ਇੱਛਰਾਂ ਬੇਹੋਸ਼ ਹੋ ਕੇ ਡਿੱਗ ਪੈਂਦੀ ਹੈ । ਪੂਰਨ ਦੀ
ਤੜਪਦੀ ਲੋਥ ਵੱਲ ਸਲਵਾਨ ਪਿੱਠ ਕਰਕੇ ਖਲੋਤਾ ਹੈ ।
ਸਾਰੇ ਪੰਡਾਲ 'ਚ ਇਕ ਕੁਰਲਾਹਟ ਮੱਚੀ ਹੋਈ ਹੈ। ਇਕ
ਤੇਜ਼ ਅਨੇਰੀ ਸਾਰੇ ਪੰਡਾਲ ਨੂੰ ਚੀਰਦੀ ਲੰਘ ਜਾਂਦੀ ਹੈ। ਲੂਣਾ,
ਪੂਰਨ ਦੀ ਤੜਪਦੀ ਲੋਥ ਦੇ ਸਿਰਹਾਣੇ ਬੈਠੀ ਮੂੰਹ ਤੇ ਹੱਥ ਰੱਖੀ
ਰੋਈ ਜਾਂਦੀ ਹੈ ।)
ਅੰਤਿਕਾ
ਪਹਿਲਾ ਅੰਕ
ਨਟੀ : ਇੰਦਰ ਦੇ ਅਖਾੜੇ ਦੀ ਇਕ ਗੰਧਰਵ-ਨਾਇਕਾ
ਜਿਹੜੀ ਸੂਤਰਧਾਰ ਦੀ ਪ੍ਰੇਮਿਕਾ ਸਮਝੀ ਜਾਂਦੀ ਹੈ । ਕਈ
ਇਹਨੂੰ ਸੂਤਰਧਾਰ ਦੀ ਪਤਨੀ ਵੀ ਕਹਿੰਦੇ ਹਨ, ਪਰ ਏਸ
ਗੱਲ ਵਿਚ ਮਤਭੇਦ ਹੈ ।
ਸੂਤਰਧਾਰ : ਇੰਦਰ ਦੇ ਅਖਾੜੇ ਦਾ ਇਕ ਗੰਧਰਵ-ਨਾਇਕ
ਹੈ ਜਿਹੜਾ ਹਰ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਪ੍ਰੇਮਿਕਾ
ਨਟੀ ਸੰਗ ਮੰਚ 'ਤੇ ਪ੍ਰਵੇਸ਼ ਕਰਦਾ ਹੈ ਤੇ ਨਾਟਕ ਦਾ ਆਰੰਭ ਕਰਦਾ ਹੈ।
ਐਰਾਵਤੀ : ਰਾਵੀ ਦਾ ਪੁਰਾਤਨ ਨਾਂ ।
ਪਾਂਗੀ : ਇਕ ਰਿਸ਼ੀ ਦਾ ਨਾਂ, ਜਿਹਦੇ ਮੁੱਖ 'ਚੋਂ ਰਾਵੀ ਦਰਿਆ ਨਿਕਲਿਆ
ਦੱਸਿਆ ਗਿਆ ਹੈ, ਇਹਦੇ ਨਾਂ 'ਤੇ ਪਾਂਗੀ-ਘਾਟੀ ਵੀ ਹੈ, ਜੋ ਚੰਬੇ ਸ਼ਹਿਰ
ਦੀ ਐਨ ਪਿੱਠ 'ਤੇ ਖੜ੍ਹੀ ਹੈ ।
ਚੰਦਰਭਾਗ : ਝਨਾਂ ਦਾ ਇਕ ਪੁਰਾਤਨ ਨਾਂ ।
ਚੰਬਿਆਲੀ : ਚੰਬੇ ਦੀ ਇਕ ਰਾਣੀ, ਜਿਨ੍ਹੇ ਆਪਣੀ ਬਲੀ ਦੇ ਕੇ ਰਾਵੀ ਨੂੰ
ਚੰਬੇ ਦੇਸ਼ 'ਚ ਲਿਆਂਦਾ, ਚੰਬਿਆਲੀ ਤੋਂ ਪਹਿਲਾਂ ਕਹਿੰਦੇ ਨੇ ਚੰਬੇ ਦੇਸ਼ ਵਿਚ
ਪਾਣੀ ਨਹੀਂ ਸੀ ਮਿਲਦਾ ।
ਕੁਲਿਕ : ਸੱਪਾਂ ਦੇ ਅੱਠਾਂ ਰਾਜਿਆਂ ਵਿਚੋਂ ਇਕ ਦਾ ਨਾਂ, ਇਸ ਦਾ ਰੰਗ ਭੂਰਾ
ਅਤੇ ਸਿਰੀ ਉੱਤੇ ਅੱਧੇ ਚੰਨ ਦਾ ਚਿੰਨ੍ਹ ਲੱਗਾ ਹੁੰਦਾ ਹੈ।