ ਜਲਾਉ
ਜੱਲਾਦੇ! ਤਲਵਾਰ ਉਠਾਉ
ਪਾਪ ਮਾਰ ਕੇ ਪੁੰਨ ਕਮਾਉ