ਸੁਪਨੇ ਦਾ ਇਕ ਜੰਤਰ ਹੁੰਦੈ
ਵਰਮਨ
ਸੱਜਣ ! ਦੋਸਤ !
ਬਹਾਦਰ ਬੰਦੇ
ਸੁਪਨੇ ਤੋਂ ਕੋਈ ਸੱਚ ਕੀਹ ਮੰਗੇ
ਸਾਡੀ ਉਮਰਾ ਤਾਂ ਲੰਘ ਜਾਵੇ
ਪਰ ਸੁਪਨੇ ਦੀ
ਅਉਧ ਨਾ ਲੰਘੇ
ਇਹ ਸਾਡੇ ਧੁਰ ਅੰਦਰ ਕਿਧਰੇ
ਪੁੱਠੇ ਚਮਗਿਦੜਾਂ ਵੱਤ ਟੰਗੇ
ਕਾਲੇ ਰੁੱਖ, ਕਿਸਮਤਾਂ ਵਾਲੇ
ਤੇ ਫਲ ਖਾਂਦੇ ਰੰਗ-ਬਰੰਗੇ
ਕੋਈ ਕੋਈ ਸੁਪਨਾ ਕਰਮਾਂ ਸੇਤੀ
ਕਦੇ ਕਦੇ ਸੱਚ ਬਣ ਕੇ ਲੰਘੇ
ਕਿਸੇ ਕਿਸੇ ਚਿਹਰੇ 'ਚੋਂ ਸਾਨੂੰ
ਸੁਪਨ-ਸਰਪਨੀ
ਆ ਕੇ ਡੰਗੇ
ਇਸ ਦਾ ਡੰਗਿਆ ਕੁਝ ਨਾ ਮੰਗੇ
ਮੰਗੇ ਤਾਂ
ਉਹਦੀ ਛੋਹ ਨੂੰ ਮੰਗੇ
ਦਿਨ-ਦੀਵੀਂ ਜਾਂ ਸੌਣਾ ਮੰਗੇ
ਪਰ ਨਾ ਛੋਹ
ਨਾ ਸੌਣਾ ਮਿਲਦਾ
ਉਮਰ ਅਸਾਡੀ ਧੁਖ ਧੁਖ ਲੰਘੇ
ਸਾਡੀ ਦੇਹ ਹੀ, ਸਾਡੇ ਸਾਹ ਤੋਂ
ਇਕ ਦਿਨ ਨੀਵੀ ਪਾ ਕੇ ਲੰਘੇ
ਸਾਡਾ ਸੂਰਜ
ਸਾਥੋਂ ਸੰਗੇ