ਹਾਂ ਮਿੱਤਰ !
ਤੂੰ ਸੱਚ ਕਹਿੰਦਾ ਹੈ
ਹੁਣ ਤਾਂ ਸੂਰਜ
ਢਲ ਚੱਲਿਆ ਸੀ
ਧੁੱਪ ਦਾ ਬਾਲਣ ਬਲ ਚਲਿਆ ਸੀ
ਸੁਪਨ-ਸਰਪਨੀ ਵਾਲਾ ਸੁਪਨਾ
ਹੁਣ ਮਿੱਟੀ ਵਿਚ
ਰਲ ਚੱਲਿਆ ਸੀ
ਪਰ ਕੱਲ੍ਹ ਸੁਪਨਾ ਅੱਖੀਂ ਤੱਕ ਕੇ
ਮੈਨੂੰ ਮੁੜ ਕੇ
ਛਲ ਚਲਿਆ ਹੈ
ਮੇਰੀ ਮਹਿਕ-ਵਿਛੁੰਨੀ ਰੂਹ 'ਤੇ ਮੁੜ ਕੋਈ ਚੇਤਰ
ਮਲ ਚੱਲਿਆ ਹੈ
ਵਰਮਨ
ਮੈਂ ਵਡ-ਭਾਗਾ
ਇਸ ਮਿੱਟੀ 'ਚੋਂ
ਜੇ ਤੈਨੂੰ ਤੇਰਾ ਸੁਪਨਾ ਲੱਭੇ
ਕਿਹੜੀ ਰੂਪਵਤੀ ਹੈ ਐਸੀ
ਮੈਨੂੰ ਵੀ ਕੁਝ ਪਤਾ ਤਾਂ ਲੱਗੇ ?
ਸਲਵਾਨ
ਹਾਂ ਮਿੱਤਰ ! ਉਹ ਕਿਰਨ ਜੇਹੀ ਜੋ
ਸੁੱਤ-ਉਨੀਂਦੇ ਨੈਣਾਂ ਵਾਲੀ
ਕੋਹ ਕੋਹ ਲੰਮੇ ਵਾਲਾਂ ਵਾਲੀ
ਨੀਮ-ਉਦਾਸੇ ਅੰਗਾਂ ਵਾਲੀ