ਫੁੱਲਾਂ ਲੱਦੇ ਜੰਗਲ ਦੇ ਵਿਚ
ਉਹ ਗੁੰਮ ਹੋ ਜਾਂਦੀ
ਸਈਆਂ ਨੂੰ ਉਹ ਲੱਭਦੀ
ਤੇ ਆਵਾਜ਼ਾਂ ਲਾਂਦੀ
ਪਰ ਕੋਈ ਸਖੀ ਨਜ਼ਰ ਨਾ ਆਉਂਦੀ
ਤੇ ਉਹ ਇਕ ਬੂਟੇ ਦੀ ਛਾਵੇਂ
ਥੱਕ ਟੁੱਟ ਕੇ ਹੈ ਜਾ ਬਹਿੰਦੀ
ਫੇਰ ਕਿਸੇ ਪਰੀ ਲੋਕ 'ਚੋਂ
ਇਕ ਸ਼ਹਿਜ਼ਾਦਾ ਆਉਂਦਾ
ਤੇ ਉਹਨੂੰ
ਉਹ ਕੁੱਲ ਜੰਗਲ ਦੀ ਸੈਰ ਕਰਾਉਂਦਾ
ਇਕ ਦਿਨ ਫੇਰ ਇਵੇਂ ਦਾ ਆਉਂਦਾ
ਉਹ ਸ਼ਹਿਜ਼ਾਦਾ,
ਓਸ ਕੁੜੀ ਨੂੰ
ਵਰ ਕੇ ਦੂਰ ਦੇਸ਼ ਲੈ ਜਾਂਦਾ
ਹੱਸਦਾ ਹੱਸਦਾ ਗਾਉਂਦਾ ਗਾਉਂਦਾ
ਇਕ ਪਲ ਦਾ ਜੇ ਪਵੇ ਵਿਛੋੜਾ
ਉਹ ਮਰ ਜਾਂਦੀ
ਉਹ ਮਰ ਜਾਂਦਾ
ਪਰ ਸਈਏ
ਇਹ ਸੁਪਨਾ, ਸੁਪਨਾ ਹੀ ਰਹਿ ਜਾਂਦਾ
ਸ਼ਹਿਜ਼ਾਦੇ ਥਾਂ ਵਰਨ ਕੋਈ
ਦਾਨਵ ਆ ਜਾਂਦਾ
ਵਰਕੇ ਸੱਤਵੀਂ ਕੋਠੀ ਪਾਂਦਾ
ਰੋਜ਼ ਰਾਤ ਨੂੰ
ਭੋਰਾ ਭੋਰਾ ਕਰ ਕੇ ਖਾਂਦਾ
ਹਰ ਧੀ ਦਾ ਹੀ ਸੁਪਨਾ ਹੈ
ਜ਼ਖ਼ਮੀ ਹੋ ਜਾਂਦਾ
ਬਾਬਲ ਦੇ ਵਿਹੜੇ ਦਾ ਸੁਪਨਾ