

ਸਰਦਾਰ ਬਿਸ਼ਨ ਸਿੰਘ ਦਾ ਪੁੱਤਰ ਸਰਦਾਰ ਗੁਰਦਾਸ ਸਿੰਘ ਹੋਇਆ ਅਤੇ ਸਰਦਾਰ ਚੜ੍ਹਤ ਸਿੰਘ ਦੇ ਘਰ ਸਰਦਾਰ ਮਹਾਂ ਸਿੰਘ (ਪਿਤਾ ਸ਼ੇਰਿ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ) ਪੈਦਾ ਹੋਇਆ। ਦੋਹਾਂ ਸਰਦਾਰਾਂ (ਗੁਰਦਾਸ ਸਿੰਘ ਅਤੇ ਮਹਾਂ ਸਿੰਘ) ਨੇ ਸ਼ੁਕਰਚੱਕੀਆ ਮਿਸਲ ਨੂੰ ਆਪਣੀ ਬਹਾਦਰੀ ਸਦਕਾ ਚਾਰ ਚੰਨ ਲਾਏ। ਇਹਨਾਂ ਨੇ ਚੱਠੇ ਸਰਦਾਰਾਂ ਦੇ ਮਨਚਰ ਅਤੇ ਰਸੂਲ ਨਗਰ ਆਦਿ ਇਲਾਕੇ ਉਨ੍ਹਾਂ ਨੂੰ ਕਰਾਰੇ ਹੱਥ ਦਿਖਾ ਕੇ ਜਿੱਤੇ। ਇਹਨਾਂ ਜੰਗਾਂ ਅੰਦਰ ਮਹਾਨ ਜੌਹਰ ਦਿਖਾਉਣ ਕਰ ਕੇ ਮਹਾਂ ਸਿੰਘ ਨੇ ਗੁਰਦਾਸ ਸਿੰਘ ਨੂੰ ਸ਼ਾਹਦਰੇ ਦਾ ਇਲਾਕਾ ਜਾਗੀਰ ਵਿੱਚ ਸੰਭਾਲ ਦਿੱਤਾ। ਕੁਦਰਤ ਦੀ ਬਖਸ਼ਿਸ਼ ਸਦਕਾ ਮਹਾਂ ਸਿੰਘ ਦੇ ਘਰ ੧੭੮੦ ਵਿੱਚ ਰਣਜੀਤ ਸਿੰਘ ਜਨਮਿਆ ਅਤੇ ਗੁਰਦਾਸ ਸਿੰਘ ਦੇ ੧੭੯੧ ਵਿੱਚ ਹਰੀ ਸਿੰਘ ਪੈਦਾ ਹੋਇਆ। ਉਪਰੰਤ ੧੭੯੨ ਵਿੱਚ ਸਰਦਾਰ ਮਹਾਂ ਸਿੰਘ ਅਤੇ ੧੭੯੮ ਵਿੱਚ ਸਰਦਾਰ ਗੁਰਦਾਸ ਸਿੰਘ ਚੱਲ ਵਸੇ। ਇਹਨਾਂ ਦੇ ਚਲਾਣੇ ਸਮੇਂ ਰਣਜੀਤ ਸਿੰਘ ੧੧ ਸਾਲਾਂ ਦਾ ਸੀ ਅਤੇ ਹਰੀ ਸਿੰਘ ੭ ਸਾਲ ਦਾ ਸੀ। ਰਣਜੀਤ ਸਿੰਘ ਨੂੰ ਉਸ ਦੀ ਮਾਤਾ ਰਾਜ ਕੌਰ ਅਤੇ ਹਰੀ ਸਿੰਘ ਨੂੰ ਮਾਤਾ ਧਰਮ ਕੌਰ ਨੇ ਪਾਲਿਆ। ਹਰੀ ਸਿੰਘ ਦੀ ਇੱਕੋ ਇੱਕ ਭੈਣ (ਕਿਸ਼ਨ ਦੇਵੀ) ਕਿਸ਼ਨ ਕੌਰ ਸੀ। ਉਹ ਵਿਸਾਖਾ ਸਿੰਘ ਨਾਲ ਵਿਆਹੀ ਹੋਈ ਸੀ ਪਰ ਔਲਾਦਹੀਨ ਹੀ ਚੱਲ ਵਸੀ।
ਹਰੀ ਸਿੰਘ ਨਲੂਆ ਦੀ ਸੰਤਾਨ
ਸਰਦਾਰ ਹਰੀ ਸਿੰਘ ਦੇ ਦੋ ਵਿਆਹ ਸਨ। ਇੱਕ ਸਰਦਾਰਨੀ ਰਾਜ ਕੌਰ (ਰਾਜੋ) ਅਤੇ ਦੂਜਾ ਸਰਦਾਰਨੀ ਦੇਸ ਕੌਰ (ਦੇਸਾਂ) ਨਾਲ ਹੋਇਆ। ਸਰਦਾਰਨੀ ਰਾਜ ਕੌਰ ਕੁੰਤਰੀਲਾ ਪਿੰਡ, ਜੋ ਰਾਵਲ ਪਿੰਡੀ ਵਿੱਚ ਹੈ ਦੀ ਜੰਮਪਲ ਸੀ (ਏ ਐੱਸ ਸੰਧੂ ੧੯੩੫)। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਮੁਤਾਬਕ ਰਾਜ ਕੌਰ ਦੇ ਦੋ ਪੁੱਤਰ ਸਰਦਾਰ ਗੁਰਦਿੱਤ ਸਿੰਘ ਅਤੇ ਸਰਦਾਰ ਜਵਾਹਰ ਸਿੰਘ ਹੋਏ ਜਦ ਕਿ ਦੇਸਾਂ ਦੀ ਕੁੱਖੋਂ ਸਰਦਾਰ ਪੰਜਾਬ ਸਿੰਘ ਅਤੇ ਸਰਦਾਰ ਅਰਜਨ ਸਿੰਘ ਹੋਏ। ਦੋਵੇਂ ਧੀਆਂ (ਚੰਦ ਕੌਰ ਤੇ ਨੰਦ ਕੌਰ) ਗਾਲਬਨ ਸਰਦਾਰਨੀ ਦੇਸਾਂ ਦੇ ਪੇਟੋਂ ਸਨ। ਮਿਸਟਰ ਬੈਰਨ ਹੁਗਲ ਨੇ ਹਰੀ ਸਿੰਘ ਦੇ ਪੰਜਵੇਂ ਪੁੱਤਰ ਸਰਦਾਰ ਚਤਰ ਸਿੰਘ ਬਾਰੇ ਵੀ ਲਿਖਿਆ ਹੈ ਪਰ ਇਹ ਨਹੀਂ ਲਿਖਿਆ ਕਿ ਇਹ ਕਿਸ ਦੇ ਪੇਟੋਂ ਸੀ।