ਲੰਮ-ਸਲੰਮੀ ਚੰਦਨ-ਗੇਲੀ
ਭਾਰੇ ਜਿਹੇ ਨਿਤੰਭਾਂ ਵਾਲੀ
ਮੋਤੀ-ਵੰਨੇ ਦੰਦਾਂ ਵਾਲੀ
ਲੂਣਾਂ
ਜਿਹੜੀ ਕੱਲ੍ਹ ਉਤਸਵ ਵਿਚ
ਚੁਣੀ ਸੀ ਯੁਵਤੀ ਸੰਗਾਂ ਵਾਲੀ
ਸੁਪਨ-ਸਰਪਨੀ ਡੰਗਾਂ ਵਾਲੀ
ਵਰਮਨ
ਲੂਣਾਂ......!
ਬਾਰੂ ਸ਼ੂਦਰ ਵੀ ਧੀ ?
ਸੋਹਣੀ, ਚੰਚਲ ਕੋਮਲ ਅੰਗੀ
ਪਰ ਪਿਛਲੇ ਜਨਮਾਂ ਦਾ ਫਲ ਹੈ
ਜਿਵੇਂ ਅਪੱਛਰਾਂ, ਪਰ ਭਿੱਟ-ਅੰਗੀ
ਮਧਰਾ ਦੇ ਵਿਚ ਜਿਉਂ ਜਲ-ਗੰਗੀ
ਸੁੰਦਰ ਨਾਰ ਕਿਸੇ ਰਾਜੇ ਦੀ
ਸੰਭਵ ਨਾ ਹੋਵੇ ਅਰਧੰਗੀ
ਸਲਵਾਨ
ਜੇ ਲੂਣਾ
ਸ਼ੂਦਰ ਦੀ ਧੀ ਹੈ
ਨਿਰਦੋਸ਼ੀ ਦਾ ਦੋਸ਼ ਵੀ ਕੀਹ ਹੈ ?
ਵਰਮਨ
ਦੋਸ਼ !
ਦੋਸ਼ ਤਾਂ ਉਸ ਦੇ ਕਰਮਾਂ ਦਾ ਹੈ
ਯਾਂ ਫਿਰ ਪਿਛਲੇ ਜਨਮਾਂ ਦਾ ਹੈ