

੨੮ ਅਪ੍ਰੈਲ ਵਾਲੇ ਦਿਨ ਅਫ਼ਗਾਨਾਂ ਨੇ ਕਿਲ੍ਹੇ ਵੱਲ ਤੋਪਾਂ ਦੇ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ। ਜਦੋਂ ਬਹਾਦਰ ਸਰਦਾਰ ਮਹਾਂ ਸਿੰਘ ਨੇ ਅਫ਼ਗਾਨਾਂ ਨੂੰ ਹਾਥੀਆਂ ਵਾਂਗ ਦਹਾੜਦੇ ਕਿਲ੍ਹੇ ਵੱਲ ਵੱਡੀ ਗਿਣਤੀ ਵਿੱਚ ਆਉਂਦੇ ਤੱਕਿਆ ਤਾਂ ਸਿੰਘਾਂ ਨੇ ਵੀ ਤੋਪਾਂ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਦੋਹਾਂ ਪਾਸਿਆਂ ਤੋਂ ਤੜਾ ਤੜ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਸਿੰਘਾਂ ਦੀ ਗਿਣਤੀ ਭਾਵੇਂ ਆਟੇ 'ਚ ਲੂਣ ਦੇ ਬਰਾਬਰ ਸੀ ਪਰ ਰਣ-ਭੂਮੀ ਅੰਦਰ ਇਹ ਗੁਰੂ ਕਲਗੀਧਰ ਦੇ ਨਾਹਰੇ 'ਸਵਾ ਲਾਖ ਸੇ ਏਕ ਲੜਾਊਂ' ਨੂੰ ਮਨ ਵਿੱਚ ਵਸਾ ਕੇ ਜੂਝੇ। ਸਾਰਾ ਦਿਨ ਗੋਲੀਆਂ ਨਾਲ ਧਰਤੀ ਕੰਬਦੀ ਰਹੀ, ਅਸਮਾਨ 'ਚ ਗਰਜ਼ ਪੈਂਦੀ ਰਹੀ ਪਰ ਸਿੰਘ ਸੂਰਮੇ ਸਿਦਕ ਨਾਲ ਲੜੇ ਅਤੇ ਨਾ ਡੋਲੇ। ਬਹੁਤ ਸਾਰੇ ਸੂਰਮੇ ਪ੍ਰਾਣ ਤਿਆਗ ਗਏ। ਸਰਦਾਰ ਅਜੈਬ ਸਿੰਘ ਰੰਧਾਵਾ ਦਲੇਰੀ ਨਾਲ ਲੜਦਾ ਹੋਇਆ ਚੱਲ ਵਸਿਆ। ਇਸ ਦੀ ਮੌਤ ਨਾਲ ਸਿੰਘਾਂ ਦੇ ਦਲ ਨੂੰ ਵੱਡਾ ਘਾਟਾ ਪਿਆ। ਸ਼ਾਮਾਂ ਪੈ ਗਈਆਂ, ਲੜਾਈ ਬੰਦ ਹੋ ਗਈ ਅਤੇ ਦੋਹਾਂ ਤਰਫ਼ਾਂ ਨੇ ਆਪਣੇ ਫੱਟੜ ਹੋਏ ਅਤੇ ਮ੍ਰਿਤਕ ਜੁਆਨਾਂ ਨੂੰ ਸੰਭਾਲਿਆ।
ਦੂਜੇ ਦਿਨ ਵੀ ਸਾਰੇ ਛਾਤੀਆਂ ਡਾਹ ਕੇ ਲੜੇ। ਵੈਰੀ ਵਾਰ ਵਾਰ ਕਿਲ੍ਹੇ ਵੱਲ ਅੰਧਾ-ਧੁੰਦ ਗੋਲੇ ਵਰ੍ਹਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹਨਾਂ ਨੇ ਦੱਰਾ ਖੈਬਰ ਦੇ ਕੱਠੇ (ਨਾਲੇ) ਦਾ ਪਾਣੀ, ਜਿਹੜਾ ਕਿਲ੍ਹੇ ਅੰਦਰ ਵਰਤੋਂ ਲਈ ਜਾਂਦਾ ਸੀ, ਉਹ ਬੰਦ ਕਰ ਦਿੱਤਾ ਅਤੇ ਚਾਰੇ ਪਾਸੇ ਐਸਾ ਘੇਰਾ ਪਾਇਆ ਕਿ ਬਾਹਰੋਂ ਕੋਈ ਮੱਦਦ ਨਾ ਮਿਲ ਸਕੇ। ਸਰਦਾਰ ਮਹਾਂ ਸਿੰਘ ਨੇ ਸਤਿਗੁਰਾਂ ਨੂੰ ਧਿਆ ਕੇ ਬੜੀ ਜੋਸ਼ੀਲੀ ਆਵਾਜ਼ ਵਿੱਚ ਆਖਿਆ, ਸਿੰਘੋ! ਸਾਡੀ ਸ਼ਹੀਦੀ ਦੇ ਪਲ ਨੇੜੇ ਆ ਰਹੇ ਹਨ। ਜੋ ਸਤਿਗੁਰੂ ਨੂੰ ਭਾਵੇਗਾ ਉਹੀ ਹੋਵੇਗਾ, ਹੌਸਲਾ ਰੱਖ ਕੇ ਪੂਰੇ ਤਾਣ ਨਾਲ ਮੁਕਾਬਲਾ ਕਰੋ। ਇਹ ਸ਼ਬਦ ਸੁਣ ਕੇ ਸਿੰਘਾਂ ਨੇ ਐਸਾ ਗੋਲੀਆਂ ਦਾ ਮੀਂਹ ਵਰ੍ਹਾਇਆ ਕਿ ਮੁਗਲ ਅੱਲਾ ਅੱਲਾ ਕਰਦੇ ਜਾਨਾਂ ਲਕੋਣ ਲੱਗੇ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਮੁਤਾਬਕ ੮੦੦ ਤੋਂ ਵੀ ਘੱਟ ਸਿੰਘਾਂ ਨੇ ੩੦ ਹਜਾਰ ਤੋਂ ਵੱਧ ਪਠਾਣ, ਜੋ ਵੱਡੇ ਟਿੱਡੀ ਦਲ ਦੀ ਨਿਆਈਂ ਸਨ, ਨਾਲ ਪੂਰਾ ਦਿਨ ਮੁਕਾਬਲਾ ਕੀਤਾ। ਰਾਤ ਹੋ ਗਈ ਅਤੇ ਗੋਲਾਬਾਰੀ ਵੀ ਮੱਧਮ ਹੋ ਗਈ। ਲੰਗਰ ਪਾਣੀ ਛੱਕਣ ਉਪਰੰਤ ਵਿਚਾਰ ਕੀਤੀ ਕਿ ਬਾਹਰੀ ਮੱਦਦ ਲਈ ਕੋਈ ਉਪਾਅ ਕਰੀਏ। ਕਈ ਸਿੰਘ ਸੁਨੇਹਾ ਪਹੁੰਚਾਉਣ ਲਈ ਤਿਆਰ ਹੋ ਗਏ ਅਤੇ ਕੁਝ ਕਿਲ੍ਹੇ ਦੀ ਢਹੀ ਫਸੀਲ ਭਰਨ ਲੱਗ ਪਏ ਤਾਂ ਕਿ ਵੈਰੀ ਅੰਦਰ ਨਾ ਆ ਵੜੇ।