

ਕੁੰਨੜ ਆਦਿ ਦੇ ਇਲਾਕਿਆਂ ਤੋਂ ਭਾਰੀ ਗਿਣਤੀ ਵਿੱਚ ਜਹਾਦੀ ਕਾਬਲ ਪਹੁੰਚਣ ਲੱਗੇ। ਇੰਞ ਫ਼ੌਜਾਂ ਨੂੰ ਅੱਲਾ ਦੀਆਂ ਕਸਮਾਂ ਕਰੋ ਜਾਂ ਮਰੋ ਖੁਆ ਕੇ ਇਸ ਨੇ ਅਪ੍ਰੈਲ ਦੇ ਸ਼ੁਰੂ ਵਿੱਚ ਪਿਸ਼ਾਵਰ ਵੱਲ ਕਿਲ੍ਹਾ ਫ਼ਤਹਿ ਗੜ੍ਹ (ਜਮਰੌਦ) ਅਤੇ ਹਸਤ ਨਗਰ ਵੱਲ ਤੋਰ ਦਿੱਤੀਆਂ। ਇਹਨਾਂ ਫ਼ੌਜਾਂ ਦੀ ਅਗਵਾਈ ਇਸ ਦੇ ਪੰਜੇ ਪੁੱਤਰ ਅਤੇ ਮਿਰਜਾ ਅਬਦੁਲ ਸੱਮੀ ਖ਼ਾਨ ਅਤੇ ਦੋਸਤ ਮੁਹੰਮਦ ਖ਼ਾਨ ਕਰ ਰਹੇ ਸਨ। ਸਰਦਾਰ ਹਰੀ ਸਿੰਘ ਉਸ ਸਮੇਂ ਸੁਮੇਰ ਗੜ੍ਹ (ਬਾਲਾ ਹਿਸਾਰ) ਵਿੱਚ ਸੀ। ਫ਼ਤਹਿ ਗੜ੍ਹ ਦਾ ਕਿਲ੍ਹਾ ਜਮਰੌਦ ਦੇ ਉੱਤਰ ਵੱਲ ੧੧ ਮੀਲ ਦੀ ਦੂਰੀ ਤੇ ਖੈਬਰ ਦੇ ਮੁੱਖ ਤੇ ਹੈ। ਜਦੋਂ ਹੀ ਸਰਦਾਰ ਸਾਹਿਬ ਨੂੰ ਇਹ ਮੁਲਖੱਈਆ ਚੜ੍ਹ ਕੇ ਆਉਣ ਦੀ ਖ਼ਬਰ ਮਿਲੀ ਤਾਂ ਇਹ ਚੁਕੰਨੇ ਹੋ ਗਏ ਅਤੇ ਸ਼ੇਰਿ-ਏ-ਪੰਜਾਬ ਨੂੰ ਹੋਰ ਫ਼ੌਜ ਭੇਜਣ ਲਈ ਪੱਤਰ ਲਿਖ ਭੇਜੇ। ਇੱਕ ਤਾਂ ਉਨ੍ਹੀ ਦਿਨੀ ਕੰਵਰ ਨੌ ਨਿਹਾਲ ਸਿੰਘ ਦੀ ਸ਼ਾਦੀ ਹੋਣ ਕਰਕੇ ਮਹਾਰਾਜਾ ਸਾਹਿਬ ਲਾਹੌਰ ਵਿੱਚ ਸ਼ਾਦੀ ਦੇ ਕੰਮਾਂ 'ਚ ਰੁੱਝੇ ਹੋਏ ਸਨ। ਦੂਜਾ, ਧਿਆਨ ਸਿੰਘ ਡੋਗਰਾ ਸਰਦਾਰ ਨਲੂਆ ਨੂੰ ਵੱਡੇ ਅਹੁਦਿਆਂ ਦੇ ਮਿਲਣ ਕਰ ਕੇ ਅੰਦਰ ਖਾਤੇ ਹਰੀ ਸਿੰਘ ਨਾਲ ਖਾਰ ਖਾਂਦਾ ਸੀ ਅਤੇ ਦਿਲ ਦਾ ਖੋਟਾ ਸੀ ਜਿਸ ਕਾਰਨ ਇਸ ਨੇ ਭੇਜੀਆਂ ਚਿੱਠੀਆਂ ਦੱਬੀ ਰੱਖੀਆਂ ਅਤੇ ਮਹਾਰਾਜਾ ਤੱਕ ਪਹੁੰਚਣ ਨਾ ਦਿੱਤੀਆਂ। ਤੀਜਾ, ਕਾਫੀ ਭੱਜ ਨੱਠ ਕਾਰਨ ਸਰਦਾਰ ਨਲੂਆ ਬੀਮਾਰ ਹੋ ਗਏ।
ਜਮਰੌਦ ਦੀ ਜੰਗ
ਮਿਰਜਾ ਸੱਮੀ ਖ਼ਾਨ ਜੋ ਦੋਸਤ ਮੁਹੰਮਦ ਖ਼ਾਨ ਦੀ ਸਲਤਨਤ ਦਾ ਨਾਇਬ ਸੀ ਅਤੇ ਜੰਗ ਦੇ ਪ੍ਰਬੰਧ ਅਤੇ ਕਾਰਨਾਮਿਆਂ ਪੱਖੋਂ ਬੜਾ ਪ੍ਰਸਿੱਧ ਸੀ। ਇਸ ਨੇ ੧੫ ਅਪ੍ਰੈਲ ੧੮੩੭ ਨੂੰ ਆਪਣੀ ਫ਼ੌਜ ਦੋ ਭਾਗਾਂ ਵਿੱਚ ਵੰਡ ਕੇ ਖਾਲਸੇ ਦੇ ਖ਼ਾਤਮੇ ਲਈ ਤੋਰ ਦਿੱਤੀ। ਇੱਕ ਹਿੱਸੇ ਵਿੱਚ ੩੦ ਹਜਾਰ ਫ਼ੌਜ, ਤੋਪਾਂ ਸਣੇ ਦੱਰਾ ਖੈਬਰ ਵੱਲ ਕੂਚ ਕਰ ਕੇ ਆਈ ਅਤੇ ਦੂਜੇ ਹਿੱਸੇ ਦੇ ੧੦ ਹਜ਼ਾਰ ਫ਼ੌਜੀਆਂ ਸਮੇਤ ਸ਼ੰਕਰਗੜ੍ਹ ਅਤੇ ਮਿਚਨੀ ਤੇ ਧਾਵਾ ਕਰਨ ਲਈ ਚੱਲ ਪਈ। ਇਸ ਤੋਂ ਇਲਾਵਾ ਨਾਲ ਲਗਦੇ ਅਫ਼ਰੀਦੀ ਕਬੀਲਿਆਂ ਨੂੰ ਇਸ ਜੰਗ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਅਤੇ ਇਹਨਾਂ ਨੂੰ ਕਾਫੀ ਧਨ ਵੀ ਵੰਡਿਆ। ਇਹ ਹਮਲਾ ਇਹਨਾਂ ਨੇ ਇਹ ਭੇਦ ਜਾਣ ਕੇ ਕਿ ਖਾਲਸਾ ਫ਼ੌਜ ਇਸ ਖੇਤਰ ਵਿੱਚ ਬਹੁਤ ਘੱਟ ਹੈ ਅਤੇ ਹਰੀ ਸਿੰਘ ਨਲੂਆ ਬੀਮਾਰ ਪਿਆ ਹੈ ਅਤੇ ਜਮਰੌਦ ਦੇ ਕਿਲ੍ਹੇ ਵਿੱਚ ਨਹੀਂ ਹੈ ਬੜੀ ਤੇਜ਼ੀ ਨਾਲ ਕੀਤਾ।