ਪਰ ਮੈਂ ਬਾਬਲ ਵਿਹੜੇ
ਜੋ ਸੀ ਸੁਪਨਾ ਤੱਕਿਆ
ਜੋ ਸੁਪਨਾ ਮੈਂ ਉਇਆ, ਕੱਤਿਆ
ਉਸ ਸੁਪਨੇ ਵਿਚ
ਪੂਰਨ ਵਰਗਾ ਸੀ ਕੋਈ ਵੱਸਿਆ
ਉਸ ਸੁਪਨੇ ਵਿਚ
ਪੂਰਨ ਵਰਗੇ ਰੰਗ ਘੁਲੇ ਸਨ
ਪੂਰਨ ਦੇ ਅੰਗਾਂ ਹੀ ਵਰਗੇ
ਅੰਗ ਘੁਲੇ ਸਨ
ਉਹ ਸੁਪਨਾ ਸੀ
ਪੂਰਨ ਦੇ ਪਰਛਾਵੇਂ ਵਰਗਾ
ਜੋ ਮੇਰੇ ਨੈਣੀ
ਰਾਤ ਦਿਨੇ ਸੀ ਰਹਿੰਦਾ ਤਰਦਾ
ਉਸ ਸੁਪਨੇ 'ਤੇ ਮੈਂ ਸਾਂ ਮਰਦੀ
ਉਹ ਸੁਪਨਾ ਮੇਰੇ 'ਤੇ ਮਰਦਾ
ਇਉਂ ਲਗਦੈ
ਜਿਉ ਮੈਂ ਤੇ ਪੂਰਨ
ਜਨਮ ਜਨਮ ਦੇ ਹੋਈਏ ਸਾਥੀ
ਪਰ ਪਿਛਲੇ ਜਨਮਾਂ ਵਿਚ ਕਿਧਰੇ
ਦੋਹਾਂ ਦੀ ਗਈ ਹੋਂਦ ਸਰਾਪੀ
ਇਕ ਰੂਹ ਦੋ ਹੰਸਾਂ ਵਿਚ ਪਾਟੀ
ਇਕ ਦੂਜੇ ਨੇ
ਇਕ ਦੂਜੇ ਦੀ
ਕਿੰਨੇ ਜਨਮ ਨਾ ਸ਼ਕਲ ਪਛਾਤੀ
ਕਿਸੇ ਵਡੇਰੇ ਪਾਪ ਦੇ ਕਾਰਨ
ਮੈਥੋਂ ਮੇਰਾ ਪੂਰਨ ਗੁੰਮਿਆ
ਤੇ ਮੈਂ ਪੂਰਨ ਲਈ ਗਵਾਚੀ
ਪਰ ਮੈਂ
ਪੂਰਨ ਦੇ ਰਾਹਵਾਂ ਦਾ