"ਸਰਕਾਰ ਦਾ ਫ਼ੁਰਮਾਨ ਸੱਚ ਹੈ।" ਧਿਆਨ ਸਿੰਘ ਨੂੰ ਇਹ ਸਿਧਾਂਤ ਮੰਨਣਾ ਪਿਆ।
"ਜਿੰਦਾਂ ਹੁਸਨ ਔਰ ਪ੍ਰੀਤ ਦਾ ਸਿਖ਼ਰ ਹੈ। ਇਕ ਕਦਮ ਹੋਰ ਅਗੇਰੇ ਵੱਧ ਕੇ ਸਰਕਾਰ ਏਸ ਸਿਖ਼ਰ ਤੋਂ ਨੀਵਿਆਂ ਨਹੀਂ ਹੋਣਾ ਚਾਹੁੰਦੀ। ਸਰਕਾਰ ਦਾ ਮਨ ਜਿੰਦਾਂ ਦੇ ਪਿਆਰ ਨਾਲ ਸੰਤੁਸ਼ਟ ਹੈ। ਸਰਕਾਰ ਦੀ ਇਹ ਵੀ ਇੱਛਿਆ ਹੈ ਕਿ ਰਾਜਾ ਸਾਹਿਬ ਮੁੜ ਕੇ ਹੋਰ ਵਿਆਹ ਦਾ ਕਦੇ ਜ਼ਿਕਰ ਨਾ ਕਰਨ।”
ਇਹ ਸੀ ਜਿੰਦਾਂ ਦੀ ਪੂਰਨ ਜਿੱਤ। ਉਹਨੇ ਪਤੀ ਦਾ ਮਨ ਪ੍ਰਸੰਨ ਕਰਨ ਦਾ ਭੇਤ ਜਾਣ ਲਿਆ ਸੀ। ਆਪਣੀ ਸਿਆਣਪ, ਸੁਭਾਅ ਤੇ ਸੁੰਦਰਤਾ ਦੇ ਸਦਕਾ ਉਹਨੇ ਮਹਾਰਾਜੇ ਦੇ ਜੀਵਨ ਵਿੱਚ ਸਭ ਤੋਂ ਉੱਤਮ ਥਾਂ ਬਣਾ ਲਿਆ ਸੀ। ਈਸ਼ਵਰ ਨੇ ਹੋਰ ਖ਼ੁਸ਼ੀ ਦਾ ਸਮਾਂ ਬਖ਼ਸ਼ਿਆ। ਚਾਰ ਸਤੰਬਰ, ੧੮੩੮ ਈ. ਨੂੰ ਜਿੰਦਾਂ ਦੀ ਕੁੱਖੋਂ ਬੱਚੇ ਨੇ ਜਨਮ ਲਿਆ। ਵਧਾਈਆਂ ਨਾਲ ਜਿੰਦਾਂ ਦਾ ਮਹਿਲ ਗੂੰਜ ਉੱਠਿਆ। ਇਹ ਖ਼ੁਸ਼ੀ ਭਰੀ ਖ਼ਬਰ ਸੁਣ ਕੇ ਸ਼ੇਰੇ ਪੰਜਾਬ ਜਾਮੇ ਵਿੱਚ ਫੁੱਲੇ ਨਾ ਸਮਾਏ। ਉਹਨਾਂ ਖ਼ਜ਼ਾਨਿਆਂ ਦੇ ਬੂਹੇ ਖੋਲ੍ਹ ਦਿੱਤੇ। ਹਜ਼ਾਰਾਂ ਕੰਗਲਿਆਂ ਦੀਆਂ ਦਾਨ ਨਾਲ ਝੋਲੀਆਂ ਭਰ ਦਿੱਤੀਆਂ ਗਈਆਂ। ਸਾਰੇ ਕਿਲ੍ਹੇ ਤੇ ਸ਼ਹਿਰ ਵਿੱਚ ਖ਼ੁਸ਼ੀਆਂ ਮਨਾਈਆਂ ਗਈਆਂ। ਰਾਜ-ਜੋਤਸ਼ੀਆਂ ਨੂੰ ਨਾਲ ਲੈ ਕੇ ਮਹਾਰਾਜ ਜਿੰਦਾਂ ਦੇ ਮਹਿਲ ਵਿੱਚ ਪਹੁੰਚੇ। ਨਵ-ਜਨਮੇ ਬਾਲ ਨੂੰ ਗੋਦੀ ਵਿੱਚ ਲੈ ਕੇ ਮਹਾਰਾਜ ਦੀ ਖ਼ੁਸ਼ੀ ਦਾ ਪਾਰਾਵਾਰ ਨਾ ਰਿਹਾ। ਬੱਚੇ ਦਾ ਮੁਹਾਂਦਰਾ ਹੂ-ਬ-ਹੂ ਮਾਂ ਨਾਲ ਮਿਲਦਾ ਸੀ। ਪ੍ਰਸੰਨ ਹੋ ਕੇ ਸ਼ੇਰੇ ਪੰਜਾਬ ਨੇ ਜਿੰਦਾਂ ਨੂੰ 'ਮਹਾਰਾਣੀ' ਦਾ ਖ਼ਿਤਾਬ ਤੇ ਹੀਰਿਆਂ ਦਾ ਹਾਰ ਬਖ਼ਸ਼ਿਆ। ਕਿਸਮਤ ਉਸ ਵੇਲੇ ਜਿੰਦਾਂ ਦੀ ਕੰਡ ਉਹਲੇ ਖਲੀ ਮੁਸਕਰਾ ਰਹੀ ਸੀ।
ਰਾਜ-ਜੋਤਸ਼ੀਆਂ ਨੇ ਮਿਲ ਕੇ ਕੰਵਰ ਦੀ ਜਨਮ ਪੱਤਰੀ ਬਣਾਈ। ਗ੍ਰੰਥੀ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਵਾਕ ਲੈ ਕੇ ਗੁਰ-ਮਰਯਾਦਾ ਅਨੁਸਾਰ ਕੰਵਰ ਦਾ ਨਾਮ 'ਦਲੀਪ ਸਿੰਘ' ਰੱਖਿਆ। ਸ਼ੇਰੇ ਪੰਜਾਬ ਨੇ ਦਲੀਪ ਸਿੰਘ ਦੀ ਪਾਲਣਾ ਵਾਸਤੇ ਓਸੇ ਦਿਨ ਤੋਂ ਜਾਗੀਰ ਲਾ ਦਿੱਤੀ। ਮਹਾਰਾਣੀ ਜਿੰਦਾਂ ਦੀ ਜਾਗੀਰ ਵਿੱਚ ਵਾਧਾ ਕਰ ਦਿੱਤਾ ਗਿਆ।
ਏਸ ਸਮੇਂ ਮਹਾਰਾਣੀ ਜਿੰਦਾਂ ਦੀ ਖ਼ੁਸ਼ੀ ਸਿਖ਼ਰ 'ਤੇ ਪਹੁੰਚੀ ਹੋਈ ਸੀ।